Sunday, May 27, 2012

ਗੋਰੇ ਚੱਕਵਾਲੇ ਦੇ ਗੀਤ 'ਤੇ ਮੈਂ

ਗੋਰੇ ਚੱਕਵਾਲੇ ਦੇ ਅਖਾੜੇ ਪਿੱਛੋਂ ਪਿੰਡ ਦੇ ਵਿੱਚ ਗੋਰੇ ਦੇ ਗੀਤਾਂ ਦਾ ਵੱਜਣਾ ਆਮ ਹੋ ਗਿਆ। ਮੇਰੇ ਘਰ ਉਨ੍ਹੀਂ ਦਿਨੀਂ ਡੈਕ ਨਈ ਸੀ, ਮੇਰੇ ਡੈਡੀ ਨੇ ਲਿਆਂਦੀਆਂ ਤਾਂ ਕਈ ਵਾਰ, ਪ੍ਰੰਤੂ ਆਪਣਾ ਬੰਦੇ ਕਮਾਲ ਦੇ ਖਰਾਬ ਕਰਨ 'ਚ ਮਾਹਿਰ, ਬੇਲਟੈਕ ਦਾ ਟੀਵੀ ਸੀ, ਜਿਸ ਨੇ ਵੀ ਮਰੀਜਾਂ ਵਰਗੀ ਜਿੰਦਗੀ ਗੁਜਾਰੀ ਮੇਰੀ ਕਲਾਕਾਰੀ ਕਰਕੇ।

ਤੇਰੇ ਪਿੱਛੇ ਬਦਨਾਮ ਹੋ ਕੇ ਵੇਖਣਾ, ਇਹ ਗੀਤ ਤਾਂ ਐਨਾ ਵੱਜਿਆ ਕਿ ਜਿਹਦਾ ਕੋਈ ਅੰਤ ਨਈ ਸੀ। ਗੋਰੇ ਦਾ ਤੇਜ਼ ਲੈਅ 'ਚ ਗਾਉਣਾ ਬਕਮਾਲ ਹੈ, ਅਤੇ ਸਲੋ ਮੋਸ਼ਨ ਉਸ ਤੋਂ ਵੀ ਅੱਗੇ ਲੈ ਜਾਂਦਾ ਐ ਗੋਰੇ ਨੂੰ। ਉਨ੍ਹਾਂ ਦਿਨਾਂ 'ਚ ਗੋਰੇ ਦੀ ਕੈਸਿਟ ਆਈ, ਦੋ ਦਿਨ ਰੁੱਸਕੇ ਨਈ ਬੋਲੀ, ਜੋ ਸੁਪਰ ਡੁਪਰ ਹਿੱਟ ਹੋਈ, ਪ੍ਰੰਤੂ ਗੁਰਨਾਮ, ਜੋ ਮੇਰਾ ਦੋਸਤ ਸੀ, ਕੈਸਿਟ ਘਰ ਲਿਆਕੇ ਮੋੜ੍ਹ ਆਇਆ, ਕਹਿੰਦਾ ਏਹ ਦਾ ਕਵਰ ਚੰਗਾ ਨਈ। ਜਦੋਂ ਇਹ ਕੈਸਿਟ ਪੂਰੇ ਪੰਜਾਬ ਭਰ 'ਚ ਵੱਜੀ ਤਾਂ ਮੈਂ ਉਸਨੂੰ ਆਖਿਆ, ਕਾਕਾ ਕਵਰ 'ਤੇ ਨਈ ਜਾਈ ਦਾ।

ਇਸ ਤੋਂ ਬਾਅਦ ਆਇਆ ਗੋਰੇ ਦਾ ਅਖਾੜਾ ਦਾ ਹੋਰ ਵੀ ਵਧੀਆ ਸੀ, ਜੋ ਉਸਨੇ ਆਪਣੀ ਸਹਿ ਗਾਇਕਾ ਸੋਨੂੰ ਦੇ ਨਾਲ ਸੂਟ ਕੀਤਾ। ਇਸਦੇ ਵਿਚਲੇ ਕਈ ਗੀਤ ਸੁਪਰ ਕੁਆਲਿਟੀ ਦੇ ਸਨ। ਇਹ ਵੀ ਸਮਾਂ ਹੀ ਹੁੰਦਾ ਐ, ਜਦੋਂ ਸਭ ਕੁੱਝ ਬਕਮਾਲ ਬਣਦਾ ਐ। ਹੁਣ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਮੇਰੀ ਪਸੰਦ ਹਰਦਿਲ ਦੀ ਪਸੰਦ ਬਣ ਰਹੀ ਐ। ਆਪਾਂ ਗੋਰੇ ਦੇ ਪੱਕੇ ਫੈਨ ਸੀ, ਜਿਸ ਕਰਕੇ ਯਾਰ ਵੀ ਮੈਨੂੰ ਗੋਰਾ ਚੱਕਵਾਲਾ ਹੀ ਕਹਿੰਦੇ, ਜਦੋਂ ਕਿ ਗੋਰੇ ਦੇ ਨਾਲ ਦੂਜੀ ਮੁਲਾਕਾਤ ਸਾਲਾਂ ਮਗਰੋਂ ਹੋਈ, ਜਦੋਂ ਮੈਂ ਪੱਤਰਕਾਰੀ ਦੀ ਦੁਨੀਆ 'ਚ ਆਇਆ।

ਦੁਪਹਿਰ ਦਾ ਵੇਲਾ। ਬੱਸ ਸਟੈਂਡ ਦੇ ਪਿੱਛੇ ਗੋਰੇ ਦਾ ਦਫ਼ਤਰ। ਉਸਦੇ ਉੱਤੇ ਇੱਕ ਬੋਰਡ ਲੱਗਿਆ ਹੋਇਆ ਸੀ, ਜੋ ਅੱਜ ਵੀ ਮੌਜੂਦ ਐ, ਜਿਸ 'ਤੇ ਉਸਦੇ ਘਰ ਦੇ ਟੈਲੀਫੋਨ ਦਾ ਨੰਬਰ ਲਿਖਿਆ ਹੋਇਆ ਸੀ। ਮੈਂ ਉਸ ਦੁਪਹਿਰ ਆਪਣੇ ਦਫ਼ਤਰ 'ਚੋਂ ਗੋਰੇ ਦੇ ਘਰ ਫੋਨ ਲਾਇਆ, 'ਤੇ ਕਿਹਾ ਮੈਂ ਗੋਰੇ ਬਈ ਦਾ ਫੈਨ ਬੋਲਦਾ ਹਾਂ, ਕੀ ਉਹਨਾਂ ਨਾਲ ਗੱਲ ਹੋ ਸਕਦੀ ਐ।

ਅੱਗੋਂ ਆਵਾਜ਼ ਆਈ ਮੈਂ ਗੋਰਾ ਹੀ ਬੋਲਦਾ ਹਾਂ, ਮੈਨੂੰ ਲੱਗਿਆ ਸ਼ਾਇਦ ਕੋਈ ਝੂਠ ਬੋਲ ਰਿਹਾ ਹੈ। ਮੈਂ ਕੁੱਝ ਦਿਨ ਪਹਿਲਾਂ ਗੋਰੇ ਦੀ ਇੰਟਰਵਿਊ ਪੜ੍ਹੀ ਸੀ, ਇੱਕ ਮੈਗਜ਼ੀਨ 'ਚ, 'ਤੇ ਮੈਂ ਪਰ੍ਖ਼ਣ ਦੇ ਲਈ ਪੁੱਛ ਲਿਆ, ਪੰਛੀ 'ਤੇ ਪਰਦੇਸੀ ਗੀਤ ਕਿਹੜੀ ਕੈਸਿਟ ਹੈ ਭਾਅ ਜੀ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਸ਼ੁਰੂਆਤੀ ਗੀਤ ਹੈ, ਇਹ ਰਿਕਾਰਡ ਨਈ ਹੋਇਆ, ਇਹ ਸੱਤਵੀਂ ਜਮਾਤ 'ਚ ਲਿਖਿਆ ਸੀ, ਹੁਣ ਮਨ ਨੂੰ ਤਸੱਲੀ ਹੋਈ, ਸੱਚਮੁੱਚ ਗੋਰਾ ਜੀ ਬੋਲ ਰਹੇ ਨੇ।

ਗੋਰੇ ਦੇ ਦਰਸ਼ਨ ਕਰਨੇ ਸ਼ਾਇਦ ਮੇਰੇ ਲਈ ਔਖੇ ਨਈ ਸਨ, ਕਿਉਂਕਿ ਭੂਆ ਦੀ ਕੁੜੀ ਦੇ ਸਹੁਰੇ ਹੋਣ ਕਾਰਣ ਅਤੇ ਮੇਰੀ ਮਾਸੀ ਦੇ ਮੁੰਡੇ ਬਲਵੀਰ ਚੰਦ ਸ਼ਰਮਾ ਦੇ ਅਜੀਤ ਅਖਬਾਰ 'ਚ ਹੋਣ ਕਰਕੇ, ਉਹ ਕਲਾਕਾਰਾਂ ਦੇ ਬਾਰੇ 'ਚ ਵਧੇਰਾ ਲਿਖਦਾ, ਉਸਦੀ ਬਲਕਾਰ ਸਿੱਧੂ ਦੇ ਨਾਲ ਚੰਗੀ ਯਾਰੀ ਸੀ, 'ਤੇ ਗੋਰੇ ਚੱਕਵਾਲੇ ਦਾ ਚੰਗਾ ਵਾਕਫ਼ ਸੀ, ਕਿਉਂਕਿ ਗੋਰਾ ਚੱਕਵਾਲਾ ਵੀ ਪੰਡਤ ਭਰਾ ਸੀ, ਪ੍ਰੰਤੂ ਮੈਂ ਉਸਨੂੰ ਆਪਣੇ ਆਪ ਮਿਲਣਾ ਚਾਹੁੰਦਾ ਸੀ।

ਗੋਰੇ ਦੇ ਗੀਤ ਜਿੰਦਗੀ ਦਾ ਉਹ ਹਿੱਸਾ ਨੇ, ਜਿਸਦੇ ਬਿਨ੍ਹਾਂ ਜਿੰਦਗੀ ਅਧੂਰੀ ਜਿਹੀ ਐ। ਮੈਨੂੰ ਅੱਜ ਵੀ ਯਾਦ ਐ, ਜਦੋਂ ਮੇਰੀ ਘਰ ਦੀ ਬੈਠਕ 'ਚ ਉਸਦਾ ਗੀਤ ਵੱਜਦਾ ਰੱਬ ਲੰਮੀਆਂ ਉਮਰਾਂ ਬ੍ਖ਼ਸੇ ਤੇਰੇ ਜਿਹੀਆਂ ਮਾਸ਼ੂਕਾਂ ਨੂੰ, 'ਤੇ ਮੈਂ ਕਲਪਨਾਵਾਂ ਦੇ ਸਮੁੰਦਰਾਂ 'ਚ ਕਿਧਰੇ ਖੋਹ ਜਾਂਦਾ। ਇਹ ਗੋਰੇ ਦੇ ਹੀ ਗੀਤ ਸਨ, ਜਿਹਨਾਂ ਨੇ ਰੂਹਾਨੀ ਇਸ਼ਕ ਤੋਂ ਜਾਣੂ ਕਰਵਾਇਆ।

ਮੈਨੂੰ ਮਹਿਬੂਬ ਨੂੰ ਦੁਆ ਦੇਣ ਵਾਲੇ ਗੀਤ ਹਮੇਸ਼ਾ ਚੰਗੇ ਲੱਗੇ, ਚਾਹੇ ਉਹ ਰਾਜ ਬਰਾੜ "ਮੇਰੇ ਗੀਤਾਂ ਦੀ ਰਾਣੀ" ਨੇ ਗਾਏ, ਗੋਰੇ ਨੇ "ਰੱਬ ਲੰਮੀਆਂ ਉਮਰਾਂ ਬ੍ਖ਼ਸੇ ਤੇਰੇ ਜਿਹੀਆਂ ਮਾਸ਼ੂਕਾਂ ਨੂੰ"ਗਾਏ, ਗੁਰਵਿੰਦਰ ਬਰਾੜ ਨੇ "ਜਿਹੜੇ ਘਰ ਜਾਵੇਗੀ ਨੀ ਭਾਗ ਖੁੱਲ੍ਹ ਜਾਣਗੇ" ਗਾਏ ਜਾਂ ਫੇਰ ਕਿਸੇ ਹੋਰ ਪੰਜਾਬੀ ਗਾਇਕ ਨੇ। ਜਦੋਂ ਕੋਈ ਗੀਤਕਾਰ ਇਸ ਤਰ੍ਹਾਂ ਦਾ ਗੀਤ ਰੱਚਦਾ ਐ, ਤਾਂ ਲੱਗਦਾ ਐ, ਉਹ ਸਿਰਫ਼ ਮੇਰੇ ਲਈ, ਜਾਂ ਮੇਰੇ ਵਰਗਿਆਂ ਦੇ ਲਈ ਲਿਖ ਰਿਹਾ ਐ।

ਗਲੀਆਂ ਉਦਾਸ ਹੋ ਗਈਆਂ ਤੋਂ ਗਾਇਕੀ ਦਾ ਸਫ਼ਰ ਤੈਅ ਕਰਨ ਵਾਲੇ ਗੋਰੇ ਚੱਕ ਵਾਲੇ ਦਾ ਪਹਿਲਾ ਗੀਤ ਮੈਂ ਮੇਰੀ ਭੂਆ ਦੇ ਘਰ ਸੁਣਿਆ, ਜਦੋਂ ਉਸਦੀ ਤੇਰਾ ਦਿਲ ਮਰਜੀ ਦਾ ਮਾਲਿਕ ਰਿਲੀਜ਼ ਹੋਈ, ਇਹ ਕੈਸਿਟ ਲੈਕੇ ਮੇਰੀ ਭੂਆ ਦਾ ਮੁੰਡਾ ਅਪਣੇ ਘਰ ਆਇਆ, ਅਸੀਂ ਟੀਵੀ 'ਤੇ ਕੁੱਝ ਵੇਖ ਰਹੇ ਸੀ, ਉਹ ਕਹਿ ਰਿਹਾ ਸੀ, ਰਾਜਿੰਦਰਾ ਕਾਲਜ 'ਚ ਪੜ੍ਹਦੇ ਮੁੰਡੇ ਦੀ ਇੱਕ ਵਧੀਆ ਐਲਬਮ ਆਈ ਐ। ਉਦੋਂ ਮੈਨੂੰ ਗੋਰੇ ਦਾ ਨਾਂਅ ਨਈ ਪਤਾ ਸੀ, ਉਸ ਵੇਲੇ ਮੈਂ ਅਕਸ਼ੈ ਕੁਮਾਰ ਦੇ ਗੀਤਾਂ ਦਾ ਦੀਵਾਨਾ ਸੀ, ਗੋਰੇ ਗੋਰੇ ਮੁਖੜੇ ਪੇ ਕਾਲਾ ਚਸ਼ਮਾ, ਤੂੰ ਚੀਜ਼ ਬੜੀ ਐ ਮਸਤ ਮਸਤ।

ਗੋਰੇ ਦੇ ਅਖਾੜੇ ਤੋਂ ਬਾਅਦ ਗੋਰੇ ਦੇ ਗੀਤਾਂ ਨੇ ਪੰਜਾਬੀ ਸੰਗੀਤ ਵੱਲ ਅਜਿਹਾ ਮੋੜ੍ਹਿਆ, ਹਿੰਦੀ ਸੁਣਨ ਦੀ ਆਦਤ ਹੀ ਮਰ ਗਈ। ਗੋਰੇ ਦੇ ਬਾਰੇ ਸਾਡੇ ਪਿੰਡ ਬੜੀਆਂ ਅਫ਼ਵਾਹਾਂ ਸਨ, ਉਹ ਕੋਠੇ 'ਤੇ ਰਿਵਾਲਵਰ ਲੈਕੇ ਬਹਿੰਦਾ, ਉਹ ਪਿੰਡ ਦਾ ਬਦਮਾਸ਼ ਐ, ਉਸਦੇ ਕੋਲ ਸਾਡੇ ਪਿੰਡੋਂ ਇੱਕ ਮੁੰਡਾ ਗਾਇਕੀ ਸਿਖਣ ਗਿਆ, ਪ੍ਰੰਤੂ ਜਲਦ ਭੱਜ ਆਇਆ, ਉਹ ਅਨਪੜ੍ਹ ਸੀ, ਅਤੇ ਸਾਡੇ ਪਿੰਡ ਮਜ਼ਦੂਰੀ ਕਰਦਾ ਸੀ, ਘਰਦਿਆਂ ਨੇ ਭੇਜ ਦਿੱਤਾ ਸ਼ਾਇਦ ਗਾਇਕ ਬਣ ਜਾਵੇ। ਪਰ ਜਦੋਂ ਮੇਰੀ ਮੁਲਾਕਾਤ ਗੋਰੇ ਦੇ ਨਾਲ ਹੋਈ, ਤਾਂ ਉਸਦੇ ਅੰਦਰ ਦਾ ਇਨਸਾਨ ਵੇਖਕੇ ਦਿਲ ਖੁਸ਼ ਹੋਇਆ। ਉਸ ਮੁਲਾਕਾਤ ਨੇ ਦਿਲ 'ਚ ਗੋਰੇ ਦੀ ਹੋਰ ਜਗ੍ਹਾ ਬਣਾ ਦਿੱਤੀ। ਇਸ 'ਤੇ ਹਾਦਸੇ ਵਾਲੀ ਰਾਤ ਮੈਂ ਇੱਕ ਲੇਖ ਵੀ ਲਿਖਿਆ ਹੋਇਆ ਐ।

ਮੈਂ ਪਹਿਲਾਂ ਵੀ ਲਿਖਿਆ ਐ, ਗੋਰੇ ਦੀ ਗੱਲ ਚੱਲਦੀ ਰਹਿਣੀ ਐ। 

ਰਾਜ ਮਲਕਿਆਂ ਵਾਲੇ ਦੇ ਗੀਤ 'ਤੇ ਮੈਂ