Thursday, March 18, 2010

ਸੰਗੀਤਕ ਦਰਿਆ ਦਾ ਪਾਣੀ ਨਿਤਰਿਆ


ਮੈਂ ਪਿਛਲੇ ਦਿਨੀਂ ਪੰਜਾਬ ਹੋਕੇ ਆਇਆ। ਪੰਜਾਬ ਦਾ ਰਹਿਣ ਵਾਲਾ ਹਾਂ, ਇਸ ਕਰਕੇ ਪੰਜਾਬ ਜਾਣਾ ਤਾਂ ਲੱਗਿਆ ਹੀ ਰਹਿੰਦਾ ਹੈ, ਪ੍ਰੰਤੂ ਇਸ ਵਾਰ ਜੋ ਇੱਕ ਨਵੀਂ ਗੱਲ ਵੇਖਣ ਨੂੰ ਮਿਲੀ, ਉਹ ਇਹ ਸੀ ਕਿ ਪੰਜਾਬ ਦੇ ਸੰਗੀਤਕ ਦਰਿਆ ਦਾ ਪਾਣੀ ਥੋੜ੍ਹਾ ਥੋੜ੍ਹਾ ਸਾਫ਼ ਹੋ ਗਿਆ, ਜੋ ਪਿੱਛੇ ਜਿਹੇ ਬਹੁਤ ਗੰਧਲਾ ਹੋ ਗਿਆ ਸੀ। ਇਸ ਸੰਗੀਤਕ ਦਰਿਆ ਦੇ ਪਾਣੀ ਨੂੰ ਸਾਫ਼ ਕਰਨ ਵਿੱਚ ਜਿੱਥੇ ਸਾਡੇ ਨਵੇਂ ਗੀਤਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਉੱਥੇ ਹੀ ਇਹਨਾਂ ਗੀਤਕਾਰਾਂ ਦੇ ਗੀਤਾਂ ਨੂੰ ਪਹਿਲ ਦੇ ਆਧਾਰ ਉੱਤੇ ਚੁਣਨ ਦੇ ਲਈ ਉਹਨਾਂ ਗਾਇਕਾਂ ਨੂੰ ਵੀ ਸ਼ਾਬਾਸ਼ੀ ਦੇਣੀ ਬਣਦੀ ਹੈ, ਜਿਨ੍ਹਾਂ ਨੇ ਇਹਨਾਂ ਗੀਤਾਂ ਨੂੰ ਗਾਇਆ। ਤੀਜੀ ਸ਼ਾਬਾਸ਼ੀ ਮੈਂ ਉਹਨਾਂ ਸਰੋਤਿਆਂ ਨੂੰ ਦਿੰਦਾ ਹਾਂ, ਜਿਹਨਾਂ ਨੇ ਪਰਿਵਾਰਿਕ ਸੱਭਿਆਚਾਰਕ ਕੀਤਾ ਨੂੰ ਅੱਗੇ ਵੱਧਕੇ ਭਰਵਾਂ ਹੁੰਗਾਰਾ ਦਿੱਤਾ, ਜਿਸਦਾ ਰੋਣਾ ਹੁਣ ਤੱਕ ਹਰ ਗਾਇਕ ਰੋ ਰਿਹਾ ਸੀ। ਜਦੋਂ ਕਿਸੇ ਗਾਇਕ ਕੋਲੋਂ ਪੁੱਛਿਆ ਜਾਂਦਾ ਕਿ ਤੁਸੀਂ ਪਰਿਵਾਰਿਕ ਗੀਤ ਕਿਉਂ ਗਾਉਣੇ ਛੱਡ ਦਿੱਤੇ, ਉਹ ਇੱਕਾ ਦੁੱਕਾ ਉਦਹਾਰਨਾਂ ਦਿੰਦੇ ਹੋਏ ਕਹਿੰਦੇ ਜਿਹੋ ਜਿਹਾ ਸਰੋਤੇ ਸੁਣਦੇ ਹਨ, ਅਸੀਂ ਉਸ ਤਰ੍ਹਾਂ ਦਾ ਹੀ ਗਾਉਂਦੇ ਹਾਂ। ਗੱਲ ਉਹਨਾਂ ਦੀ ਵੀ ਸੋਲ੍ਹਾਂ ਆਨੇ ਸੱਚੀ ਸੀ, ਆਖਿਰ ਰੋਜ਼ੀ ਰੋਟੀ ਚੱਲਦੀ ਕਿਸ ਨੂੰ ਬੁਰੀ ਲੱਗਦੀ ਹੈ।

ਵੈਸੇ ਸਿਆਣੇ ਕਹਿੰਦੇ ਹਨ ਕਿ ਹਰ ਚੀਜ ਦਾ ਇੱਕ ਸਮਾਂ ਹੁੰਦਾ ਹੈ, ਜੋ ਅੱਜ ਹੈ ਉਹ ਕੱਲ੍ਹ ਨਹੀਂ ਹੋਵੇਗਾ, ਜੋ ਕੱਲ੍ਹ ਆਵੇਗਾ ਉਹ ਵੀ ਸਥਾਈ ਨਾ ਹੋਵੇਗਾ। ਪਿਛਲੇ ਤਿੰਨ ਚਾਰ ਸਾਲਾਂ ਤੋਂ ਦੋਗਾਣਾ ਗਾਇਕੀ ਨੇ ਬੜਾ ਜੋਰ ਫੜ੍ਹਿਆ ਹੈ, ਅਤੇ ਉਸ ਤੋਂ ਪਹਿਲਾਂ ਸੋਲੋ ਗਾਇਕੀ ਨੇ ਝੰਡੇ ਬੁਲੰਦ ਕੀਤੇ ਹੋਏ ਸਨ, ਜੇਕਰ ਉਸ ਤੋਂ ਥੋੜ੍ਹਾ ਜਿਹਾ ਸਮਾਂ ਹੋਰ ਪਿੱਛੇ ਵੱਲ ਜਾਈਏ ਤਾਂ ਅਮਰ ਸਿੰਘ ਚਮਕੀਲਾ ਅਮਰਜੋਤ, ਮੁਹੰਮਦ ਸਦੀਕ ਰਣਜੀਤ ਕੌਰ, ਕਰਤਾਰ ਰਮਲਾ, ਦੀਦਾਰ ਸੰਧੂ ਅਤੇ ਕੇ ਦੀਪ ਦੋਗਾਣਾ ਗਾਇਕੀ ਦੇ ਮੋਹਰੀ ਗਾਇਕਾਂ ਵਿੱਚ ਸ਼ਾਮਿਲ ਸਨ। ਬਦਲਾਅ ਸਮੇਂ ਦਾ ਨਿਯਮ ਹੈ। ਜੋ ਇਸ ਵਾਰ ਪੰਜਾਬ ਫੇਰੀ ਦੌਰਾਨ ਸੰਗੀਤ ਵਿੱਚ ਸੁਧਾਰ ਵੇਖਣ ਨੂੰ ਮਿਲਿਆ, ਸ਼ਾਇਦ ਅਗਲੀ ਵਾਰ ਦੀ ਫੇਰੀ ਉੱਤੇ ਨਾ ਵੀ ਮਿਲੇ।

ਪੰਜਾਬੀ ਸੰਗੀਤ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਅਤੇ ਵੱਖਰਾ ਰੁਤਬਾ ਰੱਖਣ ਵਾਲੇ ਗੁਰਦਾਸ ਮਾਨ ਨੇ ਤਾਂ ਸਦਾ ਮਾਂ ਬੋਲੀ ਦਾ ਮਾਣ ਵਧਾਇਆ ਹੈ। ਜੋ ਪੰਜਾਬ ਫੇਰੀ ਦੌਰਾਨ ਮੈਂ ਵੇਖਿਆ, ਇਹ ਮਾਨ ਸਾਹਿਬ ਦੀਆਂ ਪਾਈਆਂ ਪੈਂੜਾਂ ਦੇ ਕਾਰਣ ਹੀ ਹੋਇਆ। ਗੁਰਦਾਸ ਮਾਨ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੀ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਸੱਭਿਆਚਾਰਕ ਗੀਤਾਂ ਬਣੀ ਰੁਖ਼ ਕੀਤਾ, ਜਿਉਂਦੀ ਰਹੇ ਮੰਗਲ ਹਠੂਰ ਦੀ ਕਲਮ, ਜਿਸਨੇ ਪੰਜਾਬੀ ਵਿਰਸੇ ਦੇ ਰੂਪ ਵਿੱਚ ਪੰਜਾਬੀ ਸਾਹਿਤ ਨੂੰ ਬਹੁਤ ਕੁੱਝ ਦਿੱਤਾ। ਇਸੇ ਕੜ੍ਹੀ ਵਿੱਚ ਦੂਜਾ ਨਾਂਅ ਆਉਂਦਾ ਹੈ ਰਾਜ ਕਾਕੜੇ ਦਾ, ਜਿਸਦੇ ਗੀਤਾਂ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਮੁੜ੍ਹ ਤੋਂ ਸਿਰ ਉੱਚਾ ਕਰਨ ਦੇ ਲਈ ਸਹਾਰਾ ਦਿੱਤਾ। ਬੱਬੂ ਮਾਨ ਨੇ ਜਿੱਥੇ ਸਮਾਜ ਬੁਰਾਈਆਂ ਉੱਤੇ ਗੀਤ ਗਾਏ, ਉੱਥੇ ਕੁੱਝ ਉਸਦੀ ਕਲਮ ਨੇ ਬਹੁਤ ਗਲਤ ਵੀ ਲਿਖਿਆ ਹੈ, ਜਿਵੇਂ ਕਿ ਏਕ ਰਾਤ ਕਾ ਸੁਆਲ ਹੈ, ਕਣਕਾਂ ਨੂੰ ਅੱਗ ਲੱਗਜੂ ਆਦਿ ਗੀਤ।

ਆਖਿਰ ਸਾਹਾਂ ਉੱਤੇ ਪੁੱਜ ਚੱਲੀ ਕਬੱਡੀ ਦੇ ਲਈ ਬਨਾਵਟੀ ਸਾਹ ਯੰਤਰ ਦਾ ਕੰਮ ਕਰ ਗਿਆ ਬੱਬੂ ਮਾਨ ਦਾ ਕੱਬਡੀ ਉੱਤੇ ਗਾਇਆ ਗੀਤ 'ਮਰਦਾਂ ਦੀ ਖੇਡ ਮੁਟਿਆਰੇ'। ਇਸਦੇ ਬਾਅਦ ਰਾਜ ਕਾਕੜੇ ਦੀ ਕਲਮ 'ਚੋਂ ਨਿਕਲਿਆ ਪ੍ਰੀਤ ਬਰਾੜ ਦੁਆਰਾ ਗਾਇਆ ਗੀਤ 'ਖੇਡ ਦੇ ਕਬੱਡੀਆਂ' ਬੇਹੱਦ ਮਕਬੂਲ ਹੋਇਆ। ਇਹਨਾਂ ਗੀਤਾਂ ਤੋਂ ਵੀ ਪਹਿਲਾਂ ਕਈ ਵਰ੍ਹੇ ਪਹਿਲਾਂ ਮਾਲਵੇ ਦੀ ਜਾਨ ਅਤੇ ਹਿੱਕ ਦੇ ਜ਼ੋਰਦਾਰ ਉੱਤੇ ਗਾਉਣ ਵਾਲੇ ਗਾਇਕ ਲਾਭ ਹੀਰੇ ਨੇ ਗਾਇਆ ਸੀ "ਸਿੰਗ ਫੱਸ ਗਏ ਕੁੰਡੀਆਂ ਦੇ", ਜਿਸਨੂੰ ਮੱਖਣ ਬਰਾੜ ਦੀ ਕਲਮ ਨੇ ਲਿਖਿਆ ਸੀ। ਇਹ ਗੀਤ ਸਮੇਂ ਸਮੇਂ ਉੱਤੇ ਆਏ ਅਤੇ ਆਪਣੀ ਅਹਿਮ ਭੂਮਿਕਾ ਨਿਭਾਕੇ ਚੱਲੇ ਗਏ। ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈ ਕਿ ਮੈਂ ਅਕੇਲਾ ਚਲਾ ਥਾ, ਲੋਗ ਆਤੇ ਗਏ ਔਰ ਕਾਰਵਾਂ ਬਨਤਾ ਗਿਆ।

ਗੁਰਦਾਸ ਮਾਨ ਅਤੇ ਬਲਕਾਰ ਸਿੱਧੂ ਨੇ ਇਸ ਲੀਹ ਨੂੰ ਨਹੀਂ ਛੱਡਿਆ, ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬੀ ਸੰਗੀਤ ਨੂੰ ਚੰਗੇ ਕਈ ਹੋਰ ਹੀਰੇ ਮਿਲ ਗਏ। ਪ੍ਰਾਮਤਮਾ ਨੂੰ ਦੁਆ ਹੈ ਕਿ ਇਹ ਕਾਫ਼ਿਲਾ, ਸਿਲਸਿਲਾ ਇੰਝ ਹੀ ਚੱਲਦਾ ਰਹੈ, ਫਿਰ ਮੁੜ੍ਹ ਕਿਸੇ ਗੁਰਦਾਸ ਮਾਨ ਨੂੰ ਗਾਉਣਾ ਪਵੇ ਪੰਜਾਬੀ ਜ਼ੁਬਾਨੇ ਨੀਂ ਰਿਕਾਣੇ....।