Friday, May 21, 2010

ਰੱਬੀ ਦਾਤ ਜਿਹੀ ਮਾਹੀਨੰਗਲ ਦੀ "ਹੋਕਾ"

ਮਾਲਵੇ ਦੇ ਛੋਟੇ ਜਿਹੇ ਪਿੰਡ ਮਾਹੀਨੰਗਲ ਦਾ ਜੰਮਪਲ ਪੰਜਾਬੀ ਲੋਕ ਗਾਇਕ ਹਰਦੇਵ ਮਾਹੀਨੰਗਲ (Hardev Mahinangal) ਦਾ ਨਾਂਅ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਲਈ ਕਿਸੇ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਦੇਵ ਮਾਹੀਨੰਗਲ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫ਼ਰ ਵਿੱਚ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਇੱਕ ਦੇ ਬਾਅਦ ਇੱਕ ਸਰਬੋਤਮ ਮਿਊਜ਼ਿਕਲ ਗ਼ਿਫ਼ਟ ਦਿੱਤਾ ਹੈ, ਪ੍ਰੰਤੂ ਮਾਹੀਨੰਗਲ ਦੀ ਹਾਲੀਆ ਆਈ ਕੈਸਿਟ "ਹੋਕਾ" ਪੰਜਾਬੀ ਸੰਗੀਤ ਦੇ ਸੂਝਵਾਨ ਸਰੋਤਿਆਂ ਦੇ ਲਈ ਰੱਬੀ ਦਾਤ ਵਰਗੀ ਹੈ।


ਇਹ ਕੈਸਿਟ ਹਰਦੇਵ ਮਾਹੀਨੰਗਲ ਦੀ ਹੁਣ ਤੱਕ ਆਈਆਂ ਕੈਸਿਟਾਂ ਤੋਂ ਬਿਲਕੁਲ ਵੱਖਰੀ ਹੈ, ਇਹ ਕਹਿਣਾ ਵੀ ਅਤਿਕਥਨੀ ਨਹੀਂ ਜਾਪਦਾ ਕਿ ਪੰਜਾਬੀ ਦੇ ਇਸ ਨਾਮਵਰ ਗਾਇਕ ਨੇ ਆਪਣੇ ਰੁਤਬੇ ਦੀ ਅਹਿਮੀਅਤ ਨੂੰ ਪਹਿਚਾਣਦਿਆਂ ਇੱਕ ਨਿਵੇਕਲਾ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਹ ਪੂਰੀ ਤਰ੍ਹਾਂ ਖ਼ਰਾ ਉਤਰਦਾ ਹੈ।

ਸੱਚਮੁੱਚ ਮਾਹੀਨੰਗਲ ਦੀ ਹਾਲੀਆ ਆਈ ਕੈਸਿਟ "ਹੋਕਾ' ਕੋਈ ਬੋਲਦਾ ਕਾਵਿ ਸੰਗ੍ਰਹਿ ਜਾਪਦੀ ਹੈ, ਜਿਸਦੀ ਹਰ ਰਚਨਾ ਦੀਆਂ ਗਹਿਰਾਈਆਂ ਨੂੰ ਚੁੰਮਦੀ ਹੋਈ, ਇੱਕ ਅਲਹਿਦਾ ਪ੍ਰਭਾਵ ਮਨ ਉੱਤੇ ਛੱਡਦੀ ਹੈ। ਇਸ ਕੈਸਿਟ ਨੂੰ ਸੁਣਦਿਆਂ ਇੰਝ ਲੱਗਦਾ ਹੈ ਕਿ ਹਰ ਕੰਮ ਰੂਹ ਦੇ ਨਾਲ ਕੀਤਾ ਗਿਆ ਹੈ, ਭਾਵੇਂ ਤਰੁਨ ਰਿਸ਼ੀ ਦੁਆਰਾ ਧੁਨਾਂ ਨੂੰ ਸਿਰਜਣਾ ਹੋਵੇ, ਭਾਵੇਂ ਰਚਨਾਵਾਂ ਦੀ ਚੋਣ ਕਰਨਾ ਜਾਂ ਫਿਰ ਹਰਦੇਵ ਮਾਹੀਨੰਗਲ ਦੁਆਰਾ ਆਵਾਜ਼ ਦੇਣਾ। ਆਪਣੇ ਸਰੋਤਿਆਂ ਨੂੰ ਇਹ ਅਨੋਖੀ ਸੌਗਾਤ ਦੇਣ ਦੇ ਲਈ ਜਿੱਥੇ ਹਰਦੇਵ ਮਾਹੀਨੰਗਲ ਵਧਾਈ ਦਾ ਹੱਕਦਾਰ ਹੈ, ਉੱਥੇ ਹੀ ਨਿੰਦਰ ਘੁਗਿਆਣਵੀ ਤੇ ਸੰਗੀਤਕਾਰ ਤਰੁਣ ਰਿਸ਼ੀ ਨੂੰ ਵੀ ਨਜ਼ਰੰਦਾਜ਼ ਨਹੀਂ ਕੀਤਾ ਜਾ ਸਕਦਾ।

ਮਾਹੀਨੰਗਲ ਦੀ ਨਵੀਂ ਕੈਸਿਟ "ਹੋਕਾ" ਮਰਹੂਮ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੀ ਇੱਕ ਰਚਨਾ 'ਹੋਕਾ' ਸਮੇਤ ਸੱਤ ਕਾਵਿ ਵੰਨਗੀਆਂ ਦੇ ਨਾਲ ਸਜੀ ਹੋਈ ਇੱਕ ਲਘੂ ਕਾਵਿ ਸੰਗ੍ਰਹਿ ਜਾਪਦੀ ਹੈ। ਇਸ ਕੈਸਿਟ ਵਿਚਲੀ ਸਵ. ਸ਼ਾਇਰ ਉਦਾਸੀ ਦੀ ਰਚਨਾ "ਹੋਕਾ" ਇੱਕ ਮੁਟਿਆਰ ਦੇ ਰਾਹੀਂ ਪਿੰਡਾਂ ਦੇ ਆਰਥਿਕ ਹਾਲਾਤਾਂ ਨੂੰ ਬਿਆਨ ਕਰਦੀ ਹੈ, ਜੋ ਇੱਕ ਵਣਜਾਰੇ ਨੂੰ ਸੰਬੋਧਨ ਕਰਦਿਆਂ ਕਹਿੰਦੀ ਹੈ, "ਸਾਡੀ ਵਿਹੀ ਵਿੱਚ ਚੂੜ੍ਹੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰਿਆ, ਸਾਡੇ ਪਿੰਡਾਂ 'ਚ ਤਾਂ ਸਾਉਣ 'ਚ ਵੀ ਸੋਕਾ, ਸੋਕਾ ਵੇ ਵੀਰਾ ਵਣਜਾਰਿਆ।", ਜਿਸਨੂੰ ਹਰਦੇਵ ਮਾਹੀਨੰਗਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਸਮੁੰਦਰ 'ਚ ਡੁਬੋ ਕੇ ਹੋਰ ਵੀ ਜਿਆਦਾ ਸੰਵੇਦਨਸ਼ੀਲ ਬਣਾ ਦਿੱਤਾ।

ਦੂਜੀ ਰਚਨਾ 'ਕੁੜੀਆਂ ਤਾਂ ਕਵਿਤਾਵਾਂ' ਕੁੜੀਆਂ ਦੇ ਪ੍ਰਤੀ ਬੁਰੇ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦੀ ਇੱਕ ਪੁਰਜ਼ੋਰ ਕੋਸ਼ਿਸ਼ ਹੈ, ਜਿਸ ਵਿੱਚ ਕਵੀ ਨੇ ਕੁੜੀਆਂ ਨੂੰ ਵੱਖ ਵੱਖ ਰਿਸ਼ਤਿਆਂ ਵਿੱਚ ਪੇਸ਼ ਕਰਦਿਆਂ ਉਹਨਾਂ ਦੀ ਮਹਾਨਤਾ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਵੀ ਤਰਲੋਚਨ ਲੋਚੀ ਨੇ ਬਹੁਤ ਵਧੀਆ ਅਲਫ਼ਾਜ਼ਾਂ ਦਾ ਇਸਤੇਮਾਲ ਕਰਦਿਆਂ ਰਚਨਾ ਦੀ ਸ਼ੁਰੂਆਤ ਕੁੱਝ ਇੰਝ ਕੀਤੀ ਹੈ,"ਜ਼ਾਲਮਾਂ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ, ਕਰਜ਼ ਇਹਨਾਂ ਦਾ ਕੌਣ ਉਤਾਰੇ, ਰੱਬ ਤੋਂ ਵੱਡੀਆਂ ਮਾਂਵਾਂ ਹੁੰਦੀਆਂ, ਉਮਰਾਂ ਦਾ ਇਹ ਜੋੜ੍ਹਣ ਰਿਸ਼ਤਾ, ਉਂਝ ਤਾਂ ਚਾਰ ਲਾਵਾਂ ਹੁੰਦੀਆਂ।

ਤੀਜੀ ਰਚਨਾ 'ਇੱਜ਼ਤ ਦੀ ਫੁਲਕਾਰੀ' ਦੇ ਰਾਹੀਂ ਕਵੀ ਕੁੜੀ ਨੂੰ ਵਰਜਦਿਆਂ ਇੱਕ ਚੰਗੀ ਨਸੀਹਤ ਦਿੰਦਾ ਹੈ। ਕਵੀ ਅੰਮ੍ਰਿਤ ਪਾਲ ਦੀਨਾ ਸਾਹਿਬ ਉਸਨੂੰ ਆਪਣੀ ਅਹਿਮੀਅਤ ਯਾਦ ਕਰਵਾਉਂਦਿਆਂ ਬੁਰੇ ਸਮਾਜ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਲਿਖਦਾ ਹੈ, "ਸੁਣ ਕੁੜੀਏ ਤੂੰ ਪਿਆਰ ਕਰੀਂ ਨਾ, ਕਿਸੇ ਉੱਤੇ ਇਤਬਾਰ ਨਾ ਕਰੀਂ ਨਾ, ਇੱਕ ਮਿਰਗਾਂ ਦੀ ਚਾਲ ਨਾ ਚੱਲੀ, ਪਾ ਸੁਰਮੇ ਦੀ ਧਾਰੀ ਨੀਂ, ਇੱਜ਼ਤ ਦੀ ਫੁੱਲਕਾਰੀ 'ਤੇ ਪਾ ਦਿੰਦੇ ਡੱਬ ਲਲਾਰੀ ਨੀਂ।"

ਚੌਥੀ ਰਚਨਾ 'ਕਿੱਥੇ ਜਾਕੇ ਰੋਈਏ" ਵਿਗੜ੍ਹਦੇ ਸਮਾਜਿਕ ਢਾਂਚੇ ਉੱਤੇ ਕਰੜ੍ਹਾ ਵਾਰ ਕਰਦੀ ਹੈ। ਇਸ ਰਚਨਾ ਦੇ ਰਾਹੀਂ ਕਵੀ ਨੇ ਸਮਾਜ ਨੂੰ ਲੁੱਟ ਰਹੇ ਦੋਗਲੇ ਮਨੁੱਖ ਦੀ ਤਸਵੀਰ ਨੂੰ ਸ਼ਬਦ ਰੂਪ ਵਿੱਚ ਬੜੇ ਸੁਚੱਜੇ ਢੰਗ ਨਾਲ ਉਕੇਰਿਆ ਹੈ। ਕਵੀ ਗੁਰਭਜਨ ਗਿੱਲ ਰਚਨਾ ਦੀ ਸ਼ੁਰੂਆਤ ਕੁੱਝ ਇਸ ਤਰ੍ਹਾਂ ਕਰਦਾ ਹੈ,"ਸੁਣ ਲੋ ਲੋਕੋ ਅਜਬ ਕਹਾਣੀ, ਇੱਕ ਭਾਂਡੇ ਅੱਗ ਤੇ ਪਾਣੀ, ਕਲਯੁੱਗ ਦਾ ਵਰਤਾਵਾ ਦੇਖੋ, ਸੱਪ ਖੇਡਣ ਮੋਰਾਂ ਨਾਲ, ਕਿੱਥੇ ਜਾਕੇ ਰੋਈਏ ਮੌਲਾ ਕੁੱਤੀ ਰਲ ਗਈ ਚੋਰਾਂ ਨਾਲ।"

ਜਿੱਥੇ ਮਲਕੀਤ ਸੰਧੂ ਦੀ ਪੰਜਵੀਂ ਰਚਨਾ "ਅੱਜ ਦਿਆ ਗੀਤਕਾਰ" ਅੱਜ ਦੇ ਗੀਤਕਾਰਾਂ ਨੂੰ ਮਨੁੱਖਤਾ ਦੇ ਹਾਲ ਵਿੱਚ ਲਿਖਣ ਦੇ ਲਈ ਪ੍ਰੇਰਦੀ ਹੈ, ਉੱਥੇ ਹੀ ਛੇਵੀਂ ਰਚਨਾ "ਮਾਪੇ" ਰਾਹੀਂ ਕਵੀ ਡਾ.ਕੇਵਲ ਅਰੋੜਾ ਮਾਪਿਆਂ ਨੂੰ ਠੋਕਰ ਮਾਰਨ ਵਾਲਿਆਂ ਨੂੰ ਵਲੂੰਧਰਦਾ ਹੋਇਆ, ਉਹਨਾਂ ਨੂੰ ਯਾਦ ਕਰਵਾਉਂਦਾ ਹੈ ਕਿ ਜਿਨ੍ਹਾਂ ਨੂੰ ਉਹ ਅੱਜ ਗਲੀਆਂ ਦੇ ਕੱਖਾਂ ਵਾਂਗ ਰੋਲ ਰਹੇ ਹਨ, ਉਹਨਾਂ ਨੇ ਉਹਨਾਂ ਲਈ ਕਿੰਨੇ ਦੁੱਖ ਤਸੀਹੇ ਝੱਲੇ ਹਨ।

ਇਸ ਬੋਲਦੇ ਕਾਵਿ ਸੰਗ੍ਰਹਿ ਦੀ ਅੰਤਿਮ ਅਤੇ ਸੱਤਵੀਂ ਰਚਨਾ 'ਸੱਚ ਬੋਲਤਾ', ਮਾਤਾ ਪਿਤਾ ਦੁਆਰਾ ਆਪਣੇ ਹਿੱਤ ਸਾਧਣ ਦੇ ਲਈ ਦੂਰ ਪ੍ਰਦੇਸ ਵਿਆਹੀ ਇੱਕ ਦੁੱਖੀ ਧੀ ਦੇ ਦਿਲ ਦੀ ਹੂਕ ਹੈ, ਜੋ ਦਿਲਾਂ ਨੂੰ ਚੱਕੀ ਦੇ ਦੋ ਪਾਟਾਂ ਵਿੱਚ ਆਏ ਕਣਕ ਦੇ ਦਾਣਿਆਂ ਵਾਂਗ ਪੀਸਕੇ ਰੱਖ ਦਿੰਦੀ ਹੈ। ਇਸ ਰਚਨਾ ਦੀ ਸ਼ੁਰੂਆਤ ਕਵੀ ਇੰਜ.ਸਤਪਾਲ ਬਰਾੜ (ਯੂਐੱਸਏ) ਕੁੱਝ ਇਸ ਤਰ੍ਹਾਂ ਕਰਦਾ ਹੈ, "ਕੱਲੀ ਨੂੰ ਨਾ ਬਾਪੂ ਮੈਨੂੰ ਜਾਣ ਦਿੱਤਾ ਖੇਲੇ, ਕੱਲੀ ਨੂੰ ਮਾਂ ਨੇ ਮੈਨੂੰ ਜਾਣ ਦਿੱਤਾ ਮੇਲੇ, ਵਿੱਚ ਪ੍ਰਦੇਸ ਵਿੱਚ ਕੱਲੀ ਕਾਹਤੋਂ ਤੋਰਦਾ, ਮਾਫ਼ੀ ਕਰੀਂ ਬਾਪੂ ਜੇ ਮੈਂ ਸੱਚ ਬੋਲਤਾ।

ਅੰਤ ਵਿੱਚ ਐਨਾ ਹੀ ਆਖਾਂਗਾ, ਇਸ ਕੈਸਿਟ ਦੇ ਨਾਲ ਹਰਦੇਵ ਮਾਹੀਨੰਗਲ ਨੇ ਸਮਿਆਂ ਦੇ ਨਾਲ ਉੱਚੀ ਤੇ ਸੁੱਚੀ ਹੋਈ ਆਪਣੀ ਸਮਝ ਦੀ ਇੱਕ ਬੇਹੱਦ ਵਧੀਆ ਉਦਾਹਰਨ ਦਿੱਤੀ ਹੈ, ਉਮੀਦ ਕਰਦੇ ਹਾਂ ਕਿ ਅੱਗੇ ਵੀ ਮਾਹੀਨੰਗਲ ਇਸ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਕੁੱਝ ਚੰਗੀਆਂ ਸੌਗਾਤਾਂ ਪਾਵੇਗਾ।

No comments: