Tuesday, January 26, 2010

ਦੱਖਣੀ ਕੋਰੀਆ ਨੂੰ ਮੁਫ਼ਤ ਦੀ ਸਲਾਹ

ਸਮਾਂ ਸੀ 26 ਜਨਵਰੀ 2010, ਦੋ ਦੇਸ਼ਾਂ ਦੇ ਰਾਸ਼ਟਰਪਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਨਾਲ ਬੈਠੇ ਹੋਏ ਸਨ। ਇੱਕ ਭਾਰਤ ਦੀ ਮਹਿਲਾ ਰਾਸ਼ਟਰਪਤੀ ਅਤੇ ਦੂਜਾ ਦੱਖਣੀ ਕੋਰੀਆ ਦਾ ਪੁਰਸ਼ ਰਾਸ਼ਟਰਪਤੀ। ਇਹਨਾਂ ਦੋਵਾਂ ਵਿੱਚ ਸਮਾਨਤਾ ਸੀ ਕਿ ਦੋਵੇਂ ਰਾਸ਼ਟਰਪਤੀ ਹਨ, ਦੋਵੇਂ ਹੀ ਇੱਕ ਮੰਚ ਉੱਤੇ ਹਨ, ਹੋਰ ਤਾਂ ਹੋਰ, ਦੋਵਾਂ ਦੀ ਚਿੰਤਾ ਦਾ ਮੂਲ ਕਾਰਣ ਵੀ ਇੱਕ ਹੀ ਚੀਜ ਨਾਲ ਜੁੜ੍ਹਿਆ ਹੋਇਆ ਹੈ, ਪ੍ਰੰਤੂ ਉਸ ਚਿੰਤਾ ਨਾਲ ਨਜਿੱਠਣ ਦੇ ਲਈ ਯਤਨ ਬਹੁਤ ਅਲੱਗ ਅਲੱਗ ਹਨ, ਸੱਚਮੁੱਚ।

ਦੱਖਣੀ ਕੋਰੀਆ ਦੀ ਸਮੱਸਿਆ ਵੀ ਆਬਾਦੀ ਨਾਲ ਜੁੜ੍ਹੀ ਹੈ, ਅਤੇ ਭਾਰਤ ਦੀ ਵੀ। ਭਾਰਤ ਵੱਧਦੀ ਹੋਈ ਆਬਾਦੀ ਨੂੰ ਲੈਕੇ ਚਿੰਤਤ ਹੈ ਤਾਂ ਦੱਖਣੀ ਕੋਰੀਆ ਆਪਣੀ ਸੁੰਘੜਦੀ ਆਬਾਦੀ ਨੂੰ ਲੈਕੇ। ਇੱਥੇ ਭਾਰਤ ਨੂੰ ਡਰ ਹੈ ਕਿ ਆਬਾਦੀ ਦੇ ਮਾਮਲੇ ਵਿੱਚ ਉਹ ਆਪਣੇ ਗੁਆਂਢੀ ਦੇਸ਼ ਚੀਨ ਤੋਂ ਅੱਗੇ ਨਾ ਨਿਕਲ ਜਾਵੇ, ਉੱਥੇ ਹੀ ਦੱਖਣੀ ਕੋਰੀਆ ਨੂੰ ਡਰ ਹੈ ਕਿ ਉਹ ਆਪਣੇ ਗੁਆਂਢੀ ਦੇਸ਼ ਜਪਾਨ ਤੋਂ ਵੀ ਆਬਾਦੀ ਦੇ ਮਾਮਲੇ ਵਿੱਚ ਪਿੱਛੇ ਨਾ ਰਹਿ ਜਾਵੇ। ਆਪਣੀ ਸਮੱਸਿਆ ਨਾਲ ਨਜਿੱਠਣ ਦੇ ਲਈ ਜਿੱਥੇ ਭਾਰਤ ਵਿੱਚ ਪੈਸੇ ਦੇਕੇ ਪੁਰਸ਼ ਨਸਬੰਦੀ ਕਰਵਾਈ ਜਾ ਰਹੀ ਹੈ, ਉੱਥੇ ਹੀ ਦੱਖਣੀ ਕੋਰੀਆ ਵਿੱਚ ਦਫ਼ਤਰ ਜਲਦੀ ਬੰਦ ਕਰਕੇ ਘਰ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੋਰ ਤਾਂ ਹੋਰ, ਜਿਆਦਾ ਬੱਚੇ ਪੈਦਾ ਕਰਨ ਵਾਲੇ ਦੰਪਤੀਆਂ ਨੂੰ ਪੁਰਸਕ੍ਰਿਤ ਕੀਤਾ ਜਾ ਰਿਹਾ ਹੈ।

ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ਉੱਤੇ ਅਜਿਹੇ ਦੋ ਦੇਸ਼ ਇੱਕ ਨਾਲ ਸਨ, ਜੋ ਆਬਾਦੀ ਨੂੰ ਲੈਕੇ ਚਿੰਤਤ ਹਨ, ਇੱਕ ਘੱਟਦੀ ਨੂੰ ਅਤੇ ਇੱਕ ਵੱਧਦੀ ਆਬਾਦੀ ਨੂੰ ਲੈਕੇ। ਅੱਜ ਤੋਂ ਕਈ ਦਹਾਕੇ ਪਹਿਲਾਂ ਭਾਰਤ ਵਿੱਚ ਵੀ ਕੁੱਝ ਅਜਿਹਾ ਹੀ ਹਾਲ ਸੀ, ਜਿਸ ਘਰ ਵਿੱਚ ਜਿੰਨੀਆਂ ਜਿਆਦਾ ਸੰਤਾਨਾਂ, ਉਸਨੂੰ ਉਤਨਾ ਹੀ ਚੰਗਾ ਮੰਨਿਆ ਜਾਂਦਾ ਸੀ। ਮੈਂ ਦੂਰ ਨਹੀਂ ਜਾਵਾਂਗਾ, ਸੱਚਮੁੱਚ ਦੂਰ ਨਹੀਂ ਜਾਵਾਂਗਾ। ਮੇਰੀ ਨਾਨੀ ਦੇ ਘਰ ਸੱਤ ਸੰਤਾਨਾਂ ਸਨ, ਅਤੇ ਮੇਰੀ ਦਾਦੀ ਦੇ ਘਰ ਛੇ ਜਦਕਿ ਮੇਰੇ ਦਾਦਾ ਦੀਆਂ ਅੱਠ, ਕਿਉਂਕਿ ਮੇਰੇ ਦਾਦਾ ਦੇ ਦੋ ਵਿਆਹ ਸਨ। ਜਿੰਨਾ ਮੇਰੇ ਦਾਦਾ ਨਾਨਾ ਨੇ ਆਪਣੇ ਸਮੇਂ ਵਿੱਚ ਪਰਿਵਾਰ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ, ਉਤਨਾ ਹੀ ਹੁਣ ਅਸੀਂ ਮਹਿੰਗਾਈ ਦੇ ਜਮਾਨੇ ਵਿੱਚ ਪਰਿਵਾਰ ਨੂੰ ਸੀਮਿਤ ਕਰਨ ਵਿੱਚ ਜੋਰ ਲਗਾ ਰਹੇ ਹਾਂ।

ਗਣਤੰਤਰ ਦਿਵਸ ਦੇ ਮੌਕੇ ਹੁਣ ਜਦੋਂ ਦੱਖਣੀ ਕੋਰੀਆਈ ਰਾਸ਼ਟਰਪਤੀ ਲੀ ਮਯੰਗ ਬਾਕ ਭਾਰਤ ਯਾਤਰਾ ਉੱਤੇ ਆਏ ਹਨ, ਤਾਂ ਉਹ ਕੇਵਲ ਨਵੀਂ ਦਿੱਲੀ ਦੇ ਰਾਜਪਥ ਦਾ ਨਜਾਰਾ ਵੇਖਕੇ ਨਾ ਜਾਣ, ਮੇਰੀ ਨਿੱਜੀ ਰਾਇ ਹੈ ਉਹਨਾਂ ਨੂੰ। ਇਸ ਯਾਤਰਾ ਦੇ ਦੌਰਾਨ ਉਹਨਾਂ ਨੂੰ ਭਾਰਤ ਦੀ ਪੂਰੀ ਯਾਤਰਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੱਧਦੀ ਆਬਾਦੀ ਦੇ ਬੁਰੇ ਪ੍ਰਭਾਵ ਵੇਖਕੇ ਜਾਣਾ ਚਾਹੀਦਾ ਹੈ, ਤਾਂਕਿ ਕੱਲ੍ਹ ਨੂੰ ਮਯੰਗ ਦਾ ਪੋਤਰਾ ਅੱਗੇ ਚੱਲਕੇ ਅਜਿਹਾ ਨਾ ਕਹੇ ਕਿ ਮੇਰੇ ਪੜਦਾਦਾ ਨੇ ਫਰਮਾਨ ਜਾਰੀ ਕੀਤਾ ਸੀ ਆਬਾਦੀ ਵਧਾਓ, ਅਤੇ ਅੱਜ ਦੀ ਸੱਤਾਧਾਰੀ ਸਰਕਾਰ ਕਹਿ ਰਹੀ ਹੈ ਕਿ ਆਬਾਦੀ ਘਟਾਓ।

ਮੈਨੂੰ ਇੱਥੇ ਇੱਕ ਚੁਟਕਲਾ ਯਾਦ ਆ ਰਿਹਾ ਹੈ। ਇੱਕ ਰੇਲ ਗੱਡੀ ਵਿੱਚ ਇੱਕ ਗਰੀਬ ਵਿਅਕਤੀ ਭੀਖ ਮੰਗਦਾ ਘੁੰਮ ਰਿਹਾ ਸੀ, ਉਸਦੇ ਕੱਪੜੇ ਬਹੁਤ ਮੈਲੇ ਸਨ, ਉਹ ਕਈ ਦਿਨਾਂ ਤੋਂ ਨਹਾਇਆ ਨਹੀਂ ਸੀ। ਉਸਦੀ ਅਜਿਹੀ ਹਾਲਤ ਵੇਖਕੇ ਇੱਕ ਦਰਿਆ ਦਿਲ ਇਨਸਾਨ ਨੂੰ ਰਹਿਮ ਆਇਆ, ਅਤੇ ਉਸਨੇ ਉਸਨੂੰ ਸੌ ਦਾ ਨੋਟ ਕੱਢਕੇ ਦੇਣਾ ਚਾਹਿਆ। ਸੌ ਦਾ ਨੋਟ ਵੇਖਦੇ ਹੀ ਉਹ ਭਿਖਾਰੀ ਬਿਨਾਂ ਕਿਸੇ ਦੇਰੀ ਦੇ ਬੋਲਿਆ, ਸਾਹਿਬ ਕਦੇ ਮੈਂ ਵੀ ਅਜਿਹਾ ਹੀ ਦਰਿਆ ਦਿਲ ਹੋਇਆ ਕਰਦਾ ਸੀ। ਇਸ ਲਈ ਮੇਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਨਿੱਜੀ ਰਾਇ ਹੈ ਕਿ ਉਹ ਦਰਿਆਦਿਲੀ ਜਰਾ ਸੋਚਕੇ ਵਿਖਾਏ, ਵਰਨਾ ਭਾਰਤ ਹੋਣ ਵਿੱਚ ਉਸਨੂੰ ਵੀ ਕੋਈ ਜਿਆਦਾ ਸਮਾਂ ਨਹੀਂ ਲੱਗੇਗਾ। ਉਂਝ ਜੇਕਰ ਉੱਥੇ ਕੰਮ ਕਰਨ ਵਾਲਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਵੀ ਇੱਕ ਵੱਡੀ ਫੌਜ ਹੈ, ਉਹ ਚਾਹੁੰਣ ਤਾਂ ਜਾਂਦੇ ਜਾਂਦੇ ਭਾਰਤ ਦਾ ਭਲਾ ਕਰ ਜਾਣ। 
ਧੰਨਵਾਦ ਸਹਿਤ-
ਕੁਲਵੰਤ ਹੈੱਪੀ

Sunday, January 17, 2010

ਨੀਂ ਪੀਤੀ ਤੈਨੂੰ ਯਾਦ ਕਰਕੇ

ਕੋਰੇ ਕਾਗਜਾਂ ਤੇ, ਕਾਲੇ ਅੱਖਰਾਂ 'ਚ ਲਿਖੇ
ਤੇਰੇ ਸਫ਼ੈਦ ਝੂਠ ਪੜ੍ਹੇ
ਨੀਂ ਵੈਰਨੇ ਰਾਤੀ ਪੜ੍ਹ ਪੜ੍ਹ ਅਸੀਂ ਖ਼ਤ ਤੇਰੇ
ਸੂਲੀ ਹਿਜ਼ਰ ਦੀ ਚੜ੍ਹੇ
ਮਾਫ਼ ਸਾਰੇ ਤੇਰੇ ਅਪਰਾਧ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

ਚੰਨ ਵਿੱਚ ਹੱਸਦਾ ਤੇਰਾ ਮੁੱਖ ਤੱਕਿਆ
ਨੀਂ ਹਾਸੇ ਖੋਹਣ ਵਾਲੀਏ
ਪਹਿਲਾਂ ਨਾਲੋਂ ਸੋਹਣੀ ਦਿਸੀ ਤੂੰ ਵਥੇਰੀ
ਨੀਂ ਦਿਲਾਂ ਦੀਏ ਕਾਲੀਏ
ਵੱਸਦਿਆਂ 'ਚ ਹੋਈ ਯਾਰ ਬਰਬਾਦ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

ਪੀਤੀ ਤੇਰਿਆਂ ਨੈਣਾਂ 'ਚੋਂ, ਜੋ ਕਦੇ
ਓਹ ਸ਼ਰਾਬ ਯਾਦ ਆ ਗਈ
ਵਰਕੇ ਫਰੋਲੇ ਅਤੀਤ ਦੇ ਜਦੋਂ ਮੈਂ
ਤੇ ਕਿਤਾਬ ਯਾਦ ਆ ਗਈ
ਦਿੱਤੀ ਸੀ ਜੋ ਬੁੱਲਾਂ ਨਾਲ ਟੱਚ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

ਤੇਰੇ ਪਿੱਛੇ ਹੋਇਆ ਸੁਦਾਈ ਹੈਪੀ
ਨੀਂ ਗੈਰ ਲੜ੍ਹ ਲੱਗ ਜਾਣ ਵਾਲੀਏ
ਰੱਬ ਕਰੇ ਤੈਨੂੰ ਨਾ ਠੱਗੇ ਕੋਈ
ਨੀਂ ਯਾਰ ਠੱਗ ਜਾਣ ਵਾਲੀਏ
ਛੱਡਿਆ  ਬੇਗਾਨਾ ਪੁੱਤ ਸਾਧ ਕਰਕੇ
ਪੀਤੀ, ਬੇਹਿਸਾਬ ਪੀਤੀ
ਨੀਂ ਪੀਤੀ ਤੈਨੂੰ ਯਾਦ ਕਰਕੇ

Monday, January 4, 2010

ਉਡੀਕਾਂ ਤੇਰੀਆਂ

ਨਾ ਕਦੇ ਗਜ਼ਲ ਲਿਖੀ,
ਨਾ ਕਦੇ ਗੀਤ ਲਿਖਿਆ,
ਬੱਸ ਤੇਰਿਆਂ ਖ਼ਤਾਂ ਨੂੰ ਹੀ
ਤੋੜ੍ਹ ਮਰੋੜ੍ਹ ਸੁਣਾਉਂਦਾ ਰਿਹਾ ਤੈਨੂੰ

ਤੈਨੂੰ ਯਾਦ ਹੋਣਾ, ਤੇਰਾ ਓ ਪਹਿਲਾ ਖ਼ਤ
ਲਿਖਿਆ ਸੀ ਜਿਸ ਵਿੱਚ ਤੂੰ
ਪਾਈ ਸੀ ਜਦ ਪਹਿਲੀ ਵਾਰ ਗਲਵੱਕੜੀ
ਲੱਗਿਆ ਸੀ ਜਿਵੇਂ ਕਾਇਨਾਤ ਆ ਗਈ ਬਾਂਹਾਂ ਵਿੱਚ
ਭੁੱਲ ਗਈ ਸਾਂ ਜੱਗ ਨੂੰ, ਰੱਬ ਨੂੰ
ਛਿੜੀ ਸੀ ਕੰਬਣੀ, ਚਮਕ ਅਜੀਬ ਸੀ ਨਿਗਾਹਾਂ ਵਿੱਚ
ਚੰਗਾ ਲੱਗਦਾ ਐ ਚੰਨਣੀ ਰਾਤੇ ਤੁਰਨਾ
ਹੱਥ ਫੜ੍ਹ ਤੇਰਾ
ਕੱਚੀਆਂ ਸੁੰਨੀਆਂ ਪਿੰਡ ਦੀਆਂ ਰਾਹਾਂ ਵਿੱਚ

ਜੋ ਤੈਨੂੰ ਮੈਂ ਸੁਣਾਇਆ ਓਹ ਤੇਰਾ ਸੀ
ਸੱਚ ਜਾਣੀ ਕੁੱਝ ਵੀ ਨਾ ਮੇਰਾ ਸੀ

ਦੂਜੇ ਖ਼ਤ ਵਿੱਚ ਲਿਖਿਆ ਸੀ ਤੈਂ
ਦੂਰ ਤੇਰੇ ਕੋਲ ਬੈਠੀ,
ਰਾਤੀ ਪੁੱਛਾਂ ਚੰਨ ਕੋਲ ਹਾਲ ਤੇਰਾ
ਕਿਵੇਂ ਕੱਟਦਾ ਐ ਦਿਨ ਮੇਰੇ ਬਿਨ੍ਹ
ਸ਼ਾਇਦ ਇਹੋ ਸੀ ਸਵਾਲ ਤੇਰਾ
ਤੇਰੀਆਂ ਉਂਗਲਾਂ ਨੂੰ ਚੰਨਾ ਮਿਸ ਕਰਦਾ ਐ
ਹੁਣ ਕੱਲਾ ਕੱਲਾ ਵਾਲ ਮੇਰਾ


ਜੋ ਤੈਨੂੰ ਮੈਂ ਸੁਣਾਇਆ ਓਹ ਤੇਰਾ ਸੀ
ਸੱਚ ਜਾਣੀ ਕੁੱਝ ਵੀ ਨਾ ਮੇਰਾ ਸੀ

ਕੁੱਝ ਦਿਨ ਪਹਿਲਾਂ
ਕਿਤਾਬਾਂ ਵਿੱਚੋਂ ਮਿਲਿਆ
ਇੱਕ ਖ਼ਤ ਤੇਰਾ
ਸ਼ਾਇਦ ਮੈਨੂੰ ਬਿਨ੍ਹਾਂ ਦੱਸੇ ਗਈ ਸੈਂ ਰੱਖ ਤੂੰ
ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਹੋਵਾਂ
ਤੇਰੀ ਬਣਕੇ ਰਹਾਂਗੀ ਜਾਨੋਂ ਪਿਆਰਿਆ
ਤੈਨੂੰ ਤੇਰੀ ਸੰਗ ਨੇ,
ਤੇ ਮੈਨੂੰ ਮੇਰੀ ਘਰਦੀ ਗਰੀਬੀ ਮਾਰਿਆ
ਲਿਖਿਆ ਸੀ ਉਸ ਖ਼ਤ ਵਿੱਚ ਤੂੰ

ਹੁਣ ਅੰਤ ਵਿੱਚ ਆਖਾਂ ਤੈਨੂੰ
ਜਿੱਥੇ ਵੀ ਹੈਂ, ਮੁੜ੍ਹ ਆ
ਹਾਲੇ ਵੀ ਉਡੀਕਾਂ ਤੇਰੀਆਂ
ਤੈਨੂੰ ਵੇਖਣ ਲਈ ਸਲਾਮਤ
ਨਜ਼ਰਾਂ ਨੇ ਮੇਰੀਆਂ

Sunday, January 3, 2010

ਮਾਂ

ਜਦੋਂ ਮੈ ਚੱਲਦੀ ਮੇਰੇ ਨਾਲ ਨਾਲ ਚੱਲਦੀ ਸੀ,
ਬੈਠਾਂ ਜਦੋਂ ਕੱਲੀ ਮੇਰੇ ਨਾਲ ਗੱਲਾਂ ਕਰਦੀ ਸੀ,
ਹਰ ਵੇਲੇ ਚੇਤਾ ਤੇਰਾ ਮੈਨੂੰ ਆਉਂਦਾ ਸੀ,
ਰੋਂਦੀ ਨੂੰ ਹੁਣ ਦੱਸ ਚੁਪ ਕੌਣ ਕਰਾਉਂਦਾ ਸੀ ,
ਲੱਭਿਆ ਤੈਨੂੰ ਹਰ ਵੇਲੇ ਹਰ ਥਾਂ,
ਬੋਲਣ ਬਨੇਰੇ ਬੈਠੇ ਜਦੋਂ ਕਾਲੇ ਕਾਂ ,
ਤੂੰ ਨਾ ਆਉਂਦੀ ਆਉਂਦਾ ਨਿੱਤ ਜੱਗ ਸਾਰਾ,
ਰੁੱਲ ਗਿਆ ਬਾਅਦੋਂ ਤੇਰੇ ਸਾਰਾ ਪਰਿਵਾਰਾ,
ਜਦੋਂ ਦੇਖਾਂ ਆਪ ਨੂੰ ਸ਼ੀਸ਼ੇ ਮੁਰੇ ਖਲੋਕੇ,
ਹਰ ਵੇਲੇ ਦਿਸੇ ਮੈਨੂੰ ਤੇਰਾ ਪਰਛਾਵਾਂ ਮਾਂ ,
ਮਾਂਵਾਂ ਬਿਨਾ ਹੁੰਦੀ ਨਾ ਕੋਈ ਜਿੰਦਗਾਨੀ ਏ,
ਜਦੋਂ ਤੈਨੂੰ ਯਾਦ ਕਰਾਂ ਵੱਗਦਾ ਅੱਖਿਉਂ ਪਾਣੀ ਏ!

ਵ੍ਰਿੰਦਾ ਗਾਂਧੀ, ਜਨਸੰਚਾਰ ਅਤੇ ਪੱਤਰਕਾਰੀ ਵਿਭਾਗ ,
ਪੰਜਾਬੀ ਯੂਨੀਵਰਸਿਟੀ, ਪਟਿਆਲਾ