ਕਾਹਨੂੰ ਕਰੇਂ ਤੂੰ ਰੋਸ ਗਿਲ੍ਹਾ ਸ਼ਿਕਵਾ ਸੱਜਣਾ
ਹੋਣੀ ਦੇ ਝੱਖੜ੍ਹ ਕਈ ਵਾਰੀ ਝੁੱਲ ਜਾਂਦੇ ਨੇ
ਅੰਬਰੀਂ ਜਦੋਂ ਗੁਬਾਰ ਜਿਹਾ ਚੜ੍ਹ ਜਾਂਦਾ ਐ
ਵੱਡੇ ਵੱਡੇ ਤਾਰੇ ਇਸ ਵਿੱਚ ਰੁੱਲ ਜਾਂਦੇ ਨੇ
ਮਿੱਟੀ ਹੈ ਇਹ ਜਿਸਮ 'ਤੇ ਸਭ ਮਿੱਟੀ ਹੈ
ਪਤਾ ਨਈ ਕਾਹਤੋਂ ਇਹ ਲੋਕੀ ਭੁੱਲ ਜਾਂਦੇ ਨੇ
ਐਵੇਂ ਕਿਉਂ ਨਿਰਾਸ਼ ਜਿਹਾ ਤੂੰ ਫਿਰਦਾ ਐਂ
ਇੱਕ ਬੰਦ ਹੋਇਆ ਬੂਹਾ, ਪਰ ਸੋ ਖੁੱਲ੍ਹ ਜਾਂਦੇ ਨੇ
ਮੇਰੀਆਂ ਭਰੀਆਂ ਅੱਖਾਂ ਵੇਖਕੇ ਨਾ ਡਰ ਤੂੰ
ਬਹੁਤਾ ਭਰਕੇ ਸਾਗਰ ਵੀ ਉੱਛਲ ਜਾਂਦੇ ਨੇ
ਐਵੇਂ ਨਾ ਹਰ ਇੱਕ ਨੂੰ ਆਪਣਾ ਸਮਝ ਜਿੰਦੇ
ਭੁੱਲ ਭੁਲੇਖੇ ਪੱਥਰ ਮੋਤੀਆਂ ਸੰਗ ਤੁਲ ਜਾਂਦੇ ਨੇ
ਮਨਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ