Tuesday, March 23, 2010

ਪਿਸਤੌਲਧਾਰੀ ਨਾ ਬਣਾਓ ਸ਼ਹੀਦ-ਏ-ਆਜ਼ਮ ਨੂੰ

ਜਦੋਂ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ੍ਹਿਆ ਕਿਸੇ ਪਾਗਲ ਦੀ ਤਰ੍ਹਾਂ ਉਸ ਤੋਂ ਮੁਕਤ ਹੋਣ ਦੇ ਲਈ ਤੜਫ਼ ਰਿਹਾ ਸੀ, ਤਦ ਇਸ ਮੁਲ਼ਕ ਦੀਆਂ ਕਈ ਮਾਂਵਾਂ ਨੇ ਕਈ ਜਿੰਦਾਦਿਲ ਇਨਸਾਨ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ, ਤਾਂ ਜੋ ਦੇਸ਼ ਦੇ ਨਾਗਰਿਕ ਨੂੰ ਮੁੜ੍ਹ ਤੋਂ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕਣ, ਪ੍ਰੰਤੂ ਇਹਨਾਂ ਭਾਰਤ ਮਾਂ ਦੇ ਲਾਲਾਂ ਨੂੰ ਸਿਰਫ਼ ਅਤੇ ਸਿਰਫ਼ ਫੁੱਲਾਂ ਦੀ ਮਾਲਾਵਾਂ ਹੀ ਨਸੀਬ ਹੋਈਆਂ, ਇਹਨਾਂ ਦੇ ਸਫ਼ਨਿਆਂ ਦਾ ਦੇਸ਼ ਹਾਲੇ ਵੀ ਵਿਕਸਤ ਨਹੀਂ ਹੋ ਸਕਿਆ, ਇਹਨਾਂ ਨੂੰ ਹਿੰਸਕ ਸੋਚ ਦਾ ਘੋਸ਼ਿਤ ਕਰ ਦਿੱਤਾ।

ਇਹਨਾਂ ਮਹਾਨ ਕ੍ਰਾਂਤੀਕਾਰੀਆਂ ਦੀ ਕਤਾਰ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵੀ ਖੜ੍ਹੇ ਹੋਏ ਹਨ, ਜਿਨ੍ਹਾਂ ਨੇ ਆਪਣੀ ਸਾਥੀਆਂ ਸੁਖਦੇਵ ਰਾਜਗੁਰੂ ਆਦਿ ਦੇ ਨਾਲ ਮਿਲਕੇ ਗੋਰੀ ਸਰਕਾਰ ਨੂੰ ਦੇਸ਼ ਛੱਡਣ ਉੱਤੇ ਮਜ਼ਬੂਰ ਕਰ ਦਿੱਤਾ, ਪ੍ਰੰਤੂ ਸਮਾਜ ਦੇ ਕੁੱਝ ਵਿਅਕਤੀਆਂ ਨੇ ਇਸ ਉੱਚੀ ਸੋਚ ਦੇ ਸਖ਼ਸ਼ ਨੂੰ ਕੇਵਲ ਇੱਕ ਪਿਸਤੌਲਧਾਰੀ ਬਣਾਕੇ ਰੱਖ ਦਿੱਤਾ, ਜਦਕਿ ਭਗਤ ਸਿੰਘ ਖੂਨ ਖ਼ੂਰਾਬੇ ਨਾਲੋਂ ਜਿਆਦਾ ਲੋਕਾਂ ਨੂੰ ਜਾਗ੍ਰਿਤ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ।

ਕਹਿੰਦੇ ਹਨ ਕਿ ਜਦੋਂ ਸ਼ਹੀਦ-ਏ-ਆਜ਼ਮ ਨੂੰ ਫਾਂਸੀ ਦੇ ਤਖ਼ਤੇ ਉੱਤੇ ਲਟਕਾਇਆ ਜਾਣਾ ਸੀ, ਤਦ ਵੀ ਉਹ ਰੂਸ ਦੇ ਮਹਾਨ ਲੇਖਕ ਦੀ ਇੱਕ ਕਿਤਾਬ ਪੜ੍ਹਨ ਵਿੱਚ ਰੁੱਝੇ ਹੋਏ ਸਨ, ਜੋ ਉਹਨਾਂ ਦੇ ਕਿਤਾਬੀ ਮੋਹ ਨੂੰ ਦਰਸਾਉਂਦਾ ਹੈ। ਐਨਾ ਹੀ ਨਹੀਂ, ਮਰਹੂਮ ਕਮਿਊਨਿਸਟ ਆਗੂ ਸੋਹਨ ਸਿੰਘ ਜੋਸ਼ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਸਾਂਡਰਸ ਦੀ ਹੱਤਿਆ ਕਰਨ ਦੇ ਬਾਅਦ ਭਗਤ ਸਿੰਘ ਉਹਨਾਂ ਦੇ ਘਰ ਆਇਆ, ਅਤੇ ਜਾਣ ਲੱਗਿਆ ਮੇਜ਼ ਉੱਤੇ ਪਈ ਕਿਤਾਬ ਲਿਬਰਟੀ ਐਂਡ ਦਾ ਗ੍ਰੇਟ ਲਿਬਰਟੇਰੀਅਨਜ਼ ਨੂੰ ਆਪਣੇ ਨਾਲ ਲੈ ਗਿਆ, ਜਿਸਨੂੰ ਟੀ ਸਪਰੇਡਿੰਗ ਨੇ ਲਿਖਿਆ ਹੈ। ਇਹ ਕਿਤਾਬ ਬੁਰਜੁਆ ਇਨਕਲਾਬੀਆਂ ਦੀਆਂ ਟੂਕਾਂ ਦੀ ਪੁਸਤਕ ਸੀ।

ਜੇਕਰ ਭਗਤ ਸਿੰਘ ਕੇਵਲ ਹਿੰਸਕ ਹੁੰਦਾ ਤਾਂ ਸ਼ਾਇਦ ਉਹ ਗੋਰੀ ਸਰਕਾਰ ਨੂੰ ਸ਼ਬਕ ਸਿਖਾਉਣ ਤੋਂ ਊਕ ਜਾਂਦਾ, ਕਹਿੰਦੇ ਹਨ ਕਿ ਜੋਸ਼ ਦੇ ਨਾਲ ਹੋਸ਼ ਹੋਣਾ ਵੀ ਜ਼ਰੂਰੀ ਹੈ। ਹੋਸ਼ ਅਤੇ ਜੋਸ਼ ਦੇ ਵਿੱਚ ਤਾਲ ਮੇਲ ਬਿਠਾਉਣ ਦੇ ਲਈ ਚੰਗੇ ਗਿਆਨ ਦਾ ਹੋਣਾ ਲਾਜ਼ਮੀ ਹੈ ਤੇ ਉਹ ਗਿਆਨ ਭਗਤ ਸਿੰਘ ਨੇ ਕਈ ਮਹਾਨ ਵਿਚਾਰਕ ਨੂੰ ਪੜ੍ਹਕੇ ਹਾਸਿਲ ਕੀਤਾ। ਜੇਕਰ ਭਗਤ ਕੇਵਲ ਹਿੰਸਕ ਸੋਚ ਦਾ ਹੀ ਹੁੰਦਾ ਤਾਂ ਸ਼ਾਇਦ ਦਿੱਲੀ ਅਸੰਬਲੀ ਵਿੱਚ ਸੁੱਟੇ ਬੰਬ ਦੇ ਨਾਲ ਕਈ ਲਾਸ਼ਾਂ ਵਿਛਾਉਂਦਾ, ਪਰੰਤੂ ਭਗਤ ਸਿੰਘ ਨੂੰ ਪਤਾ ਸੀ ਕਿ ਬੋਲੇ ਲੋਕਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚ ਦੇ ਲਈ ਸਾਨੂੰ ਥੋੜ੍ਹਾ ਜ਼ੋਰ ਨਾਲ ਬੋਲਣਾ ਪਵੇਗਾ। ਅਸੰਬਲੀ ਵਿੱਚ ਸੁੱਟਿਆ ਬੰਬ ਗੋਰੀ ਸਰਕਾਰ ਨੂੰ ਜਿੱਥੇ ਚਿਤਾਵਨੀ ਸੀ, ਉੱਥੇ ਹਿੰਦੁਸਤਾਨ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਇੱਕ ਸੰਦੇਸ਼ ਵੀ ਸੀ।

ਜਦੋਂ ਮੈਂ ਭਗਤ ਸਿੰਘ ਦੀ ਲਾਹੌਰ ਥਾਣੇ ਵਿੱਚ ਇੱਕ ਮੰਜੇ ਉੱਤੇ ਬੈਠੇ ਦੀ ਫੋਟੋ ਵੇਖਦਾ ਹਾਂ, ਜਿਸਦੇ ਵਿੱਚ ਇੱਕ ਸਫ਼ੈਦ ਕੱਪੜਿਆਂ ਵਾਲਾ ਵਿਅਕਤੀ ਕੁਰਸੀ ਉੱਤੇ ਬੈਠਾ ਉਸ ਤੋਂ ਪੁੱਛਗਿੱਛ ਕਰ ਰਿਹਾ ਹੈ, ਤਾਂ ਸੋਚਦਾ ਹਾਂ ਕਿ ਭਗਤ ਸਿੰਘ ਜੇਲ੍ਹ ਵਿੱਚ ਸੀ, ਫਿਰ ਵੀ ਕਿੰਨਾ ਸ਼ਾਂਤ ਸੀ, ਉਸਦੇ ਚਿਹਰੇ ਉੱਤੇ ਕੋਈ ਡਰ ਤਕਲੀਫ਼ ਤੇ ਚਿੰਤਾ ਨਜ਼ਰ ਨਹੀਂ ਆਉਂਦੀ। ਭਗਤ ਸਿੰਘ ਹਿੰਸਕ ਸੋਚ ਦਾ ਹੋਣ ਨਾਲੋਂ ਜਿਆਦਾ ਉੱਚੀ ਅਤੇ ਸੁੱਚੀ ਸੋਚਦਾ ਮਾਲਕ ਸੀ, ਉਸਦਾ ਮਕਸਦ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਸੀ। ਦੇਸ਼ ਦੇ ਚਿੱਤਰਕਾਰਾਂ ਨੂੰ ਭਗਤ ਸਿੰਘ ਦੀ ਅਸਲੀ ਸ਼ਕਤੀ ਵੱਲ ਧਿਆਨ ਦੇਣਾ ਚਾਹੀਦਾ ਹੈ, ਉਸਨੂੰ ਪਿਸਤੌਲਧਾਰੀ ਵਿਖਾਉਣ ਨਾਲੋਂ ਵਧੇਰੇ ਚੰਗਾ ਹੋਵੇਗਾ, ਜੇ ਉੱਚੀ ਸੁੱਚੀ ਸੋਚ ਦਾ ਫ਼ਕੀਰ ਨੌਜਵਾਨ ਦਰਸਾਉਣ, ਜੋ ਉਸਦੀ ਅਸਲੀਅਤ ਦੇ ਬਹੁਤ ਨੇੜੇ ਹੈ।
 
ਧੰਨਵਾਦ ਸਹਿਤ-

No comments: