Thursday, May 27, 2010

ਉਹ ਹਾਦਸੇ ਵਾਲੀ ਰਾਤ

ਕਈ ਸਾਲ ਬੀਤ ਚੁੱਕੇ ਹਨ, ਉਸ ਰਾਤ ਨੂੰ। ਫਿਰ ਵੀ ਇੰਝ ਹੀ ਲੱਗਦਾ ਹੈ ਜਿਵੇਂ ਪਿਛਲੀ ਰਾਤ ਦੀ ਗੱਲ ਹੋਵੇ। ਉਹ ਰਾਤ ਆਪਣੀ ਬੁੱਕਲ ਵਿੱਚ ਬਹੁਤ ਕੁੱਝ ਲੁਕੋਈ ਬੈਠੀ ਹੈ, ਸ਼ਾਇਦ ਇਸੇ ਕਾਰਣ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹ ਹਾਦਸੇ ਵਾਲੀ ਰਾਤ। ਜਦੋਂ ਵੀ ਉਸ ਰਾਤ ਬਾਰੇ ਸੋਚਦਾ ਹਾਂ, ਸਫ਼ਲਤਾ ਦੀ ਸ਼ਿਖਰ ਉੱਤੇ ਬੈਠਣ ਮਗਰੋਂ ਵੀ ਜਮੀਨ ਦੇ ਨਾਲ ਜੁੜ੍ਹੇ ਰਹਿਣ ਦਾ ਅਰਥ ਸਮਝ ਆਉਂਦਾ ਹੈ ਅਤੇ ਆਪਣੀ ਪਰਖ਼ ਉੱਤੇ ਮਾਣ ਮਹਿਸੂਸ ਹੁੰਦਾ ਹੈ।

ਉਸ ਰਾਤ ਪੰਜਾਬੀ ਗਾਇਕ ਵੀਰ ਦਵਿੰਦਰ ਦਾ ਵਿਆਹ ਸੀ ਬਠਿੰਡੇ ਦੇ ਇੱਕ ਵੱਡੇ ਪੈਲੇਸ ਵਿੱਚ। ਜਿੱਥੇ ਪੰਜਾਬੀ ਸੰਗੀਤ ਦੀਆਂ ਕਈ ਹਸਤੀਆਂ ਮੌਜੂਦ ਸਨ। ਮੈਂ ਉਸ ਵਿਆਹ ਵਿੱਚ ਵਿਆਹ ਕਰਕੇ ਨਹੀਂ, ਬਲਕਿ ਪੰਜਾਬੀ ਲੋਕ ਗਾਇਕ ਗੋਰਾ ਚੱਕਵਾਲਾ ਨੂੰ ਮਿਲਣ ਦੇ ਲਈ ਗਿਆ ਸੀ, ਜਦਕਿ ਵਿਆਹ ਦਾ ਸੱਦਾ ਤਾਂ ਗਾਇਕ ਵੀਰ ਦਵਿੰਦਰ ਵੱਲੋਂ ਹੀ ਆਇਆ ਸੀ। ਪ੍ਰੰਤੂ ਮੇਰੇ ਲਈ ਉਸ ਵਿਆਹ ਤੋਂ ਜਿਆਦਾ ਮਹੱਤਵਪੂਰਨ ਸੀ, ਉੱਥੇ ਗੋਰੇ ਚੱਕਵਾਲੇ ਦਾ ਆਉਣਾ। ਗੋਰਾ ਮੇਰਾ ਬਚਪਨ ਤੋਂ ਹੀ ਪਸੰਦੀਦਾ ਗਾਇਕ ਰਿਹਾ ਸੀ ਅਤੇ ਹੈ। ਜਦੋਂ ਮੈਂ, ਹਰਕ੍ਰਿਸ਼ਨ ਅਤੇ ਮੇਰੇ ਵੱਡੇ ਵੀਰ ਜੀ ਪੈਲੇਸ ਦੇ ਵਿੱਚ ਪੁੱਜੇ ਤਾਂ ਵਿਆਹ ਦਾ ਜਸ਼ਨ ਪੂਰੇ ਜ਼ੋਬਨ ਉੱਤੇ ਸੀ, ਪੰਜਾਬੀ ਸੰਗੀਤ ਦੇ ਸਿਰਕੱਢੇ ਗਾਇਕ ਬੋਲੀਆਂ ਪਾ ਪਾ ਮਾਹੌਲ ਨੂੰ ਹੋਰ ਪਿਆਰਾ ਬਣਾ ਰਹੇ ਸਨ। ਜਦੋਂ ਨਵੀਂ ਵਿਆਹੀ ਜੋੜੀ ਅਤੇ ਰਿਸ਼ਤੇਦਾਰ ਨੱਚ ਰਹੇ ਸਨ, ਅਤੇ ਵਿਆਹ ਦਾ ਜ਼ਸ਼ਨ ਪੂਰੇ ਜ਼ੋਬਨ ਉੱਤੇ ਸੀ, ਉਸ ਵੇਲੇ ਮੇਰੇ ਕੰਨਾਂ ਨੂੰ ਕੁੱਝ ਗਾਲ੍ਹਾਂ ਸੁਣਾਈਆਂ ਦਿੱਤੀਆਂ, ਮੇਰੇ ਮਨ ਨੂੰ ਠੇਸ ਪੁੱਜੀ। ਠੇਸ ਇਸ ਕਾਰਣ ਪੁੱਜੀ ਕਿ ਪੰਜਾਬੀ ਸੰਗੀਤ ਦਾ ਸਿਰਮੌਰ ਗਾਇਕ ਗਾਲ੍ਹਾਂ ਕੱਢ ਰਿਹਾ ਸੀ, ਜੋ ਵਿਆਹ ਦੇ ਵਿੱਚ ਬਹੁਤ ਖਾਸ ਸੀ।

ਕਿਸੇ ਨੇ ਆਖਿਆ ਹੈ ਕਿ ਇਨਸਾਨ ਦੇ ਦੋ ਕਿਰਦਾਰ ਹੁੰਦੇ ਹਨ, ਇੱਕ ਨਿੱਜੀ ਅਤੇ ਦੂਜਾ ਸਰਵਜਨਕ। ਨਿੱਜੀ ਜੋ ਉਸਦੇ ਆਲੇ ਦੁਆਲੇ ਉਸਦੇ ਵਰਤਾਓ ਕਾਰਣ ਬਣਦਾ ਹੈ, ਅਤੇ ਸਰਵਜਨਕ ਜੋ ਉਸਦੇ ਕੀਤੇ ਕੰਮਾਂ ਕਰਕੇ ਜਾਂ ਉਸਦੇ ਹੁਨਰ ਕਰਕੇ ਬਣਦਾ ਹੈ। ਉਸਦੇ ਗੀਤ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕਰਦੇ ਰਹੇ ਹਨ, ਪ੍ਰੰਤੂ ਉਸਦਾ ਉਸ ਵਿਆਹ ਵਿੱਚ ਗਾਲ੍ਹਾਂ ਕੱਢਣਾ ਉਸਦੇ ਨਿੱਜੀ ਕਿਰਦਾਰ ਨੂੰ ਝਲਕਾਉਂਦਾ ਸੀ। ਉਸਦੇ ਹੰਕਾਰ ਨੂੰ ਝਲਕਾਉਂਦਾ ਸੀ, ਉਸਦੇ ਨਾਲ ਨੱਚ ਰਹੇ ਦੂਜੇ ਗਾਇਕ ਉਸਦੀ ਤਰ੍ਹਾਂ ਗਾਲ੍ਹਾਂ ਨਹੀਂ ਕੱਢ ਰਹੇ ਸਨ। ਗਾਲ੍ਹਾਂ ਕੱਢਣ ਦਾ ਕਾਰਣ, ਕੁੱਝ ਆਮ ਲੋਕ ਉਹਨਾਂ ਦੇ ਨਾਲ ਰਲਕੇ ਨੱਚਣ ਦੀ ਕੋਸ਼ਿਸ਼ ਕਰ ਰਹੇ ਸਨ, ਸ਼ਾਇਦ ਉਹ ਗਾਇਕ ਨਹੀਂ ਸੀ, ਪ੍ਰੰਤੂ ਵਿਆਹ ਦੇ ਵਿੱਚ ਸੱਦੇ ਹੋਏ ਮਹਿਮਾਨ ਤਾਂ ਹੋਣਗੇ ਹੀ। ਉਸ ਸਿਰੇ ਦੇ ਗਾਇਕ ਦਾ ਇਹ ਰੂਪ ਬੇਹੱਦ ਘ੍ਰਿਣਾਜਨਕ ਸੀ ਮੇਰੇ ਲਈ, ਪ੍ਰੰਤੂ ਮੇਰਾ ਧਿਆਨ ਤਾਂ ਸਿਰਫ਼ ਅਤੇ ਸਿਰਫ਼ ਮੁੜ੍ਹ ਮੁੜ੍ਹ ਮੇਰੇ ਆਦਰਸ਼ ਗਾਇਕ ਗੋਰੇ ਚੱਕਵਾਲੇ ਵੱਲ ਜਾ ਰਿਹਾ ਸੀ, ਜੋ ਸਟੇਜ਼ ਉੱਤੇ ਬੋਲੀਆਂ ਦੀ ਲਾਰ ਬੰਨ੍ਹੀ ਜਾ ਰਿਹਾ ਸੀ।

ਜਸ਼ਨ ਜਿਵੇਂ ਹੀ ਖ਼ਤਮ ਹੋਇਆ, ਅਸੀਂ ਪੈਲੇਸ 'ਚੋਂ ਨਿਕਲ ਬਰਨਾਲਾ ਰੋਡ ਉੱਤੇ ਚੜ੍ਹੇ ਹੀ ਸਾਂ ਕਿ ਇੱਕ ਪ੍ਰਾਈਵੇਟ ਬੱਸ ਨੇ ਇੱਕ ਨੌਜਵਾਨ ਨੂੰ ਕੁਚਲ ਸੁੱਟਿਆ। ਉਸ ਨੌਜਵਾਨ ਦੇ ਨਾਲ ਵਾਲੇ ਮੁੰਡੇ ਬੱਸ ਉੱਤੇ ਪਥਰਾਅ ਕਰਨ ਲੱਗੇ ਹੋਏ ਸਨ, ਅਤੇ ਡਰਾਈਵਰ ਤਾਂ ਮੌਕੇ ਤੋਂ ਭੱਜ ਗਿਆ, ਪ੍ਰੰਤੂ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਉੱਤੇ ਬਣੀ ਹੋਈ ਸੀ। ਅਸੀਂ ਮੁੰਡਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਲੱਗੇ ਕਿ ਅਚਾਨਕ ਗੋਰੇ ਚੱਕਵਾਲੇ ਦੀ ਗੱਡੀ ਉੱਥੇ ਹੀ ਆ ਪਹੁੰਚੀ, ਉਸਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਫੱਟੜ ਨੌਜਵਾਨ ਨੂੰ ਆਪਣੀ ਗੱਡੀ ਵਿੱਚ ਪਾਉਣ ਦੇ ਲਈ ਡਰਾਈਵਰ ਨੂੰ ਥੱਲੇ ਆਉਣ ਲਈ ਕਿਹਾ, ਤਾਂ ਡਰਾਈਵਰ ਨੇ ਕਿਹਾ ਗੱਡੀ ਖ਼ਰਾਬ ਹੋ ਜਾਊ। ਗੋਰੇ ਦੇ ਮੂੰਹ ਨਿਕਲਿਆ, ਗੱਡੀ ਕਿਸਦੀ। ਉਸਨੂੰ ਫੱਟੜ ਨੌਜਵਾਨ ਨੂੰ ਗੋਰਾ ਚੱਕਵਾਲਾ ਆਪਣੀ ਗੱਡੀ ਦੇ ਵਿੱਚ ਪਾਕੇ ਪਹਿਲਾਂ ਸਥਾਨਕ ਸਿਵਲ ਹਸਪਤਾਲ ਲੈਕੇ ਗਿਆ, ਉੱਥੇ ਗੱਲ ਨਾ ਬਣੀ, ਤਾਂ ਉਹ ਉਸਨੂੰ ਲੈਕੇ ਲੁਧਿਆਣਾ ਨੂੰ ਰਵਾਨਾ ਹੋਇਆ, ਰਾਤ ਨੂੰ ਬਾਰ੍ਹਾਂ ਵੱਜੇ ਦੇ ਕਰੀਬ।

ਉਸ ਰਾਤ ਗੋਰੇ ਦੀ ਦਰਿਆਦਿਲੀ ਨੇ ਜਿੱਥੇ ਮੇਰੀ ਪਰਖ਼ ਸਹੀ ਠਹਿਰਾਇਆ ਅਤੇ ਗੋਰੇ ਦੇ ਕੱਦ ਨੂੰ ਮੇਰੀ ਨਿਗਾਹ ਵਿੱਚ ਹੋਰ ਉੱਚਾ ਕੀਤਾ, ਉੱਥੇ ਹੀ ਗਾਲ੍ਹਾਂ ਕੱਢਣ ਵਾਲੇ ਉਸ ਗਾਇਕ ਦੀ ਹੈਂਕੜ ਨੇ ਮੈਨੂੰ ਦੱਸਿਆ ਕਿ ਸਫ਼ਲਤਾ ਦੀ ਸ਼ਿਖਰ ਉੱਤੇ ਪਹੁੰਚਣ ਮਗਰੋਂ ਤੁਹਾਡਾ ਇਸ ਤਰ੍ਹਾਂ ਦਾ ਵਰਤਾਓ, ਤੁਹਾਨੂੰ ਕਿਸੇ ਦੀਆਂ ਨਜ਼ਰਾਂ 'ਚੋਂ ਡੇਗ ਦਿੰਦਾ ਹੈ। ਉਂਝ ਡਿੱਗੇ ਨੂੰ ਚੁੱਕਣਾ ਸੌਖਾ ਹੈ, ਪ੍ਰੰਤੂ ਨਜ਼ਰਾਂ ਤੋਂ ਡਿੱਗੇ ਨੂੰ ਚੁੱਕਣਾ ਉਹਨਾਂ ਹੀ ਮੁਸ਼ਕਲ ਜਿੰਨਾ ਹਵਾ ਦੇ ਬਿਨ੍ਹਾਂ ਸਾਹ ਲੈਣਾ।

1 comment:

Ishtdeep Singh said...

Bilkul kai lok safalta paa key apne aap nu bahut vadda samjhan lag jandey han.Insaan nu kade vi apni aukaad nahin bhulni chahidi.