Sunday, March 14, 2010

ਆਮਿਰ ਖ਼ਾਨ ਦੀ ਸਫ਼ਲਤਾ ਪਿੱਛੇ ਕੀ-ਕੀ?

ਤਾਰੇ ਜਮੀਂ ਪਰ' ਅਤੇ 'ਥ੍ਰੀ ਇਡੀਅਟਸ' ਦੇ ਵਿੱਚ ਦੇਸ਼ ਦੇ ਸਿੱਖਿਆ ਸਿਸਟਮ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਆਮਿਰ ਖਾਨ ਨੂੰ ਵੱਡੇ ਪਰਦੇ ਉੱਤੇ ਸਭਨਾਂ ਨੇ ਵੇਖਿਆ ਹੋਵੇਗਾ। ਇਹਨਾਂ ਦੋਵਾਂ ਫਿਲਮਾਂ ਦੀ ਅਪਾਰ ਸਫ਼ਲਤਾ ਨੇ ਜਿੱਥੇ ਆਮਿਰ ਖਾਨ ਦੇ ਇੱਕ ਕਲਾਕਾਰ ਰੂਪੀ ਕਦ ਨੂੰ ਹੋਰ ਉੱਚਾ ਕੀਤਾ ਹੈ, ਉੱਥੇ ਹੀ ਆਮਿਰ ਖਾਨ ਦੇ ਗੰਭੀਰ ਅਤੇ ਸੰਜੀਦਾ ਹੋਣ ਦੇ ਸੰਕੇਤ ਵੀ ਦਿੱਤੇ ਹਨ।

ਇਹਨਾਂ ਦੋਵਾਂ ਫਿਲਮਾਂ ਦੇ ਵਿੱਚ ਆਮਿਰ ਖਾਨ ਦਾ ਕਿਰਦਾਰ ਅਲੱਗ ਅਲੱਗ ਸੀ। ਜੇ "ਤਾਰੇ ਜਮੀਂ ਪਰ" ਵਿੱਚ ਆਮਿਰ ਇੱਕ ਅਦਾਰਸ਼ ਟੀਚਰ ਸੀ ਤਾਂ ਫਿਲਮ "ਥ੍ਰੀ ਇਡੀਅਟਸ" ਵਿੱਚ ਇੱਕ ਅਨੋਖਾ ਵਿਦਿਆਰਥੀ ਸੀ, ਜੋ ਕੁੱਝ ਵੱਖਰਾ ਕਰਨਾ ਚਾਹੁੰਦਾ ਸੀ। ਇਹਨਾਂ ਕਿਰਦਾਰਾਂ ਵਿੱਚ ਜੇਕਰ ਕੁੱਝ ਸਮਾਨਤਾ ਨਜ਼ਰ ਆਈ ਤਾਂ ਇੱਕ ਜਾਗਰੂਕ ਵਿਅਕਤੀ ਦਾ ਸੁਭਾਅ, ਕੁੱਝ ਲੀਹ ਤੋਂ ਹੱਟਕੇ ਸੋਚਣ ਦੀ ਆਦਤ। ਇਹਨਾਂ ਦੋਵਾਂ ਕਿਰਦਾਰਾਂ ਵਿੱਚ ਸਿੱਖਿਆ ਸਿਸਟਮ ਉੱਤੇ ਸਵਾਲੀਆ ਨਿਸ਼ਾਨ ਲਗਾਉਣ ਵਾਲੇ ਆਮਿਰ ਖਾਨ ਅਸਲ ਜਿੰਦਗੀ ਵਿੱਚ ਕੇਵਲ 12ਵੀਂ ਪਾਸ ਹਨ। ਇਹ ਗੱਲ ਜਾਣਕੇ ਸ਼ਾਇਦ ਤੁਹਾਨੂੰ ਸਭ ਨੂੰ ਹੈਰਾਨੀ ਹੋਵੇ, ਪ੍ਰੰਤੂ ਇਹ ਹਕੀਕਤ ਹੈ।

ਆਮਿਰ ਖਾਨ ਨੇ ਆਪਣਾ ਕੱਦ ਐਨਾ ਉੱਚਾ ਕਰ ਲਿਆ ਹੈ ਕਿ ਕੋਈ ਪੁੱਛਣ ਦੀ ਹਿੰਮਤ ਵੀ ਨਹੀਂ ਕਰ ਸਕਦਾ ਕਿ ਤੁਸੀਂ ਕਿੰਨੇ ਪੜ੍ਹੇ ਹੋ, ਸ਼ਾਇਦ ਇਹ ਸਵਾਲ ਉਹਨਾਂ ਦੀ ਕਾਬਲੀਅਤ ਨੂੰ ਵੇਖਦਿਆਂ ਕਿਤੇ ਘੁੰਮ ਹੋ ਜਾਂਦਾ ਹੈ। ਕਦੇ ਕਦੇ ਲੱਗਦਾ ਹੈ ਕਿ ਆਮਿਰ ਖਾਨ ਨੇ ਦੇਸ਼ ਦੇ ਸਿੱਖਿਆ ਸਿਸਟਮ ਤੋਂ ਤੰਗ ਆਕੇ ਹੀ ਅੱਗੇ ਦੀ ਪੜ੍ਹਾਈ ਵੱਲ ਰੁੱਚੀ ਨਹੀਂ ਵਿਖਾਈ ਜਾਂ ਫਿਰ ਉਸਨੇ ਜਿੰਦਗੀ ਦੀ ਪਾਠਸ਼ਾਲਾ ਤੋਂ ਐਨਾ ਕੁੱਝ ਸਿੱਖ ਲਿਆ, ਹੋਰ ਕੁੱਝ ਸਿੱਖਣ ਦੀ ਜ਼ਰੂਰਤ ਮਹਿਸੂਸ ਨਾ ਹੋਈ।

ਏਦਾਂ ਨਹੀਂ ਕਿ ਆਮਿਰ ਖਾਨ ਨੂੰ ਪੜ੍ਹਣ ਦਾ ਸ਼ੌਂਕ ਨਹੀਂ ਸੀ, ਆਮਿਰ ਖਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਘਰ ਪਹੁੰਚਦਿਆਂ ਸਭ ਤੋਂ ਪਹਿਲਾਂ ਟੀਵੀ ਰਿਮੋਟ ਨਹੀਂ ਕਿਤਾਬ ਚੁੱਕੇ ਹਨ, ਉਹ ਗੱਲ ਵੱਖਰੀ ਹੈ ਕਿ ਉਹ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਨਹੀਂ। ਜੇਕਰ ਅੱਜ ਆਮਿਰ ਇੱਕ ਸਫ਼ਲ ਅਭਿਨੇਤਾ, ਫਿਲਮ ਨਿਰਮਾਤਾ, ਫਿਲਮ ਨਿਰਦੇਸ਼ਕ ਹੈ, ਤਾਂ ਇਸ ਵਿੱਚ ਉਸਦੀ ਸਕੂਲੀ ਪੜ੍ਹਾਈ ਨਹੀਂ ਬਲਕਿ ਉਹ ਕਿਤਾਬਾਂ ਹਨ, ਜੋ ਉਸਨੇ ਛੇ ਸਾਲ ਦੀ ਉਮਰ ਤੋਂ ਲੈਕੇ ਹੁਣ ਤੱਕ ਪੜ੍ਹੀਆਂ।

ਸਫ਼ਲਤਾ ਦੀ ਜਿਸ ਸ਼ਿਖਰ ਉੱਤੇ ਆਮਿਰ ਖਾਨ ਅੱਜ ਪੁੱਜ ਚੁੱਕਿਆ ਹੈ, ਉੱਥੇ ਪਹੁੰਚਦਿਆਂ ਬਹੁਤ ਸਾਰੇ ਵਿਅਕਤੀ ਜਮੀਨ ਛੱਡ ਦਿੰਦੇ ਹਨ, ਪੈਸੇ ਅਤੇ ਸ਼ੋਹਰਤ ਦੇ ਘੁੰਮਡ ਵਿੱਚ ਸਭ ਕੁੱਝ ਖੋਹ ਬਹਿੰਦੇ ਹਨ, ਪਰੰਤੂ ਜਿੰਦਗੀ ਦੀ ਅਸਲ ਪਾਠਸ਼ਾਲਾ ਦੇ ਵਿੱਚ ਪੜ੍ਹਿਆ ਆਮਿਰ ਇਸ ਲਈ ਬਰਕਰਾਰ ਹੈ ਕਿ ਉਸਨੇ ਨਾ ਤਾਂ ਕਦੇ ਘੁੰਮਡ ਕੀਤਾ ਅਤੇ ਨਾਹੀਂ ਕਦੇ ਜਮੀਂ ਛੱਡੀ।

ਆਮਿਰ ਆਪਣੇ ਕਿਰਦਾਰਾਂ ਦੇ ਵਿੱਚ ਇਸ ਤਰ੍ਹਾਂ ਢੱਲ ਜਾਂਦਾ ਹੈ, ਜਿਵੇਂ ਉਹ ਅਸਲ ਜਿੰਦਗੀ ਦੇ ਵਿੱਚ ਹੀ ਉਹਨਾਂ ਕਿਰਦਾਰਾਂ ਨੂੰ ਜੀਅ ਰਿਹਾ ਹੋਵੇ। ਇਸ ਤਰ੍ਹਾਂ ਦਾ ਢੱਲਣਾ ਉਸ ਵਿਅਕਤੀ ਦੇ ਬੱਸ ਵਿੱਚ ਹੀ ਹੋ ਸਕਦਾ ਹੈ, ਜੋ ਮਹਾਵੀਰ ਦੇ ਉਸ ਕਥਨ ਨੂੰ ਜਾਣਦਾ ਹੋਵੇ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੁੱਝ ਸਿੱਖਣਾ ਹੈ ਤਾਂ ਆਪਣੇ ਦਿਮਾਗ ਦਾ ਬਰਤਨ ਪੂਰੀ ਤਰ੍ਹਾਂ ਖਾਲੀ ਕਰ ਲਵੋ।

ਆਮਿਰ ਖਾਨ ਦੇ ਕਿਰਦਾਰਾਂ ਵਿੱਚ ਦੁਹਰਾਅ ਨਾਂਅ ਦੀ ਚੀਜ਼ ਅੱਜ ਤਾਂ ਨਹੀਂ ਵੇਖਣ ਨੂੰ ਮਿਲੀ। ਇਹ ਇਸ ਵੱਲ ਹੀ ਸੰਕੇਤ ਕਰਦੀ ਹੈ ਕਿ ਆਮਿਰ ਖਾਨ ਕੁੱਝ ਨਵਾਂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਖਾਲੀ ਕਰ ਲੈਂਦਾ ਹੈ, ਅਤੇ ਫਿਰ ਨਵੀਂ ਚੀਜ਼ ਨੂੰ ਗ੍ਰਹਿਣ ਕਰਦਾ ਹੈ। ਕਦੇ ਕਦੇ ਮੈਨੂੰ ਆਮਿਰ ਖਾਨ ਦੀ ਸਪੱਸ਼ਟਵਾਦੀ ਨੀਤੀ ਵੀ ਉਸਦੀ ਸਫ਼ਲਤਾ ਦਾ ਮੁੱਖ ਹਿੱਸਾ ਨਜ਼ਰ ਆਉਂਦੀ ਹੈ, ਉਸਨੂੰ ਕਈ ਪ੍ਰੋਗ੍ਰੋਮਾਂ ਵਿੱਚ ਮੀਡੀਆ ਦੇ ਨਾਲ ਗੱਲਾਂ ਕਰਦਿਆਂ ਵੇਖਿਆ ਹੈ, ਉਸਦੀਆਂ ਗੱਲਾਂ ਵਿੱਚ ਸਪੱਸ਼ਟਤਾ ਦਾ ਭਾਵ ਪੂਰੀ ਤਰ੍ਹਾਂ ਹੁੰਦਾ ਹੈ। ਉਸਦੀ ਸਪੱਸ਼ਟਵਾਦੀ ਨੀਤੀ ਹੀ ਹੈ, ਜੋ ਉਸਨੂੰ 44 ਸਾਲ ਦੀ ਉਮਰ ਵਿੱਚ ਵੀ ਨੌਜਵਾਨ ਬਣਾਏ ਹੋਏ ਹੈ। ਕਿਸੇ ਵਿਚਾਰਕ ਨੇ ਲਿਖਿਆ ਹੈ ਕਿ ਸਪੱਸ਼ਟਵਾਦੀ ਨੀਤੀ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ।

ਧੰਨਵਾਦ
ਕੁਲਵੰਤ ਹੈਪੀ

No comments: