Thursday, December 31, 2009

ਹੁਣ ਮੋਰਨੀਆਂ ਕੌਣ ਪਾਉਂਦਾ ਐ

ਕੱਚੀਆਂ ਕੰਧਾਂ ਲਿਪ, ਹੁਣ ਮੋਰਨੀਆਂ ਕੌਣ ਪਾਉਂਦਾ ਐ
ਘਰ ਆਏ ਪ੍ਰਾਹੁਣਾ, ਤੇ ਜਲੇਬੀਆਂ ਕੌਣ ਮੰਗਵਾਉਂਦਾ ਐ

ਵਿਆਹ ਮੌਕੇ ਜੋੜ ਮੰਜੀਆਂ ਸਪੀਕਰ ਕੌਣ ਲਾਉਂਦਾ ਐ
ਆਰਕੈਸਟਰਾ ਦਾ ਜੋਰ ਬੜਾ, ਗਾਇਕ ਕੌਣ ਬੁਲਾਉਂਦਾ ਐ

ਪੱਬਾਂ ਦਾ ਸ਼ੌਕ ਪੈ ਗਿਆ, ਹੁਣ ਸੱਥ ਕਿਸਨੂੰ ਭਾਉਂਦਾ ਐ
ਇਸ਼ਕ ਪ੍ਰਫੈਸ਼ਨ ਹੋਇਆ, ਕੀਤੇ ਕੌਲ ਕੌਣ ਨਿਭਾਉਂਦਾ ਐ

ਮਤਲਬ ਦੇ ਯਾਰ ਨੇ ਸਭ, ਹੁਣ ਪੱਗ ਕੌਣ ਵਟਾਉਂਦਾ ਐ
ਹੁਣ ਵਾਰਾਂ, ਲੋਕ ਤੱਥ ਤੇ ਕਲੀਆਂ ਕਿਹੜਾ ਗਾਉਂਦਾ ਐ

ਦੀਏ ਕੱਟ ਕਲੋਨੀ ਬਾਪੂ, ਮੁੰਡਾ ਬਾਪੂ ਨੂੰ ਸਮਝਾਉਂਦਾ ਐ
ਫੇਰ ਵੇਖੀਂ ਪੈਸਾ ਬਾਪੂ ਕਿੱਦਾਂ ਥੱਬਿਆਂ ਦੇ ਥੱਬੇ ਆਉਂਦਾ ਐ

ਲਿਖਣ ਲਿਖਾਰੀ ਹੁਣ, ਜੋ ਗਾਇਕ ਦੇ ਪੈਸੇ ਲਿਖਾਉਂਦਾ ਐ
ਐਸੇ ਵਕਤ 'ਚ ਗੀਤ ਤੇਰੇ ਹੈਪੀ ਕੌਣ ਗਾਉਣਾ ਚਹੁੰਦਾ ਐ

Wednesday, December 30, 2009

ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਸ਼ਾਮ ਦਾ ਸੂਰਜ ਢੱਲਦਾ ਐ
ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿ ਤਾਰਿਆਂ ਦੀ ਛਾਵੇਂ
ਦਿਲ ਸਮਝਾਉਂਦਾ ਹਾਂ
ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਮਸ਼ੀਨਾਂ 'ਚ ਹੋਇਆ ਮਸ਼ੀਨਾਂ ਜਿਹਾ
ਸਭ ਹੁੰਦਿਆਂ ਵੀ ਯਤੀਮਾਂ ਜਿਹਾ
ਦਿਨ ਤਾਂ ਕੰਮੀਂ ਲੰਘਦਾ,
ਗਿਣ ਤਾਰੇ ਰਾਤ ਲਗਾਉਂਦਾ ਹਾਂ
ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਰਹਿ ਰਹਿ ਭੈਣ ਚੇਤੇ ਆਉਂਦੀ ਐ
ਕਦੇ ਮਾਂ ਬਾਪੂ ਦੀ ਯਾਦ ਰਵਾਉਂਦੀ ਐ
ਜਦ ਪੁੱਛਦਾ ਐ ਹਾਲ ਕੋਈ ਵਤਨੋਂ
ਝੂਠ ਮੂਠ ਦਾ ਮੁਸਕਰਾਉਂਦਾ ਹਾਂ
ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਦੇ ਕਿਨਾਰਿਆਂ ਤੋਂ ਪੁੱਛ
ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ
ਗਲੇ ਉਤਰੇ ਨਾ ਜੋ, ਟੁੱਕਾਂ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਤੇਰੀ ਗੂੰਗੀ ਤਸਵੀਰ ਕੋਲੋਂ ਪੁੱਛ
ਹੰਝੂਆਂ ਭਿੱਜੀ ਜੋ, ਲੀਰ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਸੋਹਣੇ ਚਿਹਰੇ

ਲਿਖਣ ਦਾ ਨਾ ਸੀ ਸ਼ੌਂਕ ਮੈਨੂੰ
ਇੱਕ ਸੋਹਣੇ ਚਿਹਰੇ ਨੇ
ਲਿਖਣ ਦੀ ਆਦਤ ਪਾ ਦਿੱਤੀ
ਦਿਲ ਦੇ ਜਜਬਾਤਾਂ ਨੇ
ਜਹਿਨ ਨੂੰ ਖਿਆਲ ਦਿੱਤੇ
ਹੱਥੀਂ ਕਲਮ ਥਮਾ ਦਿੱਤੀ

ਕਦੇ ਰੁਸਿਆ ਕਦੇ ਮੰਨਿਆ
ਹਰ ਰੋਜ ਫਲਸਫਾ ਨਵਾਂ
ਪੜਾਉਂਦਾ ਗਿਆ
ਗਲਤ ਸਨ ਜਾਂ ਸਹੀ ਸਨ
ਕਲਮ ਚੋਂ ਉਕਰੇ ਹਰਫ ਮੇਰੇ
ਬਸ ਉਹ ਸਲਾਹੁੰਦਾ ਗਿਆ.

ਚੰਗਾ ਨਹੀਂ ਹੁੰਦਾ

ਲੜ ਲੜ ਮੁਆਫੀ ਮੰਗਣੀ,
ਰੁੱਸ ਰੁੱਸ ਬਹਿਣਾ,
ਚੰਗਾ ਨਹੀਂ ਹੁੰਦਾ

ਹਰ ਵਾਰ ਗਲਤੀ ਖੁਦ ਕਰਨੀ,
ਦੋਸ਼ ਦੂਜੇ ਨੂੰ ਦੇਣਾ
ਚੰਗਾ ਨਹੀਂ ਹੁੰਦਾ,

ਪੇਪਰਾਂ ਵਿੱਚ ਨਾ ਪੜ੍ਹਨਾ,
ਪੋਹ ਮਹੀਨੇ ਠੰਢੇ ਪਾਣੀ ਤਰਨਾ,
ਚੰਗਾ ਨਹੀਂ ਹੁੰਦਾ,

ਓ ਤੋਂ ਜਦੋਂ ਇੱਲ ਆਵੇ ਨਾ,
ਤਦ ਨਕਲ ਕਿਸੇ ਦੀ ਕਰਨਾ,
ਚੰਗਾ ਨਹੀਂ ਹੁੰਦਾ,

ਐਵੇਂ ਪਾਗਲਾਂ ਜੋਬਨ ਰੁੱਤੇ
ਕਿਸੇ ਦੇ ਹਿਜਰ 'ਚ ਮਰਨਾ,
ਚੰਗਾ ਨਹੀਂ ਹੁੰਦਾ.

ਮੈਂ....

ਮੈਂ ਉਹ ਕਿਸ਼ਤੀ ਹਾਂ, ਜੋ ਉਡੀਕਦੀ ਐ ਬੁੱਲ੍ਹਿਆਂ ਨੂੰ
ਕਿਨਾਰਿਆਂ ਤੱਕ ਜਾਣ ਲਈ ਮਲਾਹ ਨਹੀਂ

ਮੈਂ ਝਾਂਜਰ ਹਾਂ ਉਸ ਮੁਟਿਆਰ ਦੇ ਪੈਰ ਦੀ 
ਮਾਹੀ ਦੂਰ ਜਿਹਦਾ, ਜਿਸ ਕੋਲੇ ਚਾਅ ਨਹੀਂ

ਮੈਂ ਅੰਬਰੋ ਟੁੱਟਿਆ ਇੱਕ ਸਿਤਾਰਾ ਹਾਂ
ਜਿਹਦੇ ਲਈ ਧਰਤੀ ਅੰਬਰ ਕੋਲ ਜਗ੍ਹਾ ਨਹੀਂ

ਮੌਸਮ ਵਾਂਗ ਰੁੱਖ ਬਦਲਦੇ ਲੋਕਾਂ ਤੇਰਾ ਕੀ ਹੋਣਾ
ਜਦੋਂ ਹੈਪੀ ਤੇਰਾ ਹੋਇਆ ਖੁਦਾ ਨਹੀਂ

ਇੱਕ ਅਜਨਬੀ ਮਿਲਿਆ

ਆਪਣਿਆਂ ਵਰਗਾ
ਗੂੜ੍ਹੀ ਨੀਂਦ 'ਚ ਵੇਖੇ
ਸਪਨਿਆਂ ਵਰਗਾ

ਕੋਲਾਂ ਜਾਵਾਂ ਤਾਂ ਦੂਰ ਨੂੰ ਨੱਸਦਾ ਐ
ਚੁੱਪ ਰਹਾਂ ਤਾਂ ਵਿਅੰਗ ਕੱਸਦਾ ਐ
ਫੁੱਲਾਂ ਤੋਂ ਸੋਹਣਾ ਲੱਗੇ, ਜਦ ਹੱਸਦਾ ਐ
ਵੇਖਾਂ ਨਜ਼ਰ ਚੁਰਾਵੇ, ਨਾ ਵੇਖਾਂ ਤੱਕਦਾ ਐ

ਲੜ੍ਹਦਾ ਵੀ ਐ, ਸ਼ਿਕਵੇ ਕਰਦਾ ਵੀ ਐ
ਮੂੰਹੋਂ ਨਿਕਲੀਆਂ ਗੱਲਾਂ ਫੜ੍ਹਦਾ ਵੀ ਐ
ਹੋਰਾਂ ਨਾਲ ਬੋਲਾਂ ਵੇਖਕੇ ਸੜ੍ਹਦਾ ਵੀ ਐ

ਉਸਨੂੰ ਪਾਕੇ ਵੀ ਖੁਸ਼ ਹਾਂ, ਨਾ ਜਾਣਾ ਕਿਉਂ
ਉਸਨੂੰ ਗੁਆਕੇ ਵੀ ਖੁਸ਼ ਹਾਂ, ਨਾ ਜਾਣਾ ਕਿਉਂ

ਜਦੋਂ ਭੁੱਲਣ ਦੀ ਕੋਸ਼ਿਸ ਕਰਦਾ ਹਾਂ
ਇੱਕ ਪਲ ਵਿੱਚ ਸੌ ਵਾਰੀ ਮਰਦਾ ਹਾਂ
ਓਹ ਕੀ ਜਾਣੈ ਮਰਜਾਣੀ ਕਿ
ਮੈਂ ਨਿੱਤ ਹਿਜਰਾਂ ਦੀ ਸੂਲੀ ਚੜ੍ਹਦਾ ਹਾਂ

ਖੁਸ਼ੀਆਂ ਦਾ ਸੂਰਜ ਉਗੇ ਉਹਦੇ ਵੇਹੜੇ,
ਸਾਨੂੰ ਗਮਾਂ ਦੀ ਰਾਤ ਚੰਗੀ
ਭਾਵੇਂ ਗੈਰਾਂ ਨਾਲ ਹੀ ਕਰਦੀ ਐ ਮਰਜਾਣੀ
ਸੁਣਨ ਨੂੰ ਮਿਲਦੀ ਬਾਤ ਚੰਗੀ.

ਕਮਲੀ ਵੱਜਾਂ

ਦਿਲ ਦੇ ਤਕਲੇ
ਤੰਦ ਇਸ਼ਕ ਤੇਰੇ ਦਾ ਪਾ ਬੈਠੀ
ਡਰਦੀ ਹਾਂ ਕਿਤੇ ਟੁੱਟ ਨਾ ਜਾਵੇ

ਉਮਰ ਨਿਆਣੀ ਕੱਤਣ ਬੈਠੀ
ਇਸ਼ਕ ਤੇਰੇ ਦੀ ਰੂੰ ਅੜਿਆ

ਨਾ ਤੰਦ ਟੁੱਟ, ਨਾ ਖਹਿੜਾ ਛੁੱਟ
ਮੇਹਰ ਰੱਖੀਂ ਤੂੰ ਅੜਿਆ

ਰੂੰ ਤੋਂ ਤੰਦ, ਤੰਦ ਬਣੇ ਚਾਦਰ
ਚਾਦਰ ਦੇ ਨਾਲ ਖੁਦ ਨੂੰ ਕੱਜਾਂ

ਤੂੰ ਮੁਸ਼ਰਦ ਮੇਰਾ,
ਮੈਂ ਤੇਰੀ ਕਮਲੀ ਵੱਜਾਂ

ਮੁੜ ਮੁੜ ਚੇਤੇ ਆਵੇ

ਓ ਮਾਂ ਦੀ ਲੋਰੀ, ਬਾਪੂ ਦੀ ਘੂਰੀ
ਦੁੱਧ ਦਾ ਛੰਨਾ, ਗੁੜ੍ਹ ਦੀ ਚੂਰੀ
ਮੁੜ-ਮੁੜ ਚੇਤੇ ਆਵੇ

ਓ ਪਿੰਡ ਦਾ ਸੱਥ, ਯਾਰਾਂ ਦੀ ਟਾਣੀ
ਜੇਠ ਹਾੜ੍ਹ ਮਹੀਨਾ, ਬੰਬੀ ਦਾ ਪਾਣੀ
ਮੁੜ ਮੁੜ ਚੇਤੇ ਆਵੇ

ਓ ਰੁੱਖ ਦੀ ਛਾਂ, ਸਿਖਰ ਦੁਪਹਿਰਾ
ਪਿੰਡ ਦੀ ਫਿਰਨੀ, ਠੀਕਰੀ ਪਹਿਰਾ
ਮੁੜ ਮੁੜ ਚੇਤੇ ਆਵੇ

ਕੱਬਡੀ ਦਾ ਮੈਦਾਨ, ਪੈਹਲਾਂ ਪਾਉਂਦੇ ਜਵਾਨ
ਹਾੜੀ ਦਾ ਜੋਰ, ਲੋਹੜਿਆਂ ਦੀ ਥਕਾਨ
ਮੁੜ ਮੁੜ ਚੇਤੇ ਆਵੇ

ਹੀਰ ਰਾਂਝਾ


ਲੱਗੀ ਲਾਗ ਇਸ਼ਕ ਦੀ
ਛੱਡਿਆ ਤਖ਼ਤ ਹਜ਼ਾਰਾ
ਸਿਆਲੀ ਆ ਬੈਠਾ
ਛੱਡ ਸਰਦਾਰੀ ਮਾਪਿਆਂ ਬਾਰਾ

ਮੇਲ ਹੀਰ ਜੱਟੀ ਸੰਗ ਹੋਇਆ
ਨੈਣ ਲੜ੍ਹੇ ਆਪੇ
ਰਾਂਝਾ ਚਾਰੇ ਮੱਝੀਆਂ
ਹੀਰ ਚਾਰਦੀ ਮਾਪੇ

ਜੱਟ ਦੀ ਵਾਂਝਲੀ,
ਹੀਰ ਦੀ ਚੂਰੀ,
ਛੁਪੀ ਨਾ ਜੱਗ ਕੋਲੋਂ
ਹੀਰ ਰਾਂਝਾ ਵੀ ਨਾ ਬਚ ਸਕੇ
ਬ੍ਰਿਹੋਂ ਦੀ ਅੱਗ ਕੋਲੋਂ

ਹੀਰ ਹੋਈ ਖੇੜਿਆਂ ਦੀ
ਰਾਂਝਾ ਟਿੱਲੇ ਜਾ ਬੈਠਾ
ਇੱਕ ਦਿਨ ਮੰਗਦਾ ਖੈਰ
ਹੀਰ ਦੁਆਰੇ ਆ ਬੈਠਾ

ਹਸ਼ਰ ਦਾ ਯਾਰ ਵੇਖ ਰੋਈਆਂ ਅੱਖੀਆਂ
ਯਾਰ ਦੇ ਗਮ ਗਿੱਲੀਆਂ ਹੋਈਆਂ ਅੱਖੀਆਂ

ਕੀ ਦੱਸੀਏ

ਆਪ ਮੁਹਾਰੇ ਲੈ ਫੈਸਲੇ, ਰੋਈਏ ਜਾਂ ਹੱਸੀਏ
ਦੁੱਖੀ ਬੜਾ ਮਨ ਸੱਜਣਾ, ਤੈਨੂੰ ਕੀ ਦੱਸੀਏ

ਜਿੱਦਣ ਦਾ ਛੱਡਿਆ ਸ਼ਹਿਰ ਤੇਰਾ
ਲੱਗਦੈ ਜੱਗ ਘੁੱਪ ਹਨੇਰਾ
ਪਤਾ ਨੀਂ ਕਦ ਸ਼ਾਮ ਢਲੇ ਕਦ ਚੜ੍ਹੇ ਸਵੇਰਾ
ਦਿਲ ਮੰਗਦਾ ਐ ਦਰਸ਼ਨ ਤੇਰਾ ਨੀ ਸਾਹੀਂ ਵੱਸੀਏ
ਦੁੱਖੀ ਬੜਾ ਮਨ ਸੱਜਣਾ, ਤੈਨੂੰ ਕੀ ਦੱਸੀਏ

ਕਦੇ ਤਸਵੀਰ ਤੇਰੀ, ਕਦੇ ਤਾਰੇ ਵੇਖਾਂ
ਖੁਦ ਬਾਲ ਹੱਡਾਂ ਨੂੰ, ਅੱਗ ਬ੍ਰਿਹੋਂ ਦੀ ਸੇਕਾਂ
ਹਰ ਅਸੀਂ ਹੈਪੀ ਬ੍ਰਿਹੋਂ ਦੀ ਅੱਗ ਵਿੱਚ ਮੱਚੀਏ
ਦੁੱਖੀ ਬੜਾ ਮਨ ਸੱਜਣਾ, ਤੈਨੂੰ ਕੀ ਦੱਸੀਏ

ਕਦ ਕਿਸੇ ਨੇ ਤੱਕਿਆ

ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ
ਕਦ ਕਿਸੇ ਨੇ ਤੱਕਿਆ

ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ.
ਕਦ ਕਿਸੇ ਨੇ ਤੱਕਿਆ

ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ
ਹੈਪੀ ਤੇ ਝੁੱਲਦੇ ਹੋਏ ਤੂਫਾਨਾਂ ਨੂੰ
ਕਦ ਕਿਸੇ ਨੇ ਤੱਕਿਆ

ਇੱਕ ਵਾਰ

ਇੱਕ ਵਾਰ ਦਾ ਮਰਨਾ ਸੌਖਾ ਹੈ
ਪਲ ਪਲ ਮਰਨ ਨਾਲੋਂ

ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ

ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ

ਗੱਲ ਮੂੰਹ 'ਤੇ ਆਖੀ ਚੰਗੀ ਹੈਪੀ
ਅੰਦਰੋਂ ਅੰਦਰੀ ਸੜ੍ਹਨ ਨਾਲੋਂ

ਸੱਸੀ

ਮੈਂ ਕਮਲੀ, ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਲੱਭਿਆ ਸੀ ਜੋ, ਸੋਹਣਾ ਯਾਰ ਗੁਆ ਬੈਠੀ

ਗਮ ਝੱਲੀ ਲੱਭਦੀ ਯਾਰ ਨੂੰ ਸੱਸੀ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ,
ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਹੌਸਲਾ ਨਾ ਹਾਰਦੀ ਐ

ਡਿੱਗਦੀ ਢਹਿੰਦੀ,
ਉੱਠਦੀ ਬਹਿੰਦੀ
ਸੱਸੀ ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ,
ਸਾਹ ਮੁੱਕ ਗਏ,
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ

ਮਾਂ ਨਈ ਲੱਭਣੀ

ਅੰਤਾਂ ਦੇ ਲਾਡ ਲਾਉਂਦੀ ਸੀ
ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ

ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ
ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ

ਲੱਖਾਂ ਦੁੱਖ ਝੱਲਦੀ
ਫਿਰ ਵੀ ਕਦੇ ਮੱਥੇ ਵੱਟ ਨਾ ਪਾਉਂਦੀ
ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ

ਓਹਦੀ ਬੁੱਕਲ ਵਰਗੀ
ਦੁਨੀਆ ਤੇ ਨਿੱਘੀ ਥਾਂ ਨਈ ਲੱਭਣੀ

ਉਹਦੇ ਪੱਲੇ ਵਰਗੀ
ਦੁਨੀਆਂ ਤੇ ਸੰਘਣੀ ਛਾਂ ਨਈ ਲੱਭਣੀ

ਕਦਰ ਕਰੋਂ ਮਾਵਾਂ ਦੀ
ਜੇ ਕਿਧਰ ਖੋਈ ਮੁੜ ਮਾਂ ਨਈ ਲੱਭਣੀ

ਵਾਰੇ ਜਾਵਾਂ

ਲੱਖਾਂ ਗਏ, ਲੱਖਾਂ ਆਏ
ਕਈਆਂ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਦੇ
ਆਪਣੇ ਤੋਂ ਸੋਹਣਾ ਮੈਨੂੰ ਯਾਰ ਦਿੱਤਾ

ਕੱਬਡੀ ਦਾ ਮੈਦਾਨ

ਖੁੱਲ੍ਹਾ ਮੈਦਾਨ
ਚਾਰ ਚੁਫ਼ੇਰੇ ਰੱਸੀਆਂ ਦੀ ਵਾੜ
ਪਿੱਛੇ ਬੈਠੇ ਕੁੱਝ ਨੌਜਵਾਨ
ਕੁੱਝ ਬਜ਼ੁਰਗ ਸਿਆਣੇ ਬੰਦੇ

ਪੈਂਦੀ ਵਿੱਚ ਮੈਦਾਨ ਕੱਬਡੀ
ਵੇਖਣ ਆਏ ਲੋਕੀਂ
ਛੱਡ ਆਪਣੇ ਕੰਮ ਧੰਦੇ

ਸਰੂ ਜਿਹਾ ਕੱਦ, ਬੋਤਲ ਵਰਗੀਆਂ ਪਿੰਝਣੀਆਂ
ਲਾਲ ਨਿੱਕਰ ਖੱਟੀਆਂ ਧਾਰੀਆਂ
ਮੁੰਡਿਆ ਚੱਲਿਆ ਰੇਡ ਤੇ
ਆਵਾਜ਼ ਸਪੀਕਰ 'ਚੋਂ ਆਉਂਦੀਏ

ਵੇਖੋ ਉੱਧਰ ਕਿਵੇਂ
ਸਟੋਪਰ ਪੱਟਾਂ ਤੇ ਹੱਥ ਪਏ ਮਾਰਦੇ ਨੇ
ਜਦੋਂ ਕੁੰਡੀਆਂ ਦੇ ਸਿੰਗ ਫੱਸਦੇ
ਖੇਡ ਉਦੋਂ ਮਨਾਂ ਨੂੰ ਭਾਉਂਦੀਏ

ਰੇਡਰ ਕਹੇ ਫੜ ਮੈਨੂੰ
ਸਟੋਪਰ ਕਹੇ ਜਾਣ ਨਹੀਂ ਦੇਣਾ
ਦੋਨੋਂ ਆਪਣੇ ਆਪਣੇ ਪੈਂਤਰੇ ਪਏ ਲੜ੍ਹਾਉਂਦੇ ਨੇ

ਥੱਪੋਥੱਪੜੀ ਹੁੰਦੇ ਸ਼ੇਰ ਜਦੋਂ
ਬੈਠੇ ਲੋਕੀਂ ਬਾਹਰ
ਵੇਖ ਹੈਪੀ ਤਾੜੀਆਂ ਪਏ ਵਜਾਉਂਦੇ ਨੇ