Saturday, July 11, 2015

ਮੇਰੇ ਦਰਦ

ਮੇਰੇ ਦਰਦ @ ਕੁਲਵੰਤ ਹੈਪੀ

ਮੇਰੇ ਦਰਦ ਨੂੰ ਕਲਮ, ਕਲਮ ਨੂੰ ਜਦ ਮੁਕੰਮਲ ਬਾਜ਼ਾਰ ਮਿਲ ਜਾਵੇਗਾ
21ਵੀਂ ਸਦੀ ਨੂੰ ਮੇਰੇ ਵਿੱਚੋਂ ਵੀ ਸ਼ਿਵ ਜਿਹਾ ਕੋਈ ਫਨਕਾਰ ਮਿਲ ਜਾਵੇਗਾ

ਪਹਿਲੀ ਨਜ਼ਰੇ ਲੱਗਦਾ ਹਾਂ ਮੈਂ ਬੇਫ਼ਿਕਰ ਮਨਮੌਜੀ ਬੇਪਰਵਾਹ ਜਿਹਾ
ਕੁੱਝ ਦਿਨ ਠਹਿਰ ਮੇਰੇ ਨਾਲ ਇੱਥੇ ਵੀ ਕੋਈ ਦੁਨਿਆਦਾਰ ਮਿਲ ਜਾਵੇਗਾ

ਹਾਲੇ ਹਾਂ ਮੈਂ ਅਣਘੜਤ ਪੱਥਰ ਜਿਹਾ ਹਾਂ, ਜਿਸ ਦਿਨ ਤਰਾਸਿਆ ਗਿਆ,
ਉਸ ਦਿਨ ਮੇਰੇ 'ਚੋਂ ਵੀ ਤੈਨੂੰ ਕੋਈ ਪਾਤਰ ਪਾਸ਼ ਜਗਤਾਰ ਮਿਲ ਜਾਵੇਗਾ

ਰੁਮਾਨੀ ਸੁਭਾਅ ਮੇਰਾ, ਲਿਖਦਾ ਹਾਂ ਗੀਤ ਮੁਹੱਬਤ ਦੇ, ਜੇ ਕਦੇ ਭੀੜ ਪਈ
ਮੇਰੇ ਅੰਦਰ ਵੀ ਇਨਕਲਾਬੀ ਭਗਤ ਸਿੰਘ ਜਿਹਾ ਸਰਦਾਰ ਮਿਲ ਜਾਵੇਗਾ

ਹਾਲੇ ਇੱਕ ਤਰਫ਼ ਬਿਆਨ ਮੇਰਾ ਮੇਰੇ ਉੱਤੇ ਉੱਠਣ ਦਿਓ ਕੁੱਝ ਉਂਗਲਾਂ ਨੂੰ
ਯਕੀਨ ਮੰਨਿਓ ਮੇਰੇ ਵਿੱਚ ਵੀ ਕੋਈ ਨਾ ਕੋਈ ਗੁਨਾਹਗਾਰ ਮਿਲ ਜਾਵੇਗਾ

ਬਸ ਕਿਧਰੇ ਮਿਲ ਜਾਵੇ ਕੋਈ ਢੁਕਵੀਂ ਮਿੱਠੀ ਜਿਹੀ ਆਵਾਜ਼ ਮੇਰੇ ਗੀਤਾਂ ਨੂੰ
ਫੇਰ ਆਮ ਜਿਹੇ ਇਸ ਮੁੰਡੇ ਵਿੱਚ ਵੀ ਕੋਈ ਨਾਮੀ ਗੀਤਕਾਰ ਮਿਲ ਜਾਵੇਗਾ

#punjab84  

ਧੰਨਵਾਦ ਸਹਿਤ- ਕੁਲਵੰਤ ਹੈੱਪੀ
Share |