Tuesday, March 30, 2010

ਦੋ ਦੇਸ਼ਾਂ ਦਾ ਮਿਲਣ, ਦੋ ਖੇਡਾਂ ਦਾ ਮਿਲਣ!

ਭਾਵੇਂ ਗੁਰਦਾਸ ਮਾਨ ਦੀ ਸੁਪਰ ਹਿੱਟ ਪੰਜਾਬੀ ਫਿਲਮ 'ਸ਼ਹੀਦੇ ਮੁਹੱਬਤ ਬੂਟਾ ਸਿੰਘ' ਹੋਵੇ ਜਾਂ ਫਿਰ ਸੰਨੀ ਦਿਓਲ ਦੀ ਸੁਪਰ ਡੁਪਰ ਹਿੱਟ ਫਿਲਮ 'ਗਦਰ' ਹੋਵੇ, ਦੋਹਾਂ ਹੀ ਫਿਲਮਾਂ ਦੇ ਵਿੱਚ ਇੱਕ ਪੰਜਾਬੀ ਨੌਜਵਾਨ, ਜੋ ਭਾਰਤ ਦਾ ਨਿਵਾਸੀ ਹੈ, ਇੱਕ ਮੁਸਲਿਮ ਸਮਾਜ ਦੀ ਕੁੜੀ ਦੇ ਨਾਲ ਵਿਆਹ ਕਰਦਾ ਹੈ, ਜਿਸਦਾ ਪਰਿਵਾਰ ਪਾਕਿਸਤਾਨ ਵਿੱਚ ਜਾ ਵੱਸਿਆ ਹੈ। ਉਸਨੂੰ ਪਾਉਣ ਦੇ ਲਈ ਜਾਨ ਦੀ ਬਾਜੀ ਲਗਾਉਣ ਤੋਂ ਵੀ ਨਹੀਂ ਘਬਰਾਉਂਦਜਿਆਦਾਤਰ ਹਿੰਦੀ ਫਿਲਮਾਂ ਵਿੱਚ ਅਕਸਰ ਅਜਿਹਾ ਹੀ ਹੁੰਦਾ ਹੈ, ਇੱਕ ਹਿੰਦੂ ਮੁੰਡਾ ਮੁਸਲਿਮ ਸਮਾਜ ਦੀ ਕੁੜੀ ਨੂੰ ਪਿਆਰ ਕਰ ਬਹਿੰਦਾ ਹੈ, ਅਤੇ ਅੰਤ ਤੱਕ ਫਿਲਮ ਵਿੱਚ ਦੋ ਸਮਾਜ ਇੱਕ ਪਰਿਵਾਰ ਦੇ ਸੂਤਰ ਵਿੱਚ ਬੱਝ ਜਾਂਦੇ ਹਨ, ਪ੍ਰੰਤੂ ਅਸਲ ਜਿੰਦਗੀ ਦੇ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਇੱਕ ਹਿੰਦੁਸਤਾਨੀ ਕੁੜੀ ਨੂੰ ਪਿਆਰ ਕਰ ਬੈਠਾ ਹੈ, ਅਤੇ ਗੱਲ ਨਿਕਾਹ ਤੱਕ ਵੀ ਪਹੁੰਚਣ ਵਾਲੀ ਹੈ, ਜੇਕਰ ਖ਼ਬਰਾਂ ਉੱਤੇ ਯਕੀਨ ਕੀਤਾ ਜਾਵੇ।


ਬੇਸ਼ੱਕ ਇਹਨਾਂ ਦੋਵਾਂ ਦਾ ਮਜ਼੍ਹਬ ਇੱਕੋ ਹੀ ਹੈ, ਪ੍ਰੰਤੂ ਦੇਸ਼ ਅਲੱਗ ਅਲੱਗ, ਪੇਸ਼ੇ ਅਲੱਗ ਅਲੱਗ ਹਨ। ਜਿੱਥੇ ਮੁੰਡਾ ਪਾਕਿਸਤਾਨੀ ਹੈ, ਉੱਥੇ ਹੀ ਕੁੜੀ ਹਿੰਦੁਸਤਾਨੀ, ਜਿੱਥੇ ਨੌਜਵਾਨ ਕ੍ਰਿਕੇਟ ਦਾ ਖਿਡਾਰੀ ਹੈ, ਉੱਥੇ ਹੀ ਕੁੜੀ ਟੈਨਿਸ ਦੇ ਮੈਦਾਨ ਵਿੱਚ ਚੰਗਾ ਨਾਂਅ ਖੱਟ ਚੁੱਕੀ ਹੈ। ਖੇਡ ਜਗਤ ਦੀਆਂ ਇਹਨਾਂ ਦੋ ਹਸਤੀਆਂ (ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ) ਦਾ ਮਿਲਣ ਹੋਵੇਗਾ ਜਾਂ ਨਹੀਂ, ਇਸ ਗੱਲ ਬਾਰੇ ਤਾਂ ਪੱਕੀ ਤਾਂ ਕੁੱਝ ਵੀ ਨਹੀਂ ਆਖਿਆ ਜਾ ਸਕਦਾ, ਕਿਉਂਕਿ ਹਸਤੀਆਂ ਆਪਣੇ ਝੂਠੇ ਰਿਸ਼ਤਿਆਂ ਦੀ ਬਦੌਲਤ ਅਕਸਰ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਸਾਨੀਆ ਮਿਰਜ਼ਾ ਨੇ ਆਪਣੇ ਬਚਪਨ ਦੇ ਦੋਸਤ ਸੋਹਰਾਬ ਮਿਰਜ਼ਾ ਦੇ ਨਾਲ ਮੰਗਣੀ ਕੀਤੀ ਸੀ, ਜੋ ਬਹੁਤ ਜਲਦ ਕੱਚੇ ਤੰਦ ਵਾਂਗ਼ ਟੁੱਟ ਗਈ। ਇਸਦੇ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਸੀ ਕਿ ਉਹ ਹਾਲੇ ਆਪਣੀ ਖੇਡ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੀ ਹੈ, ਪ੍ਰੰਤੂ ਹਾਲੇ ਸਾਨੀਆ ਦੇ ਇਸ ਬਿਆਨ ਨੂੰ ਆਏ ਕੁੱਝ ਦਿਨ ਹੀ ਹੋਏ ਕਿ ਪਾਕਿਸਤਾਨ ਦੇ ਵਿੱਚ ਸ਼ੋਏਬ ਮਲਿਕ ਸਾਨੀਆ ਮਿਰਜ਼ਾ ਦੇ ਨਾਲ ਨਿਕਾਹ ਕਰਨਗੇ ਕਾਰਣ ਚਰਚਾ ਦਾ ਕੇਂਦਰ ਬਣ ਗਿਆ, ਗੱਲ ਕੁੱਝ ਸਮਝ ਤੋਂ ਪਰੇ ਲੱਗਦੀ ਹੈ।

ਸ਼ੋਏਬ ਮਲਿਕ ਵੀ ਕੋਈ ਘੱਟ ਨਹੀਂ ਹਨ, ਉਹਨਾਂ ਨੇ ਸਾਨੀਆ ਤੋਂ ਪਹਿਲਾਂ ਹੈਦਰਾਬਾਦੀ ਕੁੜੀ ਆਇਸ਼ਾ ਸਿੱਦੀਕੀ ਦੇ ਨਾਲ ਇੰਟਰਨੈੱਟ ਉੱਤੇ ਵਿਆਹ ਕੀਤਾ, ਅਤੇ ਉਸਨੂੰ ਤਲਾਕ ਵੀ ਦੇ ਦਿੱਤਾ। ਹੁਣ ਫਿਰ ਸ਼ੋਏਬ ਮਲਿਕ ਦਾ ਦਿਲ ਇੱਕ ਹੋਰ ਹੈਦਰਾਬਾਦੀ ਕੁੜੀ ਸਾਨੀਆ ਦੇ ਲਈ ਧੜਕ ਰਿਹਾ ਹੈ, ਆਖਿਰ ਸ਼ੋਏਬ ਮਲਿਕ ਨੂੰ ਹੈਦਰਾਬਾਦ ਦੇ ਨਾਲ ਐਨਾ ਪਿਆਰ ਕਿਵੇਂ ਹੋ ਗਿਆ, ਕਿਤੇ ਕਿਸੇ ਤੰਤਰਿਕ ਨੇ ਉਹਨਾਂ ਨੂੰ ਦੱਸ ਤਾਂ ਨਹੀਂ ਦਿੱਤਾ ਕਿ ਤੁਹਾਡਾ ਪਿਛਲੇ ਜਨਮ ਦਾ ਪਿਆਰ ਹੈਦਰਾਬਾਦ ਦੇ ਵਿੱਚ ਰਹਿੰਦਾ ਹੈ, ਜਿਸਦੇ ਕਾਰਣ ਉਹ ਹੈਦਰਾਬਾਦੀ ਕੁੜੀ ਨੂੰ ਆਪਣੀ ਬੇਗਮ ਬਣਾਉਣ ਦਾ ਖ਼ਾਬ ਦੇਖ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਿਸੇ ਵੇਲੇ ਵੀ ਨਾਜ਼ੁਕ ਮੋੜ੍ਹ ਉੱਤੇ ਆਕੇ ਖੜ੍ਹੇ ਹੋ ਜਾਂਦੇ ਹਨ, ਅਜਿਹੇ ਵਿੱਚ ਇਹਨਾਂ ਦੋਵਾਂ ਦਾ ਰਿਸ਼ਤਾ ਪ੍ਰਵਾਨ ਚੜ੍ਹਨਾ ਮੁਸ਼ਕਲ ਲੱਗਦਾ ਹੈ।

ਜੇਕਰ ਇਹ ਰਿਸ਼ਤਾ ਪ੍ਰਵਾਨ ਚੜ੍ਹ ਗਿਆ, ਤਾਂ ਹੋ ਸਕਦਾ ਹੈ ਕਿ ਭਾਰਤ ਪਾਕਿਸਤਾਨ ਦੇ ਰਿਸ਼ਤੇ ਵੀ ਇਹਨਾਂ ਦੋਵਾਂ ਦੇ ਰਿਸ਼ਤੇ ਵਾਂਗੂ ਸੁਖਦ ਮਾਰਗ ਤੋਂ ਹੁੰਦੇ ਹੋਏ ਬਹੁਤ ਹੀ ਮਧੁਰ ਹੋ ਜਾਣ। ਵੈਸੇ ਇਹਨਾਂ ਦੋਵਾਂ ਦਾ ਮਿਲਣ, ਦੋ ਦੇਸ਼ਾਂ ਦਾ ਮਿਲਣ ਹੋਵੇਗਾ, ਦੋ ਖੇਡਾਂ ਦਾ ਮਿਲਣ ਹੋਵੇਗਾ, ਵਿਆਹ ਵਰਗਾ ਰਿਸ਼ਤਾ ਬਣਾਕੇ ਤੋੜ੍ਹ ਚੁੱਕੇ ਦੋ ਮਨੁੱਖਾਂ ਦਾ ਮਿਲਣ ਹੋਵੇਗਾ।
 
ਧੰਨਵਾਦ ਸਹਿਤ-
ਕੁਲਵੰਤ ਹੈੱਪੀ