Tuesday, June 1, 2010

ਦੁੱਖ ਤੁਹਾਨੂੰ ਨਈ, ਤੁਸੀਂ ਦੁੱਖ ਨੂੰ ਫੜ੍ਹਦੇ ਹੋ

ਖੁਸ਼ੀ ਦੀ ਭਾਲ ਵਿੱਚ ਨਿਕਲਿਆ ਇਨਸਾਨ ਕਦੇ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ, ਬਲਕਿ ਉਹ ਹੋਰ ਦੁੱਖਾਂ ਨੂੰ ਆਪਣੇ ਘਰ ਵਿੱਚ ਦਾਵਤ ਦੇ ਬਹਿੰਦਾ ਹੈ। ਜੇਕਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਖੁਸ਼ੀ ਦੀ ਭਾਲ ਵਿੱਚ ਨਿਕਲਣ ਦੀ ਲੋੜ ਨਹੀਂ, ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ, ਇੱਕ ਜਗ੍ਹਾ ਟਿਕਾਉਣ ਦੀ ਲੋੜ ਹੈ। ਗੁਰਾਂ ਨੇ ਫਰਮਾਇਆ,"ਮਨ ਜੀਤੈ ਜਗ ਜੀਤੈ"। ਮਨ ਰੱਥ ਜੁੜ੍ਹੇ ਘੋੜੇ ਵਰਗਾ ਹੈ, ਜਿਸਦੀ ਲਗਾਮ ਜਿੰਨਾ ਚਿਰ ਉਸਦੇ ਚਾਲਕ ਹੱਥ ਰਹਿੰਦੀ ਹੈ, ਉਹ ਉਸ ਤਰ੍ਹਾਂ ਹੀ ਚੱਲਦਾ ਹੈ, ਜਿਸ ਤਰ੍ਹਾਂ ਉਸਦਾ ਮਾਲਕ ਚਾਹੁੰਦਾ ਹੈ, ਜੇਕਰ ਰੱਥ ਜੁੜ੍ਹੇ ਘੋੜੇ ਨੂੰ ਬੇਲਗਾਮ ਕਰ ਦਿੱਤਾ ਜਾਵੇ ਤਾਂ ਉਹ ਮਾਰਗ ਤੋਂ ਭਟਕ ਜਾਵੇਗਾ, ਅਤੇ ਨੁਕਸਾਨ ਹੀ ਕਰੇਗਾ। ਮਨ ਦੀ ਲਗਾਮ ਚਾਲਕ ਦੇ ਹੱਥ ਹੋਣੀ ਚਾਹੀਦੀ ਹੈ, ਤਾਂ ਕਿ ਉਹ ਉਸਨੂੰ ਆਪਣੀ ਮਰਜੀ ਮੁਤਾਬਿਕ ਮੋੜ੍ਹ ਸਕੇ।

ਮਨ ਹਰ ਚੀਜ਼ ਨੂੰ ਲੈਕੇ ਲਲਚਾ ਉਠਦਾ ਹੈ, ਉਸਨੂੰ ਹਾਸਿਲ ਕਰਨ ਦੀ ਹਸਰਤ ਪੈਦਾ ਕਰਦਾ ਹੈ, ਅਤੇ ਮਨੁੱਖ ਮਨ ਦੇ ਬਹਿਕਾਵੇ ਵਿੱਚ ਆ ਕੇ ਬਹਿਕ ਜਾਂਦਾ ਹੈ, ਉਸਨੂੰ ਲੱਗਦਾ ਹੈ, ਇਸ ਨੂੰ ਪਾ ਲਾਵਾਂ ਤਾਂ ਸ਼ਾਂਤੀ ਮਿਲ ਜਾਵੇਗੀ, ਪ੍ਰੰਤੂ ਅਜਿਹਾ ਕਿਧਰੇ ਨਹੀਂ ਹੁੰਦਾ, ਮਨ ਚੰਚਲ ਹੈ, ਅਸਥਿਰ ਹੈ, ਇਸਨੂੰ ਜੋ ਮਿਲ ਗਿਆ, ਉਸ ਨੂੰ ਛੱਡ ਦੂਜੀ ਵਸਤੂ ਵਲ ਦੌੜਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਵਿੱਚ ਖੁਸ਼ੀ ਅਤੇ ਆਨੰਦ ਦਾ ਮਿਲਣਾ ਮੁਸ਼ਕਲ ਹੈ।

ਮੈਨੂੰ ਇੱਕ ਮਿੱਤਰ ਦੀ ਯਾਦ ਆ ਰਹੀ ਹੈ। ਉਸ ਕੋਲ ਪੈਸੇ ਦੀ ਕਮੀ ਨਹੀਂ। ਰੱਬ ਦਾ ਦਿੱਤਾ ਸਭ ਕੁੱਝ ਹੈ, ਪ੍ਰੰਤੂ ਸ਼ਾਂਤੀ ਨਹੀਂ। ਉਹ ਇੱਕ ਨਾਮੀ ਗ੍ਰਾਮੀ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਖੁਸ਼ੀ ਦੇ ਹਜ਼ਾਰ ਮੌਕੇ ਗੁਆਉਂਦਾ ਹੈ, ਪ੍ਰੰਤੂ ਦੁੱਖੀ ਹੋਣ ਦਾ ਇੱਕ ਵੀ ਨਹੀਂ, ਕਿਉਂਕਿ ਉਹ ਮਨ ਦੇ ਕਾਬੂ ਵਿੱਚ ਹੈ। ਇੱਕ ਵਾਰ ਉਸਨੂੰ ਕਿਰਾਏ ਉੱਤੇ ਨਵਾਂ ਘਰ ਲੈਣਾ ਸੀ। ਜਿਸ ਸ਼ਹਿਰ ਵਿੱਚ ਅਸੀਂ ਰਹਿ ਰਹੇ ਸੀ, ਉਸ ਸ਼ਹਿਰ ਵਿੱਚ ਕਿਰਾਏ ਉੱਤੇ ਘਰ ਮਿਲਣਾ ਬੇਹੱਦ ਮੁਸ਼ਕਲ ਹਨ, ਜੇਕਰ ਮਿਲਦਾ ਹੈ ਤਾਂ ਮਹਿੰਗਾ। ਉਹ ਕਈ ਦਿਨਾਂ ਤੋਂ ਘਰ ਨਈ ਮਿਲਣ ਨੂੰ ਲੈਕੇ ਦੁੱਖੀ ਚੱਲ ਰਿਹਾ ਸੀ। ਇੱਕ ਦਿਨ ਅਸੀਂ ਦੋ ਤਿੰਨ ਮਿੱਤਰ ਬਾਗ ਵਿੱਚ ਬੈਠੇ ਲਾਂਚ ਟਾਈਮ ਵੇਲੇ ਗੱਲਾਂ ਕਰ ਰਹੇ ਸੀ। ਉਹ ਘਰ ਨਈ ਮਿਲਣ ਨੂੰ ਲੈਕੇ ਫਿਰ ਤੋਂ ਦੁੱਖ ਰੋਣ ਲੱਗਿਆ। ਉਸ ਦੀ ਗੱਲ ਸੁਣਨ ਮਗਰੋਂ ਮੇਰੇ ਨਾਲ ਬੈਠੇ ਦੂਜੇ ਮਿੱਤਰ ਨੇ ਆਖਿਆ, "ਜੇਕਰ ਹੈਪੀ ਤੈਨੂੰ ਬਲੋਗਿੰਗ ਤੋਂ ਟਾਈਮ ਨਹੀਂ ਮਿਲਦਾ, ਘਰ ਲੱਭਣ ਵਾਸਤੇ ਤੂੰ ਜੁਆਬ ਦੇ ਦੇ, ਇਹ ਤੇਰੇ ਤੋਂ ਆਸ ਨਾ ਕਰੇ"। ਮੈਂ ਤੁਰੰਤ ਜੁਆਬ ਦਿੱਤਾ, "ਯਾਰ ਜੇ ਅਜਿਹੀ ਗੱਲ ਹੈ ਤਾਂ ਠੀਕ ਹੈ, ਮੇਰਾ ਕੋਰਾ ਜੁਆਬ ਹੈ"। ਕੁੱਝ ਦੇਰ ਗੱਲਾਂ ਕੀਤੀਆਂ, ਉਹ ਆਫ਼ਿਸ ਚੱਲੇ ਗਏ ਅਤੇ ਮੈਂ ਘਰ ਆ ਗਿਆ। ਮੈਂ ਘਰ ਦੇ ਦਰਵਾਜੇ ਉੱਤੇ ਹੀ ਸੀ ਕਿ ਮੈਂ ਆਪਣੀ ਗੁਆਂਢਣ ਨੂੰ ਪੁੱਛ ਬੈਠਾ, "ਕੋਈ ਘਰ ਨਿਗਾਹ ਵਿੱਚ ਹੈ, ਜੋ ਕਿਰਾਏ ਲਈ ਖਾਲੀ ਹੋਵੇ"। ਉਹਨਾਂ ਨੇ ਕਿਹਾ ਕਿ ਸਾਹਮਣੇ ਵਾਲਿਆਂ ਦਾ ਕੱਲ੍ਹ ਹੀ ਖਾਲੀ ਹੋਇਆ ਹੈ। ਮੈਂ ਤੁਰੰਤ ਜਾਕੇ ਗੱਲ ਕੀਤੀ, ਅਤੇ ਘਰ ਖਾਲੀ ਸੀ। ਮੈਂ ਦੋਸਤ ਨੂੰ ਫੋਨ ਕੀਤਾ, ਉਹ ਘਰ ਮਿਲਣ ਦੀ ਗੱਲ ਸੁਣਕੇ ਖੁਸ਼ ਹੋ ਗਿਆ।

ਮੈਂ ਹਾਲੇ ਘਰ ਦੀਆਂ ਪੌੜੀਆਂ ਵੀ ਨਹੀਂ ਸੀ ਚੜ੍ਹਿਆ ਕਿ ਉਸਦਾ ਫੇਰ ਆਫ਼ਿਸ 'ਚੋਂ ਫੋਨ ਆ ਗਿਆ, ਕਹਿਣੈ ਲੱਗਿਆ, ਯਾਰ ਉਸਦਾ ਘਰ ਪਾਸ ਹੈ, ਇਸ ਤਰ੍ਹਾਂ ਮੈਂ ਉੱਥੇ ਰਹਾਂਗਾ, ਤਾਂ ਮੁਸੀਬਤ ਹੋ ਸਕਦੀ ਹੈ, ਉਸਦਾ ਮਤਲਬ ਉਸਦੀ ਸਾਬਕਾ ਪ੍ਰੇਮਿਕਾ ਦਾ ਘਰ, ਜੋ ਉਸ ਨਾਲ ਧੋਖਾ ਕਰ ਗਈ ਸੀ, ਉਸਦੇ ਕਹਿਣ ਮੁਤਾਬਿਕ, ਅਸਲ ਗੱਲ ਤਾਂ ਰੱਬ ਜਾਣੈ। ਮੈਂ ਉਸਨੂੰ ਸਮਝਾਇਆ, ਅਜਿਹਾ ਕੁੱਝ ਨਹੀਂ ਹੋਵੇਗਾ, ਤੂੰ ਚਿੰਤਾ ਨਾ ਕਰ। ਉਹ ਸ਼ਾਮ ਨੂੰ ਘਰ ਵੇਖਣ ਆਇਆ, ਚੰਗਾ ਘਰ ਅਤੇ ਘੱਟ ਕਿਰਾਇਆ ਵੇਖਕੇ ਖੁਸ਼ ਹੋ ਗਿਆ, ਪ੍ਰੰਤੂ ਉਸਦੀ ਖੁਸ਼ੀ ਮੇਰੇ ਘਰ ਦੇ ਗੇਟ ਤੱਕ ਹੀ ਰਹੀ, ਫਿਰ ਸਮੱਸਿਆ ਲੈਕੇ ਖੜ੍ਹਾ ਹੋ ਗਿਆ, ਇਸ ਘਰ ਵਿੱਚ ਤਾਂ ਜੁਆਨ ਕੁੜੀ ਹੈ, ਉਸਦੇ ਹੁੰਦਿਆਂ ਮੈਨੂੰ ਇੱਥੇ ਰਹਿਣ 'ਚ ਦਿੱਕਤ ਹੋ ਸਕਦੀ ਹੈ। ਮੈਂ ਆਖਿਆ...ਜੇਕਰ ਘਰ ਨਈ ਲੈਣਾ ਤਾਂ ਮੈਂ ਉਹਨਾਂ ਨੂੰ ਜੁਆਬ ਦੇ ਦਿੰਦਾ ਹਾਂ।

ਗੱਲ ਸੁਣਦਿਆਂ ਹੀ ਉਸਨੇ ਆਖਿਆ, ਨਈ ਨਈ..ਲੈਣਾ ਐ ਯਾਰ। ਫਿਰ ਰਾਤ ਦਾ ਖਾਣਾ ਖਾਕੇ ਸੌਂਣ ਹੀ ਲੱਗੇ ਸੀ ਕਿ ਕਹਿਣ ਲੱਗਾ, ਯਾਰ ਮੇਰੇ ਮਕਾਨ ਮਾਲਕ ਨੇ ਮੇਰਾ ਮੋਟਰ ਸਾਈਕਲ ਬਾਹਰ ਤਾਂ ਨਹੀਂ ਛੱਡ ਦਿੱਤਾ ਹੋਵੇਗਾ। ਉਹ ਮੇਰਾ ਐਡਵਾਂਸ ਤਾਂ ਨਈ ਦਬ ਲਵੇਗਾ, ਜਦੋਂ ਘਰ ਛੱਡਾਂਗਾ। ਮੇਰਾ ਉਹਨਾਂ ਦੇ ਬੱਚਿਆਂ ਨਾਲ ਮਨ ਲੱਗਿਆ ਹੋਇਆ ਸੀ, ਹੁਣ ਉਹਨਾਂ ਨੂੰ ਮੈਂ ਕਿਵੇਂ ਛੱਡਕੇ ਆ ਸਕਦਾ ਹਾਂ। ਫਿਰ ਮੈਂ ਆਖਿਆ, ਚੱਲ ਏਦਾਂ ਕਰ, ਤੂੰ ਉੱਥੇ ਜਾਕੇ ਰਹਿ, ਜਦੋਂ ਮਕਾਨ ਮਾਲਕ ਧੱਕੇ ਮਾਰਕੇ ਬਾਹਰ ਕੱਢ ਦੇਵੇ, ਫਿਰ ਤੂੰ ਉਹਨਾਂ ਦੇ ਗੇਟ ਉੱਤੇ ਡੇਰੇ ਜਮਾ ਲਈ। ਉਸਨੇ ਕਿਹਾ ਕਿਉਂ? ਮੈਂ ਕਿਹਾ, ਤੈਨੂੰ ਉਹਨਾਂ ਦੇ ਬੱਚਿਆਂ ਨਾਲ ਲਗਾਓ ਜੋ ਹੈ। ਇਹ ਉਹਨਾਂ ਮਨੁੱਖਾਂ ਦੀ ਪ੍ਰਜਾਤੀ ਵਿੱਚੋਂ ਹੈ, ਜੋ ਦੁੱਖੀ ਹੋਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ।

Thursday, May 27, 2010

ਉਹ ਹਾਦਸੇ ਵਾਲੀ ਰਾਤ

ਕਈ ਸਾਲ ਬੀਤ ਚੁੱਕੇ ਹਨ, ਉਸ ਰਾਤ ਨੂੰ। ਫਿਰ ਵੀ ਇੰਝ ਹੀ ਲੱਗਦਾ ਹੈ ਜਿਵੇਂ ਪਿਛਲੀ ਰਾਤ ਦੀ ਗੱਲ ਹੋਵੇ। ਉਹ ਰਾਤ ਆਪਣੀ ਬੁੱਕਲ ਵਿੱਚ ਬਹੁਤ ਕੁੱਝ ਲੁਕੋਈ ਬੈਠੀ ਹੈ, ਸ਼ਾਇਦ ਇਸੇ ਕਾਰਣ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹ ਹਾਦਸੇ ਵਾਲੀ ਰਾਤ। ਜਦੋਂ ਵੀ ਉਸ ਰਾਤ ਬਾਰੇ ਸੋਚਦਾ ਹਾਂ, ਸਫ਼ਲਤਾ ਦੀ ਸ਼ਿਖਰ ਉੱਤੇ ਬੈਠਣ ਮਗਰੋਂ ਵੀ ਜਮੀਨ ਦੇ ਨਾਲ ਜੁੜ੍ਹੇ ਰਹਿਣ ਦਾ ਅਰਥ ਸਮਝ ਆਉਂਦਾ ਹੈ ਅਤੇ ਆਪਣੀ ਪਰਖ਼ ਉੱਤੇ ਮਾਣ ਮਹਿਸੂਸ ਹੁੰਦਾ ਹੈ।

ਉਸ ਰਾਤ ਪੰਜਾਬੀ ਗਾਇਕ ਵੀਰ ਦਵਿੰਦਰ ਦਾ ਵਿਆਹ ਸੀ ਬਠਿੰਡੇ ਦੇ ਇੱਕ ਵੱਡੇ ਪੈਲੇਸ ਵਿੱਚ। ਜਿੱਥੇ ਪੰਜਾਬੀ ਸੰਗੀਤ ਦੀਆਂ ਕਈ ਹਸਤੀਆਂ ਮੌਜੂਦ ਸਨ। ਮੈਂ ਉਸ ਵਿਆਹ ਵਿੱਚ ਵਿਆਹ ਕਰਕੇ ਨਹੀਂ, ਬਲਕਿ ਪੰਜਾਬੀ ਲੋਕ ਗਾਇਕ ਗੋਰਾ ਚੱਕਵਾਲਾ ਨੂੰ ਮਿਲਣ ਦੇ ਲਈ ਗਿਆ ਸੀ, ਜਦਕਿ ਵਿਆਹ ਦਾ ਸੱਦਾ ਤਾਂ ਗਾਇਕ ਵੀਰ ਦਵਿੰਦਰ ਵੱਲੋਂ ਹੀ ਆਇਆ ਸੀ। ਪ੍ਰੰਤੂ ਮੇਰੇ ਲਈ ਉਸ ਵਿਆਹ ਤੋਂ ਜਿਆਦਾ ਮਹੱਤਵਪੂਰਨ ਸੀ, ਉੱਥੇ ਗੋਰੇ ਚੱਕਵਾਲੇ ਦਾ ਆਉਣਾ। ਗੋਰਾ ਮੇਰਾ ਬਚਪਨ ਤੋਂ ਹੀ ਪਸੰਦੀਦਾ ਗਾਇਕ ਰਿਹਾ ਸੀ ਅਤੇ ਹੈ। ਜਦੋਂ ਮੈਂ, ਹਰਕ੍ਰਿਸ਼ਨ ਅਤੇ ਮੇਰੇ ਵੱਡੇ ਵੀਰ ਜੀ ਪੈਲੇਸ ਦੇ ਵਿੱਚ ਪੁੱਜੇ ਤਾਂ ਵਿਆਹ ਦਾ ਜਸ਼ਨ ਪੂਰੇ ਜ਼ੋਬਨ ਉੱਤੇ ਸੀ, ਪੰਜਾਬੀ ਸੰਗੀਤ ਦੇ ਸਿਰਕੱਢੇ ਗਾਇਕ ਬੋਲੀਆਂ ਪਾ ਪਾ ਮਾਹੌਲ ਨੂੰ ਹੋਰ ਪਿਆਰਾ ਬਣਾ ਰਹੇ ਸਨ। ਜਦੋਂ ਨਵੀਂ ਵਿਆਹੀ ਜੋੜੀ ਅਤੇ ਰਿਸ਼ਤੇਦਾਰ ਨੱਚ ਰਹੇ ਸਨ, ਅਤੇ ਵਿਆਹ ਦਾ ਜ਼ਸ਼ਨ ਪੂਰੇ ਜ਼ੋਬਨ ਉੱਤੇ ਸੀ, ਉਸ ਵੇਲੇ ਮੇਰੇ ਕੰਨਾਂ ਨੂੰ ਕੁੱਝ ਗਾਲ੍ਹਾਂ ਸੁਣਾਈਆਂ ਦਿੱਤੀਆਂ, ਮੇਰੇ ਮਨ ਨੂੰ ਠੇਸ ਪੁੱਜੀ। ਠੇਸ ਇਸ ਕਾਰਣ ਪੁੱਜੀ ਕਿ ਪੰਜਾਬੀ ਸੰਗੀਤ ਦਾ ਸਿਰਮੌਰ ਗਾਇਕ ਗਾਲ੍ਹਾਂ ਕੱਢ ਰਿਹਾ ਸੀ, ਜੋ ਵਿਆਹ ਦੇ ਵਿੱਚ ਬਹੁਤ ਖਾਸ ਸੀ।

ਕਿਸੇ ਨੇ ਆਖਿਆ ਹੈ ਕਿ ਇਨਸਾਨ ਦੇ ਦੋ ਕਿਰਦਾਰ ਹੁੰਦੇ ਹਨ, ਇੱਕ ਨਿੱਜੀ ਅਤੇ ਦੂਜਾ ਸਰਵਜਨਕ। ਨਿੱਜੀ ਜੋ ਉਸਦੇ ਆਲੇ ਦੁਆਲੇ ਉਸਦੇ ਵਰਤਾਓ ਕਾਰਣ ਬਣਦਾ ਹੈ, ਅਤੇ ਸਰਵਜਨਕ ਜੋ ਉਸਦੇ ਕੀਤੇ ਕੰਮਾਂ ਕਰਕੇ ਜਾਂ ਉਸਦੇ ਹੁਨਰ ਕਰਕੇ ਬਣਦਾ ਹੈ। ਉਸਦੇ ਗੀਤ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕਰਦੇ ਰਹੇ ਹਨ, ਪ੍ਰੰਤੂ ਉਸਦਾ ਉਸ ਵਿਆਹ ਵਿੱਚ ਗਾਲ੍ਹਾਂ ਕੱਢਣਾ ਉਸਦੇ ਨਿੱਜੀ ਕਿਰਦਾਰ ਨੂੰ ਝਲਕਾਉਂਦਾ ਸੀ। ਉਸਦੇ ਹੰਕਾਰ ਨੂੰ ਝਲਕਾਉਂਦਾ ਸੀ, ਉਸਦੇ ਨਾਲ ਨੱਚ ਰਹੇ ਦੂਜੇ ਗਾਇਕ ਉਸਦੀ ਤਰ੍ਹਾਂ ਗਾਲ੍ਹਾਂ ਨਹੀਂ ਕੱਢ ਰਹੇ ਸਨ। ਗਾਲ੍ਹਾਂ ਕੱਢਣ ਦਾ ਕਾਰਣ, ਕੁੱਝ ਆਮ ਲੋਕ ਉਹਨਾਂ ਦੇ ਨਾਲ ਰਲਕੇ ਨੱਚਣ ਦੀ ਕੋਸ਼ਿਸ਼ ਕਰ ਰਹੇ ਸਨ, ਸ਼ਾਇਦ ਉਹ ਗਾਇਕ ਨਹੀਂ ਸੀ, ਪ੍ਰੰਤੂ ਵਿਆਹ ਦੇ ਵਿੱਚ ਸੱਦੇ ਹੋਏ ਮਹਿਮਾਨ ਤਾਂ ਹੋਣਗੇ ਹੀ। ਉਸ ਸਿਰੇ ਦੇ ਗਾਇਕ ਦਾ ਇਹ ਰੂਪ ਬੇਹੱਦ ਘ੍ਰਿਣਾਜਨਕ ਸੀ ਮੇਰੇ ਲਈ, ਪ੍ਰੰਤੂ ਮੇਰਾ ਧਿਆਨ ਤਾਂ ਸਿਰਫ਼ ਅਤੇ ਸਿਰਫ਼ ਮੁੜ੍ਹ ਮੁੜ੍ਹ ਮੇਰੇ ਆਦਰਸ਼ ਗਾਇਕ ਗੋਰੇ ਚੱਕਵਾਲੇ ਵੱਲ ਜਾ ਰਿਹਾ ਸੀ, ਜੋ ਸਟੇਜ਼ ਉੱਤੇ ਬੋਲੀਆਂ ਦੀ ਲਾਰ ਬੰਨ੍ਹੀ ਜਾ ਰਿਹਾ ਸੀ।

ਜਸ਼ਨ ਜਿਵੇਂ ਹੀ ਖ਼ਤਮ ਹੋਇਆ, ਅਸੀਂ ਪੈਲੇਸ 'ਚੋਂ ਨਿਕਲ ਬਰਨਾਲਾ ਰੋਡ ਉੱਤੇ ਚੜ੍ਹੇ ਹੀ ਸਾਂ ਕਿ ਇੱਕ ਪ੍ਰਾਈਵੇਟ ਬੱਸ ਨੇ ਇੱਕ ਨੌਜਵਾਨ ਨੂੰ ਕੁਚਲ ਸੁੱਟਿਆ। ਉਸ ਨੌਜਵਾਨ ਦੇ ਨਾਲ ਵਾਲੇ ਮੁੰਡੇ ਬੱਸ ਉੱਤੇ ਪਥਰਾਅ ਕਰਨ ਲੱਗੇ ਹੋਏ ਸਨ, ਅਤੇ ਡਰਾਈਵਰ ਤਾਂ ਮੌਕੇ ਤੋਂ ਭੱਜ ਗਿਆ, ਪ੍ਰੰਤੂ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਉੱਤੇ ਬਣੀ ਹੋਈ ਸੀ। ਅਸੀਂ ਮੁੰਡਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਲੱਗੇ ਕਿ ਅਚਾਨਕ ਗੋਰੇ ਚੱਕਵਾਲੇ ਦੀ ਗੱਡੀ ਉੱਥੇ ਹੀ ਆ ਪਹੁੰਚੀ, ਉਸਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਫੱਟੜ ਨੌਜਵਾਨ ਨੂੰ ਆਪਣੀ ਗੱਡੀ ਵਿੱਚ ਪਾਉਣ ਦੇ ਲਈ ਡਰਾਈਵਰ ਨੂੰ ਥੱਲੇ ਆਉਣ ਲਈ ਕਿਹਾ, ਤਾਂ ਡਰਾਈਵਰ ਨੇ ਕਿਹਾ ਗੱਡੀ ਖ਼ਰਾਬ ਹੋ ਜਾਊ। ਗੋਰੇ ਦੇ ਮੂੰਹ ਨਿਕਲਿਆ, ਗੱਡੀ ਕਿਸਦੀ। ਉਸਨੂੰ ਫੱਟੜ ਨੌਜਵਾਨ ਨੂੰ ਗੋਰਾ ਚੱਕਵਾਲਾ ਆਪਣੀ ਗੱਡੀ ਦੇ ਵਿੱਚ ਪਾਕੇ ਪਹਿਲਾਂ ਸਥਾਨਕ ਸਿਵਲ ਹਸਪਤਾਲ ਲੈਕੇ ਗਿਆ, ਉੱਥੇ ਗੱਲ ਨਾ ਬਣੀ, ਤਾਂ ਉਹ ਉਸਨੂੰ ਲੈਕੇ ਲੁਧਿਆਣਾ ਨੂੰ ਰਵਾਨਾ ਹੋਇਆ, ਰਾਤ ਨੂੰ ਬਾਰ੍ਹਾਂ ਵੱਜੇ ਦੇ ਕਰੀਬ।

ਉਸ ਰਾਤ ਗੋਰੇ ਦੀ ਦਰਿਆਦਿਲੀ ਨੇ ਜਿੱਥੇ ਮੇਰੀ ਪਰਖ਼ ਸਹੀ ਠਹਿਰਾਇਆ ਅਤੇ ਗੋਰੇ ਦੇ ਕੱਦ ਨੂੰ ਮੇਰੀ ਨਿਗਾਹ ਵਿੱਚ ਹੋਰ ਉੱਚਾ ਕੀਤਾ, ਉੱਥੇ ਹੀ ਗਾਲ੍ਹਾਂ ਕੱਢਣ ਵਾਲੇ ਉਸ ਗਾਇਕ ਦੀ ਹੈਂਕੜ ਨੇ ਮੈਨੂੰ ਦੱਸਿਆ ਕਿ ਸਫ਼ਲਤਾ ਦੀ ਸ਼ਿਖਰ ਉੱਤੇ ਪਹੁੰਚਣ ਮਗਰੋਂ ਤੁਹਾਡਾ ਇਸ ਤਰ੍ਹਾਂ ਦਾ ਵਰਤਾਓ, ਤੁਹਾਨੂੰ ਕਿਸੇ ਦੀਆਂ ਨਜ਼ਰਾਂ 'ਚੋਂ ਡੇਗ ਦਿੰਦਾ ਹੈ। ਉਂਝ ਡਿੱਗੇ ਨੂੰ ਚੁੱਕਣਾ ਸੌਖਾ ਹੈ, ਪ੍ਰੰਤੂ ਨਜ਼ਰਾਂ ਤੋਂ ਡਿੱਗੇ ਨੂੰ ਚੁੱਕਣਾ ਉਹਨਾਂ ਹੀ ਮੁਸ਼ਕਲ ਜਿੰਨਾ ਹਵਾ ਦੇ ਬਿਨ੍ਹਾਂ ਸਾਹ ਲੈਣਾ।

Monday, May 24, 2010

ਓਹ ਅਜ਼ਨਬੀ

ਪਾਰਕ ਵਿੱਚ, ਓਹ ਜੋ ਰੋਜ਼ ਆਉਂਦਾ ਸੀ,
ਯਾਰਾਂ ਆਪਣਿਆਂ ਨੂੰ ਕਿੱਸੇ ਸੁਣਾਉਂਦਾ ਸੀ,
ਹਰ ਬੋਲ ਉਹਦਾ ਮੇਰੇ ਮਨ ਭਾਉਂਦਾ ਸੀ
ਪਰ, ਕਈ ਦਿਨ ਹੋ ਚੱਲੇ, ਨਈ ਪਰਤਿਆ
ਰੱਬ ਜਾਣੈ ਕੀ ਨਾਲ ਉਸ ਹੋਣਾ ਵਰਤਿਆ

Friday, May 21, 2010

ਰੱਬੀ ਦਾਤ ਜਿਹੀ ਮਾਹੀਨੰਗਲ ਦੀ "ਹੋਕਾ"

ਮਾਲਵੇ ਦੇ ਛੋਟੇ ਜਿਹੇ ਪਿੰਡ ਮਾਹੀਨੰਗਲ ਦਾ ਜੰਮਪਲ ਪੰਜਾਬੀ ਲੋਕ ਗਾਇਕ ਹਰਦੇਵ ਮਾਹੀਨੰਗਲ (Hardev Mahinangal) ਦਾ ਨਾਂਅ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਲਈ ਕਿਸੇ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਦੇਵ ਮਾਹੀਨੰਗਲ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫ਼ਰ ਵਿੱਚ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਇੱਕ ਦੇ ਬਾਅਦ ਇੱਕ ਸਰਬੋਤਮ ਮਿਊਜ਼ਿਕਲ ਗ਼ਿਫ਼ਟ ਦਿੱਤਾ ਹੈ, ਪ੍ਰੰਤੂ ਮਾਹੀਨੰਗਲ ਦੀ ਹਾਲੀਆ ਆਈ ਕੈਸਿਟ "ਹੋਕਾ" ਪੰਜਾਬੀ ਸੰਗੀਤ ਦੇ ਸੂਝਵਾਨ ਸਰੋਤਿਆਂ ਦੇ ਲਈ ਰੱਬੀ ਦਾਤ ਵਰਗੀ ਹੈ।

Monday, May 17, 2010

ਵਿਲੱਖਣ ਸੋਚ ਦੀ ਉਪਜ "ਏਕਮ"

ਪੰਜਾਬੀ ਸਿਨੇਮਾ ਇੱਕ ਵਾਰ ਫਿਰ ਤੋਂ ਸ਼ਿਖਰ ਵੱਲ ਕਦਮ ਵਧਾਅ ਰਿਹਾ ਹੈ, ਜੋ ਕਾਫ਼ੀ ਸਮੇਂ ਤੱਕ ਬਨਾਵਟੀ ਸਾਹ ਪ੍ਰਣਾਲੀ ਉੱਤੇ ਅੰਤਿਮ ਦਿਨ ਗਿਣ ਰਿਹਾ ਸੀ। ਪੰਜਾਬੀ ਫਿਲਮ "ਮੇਰਾ ਪਿੰਡ ਮਾਈ ਵਿਲੇਜ਼" ਤੇ "ਮਿੱਟੀ" ਦੇ ਬਾਅਦ ਰਿਲੀਜ਼ ਹੋਈ ਪੰਜਾਬੀ ਫਿਲਮ ਏਕਮ-ਸਨ ਆਫ਼ ਦੀ ਸੋਇਲ ਇਸ ਗੱਲ ਦਾ ਪੁਖ਼ਤਾ ਸਬੂਤ ਹੈ। ਪਿਛਲੇ ਦਿਨੀਂ ਰਿਲੀਜ਼ ਹੋਈ ਬੱਬੂ ਮਾਨ (babbu maan) ਅਭਿਨੀਤ ਫਿਲਮ ਏਕਮ-ਸਨ ਆਫ਼ ਦੀ ਸੋਇਲ ਇੱਕ ਉੱਚੀ ਤੇ ਵਿਲੱਖਣ ਸੋਚ ਦੀ ਉਪਜ ਹੈ, ਇਹ ਫਿਲਮ ਧਨਾਢ ਅਤੇ ਕਿਸਾਨ ਵਰਗ ਦੇ ਵਿਚਕਾਰ ਬੁਣੇ ਹੋਏ ਤਾਣੇ ਬਾਣੇ ਉੱਤੇ ਕੇਂਦ੍ਰਿਤ ਹੈ। ਇਸ ਫਿਲਮ ਦਾ ਨਾਇਕ ਏਕਮਜੀਤ, ਜੋ ਧਨਾਢ ਪਰਿਵਾਰ ਦੇ ਵਿੱਚ ਜੰਮਿਆ ਹੈ, ਪ੍ਰੰਤੂ ਉਹ ਕਿਸਾਨ ਵਰਗ ਦੀ ਹਿਮਾਇਤ ਵਿੱਚ ਖੜ੍ਹਾ ਹੋਕੇ ਬੁਰਾਈ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਏਕਮਜੀਤ ਦਾ ਇਹੋ ਰੂਪ ਫਿਲਮ ਨੂੰ ਸ਼ਿਖਰ ਵੱਲ ਖਿੱਚਕੇ ਲੈ ਜਾਂਦਾ ਹੈ।

Wednesday, May 5, 2010

ਮੌਤ ਸ਼ਮਾ, ਅਤੇ ਸ਼ਿਵ ਪ੍ਰਵਾਨਾ

ਅੱਜ ਪੰਜਾਬੀ ਕਵੀ ਸ਼ਿਵ ਕੁਮਾਰ ਨੂੰ ਦੁਨੀਆ ਤੋਂ ਗਏ ਕਰੀਬਨ 37 ਸਾਲ ਹੋ ਗਏ, ਅਤੇ ਜਿਸ ਵੇਲੇ ਸ਼ਿਵ ਨੇ ਦੁਨੀਆ ਨੂੰ ਅਲਵਿਦਾ ਆਖੀ, ਉਸ ਵੇਲੇ ਵੀ ਉਹ ਲਗਭਗ 37 ਕੁ ਵਰ੍ਹਿਆਂ ਦਾ ਮਸਾਂ ਸੀ। ਸ਼ਿਵ ਦੀ ਤਮੰਨਾ ਅਨੁਸਾਰ ਹੀ ਜ਼ੋਬਨ ਰੁੱਤੇ ਉਸਦੀ ਮਹਿਬੂਬਾ ਮੌਤ ਨੇ ਉਸਨੂੰ ਆਪਣੇ ਗਲ੍ਹੇ ਨਾਲ ਲਗਾ ਲਿਆ ਸੀ। ਸ਼ਿਵ ਮੌਤ ਨੂੰ ਮਹਿਬੂਬਾ ਨਾਲੋਂ ਵੀ ਕਿਤੇ ਜਿਆਦਾ ਪਿਆਰ ਕਰਦਾ ਸੀ, ਇਹ ਸ਼ਿਵ ਦੀਆਂ ਰਚਨਾਵਾਂ ਵਿੱਚ ਸਾਫ਼ ਝਲਕਦਾ ਹੈ। ਇਸ਼ਕ 'ਚ ਝੱਲੀ ਸੱਸੀ ਜਿਵੇਂ ਗੁੰਮ ਹੋਏ ਪੁਨੂੰ ਨੂੰ ਮਾਰੂਥਲ ਵਿੱਚ ਆਵਾਜ਼ਾਂ ਮਾਰਦੀ ਹੋਈ ਦਮ ਤੋੜ੍ਹ ਦਿੰਦੀ ਹੈ, ਉਸੇ ਤਰ੍ਹਾਂ ਸ਼ਿਵ ਵੀ ਜਿੰਦਗੀ ਦੇ ਮਾਰੂਥਲ ਵਿੱਚ ਖੜ੍ਹਾ ਬੱਸ ਮੌਤ ਮੌਤ ਹੀ ਪੁਕਾਰਦਾ ਨਜ਼ਰ ਆਇਆ, ਕਦੇ ਕਦੇ ਤਾਂ ਮੈਨੂੰ ਮੌਤ ਸ਼ਮਾ ਅਤੇ ਸ਼ਿਵ ਪ੍ਰਵਾਨਾ ਨਜ਼ਰ ਆਉਂਦਾ ਹੈ।

ਸ਼ਿਵ ਦੀਆਂ ਜਿਆਦਾਤਰ ਰਚਨਾਵਾਂ ਵਿੱਚ ਮੌਤ ਦਾ ਜਿਕਰ ਆਮ ਮਿਲ ਜਾਵੇਗਾ, ਜਿਵੇਂ ਪੰਜਾਬੀ ਗੀਤਕਾਰਾਂ ਦੇ ਗੀਤਾਂ ਵਿੱਚ ਕੁੜੀ ਦਾ ਜ਼ਿਕਰ। ਸ਼ਿਵ ਦੀ ਸਭ ਤੋਂ ਪ੍ਰਸਿੱਧ ਰਚਨਾ "ਅਸਾਂ ਤਾਂ ਜ਼ੋਬਨ ਰੁੱਤੇ ਮਰਨਾ, ਮੁੜ੍ਹ ਜਾਣਾ ਅਸਾਂ ਭਰੇ ਭਰਾਏ, ਹਿਜ਼ਰ ਤੇਰੇ ਦੀ ਕਰ ਪਰਕਰਮਾ" ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉਸਨੂੰ ਜ਼ੋਬਨ ਰੁੱਤੇ ਜੱਗੋਂ ਤੁਰ ਜਾਣ ਦੀ ਕਿੰਨੀ ਕਾਹਲ ਸੀ।

ਸ਼ਿਵ ਦਾ ਮੌਤ ਨੂੰ ਵਾਰ ਵਾਰ ਬੁਲਾਉਣਾ, ਉਸਨੂੰ ਆਖਿਰ ਜ਼ੋਬਨ ਰੁੱਤੇ ਲੈ ਹੀ ਗਿਆ, ਸ਼ਿਵ ਦੇ ਜਾਣ ਨਾਲ ਜੋ ਪੰਜਾਬੀ ਸਾਹਿਤ ਨੂੰ ਘਾਟਾ ਪਿਆ ਹੈ, ਉਹ ਤਾਂ ਕਦੇ ਵੀ ਪੂਰਾ ਨਹੀਂ ਹੋਣਾ, ਪ੍ਰੰਤੂ ਜੋ ਸ਼ਿਵ ਪੰਜਾਬੀ ਸਾਹਿਤ ਨੂੰ ਦੇ ਗਿਆ, ਉਹ ਹਮੇਸ਼ਾ ਸ਼ਿਵ ਨੂੰ ਸਾਡੇ ਦਰਮਿਆਨ ਜਿਉਂਦਿਆਂ ਰੱਖੇਗਾ। ਸਮੇਂ ਦੇ ਨਾਲ ਨਾਲ ਸ਼ਿਵ ਦੀ ਲਿਖੀ ਹੋਈ ਹਰ ਰਚਨਾ ਲੋਕਪ੍ਰਿਅਤਾ ਦੀ ਸ਼ਿਖਰ ਨੂੰ ਛੋਹਦੀ ਜਾ ਰਹੀ ਹੈ। ਇਹ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਿਵ ਸਾਹਿਤ ਦਿਨ ਪ੍ਰਤੀ ਦਿਨ ਜੁਆਨ ਹੁੰਦਾ ਜਾ ਰਿਹਾ ਹੈ। ਸ਼ਿਵ ਦੀਆਂ ਰਚਨਾਵਾਂ ਨੂੰ ਪੰਜਾਬੀ ਪੜ੍ਹਣ ਵਾਲੇ ਹੀ ਨਹੀਂ ਬਲਕਿ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਪ੍ਰੇਮੀ ਵੀ ਪੜ੍ਹਨ ਦੇ ਲਈ ਬੇਹੱਦ ਉਤਾਵਲੇ ਹਨ।

ਸ਼ਿਵ ਮੌਤ ਦਾ ਇੰਤਜ਼ਾਰ ਦੂਰ ਗਏ ਮਹਿਬੂਬ ਵਾਂਗ ਹੀ ਕਰਦਾ ਸੀ, ਜਿਸਦੇ ਆਉਣ ਦੀ ਕੋਈ ਤਾਰੀਖ਼ ਤਾਂ ਪੱਕੀ ਨਹੀਂ ਸੀ, ਪ੍ਰੰਤੂ ਇੰਝ ਹੀ ਲੱਗਦਾ ਹੈ ਕਿ ਹੁਣ ਆਵੇਗਾ, ਪਲ ਕੁ ਨੂੰ ਆਵੇਗਾ, ਇਹ ਗੱਲ ਉਸਦੀ ਲਿਖੀ ਰਚਨਾ "ਮੈਂ ਕੱਲ੍ਹ ਨਹੀਂ ਰਹਿਣਾ" ਤੋਂ ਬਹੁਤ ਆਸਾਨੀ ਨਾਲ ਸਮਝੀ ਜਾ ਸਕਦੀ ਹੈ। ਜਿਸ ਵਿੱਚ ਉਹ ਲਿਖਦਾ ਹੈ, "ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ, ਅੱਜ ਰਾਤੀਂ ਅਸਾਂ ਘੁੱਟ ਬਾਂਹਾਂ ਵਿੱਚ ਗੀਤਾਂ ਦਾ ਇੱਕ ਚੁੰਮਣ ਲੈਣਾ, ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ।

ਸ਼ਿਵ ਖੁਦ ਮੌਤ ਨੂੰ ਗਲ੍ਹ ਲਗਾਉਣ ਦਾ ਵਿਚਾਰ ਕਰਦਾ ਹੋਇਆ ਕੁੱਝ ਇੰਝ ਲਿਖਦਾ ਹੈ ਆਪਣੀ ਰਚਨਾ "ਆਪਣੀ ਸਾਲ ਗਿਰ੍ਹਾ 'ਤੇ' ਦੇ ਵਿੱਚ "ਬਿਹਰਣ ਜਿੰਦ ਮੇਰੀ ਨੇ ਸਈਓ ਕੋਹ ਇੱਕ ਹੋਰ ਮੁਕਾਇਆ ਨੀ, ਪੱਕਾ ਮੀਲ ਮੌਤ ਦਾ ਨਜ਼ਰੀਂ ਅਜੇ ਵੀ ਨਾ ਪਰ ਆਇਆ ਨੀਂ, ਆਤਮ ਹੱਤਿਆ ਦੇ ਰੱਥ ਉੱਤੇ ਜੀ ਕਰਦੈ ਚੜ੍ਹ ਜਾਵਾਂ ਨੀ, ਕਾਇਰਤਾ ਦੇ ਦੱਮਾਂ ਦਾ ਪਰ ਕਿੱਥੋਂ ਦਿਆਂ ਕਿਰਾਇਆ ਨੀ'। ਇਸ ਰਚਨਾ ਵਿੱਚ ਆਤਮ ਹੱਤਿਆ ਦਾ ਜ਼ਿਕਰ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਹ ਕਿੰਨਾ ਕਾਹਲਾ ਸੀ ਮੌਤ ਦੀ ਬੁੱਕਲ ਵਿੱਚ ਸਿਰ ਰੱਖ ਸੌਣ ਦੇ ਲਈ।

ਮੌਤ ਨਾਲ ਸ਼ਿਵ ਦੇ ਲਗਾਅ ਦੀ ਗੱਲ ਕਰਦਿਆਂ ਸ਼ਿਵ ਕੁਮਾਰ ਦੀਆਂ ਚੋਣਵੀਆਂ ਰਚਨਾਵਾਂ ਨੂੰ ਲੈਕੇ ਤਿਆਰ ਕੀਤੇ ਕਾਵਿ ਸੰਗ੍ਰਹਿ 'ਅੱਗ ਦਾ ਸਫ਼ਰ' ਦੇ ਵਿੱਚ ਗੁਲਜ਼ਾਰ ਸਿੰਘ ਸੰਧੂ ਲਿਖਦੇ ਹਨ ਕਿ ਸ਼ਿਵ ਕੁਮਾਰ ਦੇ ਮਨ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਦੀ ਬੜੀ ਅਚਵੀ ਲੱਗੀ ਹੋਈ ਸੀ। ਸ਼ਾਇਦ ਇਹੀਓ ਕਾਰਣ ਹੈ ਕਿ 1960 ਵਿੱਚ 'ਪੀੜ੍ਹਾਂ ਦਾ ਪਰਾਗਾ', 1961 ਵਿੱਚ ਲਾਜਵੰਤੀ, 1962 ਵਿੱਚ 'ਆਟੇ ਦੀਆਂ ਚਿੜੀਆਂ' ਅਤੇ 1963 ਵਿੱਚ 'ਮੈਨੂੰ ਵਿਦਾ ਕਰੋ' ਪੁਸਤਕਾਂ ਲਗਾਤਾਰ ਪ੍ਰਕਾਸ਼ਿਤ ਕਰਵਾਈਆਂ। 1960 ਤੋਂ 1963 ਤੱਕ ਚਾਰ ਸਾਲਾਂ ਵਿੱਚ ਚਾਰ ਸੰਗ੍ਰਹਿ ਜਿਵੇਂ ਵਿਦਾ ਹੋਣ ਦੀ ਗਤੀ ਨੂੰ ਤੇਜ਼ ਕਰ ਰਿਹਾ ਹੋਵੇ। ਵਿਦਾ ਮੰਗਣ ਪਿੱਛੋਂ 1964 ਵਿੱਚ ਦੋ ਕਾਵਿ ਸੰਗ੍ਰਹਿ 'ਬਿਰਹਾ ਤੂੰ ਸੁਲਤਾਨ' ਅਤੇ 'ਦਰਦ ਮੰਦਾਂ ਦੀਆਂ ਆਹੀਂ' ਪੰਜਾਬੀ ਝੋਲੀ ਵਿੱਚ ਉਸਨੇ ਇੰਝ ਸੁੱਟੇ ਜਿਵੇਂ ਕੋਈ ਰੁਖ਼ਸਤ ਲੈਣ ਤੋਂ ਪਹਿਲਾਂ ਸਾਰੇ ਦੇ ਸਾਰੇ ਕੰਮ ਨਿਪਟਾਉਂਦਾ ਹੈ। 1965 ਵਿੱਚ 'ਲੂਣਾ' ਦੀ ਰਚਨਾ ਤੇ ਪ੍ਰਕਾਸ਼ਨ ਦੁਆਰਾ ਉਸ ਨੇ ਸਮਾਜ ਤੇ ਕਵਿਤਾ ਪ੍ਰਤੀ ਆਪਣੇ ਸਾਰੇ ਫਰਜ਼ ਨਿਭਾਅ ਦਿੱਤੇ ਜਾਪਦੇ ਸਨ ਅਤੇ ਹਿਜ਼ਰਾਂ ਦੀ ਪਰਿਕਰਮਾ ਕਰਕੇ ਭਰੇ ਭਰਾਏ ਮੁੜ੍ਹ ਜਾਣ ਦੀ ਤਿਆਰੀ ਕਰ ਲਈ ਸੀ। 1965 ਤੋਂ 1973 ਤੱਕ ਸ਼ਿਵ ਕੁਮਾਰ ਨੇ ਨਵੀਂ ਰਚਨਾ ਕੇਵਲ 'ਮੈਂ ਤੇ ਮੈਂ' ਹੀ ਦਿੱਤੀ, ਅਤੇ ਫਿਰ 6 ਮਈ 1973 ਨੂੰ ਸ਼ਿਵ ਕੁਮਾਰ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਕਹਿਕੇ ਮੌਤ ਨੂੰ ਕਲਾਵਾ ਪਾਕੇ ਆਪਣੀ ਜਿੱਦ ਨੂੰ ਪੂਰੀ ਕਰ ਗਿਆ।

ਆਪਣੀ ਮੌਤ ਤੋਂ ਕਰੀਬਨ ਦਸ ਸਾਲ ਪਹਿਲਾਂ ਸ਼ਿਵ ਕੁਮਾਰ ਨੇ ਲਗਭਗ 27 ਵਰ੍ਹਿਆਂ ਦੀ ਉਮਰ ਵਿੱਚ ਸਾਹਿਤ ਐਕਡਮੀ ਐਵਾਰਡ ਹਾਸਿਲ ਕਰਕੇ ਪੰਜਾਬੀ ਸਾਹਿਤ ਦਾ ਸਿਰ ਉੱਚਾ ਕੀਤਾ। ਇਸ ਪੁਰਸਕਾਰ ਦੇ ਨਾਲ ਜੁੜ੍ਹੀ ਇੱਕ ਘਟਨਾ ਬਾਰੇ ਸੁਰਜੀਤ ਮਾਨ ਲਿਖਦੇ ਹਨ ਕਿ ਜਦੋਂ ਪੁਰਸਕਾਰ ਮਿਲਣ ਉੱਤੇ ਕਿਸੇ ਨੇ ਸ਼ਿਵ ਕੁਮਾਰ ਦੀ ਪ੍ਰਤੀਕਿਰਿਆ ਪੁੱਛੀ ਤਾਂ ਸ਼ਿਵ ਕੁਮਾਰ ਦਾ ਜੁਆਬ ਸੀ 'ਮੈਨੂੰ ਖੁਸ਼ੀ ਤਾਂ ਜ਼ਰੂਰ ਹੈ, ਇੰਨੀ ਨਿੱਕੀ ਉਮਰੇ ਇਹ ਪੁਸਰਕਾਰ ਮਿਲਿਆ ਹੈ, ਪਰ ਮੇਰੇ ਅੰਦਰ ਆਪਣਾ ਕੋਈ ਨਿੱਜੀ ਗਮ ਹੋਣ ਕਰਕੇ, ਸ਼ਾਇਦ ਇੰਨਾ ਖੁਸ ਨਾ ਹੋ ਸਕਾਂ। ਨਾਲੇ ਕਿਸੇ ਕਵੀ ਲਈ ਅਸਲੀ ਪੁਰਸਕਾਰ ਉਹੀ ਹੁੰਦਾ ਹੈ, ਜੋ ਉਸਨੂੰ ਪਾਠਕ ਦਿੰਦੇ ਹਨ।' ਅੱਜ ਹਰ ਵਰਗ ਤੋਂ ਸ਼ਿਵ ਨੂੰ ਮਿਲ ਰਿਹਾ ਪਿਆਰ ਉਸਦੇ ਕੱਦ ਨੂੰ ਹੋਰ ਉੱਚਾ ਕਰਨ ਦੇ ਨਾਲ ਨਾਲ ਉਸਦੇ ਵਧੀਆ ਕਵੀ ਹੋਣ ਦੀ ਵੀ ਪੁਸ਼ਟੀ ਕਰਦਾ ਜਾ ਰਿਹਾ ਹੈ।

ਸ਼ਿਵ ਕੁਮਾਰ ਖੁਦ ਇੱਕ ਇੰਟਰਵਿਊ ਦੇ ਵਿੱਚ ਮਹਿੰਦਰਾ ਕੌਲ ਨੂੰ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਸੀ ਕਿ ਦੁਨੀਆ ਦਾ ਹਰ ਵਿਅਕਤੀ ਮੌਤ ਵੱਲ ਜਾ ਰਿਹਾ ਹੈ, ਬੱਸ ਸਭ ਹੋਲੀ ਹੋਲੀ ਸੁੱਖ ਦੀ ਮੌਤ ਮਰਨਾ ਚਾਹੁੰਦੇ ਹਨ। ਸ਼ਿਵ ਦਾ ਇਹ ਉੱਤਰ ਉਸਦੇ ਮੌਤ ਪ੍ਰਤੀ ਪਲੇ ਮੋਹ ਨੂੰ ਉਜ਼ਾਗਰ ਕਰਦਾ ਹੈ। ਉਹ ਆਮ ਲੋਕਾਂ ਦੀ ਤਰ੍ਹਾਂ ਹੋਲੀ ਹੋਲੀ ਮਰਨਾ ਦਾ ਆਦੀ ਨਹੀਂ ਸੀ, ਉਹ ਜਲਦ ਤੋਂ ਜਲਦ ਆਪਣਾ ਸਫ਼ਰ ਖ਼ਤਮ ਅਗਲੇ ਸਫ਼ਰ ਉੱਤੇ ਨਿਕਲਣਾ ਚਾਹੁੰਦਾ ਸੀ, ਤਦੀ ਤਾਂ ਉਸਨੇ ਬਹੁਤ ਸਾਰੀਆਂ ਉਪਲਬੱਧੀਆਂ ਬਹੁਤ ਛੋਟੀ ਉਮਰੇ ਹਾਸਿਲ ਕਰ ਲਈਆਂ। ਇੱਕ ਦਾਰਸ਼ਨਿਕ ਨੇ ਕਿਹਾ ਹੈ ਕਿ ਉਸ ਨੂੰ ਮੌਤ ਦਾ ਭੈਅ ਕਦੇ ਵੀ ਨਹੀਂ ਰਹਿੰਦਾ, ਜੋ ਜੀਵਨ ਦੇ ਵਿੱਚ ਆਪਣੇ ਮਕਸਦ ਨੂੰ ਹਾਸਿਲ ਕਰ ਲੈਂਦਾ ਹੈ। ਅਕਸਰ ਮੌਤ ਆਉਣ ਉੱਤੇ ਉਹ ਘਬਰਾਉਂਦੇ ਹਨ, ਜਿਹਨਾਂ ਨੇ ਜਿੰਦਗੀ ਦੇ ਵਿੱਚ ਕੁੱਝ ਵੀ ਹਾਸਿਲ ਨਹੀਂ ਕੀਤਾ। ਜਿਹਨਾਂ ਦੀ ਜਿੰਦਗੀ ਬੱਸ ਭਟਕਣ ਦੇ ਵਿੱਚ ਹੀ ਨਿਕਲ ਗਈ ਹੁੰਦੀ ਹੈ।

ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਸ਼ਿਵ ਕੁਮਾਰ ਬਟਾਲਵੀਂ ਕਿਉਂ ਨਹੀਂ ਲਿਖ ਰਿਹਾ, ਕੇਵਲ ਸ਼ਿਵ ਕੁਮਾਰ ਲਿਖ ਰਿਹਾ ਹਾਂ, ਅਸਲ ਵਿੱਚ ਸ਼ਿਵ ਕੁਮਾਰ ਨੂੰ ਬਟਾਲਵੀ ਤੱਖਲੁਸ ਤੋਂ ਬੇਹੱਦ ਚਿੜ੍ਹ ਸੀ। ਇਸ ਬਾਰੇ ਜ਼ਿਕਰ ਕਰਦਿਆਂ ਸੁਰਜੀਤ ਮਾਨ ਲਿਖਦੇ ਹਨ ਕਿ ਉਸਦੀ ਕਿਸੇ ਵੀ ਕਵਿਤਾ ਜਾਂ ਕਿਤਾਬ ਉੱਪਰ ਉਸਨੇ ਕਦੇ ਵੀ ਆਪਣੇ ਨਾਂਅ ਸ਼ਿਵ ਕੁਮਾਰ ਦੇ ਨਾਲ ਬਟਾਲਵੀ ਨਹੀਂ ਲਿਖਿਆ। ਉਹ ਤਾਂ ਆਖਦਾ ਹੁੰਦਾ ਸੀ, "ਬਟਾਲਵੀ ਸ਼ਬਦ ਤੋਂ ਮੈਨੂੰ ਸਾਡੇ ਸ਼ਹਿਰ ਦੀ ਮੰਡੀ ਵਿੱਚ ਪਈ ਕਹੀਆਂ, ਸੱਬਲਾਂ, ਹਥੌੜੀਆਂ, ਸੰਗਲ ਅਤੇ ਦਾਤੀਆਂ ਖੁਰਪੇ ਯਾਦ ਆ ਜਾਂਦੇ ਹਨ। ਪਤਾ ਨਹੀਂ ਇਹ ਬਟਾਲਵੀ ਤਖੱਲੁਸ ਮੇਰੇ ਚੰਗੇ ਭਲੇ ਨਾਂ ਨਾਲ ਕੀਹਨੇ ਅਤੇ ਕਿਉਂ ਜੋੜ੍ਹ ਦਿੱਤਾ। ਜੇਕਰ ਅਸਲ ਵਿੱਚ ਸ਼ਿਵ ਨੂੰ ਬਟਾਲਵੀ ਸ਼ਬਦ ਪਸੰਦ ਨਹੀਂ ਆਪਣੇ ਨਾਂਅ ਨਾਲ, ਤਾਂ ਮੈਂ ਉਸਦੀ ਰੂਹ ਨੂੰ ਸ਼ਿਵ ਕੁਮਾਰ ਬਟਾਲਵੀ ਕਹਿਕੇ ਚੋਟਿਲ ਨਹੀਂ ਕਰ ਸਕਦਾ।

ਉਂਝ ਵੀ, ਉਸ ਨੇ ਜਿਉਂਦੇ ਜੀਅ ਬਹੁਤ ਦਰਦ ਹੰਡਾਇਆ ਹੈ, ਹੋਰ ਦਰਦ ਦੇਣ ਨੂੰ ਮੇਰਾ ਜੀਅ ਨਹੀਂ ਕਰਦਾ, ਇਸ ਲਈ ਸ਼ਿਵ ਕੁਮਾਰ ਕਹਿਕੇ ਉਸਦੀ ਰੂਹ ਨੂੰ ਚੈਨ ਦੇ ਪਲ ਦੇਣਾ ਚਾਹੁੰਦਾ ਹਾਂ, ਜੋ ਸ਼ਾਇਦ ਚੰਨ ਜਾਂ ਤਾਰਾ ਬਣ ਗਈ ਹੋਵੇਗੀ, ਕਿਉਂਕਿ ਅਜਿਹਾ ਹੀ ਕੁੱਝ ਮੰਨਣਾ ਸੀ ਸ਼ਿਵ ਕੁਮਾਰ ਦਾ, ਤਦੀ ਤਾਂ ਉਸਨੇ ਆਪਣੀ ਇੱਕ ਰਚਨਾ ਵਿੱਚ ਲਿਖਿਆ ਹੈ, ਜ਼ੋਬਨ ਰੁੱਤੇ ਜੋ ਮਰਦਾ ਚੰਨ ਬਣਦਾ ਜਾਂ ਤਾਰਾ, ਜ਼ੋਬਨ ਰੁੱਤੇ ਆਸ਼ਿਕ ਮਰਦਾ ਜਾਂ ਕਰਮਾਂ ਵਾਲਾ।

Tuesday, April 13, 2010

ਕੀ ਕੀ ਕਹਿੰਦੀਆਂ ਨੇ ਵਿਸਾਖੀਆਂ

ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਸ਼ਵ ਭਰ ਵਿੱਚ ਭਲੇ ਹੀ "ਅਪ੍ਰੈਲ ਫੂਲ ਡੇ" ਦੇ ਨਾਲ ਹੁੰਦੀ ਹੋਵੇ, ਪਰੰਤੂ ਪੰਜਾਬ ਦੇ ਇਤਿਹਾਸ ਵਿੱਚ ਅਪ੍ਰੈਲ ਦਾ ਮਹੀਨਾ ਅਲਹਿਦਾ ਹੀ ਮਹੱਤਵ ਰੱਖਦਾ ਹੈ, ਕਿਉਂਕਿ ਇਸ ਮਹੀਨੇ ਦੇ ਅੱਧ ਤੋਂ ਦੋ ਦਿਨ ਪਹਿਲਾਂ ਆਉਣ ਵਾਲਾ ਵਿਸਾਖੀ ਦਾ ਮੇਲਾ ਪੰਜਾਬ ਦੇ ਇਤਿਹਾਸ ਉੱਤੇ ਹੀ ਨਹੀਂ ਬਲਕਿ ਭਾਰਤੀ ਇਤਿਹਾਸ ਦੇ ਨਕਸ਼ੇ ਉੱਤੇ ਡੂੰਘਾ ਪ੍ਰਭਾਵ ਛੱਡ ਚੁੱਕਿਆ ਹੈ। ਪੰਜਾਬ ਵਿੱਚ ਵਿਸਾਖੀ ਦੇ ਦਿਨ ਜਗ੍ਹਾ ਜਗ੍ਹਾ ਮੇਲੇ ਲੱਗਦੇ ਹਨ, ਪ੍ਰੰਤੂ ਕੁੱਝ ਇਤਿਹਾਸਕ ਘਟਨਾਵਾਂ ਦੇ ਕਾਰਣ ਕੁੱਝ ਵਿਸ਼ੇਸ਼ ਜਗ੍ਹਾਵਾਂ ਉੱਤੇ ਇਸ ਮੇਲੇ ਦੀ ਮਹੱਤਤਾ ਬਹੁਤ ਜਿਆਦਾ ਹੈ। ਉਂਝ ਤਾਂ ਪੰਜਾਬ ਵਿੱਚ ਹਰ ਸਾਲ ਵਿਸਾਖੀ ਮਨਾਈ ਜਾਂਦੀ ਹੈ, ਪ੍ਰੰਤੂ ਦੋ ਵਿਸਾਖੀਆਂ ਪੰਜਾਬ ਦੇ ਇਤਿਹਾਸ ਵਿੱਚ ਅਮਿਟ ਛਾਪ ਛੱਡ ਗਈਆਂ ਹਨ, ਇੱਕ ਨੇ ਸੁਨਹਿਰੇ ਅੱਖਰਾਂ ਦੇ ਨਾਲ ਆਪਣਾ ਇਤਿਹਾਸ ਲਿਖਿਆ ਅਤੇ ਦੂਜੀ ਨੇ ਲਾਲ ਅੱਖਰਾਂ ਦੇ ਨਾਲ।

ਇੱਕ ਵਿਸਾਖੀ ਜਿੱਥੇ ਸਾਡਾ ਮਾਣ ਨਾਲ ਸਿਰ ਉੱਚਾ ਕਰਦੀ ਹੈ, ਉੱਥੇ ਹੀ ਦੂਜੀ ਲਾਲ ਅੱਖਰੀਂ ਲਿਖੀ ਵਿਸਾਖੀ ਸਾਡੇ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਸੁਨਹਿਰੀ ਅੱਖਰੀਂ ਲਿਖੀ ਹੋਈ ਵਿਸਾਖੀ 13 ਅਪ੍ਰੈਲ 1699 ਦੀ ਹੈ, ਜਦੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਿਕਾਕੇ ਸਿੰਘ ਦੇ ਨਾਂਅ ਨਾਲ ਨਵਾਜਿਆ ਸੀ। ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਲੱਖਾਂ ਦੀ ਭੀੜ੍ਹ, ਪ੍ਰੰਤੂ ਜਦੋਂ ਗੁਰੂ ਨੇ ਸ਼ੀਸ਼ ਮੰਗੇ ਤਾਂ ਪੂਰੇ ਪੰਡਾਲ 'ਚ ਚੁੱਪ ਛਾ ਗਈ। ਇਹ ਚੁੱਪ ਪੰਜ ਪਿਆਰਿਆਂ ਦੀ ਚੋਣ ਦੇ ਨਾਲ ਹੀ ਫਿਰ ਕਿਤੇ ਖੋਹ ਗਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਯਤਨ ਮੁਗਲਾਂ ਦੇ ਵਿਰੁੱਧ ਇੱਕ ਵੱਡੀ ਸਫ਼ਲਤਾ ਬਣ ਉੱਭਰਿਆ ਸੀ। ਇਸਦੇ ਬਾਅਦ ਵਿਸਾਖੀ ਦਾ ਧਾਰਮਿਕ ਮਹੱਤਵ ਬਹੁਤ ਜਿਆਦਾ ਵੱਧ ਗਿਆ, ਸਿੱਖ ਧਰਮ ਦੇ ਲਈ ਇਹ ਦਿਨ ਹੋਰ ਵੀ ਅਹਿਮ ਹੋ ਗਿਆ, ਭਲੇ ਹੀ ਸਿੱਖਾਂ ਦੇ ਦਸਮ ਪਿਤਾ ਨੇ ਆਪਣਾ ਪਰਿਵਾਰ ਪੂਰੀ ਹਿੰਦ ਕੌਮ ਦੇ ਲਈ ਵਾਰ ਦਿੱਤਾ ਸੀ।

ਇਸਦੇ ਬਾਅਦ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸਥਿਤ ਜਲ੍ਹਿਆਂ ਵਾਲੇ ਬਾਗ ਵਿਖੇ ਲਾਲ ਅੱਖਰਾਂ ਦੇ ਨਾਲ ਵਿਸਾਖੀ ਦੀ ਇਸ ਤਾਰੀਖ਼ ਨੂੰ ਗੋਰੀ ਹਕੂਮਤ ਨੇ ਸਦਾ ਦੇ ਲਈ ਦਰਜ ਕਰ ਦਿੱਤਾ। ਜਲ੍ਹਿਆਂ ਵਾਲੇ ਬਾਗ ਦੀ ਇਹ ਅਣਹੋਣੀ ਵਿਸਾਖੀ ਗੋਰੀ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਨੂੰ ਜੱਗ ਉਜਾਗਰ ਕਰਦੀ ਹੈ। 1699 ਦੀ ਵਿਸਾਖੀ ਜਿੱਥੇ ਮੁਗਲ ਦੇ ਖ਼ਾਤਮੇ ਦੀ ਨੀਂਹ ਰੱਖਣ ਦੇ ਲਈ ਅਹਿਮ ਮੰਨੀ ਗਈ, ਉੱਥੇ ਹੀ 1919 ਦੀ ਵਿਸਾਖੀ ਗੋਰੀ ਸਰਕਾਰ ਨੂੰ ਦੇਸ਼ 'ਚੋਂ ਕੱਢਣ ਦੇ ਯਤਨਾਂ ਇੱਕ ਹਿੱਸਾ ਸੀ, ਪ੍ਰੰਤੂ ਗੋਰੀ ਸਰਕਾਰ ਦੇ ਜਾਲਮ ਅਧਿਕਾਰੀ ਜਰਨਲ ਡਾਇਰ ਨੇ ਆਪਣੀਆਂ ਕਰੂਰਤਾਂ ਦੇ ਪਰਿਚੈ ਦਿੰਦਿਆਂ ਹਜਾਰਾਂ ਲੋਕਾਂ ਨੂੰ ਪਲ ਵਿੱਚ ਮੌਤ ਦੀ ਨੀਂਹ ਸੁਲਾ ਦਿਤਾ ਅਤੇ ਜਲ੍ਹਿਆਂ ਵਾਲੇ ਬਾਗ ਦੀ ਧਰਤੀ ਨੂੰ ਲਾਲ ਰੰਗ ਵਿੱਚ ਰੰਗ ਦਿੱਤਾ। ਭਲੇ ਸ਼ਹੀਦਾਂ ਦੇ ਡੁੱਲ੍ਹੇ ਇਸ ਖ਼ੂਨ ਦਾ ਬਦਲਾ ਸੁਨਾਮ ਦੇ ਨੌਜਵਾਨ ਸ਼ਹੀਦ ਉਧਮ ਸਿੰਘ ਨੇ ਲੰਡਨ ਦੀ ਧਰਤੀ ਉੱਤੇ ਜਾਕੇ ਲੈ ਲਿਆ ਸੀ, ਪ੍ਰੰਤੂ ਫ਼ਿਰ ਵੀ ਖ਼ੂਨ ਨਾਲ ਲਥਪਥ ਇਹ 13 ਅਪ੍ਰੈਲ 1919 ਦੀ ਵਿਸਾਖੀ ਸਾਨੂੰ ਬਹੁਤ ਵੱਡਾ ਸਦਮਾ ਪਹੁੰਚਾਉਂਦੀ ਹੈ।

ਇਤਿਹਾਸ ਦੇ ਵਰਕਿਆਂ ਵਿੱਚ ਦਰਜ ਹੋ ਚੁੱਕੀਆਂ ਇਹ ਦੋ ਵਿਸਾਖੀਆਂ ਸਾਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ, ਜੇਕਰ ਅਸੀਂ ਇਹਨਾਂ ਦੋਵਾਂ ਵਿਸਾਖੀਆਂ ਨੂੰ ਗੰਭੀਰਤਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। 13 ਅਪ੍ਰੈਲ 1919 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ। ਅਸੀਂ ਕਦੇ ਵਿਸਾਖੀ ਵਾਲੇ ਦਿਨ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਗੁਰੂ ਜੀ ਨੇ ਪੰਜ ਹੀ ਕਿਉਂ? ਛੇ ਜਾਂ ਸੱਤ ਪਿਆਰੇ ਕਿਉਂ ਨਹੀਂ ਸਾਜੇ। ਜਿੱਥੋਂ ਤੱਕ ਮੇਰਾ ਅਲਪ ਗਿਆਨ ਕਹਿੰਦਾ ਹੈ, ਉਹ ਹੈ ਕਿ ਪੰਜ ਵਕਾਰ ਮਨੁੱਖ ਨੂੰ ਇਨਸਾਨ ਨਹੀਂ ਬਣਨ ਦਿੰਦੇ, ਜੇਕਰ ਮਨ ਨੂੰ ਉਹਨਾਂ ਪੰਜ ਵਕਾਰ ਤੋਂ ਮੁਕਤ ਕਰ ਲਿਆ ਜਾਵੇ ਤਾਂ ਬੰਦੇ ਦੇ ਲਈ ਇਨਸਾਨ ਹੋਣਾ ਕੋਈ ਦੂਰ ਦੀ ਗੱਲ ਨਹੀਂ। ਇਹ ਉਹ ਪੰਜ ਬੰਦੇ ਸਨ, ਜਿਨ੍ਹਾਂ ਨੇ ਪੰਜਾਂ ਚੀਜ਼ਾਂ ਨੂੰ ਤਿਆਗਕੇ ਖੁਦ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਗੁਰੂ ਨੇ ਉਹਨਾਂ ਨੂੰ ਆਪਣੇ ਪੰਜ ਪਿਆਰੇ ਆਖਿਆ। ਜਦੋਂ ਵੀ ਵਿਸਾਖੀ ਬਾਰੇ ਸੋਚਦਾ ਹਾਂ ਤਾਂ ਮੈਨੂੰ ਗੁਰਦਾਸ ਮਾਨ ਦੇ ਗੀਤ ਦੀਆਂ ਹੇਠ ਲਿਖੀਆਂ ਸਤਰਾਂ ਅਚਾਨਕ ਯਾਦ ਆ ਜਾਂਦੀਆਂ ਹਨ।
ਓ ਆਪਣੇ ਆਪਨੂੰ ਆਸ਼ਿਕ ਦੱਸੇ, ਟੇਢੀ ਪੱਗੜੀ ਧਰਕੇ,
ਤੂੰ ਕਹਿਣੈ ਮੈਨੂੰ ਐਵੇਂ ਹੀ ਮਿਲਜੇ, ਇਹ ਮਿਲਦੈ ਮਰ ਮਰਕੇ
ਇੱਥੇ ਮਰਨ ਦਾ ਅਰਥ ਹੈ, ਮੈਂ ਨੂੰ ਮਾਰ ਦੇਣਾ ਅਤੇ ਉਹਨਾਂ ਪੰਜ ਵਕਾਰਾਂ ਨੂੰ ਤਿਆਗ ਦੇਣਾ, ਜੋ ਪ੍ਰਮਾਤਮਾ ਤੇ ਤੁਹਾਡੇ ਵਿਚਕਾਰ ਕੰਧ ਵਾਂਗ ਖੜ੍ਹੇ ਹੋਏ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਪੂਰੀ ਕੌਮ ਦੀ ਹਿਫ਼ਾਜ਼ਤ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ, ਪ੍ਰੰਤੂ ਅੱਜ ਬੰਦਾ ਪਰਿਵਾਰ ਦੇ ਲਈ ਲੋਕਾਂ ਦੇ ਹਿੱਤਾਂ ਦੀ ਬਲੀ ਦੇ ਰਿਹਾ ਹੈ, ਕਿਉਂਕਿ ਬੰਦਾ ਪੰਜ ਵਕਾਰਾਂ ਨੂੰ ਤਿਆਗਣ ਵਿੱਚ ਅੱਜ ਵੀ ਅਸਮਰੱਥ ਹੈ। ਦੂਜੀ 1919 ਦੀ ਵਿਸਾਖੀ ਸਾਨੂੰ ਏਕਤਾ ਦਾ ਸੁਨੇਹਾ ਦਿੰਦੀ ਹੈ, ਬੁਰਾਈ ਦੇ ਵਿਰੁੱਧ ਖੜ੍ਹੇ ਹੋਣ ਦਾ ਸੰਦੇਸ਼ ਦਿੰਦੀ ਹੈ, ਇੱਕ ਸੁਨਹਿਰੇ ਦਿਨ ਦੇ ਲਈ ਇੱਕ ਹੋਣ ਦਾ ਸੁਨੇਹਾ ਭੇਜਦੀ ਹੈ। ਜਲ੍ਹਿਆਂ ਵਾਲੇ ਬਾਗ ਵਿੱਚ ਜਾਕੇ ਗੋਲੀਆਂ ਦੇ ਨਿਸ਼ਾਨ ਵੇਖਣਾ ਜਾਂ ਜਲ੍ਹਿਆਂ ਵਾਲੇ ਬਾਗ ਦਾ ਇੱਕ ਚੱਕਰ ਕੱਟਣਾ ਉਹਨਾਂ ਸ਼ਹੀਦਾਂ ਦੇ ਲਈ ਸੱਚੀ ਸ਼ਰਧਾਂਜਲੀ ਕਦੇ ਨਹੀਂ ਹੋ ਸਕਦਾ, ਉਹ ਇਨਕਲਾਬ ਦੇ ਲਈ ਸ਼ਹੀਦ ਹੋਏ ਹਨ। ਉਹਨਾਂ ਦੇ ਸੁਫ਼ਨੇ ਅੱਜ ਵੀ ਅਧੂਰੇ ਹਨ, ਭਲੇ ਹੀ ਭਾਰਤ ਆਜਾਦ ਹੋ ਗਿਆ।

ਭਾਵੇਂ ਵਿਸਾਖੀ ਦਾ ਮੇਲਾ ਕਿਸਾਨਾਂ ਦੀ ਥਕਾਣ ਨੂੰ ਦੂਰ ਕਰਨ ਦਾ ਇੱਕ ਅਨੋਖਾ ਢੰਗ ਸੀ, ਪ੍ਰੰਤੂ ਪੰਜਾਬ ਦੇ ਇਤਿਹਾਸ ਦੀਆਂ ਇਹਨਾਂ ਦੋਹਾਂ ਵਿਸਾਖੀਆਂ ਨੇ ਪੰਜਾਬ ਦੇ ਇਤਿਹਾਸ ਉੱਤੇ ਗਹਿਰਾ ਪ੍ਰਭਾਵ ਛੱਡਿਆ ਹੈ। ਹੁਣ ਵੀ ਪੰਜਾਬ ਦੀ ਧਰਤੀ ਉੱਤੇ ਵਿਸਾਖੀ ਮੌਕੇ ਮੇਲੇ ਲੱਗਦੇ ਹਨ, ਪ੍ਰੰਤੂ ਉੱਥੇ ਹੋਣ ਵਾਲੀਆਂ ਕਾਨਫਰੰਸ ਇਨਕਲਾਬੀ ਨਾ ਹੋਕੇ ਰਾਜਨੀਤਿਕ ਹੁੰਦੀਆਂ ਹਨ। ਉੱਥੇ ਪਾਰਟੀਆਂ ਆਪਣੇ ਆਪਣੇ ਸਵਾਰਥ ਸਾਧਦੀਆਂ ਹੋਈਆਂ ਮੇਲਿਆਂ ਦੀ ਰੂਹ ਨੂੰ ਚੋਟ ਪਹੁੰਚਾਉਂਦੀਆਂ ਹਨ। ਮੇਲਿਆਂ ਦੀ ਰੰਗਤ ਨੂੰ ਘਟਾਉਂਦੀਆਂ ਹਨ।

 ਧੰਨਵਾਦ ਸਹਿਤ-
ਕੁਲਵੰਤ ਹੈੱਪੀ
ਵੈਬਦੁਨੀਆ ਉੱਤੇ ਵੀ

Friday, April 9, 2010

ਸ਼ੇਅਰਾਂ ਦਾ ਨਹੀਂ, ਵਿਵਾਦਾਂ ਦਾ ਸਰਤਾਜ

ਪਿਛਲੇ ਸਾਲ ਨਵੰਬਰ ਦੇ ਮਹੀਨੇ ਵਿੱਚ ਮੈਂ ਬਠਿੰਡੇ ਗਿਆ ਹੋਇਆ ਸੀ, ਵਿਆਹ ਦਾ ਮਾਹੌਲ ਸੀ, ਘਰ ਵਿੱਚ ਇਕੱਠ ਦਾ ਹੋਣਾ ਸੁਭਾਵਿਕ ਸੀ, ਉਹ ਵੀ ਮੁੰਡੇ ਖੁੰਡਿਆਂ ਦਾ। ਜਿੱਥੇ ਮੁੰਡੇ ਖੁੰਡੇ ਇਕੱਠੇ ਹੋਣ ਉੱਥੇ ਗੀਤ ਸੰਗੀਤ ਨਾ ਹੋਵੇ, ਅਜਿਹਾ ਹੋਣਾ ਮੁਸ਼ਕਲ ਹੈ। ਪਿਛਲੀ ਵਾਰ ਜਿੱਥੇ ਬਈ ਬਾਬੂ ਮਾਨ ਦੇ ਗੀਤ ਬਾਬੇ ਨਾਨਕ ਦੀ ਗੱਲ ਨੇ ਜ਼ੋਰ ਫੜ੍ਹਿਆ ਹੋਇਆ ਸੀ, ਉੱਥੇ ਹੀ ਇਸ ਵਾਰ ਦੇ ਗੇੜੇ ਉੱਤੇ ਇੱਕ ਨਵੇਂ ਗਾਇਕ ਸਤਿੰਦਰ ਸਰਤਾਜ ਦਾ ਨਾਂਅ ਮੁੜ੍ਹ ਮੁੜ੍ਹ ਮੇਰੇ ਕੰਨੀਂ ਪੈ ਰਿਹਾ ਸੀ, ਸੱਚਮੁਚ ਹਰ ਇੱਕ ਦੇ ਬੁੱਲ੍ਹਾਂ ਉੱਤੇ ਸਤਿੰਦਰ ਸਰਤਾਜ ਬੈਠਾ ਹੋਇਆ ਸੀ।

ਮੈਂ ਪੰਜਾਬੀ ਸੰਗੀਤ ਪ੍ਰੇਮੀ ਹਾਂ, ਮੈਂ ਜਿਸ ਕੋਲ ਜਾਵਾਂ ਇੱਕ ਗੱਲ ਸੁਣਾਂ ਬਈ ਸਰਤਾਜ ਨੂੰ ਸੁਣਿਆ, ਮੇਰਾ ਜੁਆਬ ਨਾ ਵਿੱਚ ਹੁੰਦਾ। ਕਿਸੇ ਨੇ ਕਿਹਾ ਕਿ ਉਹ ਬਈ ਦੇਬੀ ਨੂੰ ਵੀ ਪਿੱਛੇ ਛੱਡ ਗਿਆ। ਐਨੀ ਗੱਲ ਸੁਣਦਿਆਂ ਮੇਰੇ ਮੂੰਹੋਂ ਨਿਕਲ ਗਿਆ ਕਿ ਦੇਬੀ ਮਖਸੂਸਪੁਰੀ ਨੇ ਪੰਜਾਬੀ ਸੰਗੀਤ ਨੂੰ ਬਹੁਤ ਕੁੱਝ ਦਿੱਤਾ ਹੈ, ਬਈ ਸਤਿੰਦਰ ਦੀ ਤਾਂ ਪਹਿਲੀ ਕੈਸਿਟ ਹੈ, ਦੇਬੀ ਨੇ ਤਾਂ ਦਰਜਨਾਂ ਕੈਸਿਟਾਂ ਬਾਜਾਰ 'ਚ ਉਤਾਰ ਦਿੱਤੀਆਂ, ਕਿਸੇ ਵਿੱਚ ਵੀ ਰਿਪੀਟਿਸ਼ਨ ਨਹੀਂ, ਅਜਿਹੇ ਵਿੱਚ ਸਤਿੰਦਰ ਨੂੰ ਦੇਬੀ ਮਖਸੂਸਪੁਰੀ ਤੋਂ ਅੱਗੇ ਖੜ੍ਹਾ ਕਰਨਾ ਬਹੁਤ ਵੱਡੀ ਭੁੱਲ ਹੈ। ਗੱਲ ਨੂੰ ਖ਼ਤਮ ਕਰਨ ਦੇ ਲਈ ਮੈਂ ਆਖਿਆ, ਆਪਾਂ ਫੇਰ ਗੱਲ ਕਰਾਂਗੇ, ਜਦੋਂ ਸਤਿੰਦਰ ਕੁੱਝ ਸਾਲ ਪੁਰਾਣਾ ਹੋ ਗਿਆ, ਹਾਲੇ ਇਸ ਬਾਰੇ ਕੋਈ ਗੱਲ ਕਹਿਣਾ ਸ਼ਾਇਦ ਜਲਦਬਾਜੀ ਹੋਵੇਗੀ। ਦੇਬੀ ਦਾ ਮੁਕਾਬਲਾ ਕਰਨ ਲਈ ਬਹੁਤ ਸਮਾਂ ਲੱਗੇਗਾ। ਹੁਣ ਜਦੋਂ ਚੱਲ ਰਿਹਾ ਸਤਿੰਦਰ ਸਰਤਾਜ ਦਾ ਵਿਵਾਦ ਵੇਖਦਾ ਹਾਂ ਤਾਂ ਨਵੰਬਰ ਦੀ ਗੱਲ ਅਚਾਨਕ ਮੂਹਰੇ ਆ ਖੜ੍ਹੀ ਹੋ ਜਾਂਦੀ ਹੈ। ਭਲੇ ਹੀ ਉਹ ਸ਼ਬਦ ਮੇਰੇ ਮੂੰਹੋਂ ਅਚਾਨਕ ਨਿਕਲੇ ਸਨ, ਪ੍ਰੰਤੂ ਉਹ ਹੁਣ ਸੱਚ ਸਾਬਿਤ ਹੋ ਰਹੇ ਹਨ।

ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ 'ਚ ਸ਼ਾਇਰ ਤਰਲੋਕ ਸਿੰਘ ਜੱਜ ਨੇ ਗਾਇਕ ਸਰਤਾਜ ਨੂੰ ਮੁਆਫ਼ੀ ਮੰਗਣ ਦੇ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਇਹ ਮੁਆਫ਼ੀ ਇਸ ਗੱਲ ਵਾਸਤੇ ਨਹੀਂ ਕਿ ਸਤਿੰਦਰ ਨੇ ਤਰਲੋਕ ਸਿੰਘ ਨਾਲ ਬੁਰਾ ਵਰਤਾਓ ਕੀਤਾ, ਬਲਕਿ ਇਹ ਮੁਆਫ਼ੀ ਉਹਨਾਂ ਚੋਰੀ ਦੇ ਸ਼ੇਅਰਾਂ ਵਾਸਤੇ ਹੈ, ਜਿਨ੍ਹਾਂ ਦੇ ਦਮ ਉੱਤੇ ਸਰਤਾਜ ਪੰਜਾਬੀ ਸੰਗੀਤ ਦਾ ਸਰਤਾਜ ਬਣਨ ਨੂੰ ਉਤਾਵਲਾ ਹੋਇਆ ਜਾ ਰਿਹਾ ਹੈ। ਤਰਲੋਕ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੋ ਚਾਰ ਸ਼ੇਅਰ ਸਰਤਾਜ ਲਾਈਵ ਦੇ ਵਿੱਚ ਸਰਤਾਜ ਨੇ ਗਾਏ ਹਨ, ਉਹ ਅੱਜ ਤੋਂ 32 ਸਾਲ ਪਹਿਲਾਂ ਇੱਕ ਪੰਜਾਬੀ ਮਾਸਿਕ ਪੱਤ੍ਰਿਕਾ ਵਿੱਚ ਤਰਲੋਕ ਸਿੰਘ ਦੇ ਨਾਂਅ ਹੇਠ ਦਰਜ ਹਨ।

ਉਧਰ,  ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਸਰਤਾਜ ਮੁਆਫ਼ੀ ਮੰਗ ਲਵੇਗਾ, ਜਦਕਿ ਕੁੱਝ ਲੋਕ ਦੱਸ ਰਹੇ ਹਨ ਕਿ ਸਰਤਾਜ ਦੇ ਕਰੀਬੀ ਮੁਆਫ਼ੀ ਮੰਗਵਾਉਣ ਵਾਲੇ ਸ਼ਾਇਰ ਨੂੰ ਕਥਿਰ ਤੌਰ 'ਤੇ ਧਮਕੀਆਂ ਦੇ ਰਹੇ ਹਨ। ਹੁਣ ਇਸ ਮਾਮਲੇ ਵਿੱਚ ਕੁੱਝ ਹੋ ਜਾਵੇ, ਭਾਵੇਂ ਅੰਦਰ ਖਾਤੇ ਸਮਝੌਤਾ ਭਾਵੇਂ ਮੁਆਫ਼ੀਨਾਮਾ, ਪ੍ਰੰਤੂ ਗੱਲ ਤਾਂ ਇਹ ਹੈ ਕਿ ਚੋਰੀ ਦੇ ਗੀਤਾਂ ਉੱਤੇ ਹਿੱਕ ਠੋਕਣ ਵਾਲਾ ਸਰਤਾਜ ਪੰਜਾਬੀ ਮਾਂ ਬੋਲੀ ਦਾ ਸਰਤਾਜ ਬਣਨ ਦਾ ਹੱਕਦਾਰ ਬਣ ਜਾਵੇਗਾ।

ਅੱਖ ਵਿੱਚ ਸੁਰਮਾ ਤਾਂ ਹਰ ਕੋਈ ਪਾਵੇ, ਪਰ ਮਟਕਾਉਣ ਜਾਣਦਾ ਕੋਈ ਕੋਈ..ਗੁਰਦਾਸ ਮਾਨ ਨੇ ਇਸ ਗੀਤ ਵਿੱਚ ਬਹੁਤ ਵੱਡੀ ਗੱਲ ਕਹਿ ਛੱਡੀ ਹੈ। ਗੁਰਦਾਸ ਨੂੰ ਪੂਰੇ ਪੰਜਾਬ ਦੇ ਕਲਾਕਾਰ ਆਪਣਾ ਆਦਰਸ਼ ਮੰਨਦੇ ਹਨ, ਪ੍ਰੰਤੂ ਕਿੰਨੇ ਗਾਇਕ ਹਨ ਜੋ ਗੁਰਦਾਸ ਮਾਨ ਦੇ ਬਣਾਏ ਹੋਏ ਰਾਹ ਉੱਤੇ ਚੱਲੇ ਹਨ। ਗੁਰਦਾਸ ਨੇ ਇੱਕ ਗੀਤ ਵਿੱਚ ਲਿਖਿਆ ਹੈ ਕਿ ਇਸ਼ਕ ਨਾ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰਜਾਣਾ ਕਿਧਰੇ ਮੁਨਸ਼ੀ ਹੋਣਾ ਸੀ, ਦੁੱਧ ਵਰਗਾ ਚਿੱਟਾ ਸੱਚ ਹੈ ਜਿੰਨਾ ਚਿਰ ਇਸ਼ਕ ਰਹਿਮਤ ਨਹੀਂ ਕਰਦਾ, ਉਹਨਾਂ ਚਿਰ ਤੁਸੀਂ ਆਸ਼ਿਕ ਹੋ ਜਾਵੋ, ਮੁਸ਼ਕਲ ਹੀ ਨਹੀਂ ਅਸੰਭਵ ਹੈ।

ਗੁਰਦਾਸ ਮਾਨ ਦਾ ਇੱਕ ਹੋਰ ਗੀਤ "ਫੇਲ੍ਹ ਕਹਾਂ ਜਾਂ ਪਾਸ ਹੁਣ ਤੈਨੂੰ ਕੀ ਆਖਾਂ" ਸ਼ਾਇਦ ਅੱਜਕੱਲ੍ਹ ਸੂਫ਼ੀ ਗਾਇਕ ਦਾ ਰੁਤਬਾ ਹਾਸਿਲ ਕਰਨ ਦੀ ਝਾਕ 'ਚ ਬੈਠੇ ਸਰਤਾਜ ਉੱਤੇ ਬੇਹੱਦ ਵਧੀਆ ਤਰੀਕੇ ਨਾਲ ਢੁੱਕਦਾ ਹੈ। ਗੁਰਦਾਸ ਮਾਨ ਸੂਫ਼ੀ ਗਾਇਕ ਨਹੀਂ ਅਤੇ ਨਾਹੀਂ ਹੋਣ ਦਾ ਦਾਅਵਾ ਕਰਦਾ ਹੈ, ਪ੍ਰੰਤੂ ਉਸਦੇ ਗੀਤਾਂ ਦੇ ਅਲਫ਼ਾਜ ਅਤੇ ਵਿਸ਼ੇ ਹਮੇਸ਼ਾ ਹੀ ਸੂਫ਼ੀਅਤ ਦੇ ਰੰਗ ਵਿੱਚ ਰੰਗੇ ਹੋਏ ਮਿਲੇ ਹਨ।
ਧੰਨਵਾਦ ਸਹਿਤ-
ਕੁਲਵੰਤ ਹੈੱਪੀ
ਵੈਬਦੁਨੀਆ ਉੱਤੇ ਵੀ..

Thursday, April 1, 2010

ਫਿਰ ਕਿਸੇ ਛੜੇ ਭਰੋਸੇ ਭਾਜਪਾ

ਕਾਂਗਰਸ ਹੱਥੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਭਾਜਪਾ ਨੂੰ ਆਉਂਦੀਆਂ ਦੀਆਂ ਚੋਣਾਂ ਵਿੱਚ ਇੱਕ ਵਾਰ ਫ਼ਿਰ ਤੋਂ ਛੜੇ ਉੱਤੇ ਭਰੋਸਾ ਜਾਗਿਆ ਹੈ। ਮੀਡੀਆ ਦੇ ਵਿਹੜੇ ਮੱਚੇ ਸ਼ੋਰ ਸ਼ਰਾਬੇ ਤੋਂ ਤਾਂ ਇੰਝ ਹੀ ਲੱਗ ਰਿਹਾ ਹ। ਮੀਡੀਆ ਦੇ ਵਿੱਚ ਚਰਚਾਵਾਂ ਦਾ ਬਾਜਾਰ ਗਰਮ ਹੈ ਕਿ ਆਉਂਦੀਆਂ ਵਿਧਾਨ ਦੀਆਂ ਚੋਣਾਂ ਵਿੱਚ ਭਾਜਪਾ ਪੀਐੱਮ ਉਮੀਦਵਾਰ ਦੇ ਰੂਪ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਮੈਦਾਨ ਵਿੱਚ ਉਤਾਰੇਗੀ, ਜੇਕਰ ਇਹ ਗੱਲ ਸੱਚੀ ਹੈ ਤਾਂ ਇਸ ਗੱਲ ਤੋਂ ਪਿਛਾਂਹ ਹੱਟਣਾ ਗਲਤ ਹੋਵੇਗਾ ਕਿ ਭਾਜਪਾ ਨੂੰ ਛੜਿਆਂ ਉੱਤੇ ਭਰੋਸਾ ਹੈ।

ਰਾਜਨੀਤੀ ਤੋਂ ਕਿਨਾਰਾ ਕਰ ਚੁੱਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਭਾਜਪਾ ਸੱਤਾ ਵਿੱਚ ਜਿੰਨੀ ਵਾਰ ਵੀ ਆਈ, ਉਸਦੀ ਅਗਵਾਈ ਸ਼੍ਰੀ ਅਟਲ ਬਿਹਾਰੀ ਵਾਜਪਈ ਜੀ ਨੇ ਕੀਤੀ, ਭਾਵੇਂ ਭਾਜਪਾ ਦਾ ਪੰਦਰ੍ਹਾਂ ਦਿਨਾਂ (May 16, 1996 - June 1, 1996) ਦੇ ਲਈ ਆਉਣ ਹੋਵੇ, ਜਾਂ ਫੇਰ ਸੱਤ ਸਾਲਾਂ ਦੇ ਟੁੱਟ ਭੱਜ ਵਾਲੇ ਕਾਰਜਕਾਲ (March 19, 1998 - May 22, 2004 ) ਦੇ ਲਈ ਆਉਣਾ। ਇਸ ਮਗਰੋਂ ਹਾਲੇ ਤੱਕ ਭਾਜਪਾ ਸੱਤਾ ਦੇ ਵਿੱਚ ਨਹੀਂ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਈ ਨੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ, ਪ੍ਰੰਤੂ ਅਟਲ ਬਿਹਾਰੀ ਵਾਜਪਈ ਨੇ, ਜੋ ਮਾਣ ਖੱਟਿਆ। ਉਹ ਸ਼ਾਇਦ ਹੀ ਕਿਸੇ ਭਾਜਪਾ ਦੇ ਨੇਤਾ ਹਿੱਸੇ ਆਇਆ ਹੋਵੇ। ਸ਼੍ਰੀ ਅਟੱਲ ਬਿਹਾਰੀ ਦੀ ਲੋਕਪ੍ਰਿਅਤਾ ਦਾ ਅੰਦਾਜਾ ਤਾਂ ਗੁਰਦਾਸ ਮਾਨ ਦੇ ਇੱਕ ਗੀਤ ਤੋਂ ਹੀ ਲਗਾਇਆ ਜਾ ਸਕਦਾ ਹੈ।
ਛੜੇ ਛੜੇ ਨਾ ਸਮਝੋ ਲੋਕੋ
ਛੜੇ ਬੜੇ ਗੁਣਕਾਰੀ
ਨਾ ਛੜਿਆਂ ਨੂੰ ਫੋੜ੍ਹਾ ਫਿਨਸੀ
ਨਾ ਕੋਈ ਲੱਗੇ ਬਿਮਾਰੀ
ਦੇਸੀ ਘਿਓ ਦੇ ਪੱਕਣ ਪਰਾਂਠੇ
ਮੁਰਗੇ ਦੀ ਤਰਕਾਰੀ
ਹੁਣ ਛੜ੍ਹਿਆਂ ਨੇ ਗੈਸ ਲਵਾ ਲਈ
ਫੂੰਕਣੋਂ ਹੱਟ ਗਈ ਦਾੜੀ
ਪਹਿਲਾਂ ਪ੍ਰਾਈਵੇਟ ਛੜੇ ਸਨ
ਹੁਣ ਬਣ ਗਏ ਸਰਕਾਰੀ
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ
ਕਹਿ ਗਏ ਅਟਲ ਬਿਹਾਰੀ
ਸਾਡੇ ਛੜਿਆਂ ਦੀ ਦੁਨੀਆ 'ਤੇ ਸਰਦਾਰੀ।
ਗੁਰਦਾਸ ਮਾਨ ਨੇ ਇਸ ਗੀਤ ਦੇ ਰਾਹੀਂ ਛੜਿਆਂ ਦੀ ਵਕਾਲਤ ਕੀਤੀ, ਬੇਹੱਦ ਵਧੀਆ ਢੰਗ ਦੇ ਨਾਲ, ਪ੍ਰੰਤੂ ਭਾਜਪਾ ਨੂੰ ਵੀ ਹੁਣ ਸਮਝ ਆਉਣ ਲੱਗੀ ਹੈ ਛੜਿਆਂ ਦੀ ਕਾਬਲੀਅਤ। ਇਸ ਵਾਰ ਕਾਂਗਰਸ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਹੁਤ ਵੱਡੀ ਸਫ਼ਲਤਾ ਮਿਲੀ, ਜਿਸਦਾ ਸਾਰਾ ਕ੍ਰੈਡਿਟ ਰਾਜੀਵ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੂੰ ਗਿਆ, ਜੇਕਰ ਉਮਰ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਉਹ ਵੀ ਛੜਿਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਕਿਉਂਕਿ ਵਿਆਹ ਦੀ ਵੀ ਇੱਕ ਉਮਰ ਹੁੰਦੀ ਹੈ, ਜੋ ਰਾਹੁਲ ਗਾਂਧੀ ਕਦੋਂ ਦੀ ਪਾਰ ਕਰ ਚੁੱਕਿਆ ਹੈ। ਜਦੋਂ ਪਿਛਲੀਆਂ ਚੋਣਾਂ ਦੇ ਵਿੱਚ ਰਾਹੁਲ ਨੂੰ ਕਾਂਗਰਸ ਦੁਆਰਾ ਸਟਾਰ ਬਣਾਕੇ ਪੇਸ਼ ਕੀਤਾ ਜਾ ਰਿਹਾ ਸੀ, ਉਸ ਵੇਲੇ ਭਾਜਪਾ ਦੇ ਵਿੱਚ ਨਰੇਂਦਰ ਮੋਦੀ ਨੂੰ ਵੀ ਲੈਕੇ ਬਹਿਸ ਛਿੜੀ ਹੋਈ ਸੀ, ਪ੍ਰੰਤੂ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਨਰੇਂਦਰ ਮੋਦੀ ਨੂੰ ਲੈਕੇ ਚੱਲ ਰਹੀ ਚਰਚਾ ਉੱਤੇ ਰੋਕ ਲਗਾਉਣ ਦੇ ਲਈ ਖੁਦ ਨੂੰ ਪੀਐੱਮ ਉਮੀਦਵਾਰ ਘੋਸ਼ਿਤ ਕਰ ਦਿੱਤਾ, ਜਿਸਦਾ ਨਤੀਜਾ ਭਾਜਪਾ ਦੀ ਬੁਰੀ ਤਰ੍ਹਾਂ ਸੀ।

ਰਾਜਨੀਤੀ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਮੰਨ ਰਹੇ ਸਨ ਕਿ ਲਾਲਕ੍ਰਿਸ਼ਨ ਅਡਵਾਨੀ ਦੇ ਨਾਲੋਂ ਜਿਆਦਾ ਨਰੇਂਦਰ ਮੋਦੀ ਦੀ ਲੋਕਪ੍ਰਿਅਤਾ ਦੇਸ਼ ਵਿੱਚ ਫੈਲੀ ਹੋਈ ਹੈ, ਜਿੱਥੇ ਨਰੇਂਦਰ ਮੋਦੀ ਗੋਧਰਾ ਕਾਂਡ ਵਿੱਚ ਹਿੰਦੂ ਪੱਖੀ ਨੇਤਾ ਬਣਕੇ ਉਭਰਿਆ, ਉੱਥੇ ਹੀ ਗੁਜਰਾਤ ਦਾ ਵਿਕਾਸ ਉਸਦੇ ਸਫ਼ਲ ਮੁੱਖ ਮੰਤਰੀ ਹੋਣ ਦੀ ਗੱਲ ਦਾ ਹੁੰਗਾਰਾ ਭਰਦਾ ਹੈ। ਅੱਜ ਗੁਜਰਾਤ ਦੀ ਤੱਰਕੀ ਦੂਜੇ ਰਾਜਾਂ ਦੇ ਲਈ ਕਿਸੇ ਨਸੀਹਤ ਤੋਂ ਘੱਟ ਨਹੀਂ ਹੈ। ਜੇਕਰ ਵੇਖਿਆ ਜਾਵੇ ਤਾਂ ਭਾਰਤ ਦੇ ਕਿਸੇ ਵੀ ਰਾਜ ਦਾ ਮੁੱਖ ਮੰਤਰੀ ਐਨਾ ਪ੍ਰਸਿੱਧ ਅਤੇ ਲੋਕਪ੍ਰਿਆ ਨਹੀਂ ਹੈ, ਜਿੰਨਾ ਕਿ ਗੁਰਜਾਤ ਦਾ ਮੁੱਖ ਮੰਤਰੀ ਹੈ। ਨਰੇਂਦਰ ਮੋਦੀ ਅਟੱਲ ਬਿਹਾਰੀ ਵਾਜਪਈ ਦੀ ਤਰ੍ਹਾਂ ਜਿੱਥੇ ਇੱਕ ਚੰਗਾ ਬੁਲਾਰਾ ਹੈ, ਉੱਥੇ ਹੀ ਅਟੱਲ ਦੀ ਤਰ੍ਹਾਂ ਆਰਐੱਸਐੱਸ ਦੇ ਰਾਹੀਂ ਪਾਰਟੀ ਵਿੱਚ ਦਸਤਕ ਦਿੱਤੀ ਹੈ।

ਚਰਚਾਵਾਂ ਦਾ ਬਾਜਾਰ ਫਿਰ ਤੋਂ ਗਰਮ ਹੈ, ਜੇਕਰ ਭਾਜਪਾ ਗੁਜਰਾਤ ਦੇ ਮੁੱਖ ਮੰਤਰੀ ਆਪਣੀ ਡੁੱਬਦੀ ਹੋਈ ਕਿਸ਼ਤੀ ਦਾ ਮਲਾਹ ਬਣਾਉਂਦੀ ਹੈ ਤਾਂ ਇਸ ਵਿੱਚ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ, ਬਲਕਿ ਇਹ ਪਾਰਟੀ ਦੇ ਹੱਕ ਵਿੱਚ ਪਹਿਲਾ ਚੰਗਾ ਕਦਮ ਹੋਵੇਗਾ। ਇਸ ਕਦਮ ਦੇ ਨਾਲ ਇੱਕ ਗੱਲ ਦਾ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਹੁਣ ਤੱਕ ਹਰ ਕਦਮ ਦੇ ਵਿੱਚ ਆਰਐੱਸਐੱਸ ਦਾ ਹੱਥ ਹੁੰਦਾ ਸੀ, ਪ੍ਰੰਤੂ ਹੁਣ ਤਾਂ ਆਰਐੱਸਐੱਸ ਨੇ ਰੂਹ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

Tuesday, March 30, 2010

ਫਿਰ ਸੁਣਨਗੇ ਪੱਟਾਂ ਦੇ ਪਟਾਕੇ

ਆਉਂਦੀ 3 ਤਾਰੀਖ਼ ਤੋਂ ਪੰਜਾਬ ਦੀ ਧਰਤੀ ਉੱਤੇ ਕੱਬਡੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜੋ ਗੱਲ ਇਸ ਖੇਡ ਦੇ ਭਵਿੱਖ ਲਈ ਬਹੁਤ ਅਹਿਮੀਅਤ ਰੱਖਦੀ ਹੈ। ਇਸ ਤੋਂ ਪਹਿਲਾਂ ਕੱਬਡੀ ਟੂਰਨਾਮੈਂਟਾਂ ਨੂੰ ਕੇਵਲ ਪਿੰਡਾਂ ਦੇ ਵਿੱਚ ਛੋਟੇ ਛੋਟੇ ਕੱਲਬਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਰਿਹਾ ਹੈ, ਜਾਂ ਫਿਰ ਬਾਹਰ ਵੱਸਦੇ ਪੰਜਾਬੀਆਂ ਦੇ ਫੰਡਾਂ ਨਾਲ ਚੱਲਦੇ ਕੁੱਝ ਉੱਚ ਪੱਧਰੀ ਸੰਸਥਾਨਾਂ ਦੁਆਰਾ ਕੱਬਡੀ ਮੈਚਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਇਹਨਾਂ ਲੋਕਾਂ ਦੇ ਯਤਨਾਂ ਸਦਕਾ ਹੀ ਕੱਬਡੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ,

ਜੇਕਰ ਇਹ ਲੋਕ ਵੀ ਹੌਂਸਲਾ ਹਾਰ ਬੈਠਦੇ ਅਤੇ ਕੱਬਡੀ ਨੂੰ ਭੁੱਲ ਆਪਣਾ ਪੈਸਾ ਕ੍ਰਿਕਟ ਵਰਗੀਆਂ ਪ੍ਰਚੱਲਿਤ ਖੇਡਾਂ ਨੂੰ ਬੜ੍ਹਾਵਾ ਦੇਣ ਵਿੱਚ ਖ਼ਰਚ ਕਰ ਦਿੰਦੇ ਤਾਂ ਸ਼ਾਇਦ ਆਉਂਦੀ ਤਿੰਨ ਤਾਰੀਖ਼ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੀ ਅਸੀਂ ਕਲਪਨਾ ਵੀ ਨਾ ਕਰ ਪਾਉਂਦੇ। ਅੱਜ ਤੋਂ ਕਈ ਸਾਲ ਪਹਿਲਾਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਪੰਜਾਬ ਸਰਕਾਰ ਕਦੇ ਇਸ ਲੁਪਤ ਹੁੰਦੀ ਖੇਡ ਵੱਲ ਧਿਆਨ ਦੇਵੇਗੀ ਅਤੇ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਪਿੰਡਾਂ ਦੇ ਨੌਜਵਾਨਾਂ ਦੀ ਕੋਈ ਸੁਧ ਵੀ ਲਵੇਗਾ।

ਇਸ ਖੇਡ ਨੂੰ ਜਿਉਂਦਿਆਂ ਰੱਖਣ ਵਿੱਚ ਪੰਜਾਬ ਅਤੇ ਹਰਿਆਣਾ ਦੇ ਉਹਨਾਂ ਖੇਤਰਾਂ ਦਾ ਬਹੁਮੁੱਲਾ ਯੋਗਦਾਨ ਹੈ, ਜਿਹਨਾਂ ਖੇਤਰਾਂ ਵਿੱਚ ਹਰ ਸਾਲ ਚਾਰ ਹਜਾਰ ਤੋਂ ਜਿਆਦਾ ਕੱਬਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ। ਪੰਜਾਬ ਦੇ ਹਰ ਪਿੰਡ ਵਿੱਚ ਕੱਬਡੀ ਖੇਡੀ ਜਾਂਦੀ ਹੈ, ਪ੍ਰੰਤੂ ਪੰਜਾਬ ਦੇ ਜਿਆਦਾਤਰ ਪਿੰਡ ਕੱਬਡੀ ਟੂਰਨਾਮੈਂਟਾਂ ਵਿੱਚ ਨਹੀਂ ਪਹੁੰਚ ਪਾਉਂਦੇ, ਕਿਉਂਕਿ ਇਹਨਾਂ ਪਿੰਡਾਂ ਵਿੱਚ ਕੱਬਡੀ ਖੇਡਣ ਵਾਲੇ ਤਾਂ ਹਨ, ਪ੍ਰੰਤੂ ਉਹਨਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ। ਇਸ ਲਈ ਪੰਜਾਬ ਦੇ ਜਿਆਦਾਤਰ ਪਿੰਡਾਂ ਵਿੱਚ ਕੱਬਡੀ ਕੇਵਲ ਸ਼ੌਂਕੀਆ ਤੌਰ 'ਤੇ ਖੇਡੀ ਜਾਂਦੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਸ਼ਾਇਦ ਸ਼ੌਕੀਆ ਤੌਰ 'ਤੇ ਕੱਬਡੀ ਖੇਡਣ ਵਾਲਿਆਂ ਨੂੰ ਟੂਰਨਾਮੈਂਟਾਂ ਵਿੱਚ ਆਉਣ ਦੇ ਲਈ ਪ੍ਰੇਰਿਤ ਕਰੇਗੀ।

ਐਨਾ ਹੀ ਨਹੀਂ, ਪੰਜਾਬ ਸਰਕਾਰ ਦਾ ਕੱਬਡੀ ਦੇ ਲਈ ਕੀਤਾ ਗਿਆ ਇਹ ਉਪਰਾਲਾ ਪੰਜਾਬ ਸਰਕਾਰ ਦੀ ਤਸਵੀਰ ਨੂੰ ਥੋੜ੍ਹਾ ਜਿਹਾ ਸੁਧਾਰਣ ਵਿੱਚ ਆਪਣਾ ਯੋਗਦਾਨ ਜ਼ਰੂਰ ਅਦਾ ਕਰੇਗਾ, ਜੇਕਰ ਇਹ ਵਿਸ਼ਵ ਕੱਪ ਇਸੇ ਤਰ੍ਹਾਂ ਹਾਲ ਸਾਲ ਆਯੋਜਿਤ ਹੁੰਦਾ ਰਿਹਾ, ਤਾਂ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਨਾਂਅ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਜਾਵੇਗਾ।

ਉਂਝ, ਬਾਦਲ ਸਰਕਾਰ ਨੂੰ ਪਿੰਡਾਂ ਦੇ ਵਿੱਚ ਨਸ਼ੇ ਫੈਲਾਉਣ ਵਾਲੀ ਸਰਕਾਰ ਵੱਜੋਂ ਵੀ ਜਾਣਿਆ ਜਾਂਦਾ ਹੈ, ਜਦੋਂ ਜਦੋਂ ਵੀ ਪੰਜਾਬ ਵਿੱਚ ਬਾਦਲ ਸਰਕਾਰ ਆਈ, ਨਸ਼ੇ ਦੇ ਸੌਦਾਗਰਾਂ ਨੇ ਖੁੱਲ੍ਹਕੇ ਨਸ਼ੇ ਦੀ ਸਪਲਾਈ ਕੀਤੀ। ਖੁੱਲ੍ਹੇਆਮ ਨਸ਼ੇ ਦੀ ਸਪਲਾਈ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਸੀ। ਉਹਨਾਂ ਦੇ ਸਰੀਰ ਨਸ਼ੇ ਦੀ ਲੱਤ ਕਾਰਣ ਹੱਡੀਆਂ ਦਾ ਪਿੰਜਰ ਬਣਕੇ ਰਹਿ ਗਏ ਸਨ। ਉਹ ਕੱਬਡੀ ਦੇ ਮੈਦਾਨ ਤਾਂ ਤੋਂ ਵੀ ਦੂਰ ਹੋ ਗਏ ਸੀ, ਕਿਉਂਕਿ ਖੇਡਣ ਦੇ ਲਈ ਜਾਨ ਦੀ ਲੋੜ ਪੈਂਦੀ ਹੈ, ਪ੍ਰੰਤੂ ਨਸ਼ਿਆਂ ਦੇ ਅੰਦਰੋਂ ਅੰਦਰੀ ਥੋਥੇ ਕਰ ਛੱਡੇ ਸੀ ਪਿੰਡਾਂ ਦੇ ਨੌਜਵਾਨ। ਜਿਸ ਤਰ੍ਹਾਂ ਨੂੰ ਕੱਬਡੀ ਨੂੰ ਉਤਸ਼ਾਹ ਮਿਲ ਰਿਹਾ ਹੈ, ਹੋ ਸਕਦਾ ਹੈ ਕਿ ਕੁਰਾਹੇ ਪਏ ਨੌਜਵਾਨ ਮੁੜ੍ਹ ਤੋਂ ਮੈਦਾਨਾਂ ਦੀ ਰੌਣਕ ਬਣ ਜਾਣ ਅਤੇ ਸੁੰਨੇ ਪਏ ਮੈਦਾਨਾਂ ਵਿੱਚ ਫਿਰ ਤੋਂ ਪੱਟਾਂ ਦੇ ਪਟਾਕੇ ਦੇ ਨਾਲ ਤਾਲੀਆਂ ਅਤੇ ਸੀਟੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਜਾਣ।

ਦੋ ਦੇਸ਼ਾਂ ਦਾ ਮਿਲਣ, ਦੋ ਖੇਡਾਂ ਦਾ ਮਿਲਣ!

ਭਾਵੇਂ ਗੁਰਦਾਸ ਮਾਨ ਦੀ ਸੁਪਰ ਹਿੱਟ ਪੰਜਾਬੀ ਫਿਲਮ 'ਸ਼ਹੀਦੇ ਮੁਹੱਬਤ ਬੂਟਾ ਸਿੰਘ' ਹੋਵੇ ਜਾਂ ਫਿਰ ਸੰਨੀ ਦਿਓਲ ਦੀ ਸੁਪਰ ਡੁਪਰ ਹਿੱਟ ਫਿਲਮ 'ਗਦਰ' ਹੋਵੇ, ਦੋਹਾਂ ਹੀ ਫਿਲਮਾਂ ਦੇ ਵਿੱਚ ਇੱਕ ਪੰਜਾਬੀ ਨੌਜਵਾਨ, ਜੋ ਭਾਰਤ ਦਾ ਨਿਵਾਸੀ ਹੈ, ਇੱਕ ਮੁਸਲਿਮ ਸਮਾਜ ਦੀ ਕੁੜੀ ਦੇ ਨਾਲ ਵਿਆਹ ਕਰਦਾ ਹੈ, ਜਿਸਦਾ ਪਰਿਵਾਰ ਪਾਕਿਸਤਾਨ ਵਿੱਚ ਜਾ ਵੱਸਿਆ ਹੈ। ਉਸਨੂੰ ਪਾਉਣ ਦੇ ਲਈ ਜਾਨ ਦੀ ਬਾਜੀ ਲਗਾਉਣ ਤੋਂ ਵੀ ਨਹੀਂ ਘਬਰਾਉਂਦਜਿਆਦਾਤਰ ਹਿੰਦੀ ਫਿਲਮਾਂ ਵਿੱਚ ਅਕਸਰ ਅਜਿਹਾ ਹੀ ਹੁੰਦਾ ਹੈ, ਇੱਕ ਹਿੰਦੂ ਮੁੰਡਾ ਮੁਸਲਿਮ ਸਮਾਜ ਦੀ ਕੁੜੀ ਨੂੰ ਪਿਆਰ ਕਰ ਬਹਿੰਦਾ ਹੈ, ਅਤੇ ਅੰਤ ਤੱਕ ਫਿਲਮ ਵਿੱਚ ਦੋ ਸਮਾਜ ਇੱਕ ਪਰਿਵਾਰ ਦੇ ਸੂਤਰ ਵਿੱਚ ਬੱਝ ਜਾਂਦੇ ਹਨ, ਪ੍ਰੰਤੂ ਅਸਲ ਜਿੰਦਗੀ ਦੇ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਇੱਕ ਹਿੰਦੁਸਤਾਨੀ ਕੁੜੀ ਨੂੰ ਪਿਆਰ ਕਰ ਬੈਠਾ ਹੈ, ਅਤੇ ਗੱਲ ਨਿਕਾਹ ਤੱਕ ਵੀ ਪਹੁੰਚਣ ਵਾਲੀ ਹੈ, ਜੇਕਰ ਖ਼ਬਰਾਂ ਉੱਤੇ ਯਕੀਨ ਕੀਤਾ ਜਾਵੇ।

Tuesday, March 23, 2010

ਪਿਸਤੌਲਧਾਰੀ ਨਾ ਬਣਾਓ ਸ਼ਹੀਦ-ਏ-ਆਜ਼ਮ ਨੂੰ

ਜਦੋਂ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ੍ਹਿਆ ਕਿਸੇ ਪਾਗਲ ਦੀ ਤਰ੍ਹਾਂ ਉਸ ਤੋਂ ਮੁਕਤ ਹੋਣ ਦੇ ਲਈ ਤੜਫ਼ ਰਿਹਾ ਸੀ, ਤਦ ਇਸ ਮੁਲ਼ਕ ਦੀਆਂ ਕਈ ਮਾਂਵਾਂ ਨੇ ਕਈ ਜਿੰਦਾਦਿਲ ਇਨਸਾਨ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ, ਤਾਂ ਜੋ ਦੇਸ਼ ਦੇ ਨਾਗਰਿਕ ਨੂੰ ਮੁੜ੍ਹ ਤੋਂ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕਣ, ਪ੍ਰੰਤੂ ਇਹਨਾਂ ਭਾਰਤ ਮਾਂ ਦੇ ਲਾਲਾਂ ਨੂੰ ਸਿਰਫ਼ ਅਤੇ ਸਿਰਫ਼ ਫੁੱਲਾਂ ਦੀ ਮਾਲਾਵਾਂ ਹੀ ਨਸੀਬ ਹੋਈਆਂ, ਇਹਨਾਂ ਦੇ ਸਫ਼ਨਿਆਂ ਦਾ ਦੇਸ਼ ਹਾਲੇ ਵੀ ਵਿਕਸਤ ਨਹੀਂ ਹੋ ਸਕਿਆ, ਇਹਨਾਂ ਨੂੰ ਹਿੰਸਕ ਸੋਚ ਦਾ ਘੋਸ਼ਿਤ ਕਰ ਦਿੱਤਾ।

ਇਹਨਾਂ ਮਹਾਨ ਕ੍ਰਾਂਤੀਕਾਰੀਆਂ ਦੀ ਕਤਾਰ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵੀ ਖੜ੍ਹੇ ਹੋਏ ਹਨ, ਜਿਨ੍ਹਾਂ ਨੇ ਆਪਣੀ ਸਾਥੀਆਂ ਸੁਖਦੇਵ ਰਾਜਗੁਰੂ ਆਦਿ ਦੇ ਨਾਲ ਮਿਲਕੇ ਗੋਰੀ ਸਰਕਾਰ ਨੂੰ ਦੇਸ਼ ਛੱਡਣ ਉੱਤੇ ਮਜ਼ਬੂਰ ਕਰ ਦਿੱਤਾ, ਪ੍ਰੰਤੂ ਸਮਾਜ ਦੇ ਕੁੱਝ ਵਿਅਕਤੀਆਂ ਨੇ ਇਸ ਉੱਚੀ ਸੋਚ ਦੇ ਸਖ਼ਸ਼ ਨੂੰ ਕੇਵਲ ਇੱਕ ਪਿਸਤੌਲਧਾਰੀ ਬਣਾਕੇ ਰੱਖ ਦਿੱਤਾ, ਜਦਕਿ ਭਗਤ ਸਿੰਘ ਖੂਨ ਖ਼ੂਰਾਬੇ ਨਾਲੋਂ ਜਿਆਦਾ ਲੋਕਾਂ ਨੂੰ ਜਾਗ੍ਰਿਤ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ।

ਕਹਿੰਦੇ ਹਨ ਕਿ ਜਦੋਂ ਸ਼ਹੀਦ-ਏ-ਆਜ਼ਮ ਨੂੰ ਫਾਂਸੀ ਦੇ ਤਖ਼ਤੇ ਉੱਤੇ ਲਟਕਾਇਆ ਜਾਣਾ ਸੀ, ਤਦ ਵੀ ਉਹ ਰੂਸ ਦੇ ਮਹਾਨ ਲੇਖਕ ਦੀ ਇੱਕ ਕਿਤਾਬ ਪੜ੍ਹਨ ਵਿੱਚ ਰੁੱਝੇ ਹੋਏ ਸਨ, ਜੋ ਉਹਨਾਂ ਦੇ ਕਿਤਾਬੀ ਮੋਹ ਨੂੰ ਦਰਸਾਉਂਦਾ ਹੈ। ਐਨਾ ਹੀ ਨਹੀਂ, ਮਰਹੂਮ ਕਮਿਊਨਿਸਟ ਆਗੂ ਸੋਹਨ ਸਿੰਘ ਜੋਸ਼ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਸਾਂਡਰਸ ਦੀ ਹੱਤਿਆ ਕਰਨ ਦੇ ਬਾਅਦ ਭਗਤ ਸਿੰਘ ਉਹਨਾਂ ਦੇ ਘਰ ਆਇਆ, ਅਤੇ ਜਾਣ ਲੱਗਿਆ ਮੇਜ਼ ਉੱਤੇ ਪਈ ਕਿਤਾਬ ਲਿਬਰਟੀ ਐਂਡ ਦਾ ਗ੍ਰੇਟ ਲਿਬਰਟੇਰੀਅਨਜ਼ ਨੂੰ ਆਪਣੇ ਨਾਲ ਲੈ ਗਿਆ, ਜਿਸਨੂੰ ਟੀ ਸਪਰੇਡਿੰਗ ਨੇ ਲਿਖਿਆ ਹੈ। ਇਹ ਕਿਤਾਬ ਬੁਰਜੁਆ ਇਨਕਲਾਬੀਆਂ ਦੀਆਂ ਟੂਕਾਂ ਦੀ ਪੁਸਤਕ ਸੀ।

ਜੇਕਰ ਭਗਤ ਸਿੰਘ ਕੇਵਲ ਹਿੰਸਕ ਹੁੰਦਾ ਤਾਂ ਸ਼ਾਇਦ ਉਹ ਗੋਰੀ ਸਰਕਾਰ ਨੂੰ ਸ਼ਬਕ ਸਿਖਾਉਣ ਤੋਂ ਊਕ ਜਾਂਦਾ, ਕਹਿੰਦੇ ਹਨ ਕਿ ਜੋਸ਼ ਦੇ ਨਾਲ ਹੋਸ਼ ਹੋਣਾ ਵੀ ਜ਼ਰੂਰੀ ਹੈ। ਹੋਸ਼ ਅਤੇ ਜੋਸ਼ ਦੇ ਵਿੱਚ ਤਾਲ ਮੇਲ ਬਿਠਾਉਣ ਦੇ ਲਈ ਚੰਗੇ ਗਿਆਨ ਦਾ ਹੋਣਾ ਲਾਜ਼ਮੀ ਹੈ ਤੇ ਉਹ ਗਿਆਨ ਭਗਤ ਸਿੰਘ ਨੇ ਕਈ ਮਹਾਨ ਵਿਚਾਰਕ ਨੂੰ ਪੜ੍ਹਕੇ ਹਾਸਿਲ ਕੀਤਾ। ਜੇਕਰ ਭਗਤ ਕੇਵਲ ਹਿੰਸਕ ਸੋਚ ਦਾ ਹੀ ਹੁੰਦਾ ਤਾਂ ਸ਼ਾਇਦ ਦਿੱਲੀ ਅਸੰਬਲੀ ਵਿੱਚ ਸੁੱਟੇ ਬੰਬ ਦੇ ਨਾਲ ਕਈ ਲਾਸ਼ਾਂ ਵਿਛਾਉਂਦਾ, ਪਰੰਤੂ ਭਗਤ ਸਿੰਘ ਨੂੰ ਪਤਾ ਸੀ ਕਿ ਬੋਲੇ ਲੋਕਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚ ਦੇ ਲਈ ਸਾਨੂੰ ਥੋੜ੍ਹਾ ਜ਼ੋਰ ਨਾਲ ਬੋਲਣਾ ਪਵੇਗਾ। ਅਸੰਬਲੀ ਵਿੱਚ ਸੁੱਟਿਆ ਬੰਬ ਗੋਰੀ ਸਰਕਾਰ ਨੂੰ ਜਿੱਥੇ ਚਿਤਾਵਨੀ ਸੀ, ਉੱਥੇ ਹਿੰਦੁਸਤਾਨ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਇੱਕ ਸੰਦੇਸ਼ ਵੀ ਸੀ।

ਜਦੋਂ ਮੈਂ ਭਗਤ ਸਿੰਘ ਦੀ ਲਾਹੌਰ ਥਾਣੇ ਵਿੱਚ ਇੱਕ ਮੰਜੇ ਉੱਤੇ ਬੈਠੇ ਦੀ ਫੋਟੋ ਵੇਖਦਾ ਹਾਂ, ਜਿਸਦੇ ਵਿੱਚ ਇੱਕ ਸਫ਼ੈਦ ਕੱਪੜਿਆਂ ਵਾਲਾ ਵਿਅਕਤੀ ਕੁਰਸੀ ਉੱਤੇ ਬੈਠਾ ਉਸ ਤੋਂ ਪੁੱਛਗਿੱਛ ਕਰ ਰਿਹਾ ਹੈ, ਤਾਂ ਸੋਚਦਾ ਹਾਂ ਕਿ ਭਗਤ ਸਿੰਘ ਜੇਲ੍ਹ ਵਿੱਚ ਸੀ, ਫਿਰ ਵੀ ਕਿੰਨਾ ਸ਼ਾਂਤ ਸੀ, ਉਸਦੇ ਚਿਹਰੇ ਉੱਤੇ ਕੋਈ ਡਰ ਤਕਲੀਫ਼ ਤੇ ਚਿੰਤਾ ਨਜ਼ਰ ਨਹੀਂ ਆਉਂਦੀ। ਭਗਤ ਸਿੰਘ ਹਿੰਸਕ ਸੋਚ ਦਾ ਹੋਣ ਨਾਲੋਂ ਜਿਆਦਾ ਉੱਚੀ ਅਤੇ ਸੁੱਚੀ ਸੋਚਦਾ ਮਾਲਕ ਸੀ, ਉਸਦਾ ਮਕਸਦ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਸੀ। ਦੇਸ਼ ਦੇ ਚਿੱਤਰਕਾਰਾਂ ਨੂੰ ਭਗਤ ਸਿੰਘ ਦੀ ਅਸਲੀ ਸ਼ਕਤੀ ਵੱਲ ਧਿਆਨ ਦੇਣਾ ਚਾਹੀਦਾ ਹੈ, ਉਸਨੂੰ ਪਿਸਤੌਲਧਾਰੀ ਵਿਖਾਉਣ ਨਾਲੋਂ ਵਧੇਰੇ ਚੰਗਾ ਹੋਵੇਗਾ, ਜੇ ਉੱਚੀ ਸੁੱਚੀ ਸੋਚ ਦਾ ਫ਼ਕੀਰ ਨੌਜਵਾਨ ਦਰਸਾਉਣ, ਜੋ ਉਸਦੀ ਅਸਲੀਅਤ ਦੇ ਬਹੁਤ ਨੇੜੇ ਹੈ।
 
ਧੰਨਵਾਦ ਸਹਿਤ-

Monday, March 22, 2010

ਦੇਈਂ ਰੱਬਾ

ਦੇਈਂ ਰੱਬਾ
ਸ਼ਿਵ ਦਾ ਦਰਦ, ਪਾਸ਼ ਦੀ ਅੱਗ
'ਤੇ ਪਾਤਰ ਦੇ ਹਰਫ਼
ਅੱਜ ਕੁੱਝ ਲਿਖਣ ਨੂੰ
  ਮੇਰਾ ਜੀਅ ਕਰਦਾ ਐ 

ਰੱਬ ਦੇ ਬੰਦੇ ਨੂੰ ਸੱਜਦਾ

ਤੇਰੀ ਸੋਚ ਅਵੱਲੀ,
ਜਦੋਂ ਗਾਵੇਂ, ਕਰਵਾਵੇਂ ਤਸੱਲੀ
ਜੋ ਹੋਰਾਂ ਨਾ ਮੱਲੀ,
ਉਹ ਥਾਂ ਮਰਜਾਣੇ ਮਾਨ ਨੇ ਜਾ ਮੱਲੀ

ਮਰਜਾਣਾ ਸ਼ਬਦ ਵੀ ਮਾਨ ਨਾਲ ਲੱਗ ਤਰ ਗਿਆ
ਸੋਚ ਸੂਫ਼ੀ ਵਰਗੀ,
ਤਾਹੀਉਂ ਪੁੱਤ ਮਾਂ ਬੋਲੀ ਦਾ ਕਰਜ ਅਦਾ ਕਰ ਗਿਆ
ਪਿੰਡ ਗਿੱਦੜਬਾਹਾ ਵੀ ਫ਼ਖਰ ਕਰਦਾ ਹੈ,
ਹਰ ਮੁਸਾਫ਼ਰ ਨਾਲ ਤੇਰਾ ਜਿਕਰ ਕਰਦਾ ਹੈ
ਕਿਉਂਕਿ ਜੰਮਿਆ ਉਸ ਸ਼ਹਿਰ ਦਾ
ਅੱਜ ਵੀ ਉਸਦਾ ਫ਼ਿਕਰ ਕਰਦਾ ਹੈ।

ਧੰਨਵਾਦ ਸਹਿਤ-
ਕੁਲਵੰਤ ਹੈੱਪੀ

Thursday, March 18, 2010

ਸੰਗੀਤਕ ਦਰਿਆ ਦਾ ਪਾਣੀ ਨਿਤਰਿਆ


ਮੈਂ ਪਿਛਲੇ ਦਿਨੀਂ ਪੰਜਾਬ ਹੋਕੇ ਆਇਆ। ਪੰਜਾਬ ਦਾ ਰਹਿਣ ਵਾਲਾ ਹਾਂ, ਇਸ ਕਰਕੇ ਪੰਜਾਬ ਜਾਣਾ ਤਾਂ ਲੱਗਿਆ ਹੀ ਰਹਿੰਦਾ ਹੈ, ਪ੍ਰੰਤੂ ਇਸ ਵਾਰ ਜੋ ਇੱਕ ਨਵੀਂ ਗੱਲ ਵੇਖਣ ਨੂੰ ਮਿਲੀ, ਉਹ ਇਹ ਸੀ ਕਿ ਪੰਜਾਬ ਦੇ ਸੰਗੀਤਕ ਦਰਿਆ ਦਾ ਪਾਣੀ ਥੋੜ੍ਹਾ ਥੋੜ੍ਹਾ ਸਾਫ਼ ਹੋ ਗਿਆ, ਜੋ ਪਿੱਛੇ ਜਿਹੇ ਬਹੁਤ ਗੰਧਲਾ ਹੋ ਗਿਆ ਸੀ। ਇਸ ਸੰਗੀਤਕ ਦਰਿਆ ਦੇ ਪਾਣੀ ਨੂੰ ਸਾਫ਼ ਕਰਨ ਵਿੱਚ ਜਿੱਥੇ ਸਾਡੇ ਨਵੇਂ ਗੀਤਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਉੱਥੇ ਹੀ ਇਹਨਾਂ ਗੀਤਕਾਰਾਂ ਦੇ ਗੀਤਾਂ ਨੂੰ ਪਹਿਲ ਦੇ ਆਧਾਰ ਉੱਤੇ ਚੁਣਨ ਦੇ ਲਈ ਉਹਨਾਂ ਗਾਇਕਾਂ ਨੂੰ ਵੀ ਸ਼ਾਬਾਸ਼ੀ ਦੇਣੀ ਬਣਦੀ ਹੈ, ਜਿਨ੍ਹਾਂ ਨੇ ਇਹਨਾਂ ਗੀਤਾਂ ਨੂੰ ਗਾਇਆ। ਤੀਜੀ ਸ਼ਾਬਾਸ਼ੀ ਮੈਂ ਉਹਨਾਂ ਸਰੋਤਿਆਂ ਨੂੰ ਦਿੰਦਾ ਹਾਂ, ਜਿਹਨਾਂ ਨੇ ਪਰਿਵਾਰਿਕ ਸੱਭਿਆਚਾਰਕ ਕੀਤਾ ਨੂੰ ਅੱਗੇ ਵੱਧਕੇ ਭਰਵਾਂ ਹੁੰਗਾਰਾ ਦਿੱਤਾ, ਜਿਸਦਾ ਰੋਣਾ ਹੁਣ ਤੱਕ ਹਰ ਗਾਇਕ ਰੋ ਰਿਹਾ ਸੀ। ਜਦੋਂ ਕਿਸੇ ਗਾਇਕ ਕੋਲੋਂ ਪੁੱਛਿਆ ਜਾਂਦਾ ਕਿ ਤੁਸੀਂ ਪਰਿਵਾਰਿਕ ਗੀਤ ਕਿਉਂ ਗਾਉਣੇ ਛੱਡ ਦਿੱਤੇ, ਉਹ ਇੱਕਾ ਦੁੱਕਾ ਉਦਹਾਰਨਾਂ ਦਿੰਦੇ ਹੋਏ ਕਹਿੰਦੇ ਜਿਹੋ ਜਿਹਾ ਸਰੋਤੇ ਸੁਣਦੇ ਹਨ, ਅਸੀਂ ਉਸ ਤਰ੍ਹਾਂ ਦਾ ਹੀ ਗਾਉਂਦੇ ਹਾਂ। ਗੱਲ ਉਹਨਾਂ ਦੀ ਵੀ ਸੋਲ੍ਹਾਂ ਆਨੇ ਸੱਚੀ ਸੀ, ਆਖਿਰ ਰੋਜ਼ੀ ਰੋਟੀ ਚੱਲਦੀ ਕਿਸ ਨੂੰ ਬੁਰੀ ਲੱਗਦੀ ਹੈ।

ਵੈਸੇ ਸਿਆਣੇ ਕਹਿੰਦੇ ਹਨ ਕਿ ਹਰ ਚੀਜ ਦਾ ਇੱਕ ਸਮਾਂ ਹੁੰਦਾ ਹੈ, ਜੋ ਅੱਜ ਹੈ ਉਹ ਕੱਲ੍ਹ ਨਹੀਂ ਹੋਵੇਗਾ, ਜੋ ਕੱਲ੍ਹ ਆਵੇਗਾ ਉਹ ਵੀ ਸਥਾਈ ਨਾ ਹੋਵੇਗਾ। ਪਿਛਲੇ ਤਿੰਨ ਚਾਰ ਸਾਲਾਂ ਤੋਂ ਦੋਗਾਣਾ ਗਾਇਕੀ ਨੇ ਬੜਾ ਜੋਰ ਫੜ੍ਹਿਆ ਹੈ, ਅਤੇ ਉਸ ਤੋਂ ਪਹਿਲਾਂ ਸੋਲੋ ਗਾਇਕੀ ਨੇ ਝੰਡੇ ਬੁਲੰਦ ਕੀਤੇ ਹੋਏ ਸਨ, ਜੇਕਰ ਉਸ ਤੋਂ ਥੋੜ੍ਹਾ ਜਿਹਾ ਸਮਾਂ ਹੋਰ ਪਿੱਛੇ ਵੱਲ ਜਾਈਏ ਤਾਂ ਅਮਰ ਸਿੰਘ ਚਮਕੀਲਾ ਅਮਰਜੋਤ, ਮੁਹੰਮਦ ਸਦੀਕ ਰਣਜੀਤ ਕੌਰ, ਕਰਤਾਰ ਰਮਲਾ, ਦੀਦਾਰ ਸੰਧੂ ਅਤੇ ਕੇ ਦੀਪ ਦੋਗਾਣਾ ਗਾਇਕੀ ਦੇ ਮੋਹਰੀ ਗਾਇਕਾਂ ਵਿੱਚ ਸ਼ਾਮਿਲ ਸਨ। ਬਦਲਾਅ ਸਮੇਂ ਦਾ ਨਿਯਮ ਹੈ। ਜੋ ਇਸ ਵਾਰ ਪੰਜਾਬ ਫੇਰੀ ਦੌਰਾਨ ਸੰਗੀਤ ਵਿੱਚ ਸੁਧਾਰ ਵੇਖਣ ਨੂੰ ਮਿਲਿਆ, ਸ਼ਾਇਦ ਅਗਲੀ ਵਾਰ ਦੀ ਫੇਰੀ ਉੱਤੇ ਨਾ ਵੀ ਮਿਲੇ।

ਪੰਜਾਬੀ ਸੰਗੀਤ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਅਤੇ ਵੱਖਰਾ ਰੁਤਬਾ ਰੱਖਣ ਵਾਲੇ ਗੁਰਦਾਸ ਮਾਨ ਨੇ ਤਾਂ ਸਦਾ ਮਾਂ ਬੋਲੀ ਦਾ ਮਾਣ ਵਧਾਇਆ ਹੈ। ਜੋ ਪੰਜਾਬ ਫੇਰੀ ਦੌਰਾਨ ਮੈਂ ਵੇਖਿਆ, ਇਹ ਮਾਨ ਸਾਹਿਬ ਦੀਆਂ ਪਾਈਆਂ ਪੈਂੜਾਂ ਦੇ ਕਾਰਣ ਹੀ ਹੋਇਆ। ਗੁਰਦਾਸ ਮਾਨ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੀ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਸੱਭਿਆਚਾਰਕ ਗੀਤਾਂ ਬਣੀ ਰੁਖ਼ ਕੀਤਾ, ਜਿਉਂਦੀ ਰਹੇ ਮੰਗਲ ਹਠੂਰ ਦੀ ਕਲਮ, ਜਿਸਨੇ ਪੰਜਾਬੀ ਵਿਰਸੇ ਦੇ ਰੂਪ ਵਿੱਚ ਪੰਜਾਬੀ ਸਾਹਿਤ ਨੂੰ ਬਹੁਤ ਕੁੱਝ ਦਿੱਤਾ। ਇਸੇ ਕੜ੍ਹੀ ਵਿੱਚ ਦੂਜਾ ਨਾਂਅ ਆਉਂਦਾ ਹੈ ਰਾਜ ਕਾਕੜੇ ਦਾ, ਜਿਸਦੇ ਗੀਤਾਂ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਮੁੜ੍ਹ ਤੋਂ ਸਿਰ ਉੱਚਾ ਕਰਨ ਦੇ ਲਈ ਸਹਾਰਾ ਦਿੱਤਾ। ਬੱਬੂ ਮਾਨ ਨੇ ਜਿੱਥੇ ਸਮਾਜ ਬੁਰਾਈਆਂ ਉੱਤੇ ਗੀਤ ਗਾਏ, ਉੱਥੇ ਕੁੱਝ ਉਸਦੀ ਕਲਮ ਨੇ ਬਹੁਤ ਗਲਤ ਵੀ ਲਿਖਿਆ ਹੈ, ਜਿਵੇਂ ਕਿ ਏਕ ਰਾਤ ਕਾ ਸੁਆਲ ਹੈ, ਕਣਕਾਂ ਨੂੰ ਅੱਗ ਲੱਗਜੂ ਆਦਿ ਗੀਤ।

ਆਖਿਰ ਸਾਹਾਂ ਉੱਤੇ ਪੁੱਜ ਚੱਲੀ ਕਬੱਡੀ ਦੇ ਲਈ ਬਨਾਵਟੀ ਸਾਹ ਯੰਤਰ ਦਾ ਕੰਮ ਕਰ ਗਿਆ ਬੱਬੂ ਮਾਨ ਦਾ ਕੱਬਡੀ ਉੱਤੇ ਗਾਇਆ ਗੀਤ 'ਮਰਦਾਂ ਦੀ ਖੇਡ ਮੁਟਿਆਰੇ'। ਇਸਦੇ ਬਾਅਦ ਰਾਜ ਕਾਕੜੇ ਦੀ ਕਲਮ 'ਚੋਂ ਨਿਕਲਿਆ ਪ੍ਰੀਤ ਬਰਾੜ ਦੁਆਰਾ ਗਾਇਆ ਗੀਤ 'ਖੇਡ ਦੇ ਕਬੱਡੀਆਂ' ਬੇਹੱਦ ਮਕਬੂਲ ਹੋਇਆ। ਇਹਨਾਂ ਗੀਤਾਂ ਤੋਂ ਵੀ ਪਹਿਲਾਂ ਕਈ ਵਰ੍ਹੇ ਪਹਿਲਾਂ ਮਾਲਵੇ ਦੀ ਜਾਨ ਅਤੇ ਹਿੱਕ ਦੇ ਜ਼ੋਰਦਾਰ ਉੱਤੇ ਗਾਉਣ ਵਾਲੇ ਗਾਇਕ ਲਾਭ ਹੀਰੇ ਨੇ ਗਾਇਆ ਸੀ "ਸਿੰਗ ਫੱਸ ਗਏ ਕੁੰਡੀਆਂ ਦੇ", ਜਿਸਨੂੰ ਮੱਖਣ ਬਰਾੜ ਦੀ ਕਲਮ ਨੇ ਲਿਖਿਆ ਸੀ। ਇਹ ਗੀਤ ਸਮੇਂ ਸਮੇਂ ਉੱਤੇ ਆਏ ਅਤੇ ਆਪਣੀ ਅਹਿਮ ਭੂਮਿਕਾ ਨਿਭਾਕੇ ਚੱਲੇ ਗਏ। ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈ ਕਿ ਮੈਂ ਅਕੇਲਾ ਚਲਾ ਥਾ, ਲੋਗ ਆਤੇ ਗਏ ਔਰ ਕਾਰਵਾਂ ਬਨਤਾ ਗਿਆ।

ਗੁਰਦਾਸ ਮਾਨ ਅਤੇ ਬਲਕਾਰ ਸਿੱਧੂ ਨੇ ਇਸ ਲੀਹ ਨੂੰ ਨਹੀਂ ਛੱਡਿਆ, ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬੀ ਸੰਗੀਤ ਨੂੰ ਚੰਗੇ ਕਈ ਹੋਰ ਹੀਰੇ ਮਿਲ ਗਏ। ਪ੍ਰਾਮਤਮਾ ਨੂੰ ਦੁਆ ਹੈ ਕਿ ਇਹ ਕਾਫ਼ਿਲਾ, ਸਿਲਸਿਲਾ ਇੰਝ ਹੀ ਚੱਲਦਾ ਰਹੈ, ਫਿਰ ਮੁੜ੍ਹ ਕਿਸੇ ਗੁਰਦਾਸ ਮਾਨ ਨੂੰ ਗਾਉਣਾ ਪਵੇ ਪੰਜਾਬੀ ਜ਼ੁਬਾਨੇ ਨੀਂ ਰਿਕਾਣੇ....।

Sunday, March 14, 2010

ਆਮਿਰ ਖ਼ਾਨ ਦੀ ਸਫ਼ਲਤਾ ਪਿੱਛੇ ਕੀ-ਕੀ?

ਤਾਰੇ ਜਮੀਂ ਪਰ' ਅਤੇ 'ਥ੍ਰੀ ਇਡੀਅਟਸ' ਦੇ ਵਿੱਚ ਦੇਸ਼ ਦੇ ਸਿੱਖਿਆ ਸਿਸਟਮ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਆਮਿਰ ਖਾਨ ਨੂੰ ਵੱਡੇ ਪਰਦੇ ਉੱਤੇ ਸਭਨਾਂ ਨੇ ਵੇਖਿਆ ਹੋਵੇਗਾ। ਇਹਨਾਂ ਦੋਵਾਂ ਫਿਲਮਾਂ ਦੀ ਅਪਾਰ ਸਫ਼ਲਤਾ ਨੇ ਜਿੱਥੇ ਆਮਿਰ ਖਾਨ ਦੇ ਇੱਕ ਕਲਾਕਾਰ ਰੂਪੀ ਕਦ ਨੂੰ ਹੋਰ ਉੱਚਾ ਕੀਤਾ ਹੈ, ਉੱਥੇ ਹੀ ਆਮਿਰ ਖਾਨ ਦੇ ਗੰਭੀਰ ਅਤੇ ਸੰਜੀਦਾ ਹੋਣ ਦੇ ਸੰਕੇਤ ਵੀ ਦਿੱਤੇ ਹਨ।

ਇਹਨਾਂ ਦੋਵਾਂ ਫਿਲਮਾਂ ਦੇ ਵਿੱਚ ਆਮਿਰ ਖਾਨ ਦਾ ਕਿਰਦਾਰ ਅਲੱਗ ਅਲੱਗ ਸੀ। ਜੇ "ਤਾਰੇ ਜਮੀਂ ਪਰ" ਵਿੱਚ ਆਮਿਰ ਇੱਕ ਅਦਾਰਸ਼ ਟੀਚਰ ਸੀ ਤਾਂ ਫਿਲਮ "ਥ੍ਰੀ ਇਡੀਅਟਸ" ਵਿੱਚ ਇੱਕ ਅਨੋਖਾ ਵਿਦਿਆਰਥੀ ਸੀ, ਜੋ ਕੁੱਝ ਵੱਖਰਾ ਕਰਨਾ ਚਾਹੁੰਦਾ ਸੀ। ਇਹਨਾਂ ਕਿਰਦਾਰਾਂ ਵਿੱਚ ਜੇਕਰ ਕੁੱਝ ਸਮਾਨਤਾ ਨਜ਼ਰ ਆਈ ਤਾਂ ਇੱਕ ਜਾਗਰੂਕ ਵਿਅਕਤੀ ਦਾ ਸੁਭਾਅ, ਕੁੱਝ ਲੀਹ ਤੋਂ ਹੱਟਕੇ ਸੋਚਣ ਦੀ ਆਦਤ। ਇਹਨਾਂ ਦੋਵਾਂ ਕਿਰਦਾਰਾਂ ਵਿੱਚ ਸਿੱਖਿਆ ਸਿਸਟਮ ਉੱਤੇ ਸਵਾਲੀਆ ਨਿਸ਼ਾਨ ਲਗਾਉਣ ਵਾਲੇ ਆਮਿਰ ਖਾਨ ਅਸਲ ਜਿੰਦਗੀ ਵਿੱਚ ਕੇਵਲ 12ਵੀਂ ਪਾਸ ਹਨ। ਇਹ ਗੱਲ ਜਾਣਕੇ ਸ਼ਾਇਦ ਤੁਹਾਨੂੰ ਸਭ ਨੂੰ ਹੈਰਾਨੀ ਹੋਵੇ, ਪ੍ਰੰਤੂ ਇਹ ਹਕੀਕਤ ਹੈ।

ਆਮਿਰ ਖਾਨ ਨੇ ਆਪਣਾ ਕੱਦ ਐਨਾ ਉੱਚਾ ਕਰ ਲਿਆ ਹੈ ਕਿ ਕੋਈ ਪੁੱਛਣ ਦੀ ਹਿੰਮਤ ਵੀ ਨਹੀਂ ਕਰ ਸਕਦਾ ਕਿ ਤੁਸੀਂ ਕਿੰਨੇ ਪੜ੍ਹੇ ਹੋ, ਸ਼ਾਇਦ ਇਹ ਸਵਾਲ ਉਹਨਾਂ ਦੀ ਕਾਬਲੀਅਤ ਨੂੰ ਵੇਖਦਿਆਂ ਕਿਤੇ ਘੁੰਮ ਹੋ ਜਾਂਦਾ ਹੈ। ਕਦੇ ਕਦੇ ਲੱਗਦਾ ਹੈ ਕਿ ਆਮਿਰ ਖਾਨ ਨੇ ਦੇਸ਼ ਦੇ ਸਿੱਖਿਆ ਸਿਸਟਮ ਤੋਂ ਤੰਗ ਆਕੇ ਹੀ ਅੱਗੇ ਦੀ ਪੜ੍ਹਾਈ ਵੱਲ ਰੁੱਚੀ ਨਹੀਂ ਵਿਖਾਈ ਜਾਂ ਫਿਰ ਉਸਨੇ ਜਿੰਦਗੀ ਦੀ ਪਾਠਸ਼ਾਲਾ ਤੋਂ ਐਨਾ ਕੁੱਝ ਸਿੱਖ ਲਿਆ, ਹੋਰ ਕੁੱਝ ਸਿੱਖਣ ਦੀ ਜ਼ਰੂਰਤ ਮਹਿਸੂਸ ਨਾ ਹੋਈ।

ਏਦਾਂ ਨਹੀਂ ਕਿ ਆਮਿਰ ਖਾਨ ਨੂੰ ਪੜ੍ਹਣ ਦਾ ਸ਼ੌਂਕ ਨਹੀਂ ਸੀ, ਆਮਿਰ ਖਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਘਰ ਪਹੁੰਚਦਿਆਂ ਸਭ ਤੋਂ ਪਹਿਲਾਂ ਟੀਵੀ ਰਿਮੋਟ ਨਹੀਂ ਕਿਤਾਬ ਚੁੱਕੇ ਹਨ, ਉਹ ਗੱਲ ਵੱਖਰੀ ਹੈ ਕਿ ਉਹ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਨਹੀਂ। ਜੇਕਰ ਅੱਜ ਆਮਿਰ ਇੱਕ ਸਫ਼ਲ ਅਭਿਨੇਤਾ, ਫਿਲਮ ਨਿਰਮਾਤਾ, ਫਿਲਮ ਨਿਰਦੇਸ਼ਕ ਹੈ, ਤਾਂ ਇਸ ਵਿੱਚ ਉਸਦੀ ਸਕੂਲੀ ਪੜ੍ਹਾਈ ਨਹੀਂ ਬਲਕਿ ਉਹ ਕਿਤਾਬਾਂ ਹਨ, ਜੋ ਉਸਨੇ ਛੇ ਸਾਲ ਦੀ ਉਮਰ ਤੋਂ ਲੈਕੇ ਹੁਣ ਤੱਕ ਪੜ੍ਹੀਆਂ।

ਸਫ਼ਲਤਾ ਦੀ ਜਿਸ ਸ਼ਿਖਰ ਉੱਤੇ ਆਮਿਰ ਖਾਨ ਅੱਜ ਪੁੱਜ ਚੁੱਕਿਆ ਹੈ, ਉੱਥੇ ਪਹੁੰਚਦਿਆਂ ਬਹੁਤ ਸਾਰੇ ਵਿਅਕਤੀ ਜਮੀਨ ਛੱਡ ਦਿੰਦੇ ਹਨ, ਪੈਸੇ ਅਤੇ ਸ਼ੋਹਰਤ ਦੇ ਘੁੰਮਡ ਵਿੱਚ ਸਭ ਕੁੱਝ ਖੋਹ ਬਹਿੰਦੇ ਹਨ, ਪਰੰਤੂ ਜਿੰਦਗੀ ਦੀ ਅਸਲ ਪਾਠਸ਼ਾਲਾ ਦੇ ਵਿੱਚ ਪੜ੍ਹਿਆ ਆਮਿਰ ਇਸ ਲਈ ਬਰਕਰਾਰ ਹੈ ਕਿ ਉਸਨੇ ਨਾ ਤਾਂ ਕਦੇ ਘੁੰਮਡ ਕੀਤਾ ਅਤੇ ਨਾਹੀਂ ਕਦੇ ਜਮੀਂ ਛੱਡੀ।

ਆਮਿਰ ਆਪਣੇ ਕਿਰਦਾਰਾਂ ਦੇ ਵਿੱਚ ਇਸ ਤਰ੍ਹਾਂ ਢੱਲ ਜਾਂਦਾ ਹੈ, ਜਿਵੇਂ ਉਹ ਅਸਲ ਜਿੰਦਗੀ ਦੇ ਵਿੱਚ ਹੀ ਉਹਨਾਂ ਕਿਰਦਾਰਾਂ ਨੂੰ ਜੀਅ ਰਿਹਾ ਹੋਵੇ। ਇਸ ਤਰ੍ਹਾਂ ਦਾ ਢੱਲਣਾ ਉਸ ਵਿਅਕਤੀ ਦੇ ਬੱਸ ਵਿੱਚ ਹੀ ਹੋ ਸਕਦਾ ਹੈ, ਜੋ ਮਹਾਵੀਰ ਦੇ ਉਸ ਕਥਨ ਨੂੰ ਜਾਣਦਾ ਹੋਵੇ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੁੱਝ ਸਿੱਖਣਾ ਹੈ ਤਾਂ ਆਪਣੇ ਦਿਮਾਗ ਦਾ ਬਰਤਨ ਪੂਰੀ ਤਰ੍ਹਾਂ ਖਾਲੀ ਕਰ ਲਵੋ।

ਆਮਿਰ ਖਾਨ ਦੇ ਕਿਰਦਾਰਾਂ ਵਿੱਚ ਦੁਹਰਾਅ ਨਾਂਅ ਦੀ ਚੀਜ਼ ਅੱਜ ਤਾਂ ਨਹੀਂ ਵੇਖਣ ਨੂੰ ਮਿਲੀ। ਇਹ ਇਸ ਵੱਲ ਹੀ ਸੰਕੇਤ ਕਰਦੀ ਹੈ ਕਿ ਆਮਿਰ ਖਾਨ ਕੁੱਝ ਨਵਾਂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਖਾਲੀ ਕਰ ਲੈਂਦਾ ਹੈ, ਅਤੇ ਫਿਰ ਨਵੀਂ ਚੀਜ਼ ਨੂੰ ਗ੍ਰਹਿਣ ਕਰਦਾ ਹੈ। ਕਦੇ ਕਦੇ ਮੈਨੂੰ ਆਮਿਰ ਖਾਨ ਦੀ ਸਪੱਸ਼ਟਵਾਦੀ ਨੀਤੀ ਵੀ ਉਸਦੀ ਸਫ਼ਲਤਾ ਦਾ ਮੁੱਖ ਹਿੱਸਾ ਨਜ਼ਰ ਆਉਂਦੀ ਹੈ, ਉਸਨੂੰ ਕਈ ਪ੍ਰੋਗ੍ਰੋਮਾਂ ਵਿੱਚ ਮੀਡੀਆ ਦੇ ਨਾਲ ਗੱਲਾਂ ਕਰਦਿਆਂ ਵੇਖਿਆ ਹੈ, ਉਸਦੀਆਂ ਗੱਲਾਂ ਵਿੱਚ ਸਪੱਸ਼ਟਤਾ ਦਾ ਭਾਵ ਪੂਰੀ ਤਰ੍ਹਾਂ ਹੁੰਦਾ ਹੈ। ਉਸਦੀ ਸਪੱਸ਼ਟਵਾਦੀ ਨੀਤੀ ਹੀ ਹੈ, ਜੋ ਉਸਨੂੰ 44 ਸਾਲ ਦੀ ਉਮਰ ਵਿੱਚ ਵੀ ਨੌਜਵਾਨ ਬਣਾਏ ਹੋਏ ਹੈ। ਕਿਸੇ ਵਿਚਾਰਕ ਨੇ ਲਿਖਿਆ ਹੈ ਕਿ ਸਪੱਸ਼ਟਵਾਦੀ ਨੀਤੀ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ।

ਧੰਨਵਾਦ
ਕੁਲਵੰਤ ਹੈਪੀ

Tuesday, January 26, 2010

ਦੱਖਣੀ ਕੋਰੀਆ ਨੂੰ ਮੁਫ਼ਤ ਦੀ ਸਲਾਹ

ਸਮਾਂ ਸੀ 26 ਜਨਵਰੀ 2010, ਦੋ ਦੇਸ਼ਾਂ ਦੇ ਰਾਸ਼ਟਰਪਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਨਾਲ ਬੈਠੇ ਹੋਏ ਸਨ। ਇੱਕ ਭਾਰਤ ਦੀ ਮਹਿਲਾ ਰਾਸ਼ਟਰਪਤੀ ਅਤੇ ਦੂਜਾ ਦੱਖਣੀ ਕੋਰੀਆ ਦਾ ਪੁਰਸ਼ ਰਾਸ਼ਟਰਪਤੀ। ਇਹਨਾਂ ਦੋਵਾਂ ਵਿੱਚ ਸਮਾਨਤਾ ਸੀ ਕਿ ਦੋਵੇਂ ਰਾਸ਼ਟਰਪਤੀ ਹਨ, ਦੋਵੇਂ ਹੀ ਇੱਕ ਮੰਚ ਉੱਤੇ ਹਨ, ਹੋਰ ਤਾਂ ਹੋਰ, ਦੋਵਾਂ ਦੀ ਚਿੰਤਾ ਦਾ ਮੂਲ ਕਾਰਣ ਵੀ ਇੱਕ ਹੀ ਚੀਜ ਨਾਲ ਜੁੜ੍ਹਿਆ ਹੋਇਆ ਹੈ, ਪ੍ਰੰਤੂ ਉਸ ਚਿੰਤਾ ਨਾਲ ਨਜਿੱਠਣ ਦੇ ਲਈ ਯਤਨ ਬਹੁਤ ਅਲੱਗ ਅਲੱਗ ਹਨ, ਸੱਚਮੁੱਚ।

ਦੱਖਣੀ ਕੋਰੀਆ ਦੀ ਸਮੱਸਿਆ ਵੀ ਆਬਾਦੀ ਨਾਲ ਜੁੜ੍ਹੀ ਹੈ, ਅਤੇ ਭਾਰਤ ਦੀ ਵੀ। ਭਾਰਤ ਵੱਧਦੀ ਹੋਈ ਆਬਾਦੀ ਨੂੰ ਲੈਕੇ ਚਿੰਤਤ ਹੈ ਤਾਂ ਦੱਖਣੀ ਕੋਰੀਆ ਆਪਣੀ ਸੁੰਘੜਦੀ ਆਬਾਦੀ ਨੂੰ ਲੈਕੇ। ਇੱਥੇ ਭਾਰਤ ਨੂੰ ਡਰ ਹੈ ਕਿ ਆਬਾਦੀ ਦੇ ਮਾਮਲੇ ਵਿੱਚ ਉਹ ਆਪਣੇ ਗੁਆਂਢੀ ਦੇਸ਼ ਚੀਨ ਤੋਂ ਅੱਗੇ ਨਾ ਨਿਕਲ ਜਾਵੇ, ਉੱਥੇ ਹੀ ਦੱਖਣੀ ਕੋਰੀਆ ਨੂੰ ਡਰ ਹੈ ਕਿ ਉਹ ਆਪਣੇ ਗੁਆਂਢੀ ਦੇਸ਼ ਜਪਾਨ ਤੋਂ ਵੀ ਆਬਾਦੀ ਦੇ ਮਾਮਲੇ ਵਿੱਚ ਪਿੱਛੇ ਨਾ ਰਹਿ ਜਾਵੇ। ਆਪਣੀ ਸਮੱਸਿਆ ਨਾਲ ਨਜਿੱਠਣ ਦੇ ਲਈ ਜਿੱਥੇ ਭਾਰਤ ਵਿੱਚ ਪੈਸੇ ਦੇਕੇ ਪੁਰਸ਼ ਨਸਬੰਦੀ ਕਰਵਾਈ ਜਾ ਰਹੀ ਹੈ, ਉੱਥੇ ਹੀ ਦੱਖਣੀ ਕੋਰੀਆ ਵਿੱਚ ਦਫ਼ਤਰ ਜਲਦੀ ਬੰਦ ਕਰਕੇ ਘਰ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੋਰ ਤਾਂ ਹੋਰ, ਜਿਆਦਾ ਬੱਚੇ ਪੈਦਾ ਕਰਨ ਵਾਲੇ ਦੰਪਤੀਆਂ ਨੂੰ ਪੁਰਸਕ੍ਰਿਤ ਕੀਤਾ ਜਾ ਰਿਹਾ ਹੈ।

ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਅਜਿਹੇ ਦੋ ਦੇਸ਼ ਇੱਕ ਨਾਲ ਸਨ, ਜੋ ਆਬਾਦੀ ਨੂੰ ਲੈਕੇ ਚਿੰਤਤ ਹਨ, ਇੱਕ ਘੱਟਦੀ ਨੂੰ ਅਤੇ ਇੱਕ ਵੱਧਦੀ ਆਬਾਦੀ ਨੂੰ ਲੈਕੇ। ਅੱਜ ਤੋਂ ਕਈ ਦਹਾਕੇ ਪਹਿਲਾਂ ਭਾਰਤ ਵਿੱਚ ਵੀ ਕੁੱਝ ਅਜਿਹਾ ਹੀ ਹਾਲ ਸੀ, ਜਿਸ ਘਰ ਵਿੱਚ ਜਿੰਨੀਆਂ ਜਿਆਦਾ ਸੰਤਾਨਾਂ, ਉਸਨੂੰ ਉਤਨਾ ਹੀ ਚੰਗਾ ਮੰਨਿਆ ਜਾਂਦਾ ਸੀ। ਮੈਂ ਦੂਰ ਨਹੀਂ ਜਾਵਾਂਗਾ, ਸੱਚਮੁੱਚ ਦੂਰ ਨਹੀਂ ਜਾਵਾਂਗਾ। ਮੇਰੀ ਨਾਨੀ ਦੇ ਘਰ ਸੱਤ ਸੰਤਾਨਾਂ ਸਨ, ਅਤੇ ਮੇਰੀ ਦਾਦੀ ਦੇ ਘਰ ਛੇ ਜਦਕਿ ਮੇਰੇ ਦਾਦਾ ਦੀਆਂ ਅੱਠ, ਕਿਉਂਕਿ ਮੇਰੇ ਦਾਦਾ ਦੇ ਦੋ ਵਿਆਹ ਸਨ। ਜਿੰਨਾ ਮੇਰੇ ਦਾਦਾ ਨਾਨਾ ਨੇ ਆਪਣੇ ਸਮੇਂ ਵਿੱਚ ਪਰਿਵਾਰ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ, ਉਤਨਾ ਹੀ ਹੁਣ ਅਸੀਂ ਮਹਿੰਗਾਈ ਦੇ ਜਮਾਨੇ ਵਿੱਚ ਪਰਿਵਾਰ ਨੂੰ ਸੀਮਿਤ ਕਰਨ ਵਿੱਚ ਜੋਰ ਲਗਾ ਰਹੇ ਹਾਂ।

ਗਣਤੰਤਰ ਦਿਵਸ ਦੇ ਮੌਕੇ ਹੁਣ ਜਦੋਂ ਦੱਖਣੀ ਕੋਰੀਆਈ ਰਾਸ਼ਟਰਪਤੀ ਲੀ ਮਯੰਗ ਬਾਕ ਭਾਰਤ ਯਾਤਰਾ ਉੱਤੇ ਆਏ ਹਨ, ਤਾਂ ਉਹ ਕੇਵਲ ਨਵੀਂ ਦਿੱਲੀ ਦੇ ਰਾਜਪਥ ਦਾ ਨਜਾਰਾ ਵੇਖਕੇ ਨਾ ਜਾਣ, ਮੇਰੀ ਨਿੱਜੀ ਰਾਇ ਹੈ ਉਹਨਾਂ ਨੂੰ। ਇਸ ਯਾਤਰਾ ਦੇ ਦੌਰਾਨ ਉਹਨਾਂ ਨੂੰ ਭਾਰਤ ਦੀ ਪੂਰੀ ਯਾਤਰਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੱਧਦੀ ਆਬਾਦੀ ਦੇ ਬੁਰੇ ਪ੍ਰਭਾਵ ਵੇਖਕੇ ਜਾਣਾ ਚਾਹੀਦਾ ਹੈ, ਤਾਂਕਿ ਕੱਲ੍ਹ ਨੂੰ ਮਯੰਗ ਦਾ ਪੋਤਰਾ ਅੱਗੇ ਚੱਲਕੇ ਅਜਿਹਾ ਨਾ ਕਹੇ ਕਿ ਮੇਰੇ ਪੜਦਾਦਾ ਨੇ ਫਰਮਾਨ ਜਾਰੀ ਕੀਤਾ ਸੀ ਆਬਾਦੀ ਵਧਾਓ, ਅਤੇ ਅੱਜ ਦੀ ਸੱਤਾਧਾਰੀ ਸਰਕਾਰ ਕਹਿ ਰਹੀ ਹੈ ਕਿ ਆਬਾਦੀ ਘਟਾਓ।

ਮੈਨੂੰ ਇੱਥੇ ਇੱਕ ਚੁਟਕਲਾ ਯਾਦ ਆ ਰਿਹਾ ਹੈ। ਇੱਕ ਰੇਲ ਗੱਡੀ ਵਿੱਚ ਇੱਕ ਗਰੀਬ ਵਿਅਕਤੀ ਭੀਖ ਮੰਗਦਾ ਘੁੰਮ ਰਿਹਾ ਸੀ, ਉਸਦੇ ਕੱਪੜੇ ਬਹੁਤ ਮੈਲੇ ਸਨ, ਉਹ ਕਈ ਦਿਨਾਂ ਤੋਂ ਨਹਾਇਆ ਨਹੀਂ ਸੀ। ਉਸਦੀ ਅਜਿਹੀ ਹਾਲਤ ਵੇਖਕੇ ਇੱਕ ਦਰਿਆ ਦਿਲ ਇਨਸਾਨ ਨੂੰ ਰਹਿਮ ਆਇਆ, ਅਤੇ ਉਸਨੇ ਉਸਨੂੰ ਸੌ ਦਾ ਨੋਟ ਕੱਢਕੇ ਦੇਣਾ ਚਾਹਿਆ। ਸੌ ਦਾ ਨੋਟ ਵੇਖਦੇ ਹੀ ਉਹ ਭਿਖਾਰੀ ਬਿਨਾਂ ਕਿਸੇ ਦੇਰੀ ਦੇ ਬੋਲਿਆ, ਸਾਹਿਬ ਕਦੇ ਮੈਂ ਵੀ ਅਜਿਹਾ ਹੀ ਦਰਿਆ ਦਿਲ ਹੋਇਆ ਕਰਦਾ ਸੀ। ਇਸ ਲਈ ਮੇਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਨਿੱਜੀ ਰਾਇ ਹੈ ਕਿ ਉਹ ਦਰਿਆਦਿਲੀ ਜਰਾ ਸੋਚਕੇ ਵਿਖਾਏ, ਵਰਨਾ ਭਾਰਤ ਹੋਣ ਵਿੱਚ ਉਸਨੂੰ ਵੀ ਕੋਈ ਜਿਆਦਾ ਸਮਾਂ ਨਹੀਂ ਲੱਗੇਗਾ। ਉਂਝ ਜੇਕਰ ਉੱਥੇ ਕੰਮ ਕਰਨ ਵਾਲਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਵੀ ਇੱਕ ਵੱਡੀ ਫੌਜ ਹੈ, ਉਹ ਚਾਹੁੰਣ ਤਾਂ ਜਾਂਦੇ ਜਾਂਦੇ ਭਾਰਤ ਦਾ ਭਲਾ ਕਰ ਜਾਣ। 
ਧੰਨਵਾਦ ਸਹਿਤ-
ਕੁਲਵੰਤ ਹੈੱਪੀ

Sunday, January 17, 2010

ਨੀਂ ਪੀਤੀ ਤੈਨੂੰ ਯਾਦ ਕਰਕੇ

ਕੋਰੇ ਕਾਗਜਾਂ ਤੇ, ਕਾਲੇ ਅੱਖਰਾਂ 'ਚ ਲਿਖੇ
ਤੇਰੇ ਸਫ਼ੈਦ ਝੂਠ ਪੜ੍ਹੇ
ਨੀਂ ਵੈਰਨੇ ਰਾਤੀ ਪੜ੍ਹ ਪੜ੍ਹ ਅਸੀਂ ਖ਼ਤ ਤੇਰੇ
ਸੂਲੀ ਹਿਜ਼ਰ ਦੀ ਚੜ੍ਹੇ
ਮਾਫ਼ ਸਾਰੇ ਤੇਰੇ ਅਪਰਾਧ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

ਚੰਨ ਵਿੱਚ ਹੱਸਦਾ ਤੇਰਾ ਮੁੱਖ ਤੱਕਿਆ
ਨੀਂ ਹਾਸੇ ਖੋਹਣ ਵਾਲੀਏ
ਪਹਿਲਾਂ ਨਾਲੋਂ ਸੋਹਣੀ ਦਿਸੀ ਤੂੰ ਵਥੇਰੀ
ਨੀਂ ਦਿਲਾਂ ਦੀਏ ਕਾਲੀਏ
ਵੱਸਦਿਆਂ 'ਚ ਹੋਈ ਯਾਰ ਬਰਬਾਦ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

ਪੀਤੀ ਤੇਰਿਆਂ ਨੈਣਾਂ 'ਚੋਂ, ਜੋ ਕਦੇ
ਓਹ ਸ਼ਰਾਬ ਯਾਦ ਆ ਗਈ
ਵਰਕੇ ਫਰੋਲੇ ਅਤੀਤ ਦੇ ਜਦੋਂ ਮੈਂ
ਤੇ ਕਿਤਾਬ ਯਾਦ ਆ ਗਈ
ਦਿੱਤੀ ਸੀ ਜੋ ਬੁੱਲਾਂ ਨਾਲ ਟੱਚ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

ਤੇਰੇ ਪਿੱਛੇ ਹੋਇਆ ਸੁਦਾਈ ਹੈਪੀ
ਨੀਂ ਗੈਰ ਲੜ੍ਹ ਲੱਗ ਜਾਣ ਵਾਲੀਏ
ਰੱਬ ਕਰੇ ਤੈਨੂੰ ਨਾ ਠੱਗੇ ਕੋਈ
ਨੀਂ ਯਾਰ ਠੱਗ ਜਾਣ ਵਾਲੀਏ
ਛੱਡਿਆ  ਬੇਗਾਨਾ ਪੁੱਤ ਸਾਧ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

Monday, January 4, 2010

ਉਡੀਕਾਂ ਤੇਰੀਆਂ

ਨਾ ਕਦੇ ਗਜ਼ਲ ਲਿਖੀ,
ਨਾ ਕਦੇ ਗੀਤ ਲਿਖਿਆ,
ਬੱਸ ਤੇਰਿਆਂ ਖ਼ਤਾਂ ਨੂੰ ਹੀ
ਤੋੜ੍ਹ ਮਰੋੜ੍ਹ ਸੁਣਾਉਂਦਾ ਰਿਹਾ ਤੈਨੂੰ

ਤੈਨੂੰ ਯਾਦ ਹੋਣਾ, ਤੇਰਾ ਓ ਪਹਿਲਾ ਖ਼ਤ
ਲਿਖਿਆ ਸੀ ਜਿਸ ਵਿੱਚ ਤੂੰ
ਪਾਈ ਸੀ ਜਦ ਪਹਿਲੀ ਵਾਰ ਗਲਵੱਕੜੀ
ਲੱਗਿਆ ਸੀ ਜਿਵੇਂ ਕਾਇਨਾਤ ਆ ਗਈ ਬਾਂਹਾਂ ਵਿੱਚ
ਭੁੱਲ ਗਈ ਸਾਂ ਜੱਗ ਨੂੰ, ਰੱਬ ਨੂੰ
ਛਿੜੀ ਸੀ ਕੰਬਣੀ, ਚਮਕ ਅਜੀਬ ਸੀ ਨਿਗਾਹਾਂ ਵਿੱਚ
ਚੰਗਾ ਲੱਗਦਾ ਐ ਚੰਨਣੀ ਰਾਤੇ ਤੁਰਨਾ
ਹੱਥ ਫੜ੍ਹ ਤੇਰਾ
ਕੱਚੀਆਂ ਸੁੰਨੀਆਂ ਪਿੰਡ ਦੀਆਂ ਰਾਹਾਂ ਵਿੱਚ

ਜੋ ਤੈਨੂੰ ਮੈਂ ਸੁਣਾਇਆ ਓਹ ਤੇਰਾ ਸੀ
ਸੱਚ ਜਾਣੀ ਕੁੱਝ ਵੀ ਨਾ ਮੇਰਾ ਸੀ

ਦੂਜੇ ਖ਼ਤ ਵਿੱਚ ਲਿਖਿਆ ਸੀ ਤੈਂ
ਦੂਰ ਤੇਰੇ ਕੋਲ ਬੈਠੀ,
ਰਾਤੀ ਪੁੱਛਾਂ ਚੰਨ ਕੋਲ ਹਾਲ ਤੇਰਾ
ਕਿਵੇਂ ਕੱਟਦਾ ਐ ਦਿਨ ਮੇਰੇ ਬਿਨ੍ਹ
ਸ਼ਾਇਦ ਇਹੋ ਸੀ ਸਵਾਲ ਤੇਰਾ
ਤੇਰੀਆਂ ਉਂਗਲਾਂ ਨੂੰ ਚੰਨਾ ਮਿਸ ਕਰਦਾ ਐ
ਹੁਣ ਕੱਲਾ ਕੱਲਾ ਵਾਲ ਮੇਰਾ


ਜੋ ਤੈਨੂੰ ਮੈਂ ਸੁਣਾਇਆ ਓਹ ਤੇਰਾ ਸੀ
ਸੱਚ ਜਾਣੀ ਕੁੱਝ ਵੀ ਨਾ ਮੇਰਾ ਸੀ

ਕੁੱਝ ਦਿਨ ਪਹਿਲਾਂ
ਕਿਤਾਬਾਂ ਵਿੱਚੋਂ ਮਿਲਿਆ
ਇੱਕ ਖ਼ਤ ਤੇਰਾ
ਸ਼ਾਇਦ ਮੈਨੂੰ ਬਿਨ੍ਹਾਂ ਦੱਸੇ ਗਈ ਸੈਂ ਰੱਖ ਤੂੰ
ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਹੋਵਾਂ
ਤੇਰੀ ਬਣਕੇ ਰਹਾਂਗੀ ਜਾਨੋਂ ਪਿਆਰਿਆ
ਤੈਨੂੰ ਤੇਰੀ ਸੰਗ ਨੇ,
ਤੇ ਮੈਨੂੰ ਮੇਰੀ ਘਰਦੀ ਗਰੀਬੀ ਮਾਰਿਆ
ਲਿਖਿਆ ਸੀ ਉਸ ਖ਼ਤ ਵਿੱਚ ਤੂੰ

ਹੁਣ ਅੰਤ ਵਿੱਚ ਆਖਾਂ ਤੈਨੂੰ
ਜਿੱਥੇ ਵੀ ਹੈਂ, ਮੁੜ੍ਹ ਆ
ਹਾਲੇ ਵੀ ਉਡੀਕਾਂ ਤੇਰੀਆਂ
ਤੈਨੂੰ ਵੇਖਣ ਲਈ ਸਲਾਮਤ
ਨਜ਼ਰਾਂ ਨੇ ਮੇਰੀਆਂ

Sunday, January 3, 2010

ਮਾਂ

ਜਦੋਂ ਮੈ ਚੱਲਦੀ ਮੇਰੇ ਨਾਲ ਨਾਲ ਚੱਲਦੀ ਸੀ,
ਬੈਠਾਂ ਜਦੋਂ ਕੱਲੀ ਮੇਰੇ ਨਾਲ ਗੱਲਾਂ ਕਰਦੀ ਸੀ,
ਹਰ ਵੇਲੇ ਚੇਤਾ ਤੇਰਾ ਮੈਨੂੰ ਆਉਂਦਾ ਸੀ,
ਰੋਂਦੀ ਨੂੰ ਹੁਣ ਦੱਸ ਚੁਪ ਕੌਣ ਕਰਾਉਂਦਾ ਸੀ ,
ਲੱਭਿਆ ਤੈਨੂੰ ਹਰ ਵੇਲੇ ਹਰ ਥਾਂ,
ਬੋਲਣ ਬਨੇਰੇ ਬੈਠੇ ਜਦੋਂ ਕਾਲੇ ਕਾਂ ,
ਤੂੰ ਨਾ ਆਉਂਦੀ ਆਉਂਦਾ ਨਿੱਤ ਜੱਗ ਸਾਰਾ,
ਰੁੱਲ ਗਿਆ ਬਾਅਦੋਂ ਤੇਰੇ ਸਾਰਾ ਪਰਿਵਾਰਾ,
ਜਦੋਂ ਦੇਖਾਂ ਆਪ ਨੂੰ ਸ਼ੀਸ਼ੇ ਮੁਰੇ ਖਲੋਕੇ,
ਹਰ ਵੇਲੇ ਦਿਸੇ ਮੈਨੂੰ ਤੇਰਾ ਪਰਛਾਵਾਂ ਮਾਂ ,
ਮਾਂਵਾਂ ਬਿਨਾ ਹੁੰਦੀ ਨਾ ਕੋਈ ਜਿੰਦਗਾਨੀ ਏ,
ਜਦੋਂ ਤੈਨੂੰ ਯਾਦ ਕਰਾਂ ਵੱਗਦਾ ਅੱਖਿਉਂ ਪਾਣੀ ਏ!

ਵ੍ਰਿੰਦਾ ਗਾਂਧੀ, ਜਨਸੰਚਾਰ ਅਤੇ ਪੱਤਰਕਾਰੀ ਵਿਭਾਗ ,
ਪੰਜਾਬੀ ਯੂਨੀਵਰਸਿਟੀ, ਪਟਿਆਲਾ