Monday, January 4, 2010

ਉਡੀਕਾਂ ਤੇਰੀਆਂ

ਨਾ ਕਦੇ ਗਜ਼ਲ ਲਿਖੀ,
ਨਾ ਕਦੇ ਗੀਤ ਲਿਖਿਆ,
ਬੱਸ ਤੇਰਿਆਂ ਖ਼ਤਾਂ ਨੂੰ ਹੀ
ਤੋੜ੍ਹ ਮਰੋੜ੍ਹ ਸੁਣਾਉਂਦਾ ਰਿਹਾ ਤੈਨੂੰ

ਤੈਨੂੰ ਯਾਦ ਹੋਣਾ, ਤੇਰਾ ਓ ਪਹਿਲਾ ਖ਼ਤ
ਲਿਖਿਆ ਸੀ ਜਿਸ ਵਿੱਚ ਤੂੰ
ਪਾਈ ਸੀ ਜਦ ਪਹਿਲੀ ਵਾਰ ਗਲਵੱਕੜੀ
ਲੱਗਿਆ ਸੀ ਜਿਵੇਂ ਕਾਇਨਾਤ ਆ ਗਈ ਬਾਂਹਾਂ ਵਿੱਚ
ਭੁੱਲ ਗਈ ਸਾਂ ਜੱਗ ਨੂੰ, ਰੱਬ ਨੂੰ
ਛਿੜੀ ਸੀ ਕੰਬਣੀ, ਚਮਕ ਅਜੀਬ ਸੀ ਨਿਗਾਹਾਂ ਵਿੱਚ
ਚੰਗਾ ਲੱਗਦਾ ਐ ਚੰਨਣੀ ਰਾਤੇ ਤੁਰਨਾ
ਹੱਥ ਫੜ੍ਹ ਤੇਰਾ
ਕੱਚੀਆਂ ਸੁੰਨੀਆਂ ਪਿੰਡ ਦੀਆਂ ਰਾਹਾਂ ਵਿੱਚ

ਜੋ ਤੈਨੂੰ ਮੈਂ ਸੁਣਾਇਆ ਓਹ ਤੇਰਾ ਸੀ
ਸੱਚ ਜਾਣੀ ਕੁੱਝ ਵੀ ਨਾ ਮੇਰਾ ਸੀ

ਦੂਜੇ ਖ਼ਤ ਵਿੱਚ ਲਿਖਿਆ ਸੀ ਤੈਂ
ਦੂਰ ਤੇਰੇ ਕੋਲ ਬੈਠੀ,
ਰਾਤੀ ਪੁੱਛਾਂ ਚੰਨ ਕੋਲ ਹਾਲ ਤੇਰਾ
ਕਿਵੇਂ ਕੱਟਦਾ ਐ ਦਿਨ ਮੇਰੇ ਬਿਨ੍ਹ
ਸ਼ਾਇਦ ਇਹੋ ਸੀ ਸਵਾਲ ਤੇਰਾ
ਤੇਰੀਆਂ ਉਂਗਲਾਂ ਨੂੰ ਚੰਨਾ ਮਿਸ ਕਰਦਾ ਐ
ਹੁਣ ਕੱਲਾ ਕੱਲਾ ਵਾਲ ਮੇਰਾ


ਜੋ ਤੈਨੂੰ ਮੈਂ ਸੁਣਾਇਆ ਓਹ ਤੇਰਾ ਸੀ
ਸੱਚ ਜਾਣੀ ਕੁੱਝ ਵੀ ਨਾ ਮੇਰਾ ਸੀ

ਕੁੱਝ ਦਿਨ ਪਹਿਲਾਂ
ਕਿਤਾਬਾਂ ਵਿੱਚੋਂ ਮਿਲਿਆ
ਇੱਕ ਖ਼ਤ ਤੇਰਾ
ਸ਼ਾਇਦ ਮੈਨੂੰ ਬਿਨ੍ਹਾਂ ਦੱਸੇ ਗਈ ਸੈਂ ਰੱਖ ਤੂੰ
ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਹੋਵਾਂ
ਤੇਰੀ ਬਣਕੇ ਰਹਾਂਗੀ ਜਾਨੋਂ ਪਿਆਰਿਆ
ਤੈਨੂੰ ਤੇਰੀ ਸੰਗ ਨੇ,
ਤੇ ਮੈਨੂੰ ਮੇਰੀ ਘਰਦੀ ਗਰੀਬੀ ਮਾਰਿਆ
ਲਿਖਿਆ ਸੀ ਉਸ ਖ਼ਤ ਵਿੱਚ ਤੂੰ

ਹੁਣ ਅੰਤ ਵਿੱਚ ਆਖਾਂ ਤੈਨੂੰ
ਜਿੱਥੇ ਵੀ ਹੈਂ, ਮੁੜ੍ਹ ਆ
ਹਾਲੇ ਵੀ ਉਡੀਕਾਂ ਤੇਰੀਆਂ
ਤੈਨੂੰ ਵੇਖਣ ਲਈ ਸਲਾਮਤ
ਨਜ਼ਰਾਂ ਨੇ ਮੇਰੀਆਂ