Wednesday, May 5, 2010

ਮੌਤ ਸ਼ਮਾ, ਅਤੇ ਸ਼ਿਵ ਪ੍ਰਵਾਨਾ

ਅੱਜ ਪੰਜਾਬੀ ਕਵੀ ਸ਼ਿਵ ਕੁਮਾਰ ਨੂੰ ਦੁਨੀਆ ਤੋਂ ਗਏ ਕਰੀਬਨ 37 ਸਾਲ ਹੋ ਗਏ, ਅਤੇ ਜਿਸ ਵੇਲੇ ਸ਼ਿਵ ਨੇ ਦੁਨੀਆ ਨੂੰ ਅਲਵਿਦਾ ਆਖੀ, ਉਸ ਵੇਲੇ ਵੀ ਉਹ ਲਗਭਗ 37 ਕੁ ਵਰ੍ਹਿਆਂ ਦਾ ਮਸਾਂ ਸੀ। ਸ਼ਿਵ ਦੀ ਤਮੰਨਾ ਅਨੁਸਾਰ ਹੀ ਜ਼ੋਬਨ ਰੁੱਤੇ ਉਸਦੀ ਮਹਿਬੂਬਾ ਮੌਤ ਨੇ ਉਸਨੂੰ ਆਪਣੇ ਗਲ੍ਹੇ ਨਾਲ ਲਗਾ ਲਿਆ ਸੀ। ਸ਼ਿਵ ਮੌਤ ਨੂੰ ਮਹਿਬੂਬਾ ਨਾਲੋਂ ਵੀ ਕਿਤੇ ਜਿਆਦਾ ਪਿਆਰ ਕਰਦਾ ਸੀ, ਇਹ ਸ਼ਿਵ ਦੀਆਂ ਰਚਨਾਵਾਂ ਵਿੱਚ ਸਾਫ਼ ਝਲਕਦਾ ਹੈ। ਇਸ਼ਕ 'ਚ ਝੱਲੀ ਸੱਸੀ ਜਿਵੇਂ ਗੁੰਮ ਹੋਏ ਪੁਨੂੰ ਨੂੰ ਮਾਰੂਥਲ ਵਿੱਚ ਆਵਾਜ਼ਾਂ ਮਾਰਦੀ ਹੋਈ ਦਮ ਤੋੜ੍ਹ ਦਿੰਦੀ ਹੈ, ਉਸੇ ਤਰ੍ਹਾਂ ਸ਼ਿਵ ਵੀ ਜਿੰਦਗੀ ਦੇ ਮਾਰੂਥਲ ਵਿੱਚ ਖੜ੍ਹਾ ਬੱਸ ਮੌਤ ਮੌਤ ਹੀ ਪੁਕਾਰਦਾ ਨਜ਼ਰ ਆਇਆ, ਕਦੇ ਕਦੇ ਤਾਂ ਮੈਨੂੰ ਮੌਤ ਸ਼ਮਾ ਅਤੇ ਸ਼ਿਵ ਪ੍ਰਵਾਨਾ ਨਜ਼ਰ ਆਉਂਦਾ ਹੈ।

ਸ਼ਿਵ ਦੀਆਂ ਜਿਆਦਾਤਰ ਰਚਨਾਵਾਂ ਵਿੱਚ ਮੌਤ ਦਾ ਜਿਕਰ ਆਮ ਮਿਲ ਜਾਵੇਗਾ, ਜਿਵੇਂ ਪੰਜਾਬੀ ਗੀਤਕਾਰਾਂ ਦੇ ਗੀਤਾਂ ਵਿੱਚ ਕੁੜੀ ਦਾ ਜ਼ਿਕਰ। ਸ਼ਿਵ ਦੀ ਸਭ ਤੋਂ ਪ੍ਰਸਿੱਧ ਰਚਨਾ "ਅਸਾਂ ਤਾਂ ਜ਼ੋਬਨ ਰੁੱਤੇ ਮਰਨਾ, ਮੁੜ੍ਹ ਜਾਣਾ ਅਸਾਂ ਭਰੇ ਭਰਾਏ, ਹਿਜ਼ਰ ਤੇਰੇ ਦੀ ਕਰ ਪਰਕਰਮਾ" ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉਸਨੂੰ ਜ਼ੋਬਨ ਰੁੱਤੇ ਜੱਗੋਂ ਤੁਰ ਜਾਣ ਦੀ ਕਿੰਨੀ ਕਾਹਲ ਸੀ।

ਸ਼ਿਵ ਦਾ ਮੌਤ ਨੂੰ ਵਾਰ ਵਾਰ ਬੁਲਾਉਣਾ, ਉਸਨੂੰ ਆਖਿਰ ਜ਼ੋਬਨ ਰੁੱਤੇ ਲੈ ਹੀ ਗਿਆ, ਸ਼ਿਵ ਦੇ ਜਾਣ ਨਾਲ ਜੋ ਪੰਜਾਬੀ ਸਾਹਿਤ ਨੂੰ ਘਾਟਾ ਪਿਆ ਹੈ, ਉਹ ਤਾਂ ਕਦੇ ਵੀ ਪੂਰਾ ਨਹੀਂ ਹੋਣਾ, ਪ੍ਰੰਤੂ ਜੋ ਸ਼ਿਵ ਪੰਜਾਬੀ ਸਾਹਿਤ ਨੂੰ ਦੇ ਗਿਆ, ਉਹ ਹਮੇਸ਼ਾ ਸ਼ਿਵ ਨੂੰ ਸਾਡੇ ਦਰਮਿਆਨ ਜਿਉਂਦਿਆਂ ਰੱਖੇਗਾ। ਸਮੇਂ ਦੇ ਨਾਲ ਨਾਲ ਸ਼ਿਵ ਦੀ ਲਿਖੀ ਹੋਈ ਹਰ ਰਚਨਾ ਲੋਕਪ੍ਰਿਅਤਾ ਦੀ ਸ਼ਿਖਰ ਨੂੰ ਛੋਹਦੀ ਜਾ ਰਹੀ ਹੈ। ਇਹ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਿਵ ਸਾਹਿਤ ਦਿਨ ਪ੍ਰਤੀ ਦਿਨ ਜੁਆਨ ਹੁੰਦਾ ਜਾ ਰਿਹਾ ਹੈ। ਸ਼ਿਵ ਦੀਆਂ ਰਚਨਾਵਾਂ ਨੂੰ ਪੰਜਾਬੀ ਪੜ੍ਹਣ ਵਾਲੇ ਹੀ ਨਹੀਂ ਬਲਕਿ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਪ੍ਰੇਮੀ ਵੀ ਪੜ੍ਹਨ ਦੇ ਲਈ ਬੇਹੱਦ ਉਤਾਵਲੇ ਹਨ।

ਸ਼ਿਵ ਮੌਤ ਦਾ ਇੰਤਜ਼ਾਰ ਦੂਰ ਗਏ ਮਹਿਬੂਬ ਵਾਂਗ ਹੀ ਕਰਦਾ ਸੀ, ਜਿਸਦੇ ਆਉਣ ਦੀ ਕੋਈ ਤਾਰੀਖ਼ ਤਾਂ ਪੱਕੀ ਨਹੀਂ ਸੀ, ਪ੍ਰੰਤੂ ਇੰਝ ਹੀ ਲੱਗਦਾ ਹੈ ਕਿ ਹੁਣ ਆਵੇਗਾ, ਪਲ ਕੁ ਨੂੰ ਆਵੇਗਾ, ਇਹ ਗੱਲ ਉਸਦੀ ਲਿਖੀ ਰਚਨਾ "ਮੈਂ ਕੱਲ੍ਹ ਨਹੀਂ ਰਹਿਣਾ" ਤੋਂ ਬਹੁਤ ਆਸਾਨੀ ਨਾਲ ਸਮਝੀ ਜਾ ਸਕਦੀ ਹੈ। ਜਿਸ ਵਿੱਚ ਉਹ ਲਿਖਦਾ ਹੈ, "ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ, ਅੱਜ ਰਾਤੀਂ ਅਸਾਂ ਘੁੱਟ ਬਾਂਹਾਂ ਵਿੱਚ ਗੀਤਾਂ ਦਾ ਇੱਕ ਚੁੰਮਣ ਲੈਣਾ, ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ।

ਸ਼ਿਵ ਖੁਦ ਮੌਤ ਨੂੰ ਗਲ੍ਹ ਲਗਾਉਣ ਦਾ ਵਿਚਾਰ ਕਰਦਾ ਹੋਇਆ ਕੁੱਝ ਇੰਝ ਲਿਖਦਾ ਹੈ ਆਪਣੀ ਰਚਨਾ "ਆਪਣੀ ਸਾਲ ਗਿਰ੍ਹਾ 'ਤੇ' ਦੇ ਵਿੱਚ "ਬਿਹਰਣ ਜਿੰਦ ਮੇਰੀ ਨੇ ਸਈਓ ਕੋਹ ਇੱਕ ਹੋਰ ਮੁਕਾਇਆ ਨੀ, ਪੱਕਾ ਮੀਲ ਮੌਤ ਦਾ ਨਜ਼ਰੀਂ ਅਜੇ ਵੀ ਨਾ ਪਰ ਆਇਆ ਨੀਂ, ਆਤਮ ਹੱਤਿਆ ਦੇ ਰੱਥ ਉੱਤੇ ਜੀ ਕਰਦੈ ਚੜ੍ਹ ਜਾਵਾਂ ਨੀ, ਕਾਇਰਤਾ ਦੇ ਦੱਮਾਂ ਦਾ ਪਰ ਕਿੱਥੋਂ ਦਿਆਂ ਕਿਰਾਇਆ ਨੀ'। ਇਸ ਰਚਨਾ ਵਿੱਚ ਆਤਮ ਹੱਤਿਆ ਦਾ ਜ਼ਿਕਰ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਹ ਕਿੰਨਾ ਕਾਹਲਾ ਸੀ ਮੌਤ ਦੀ ਬੁੱਕਲ ਵਿੱਚ ਸਿਰ ਰੱਖ ਸੌਣ ਦੇ ਲਈ।

ਮੌਤ ਨਾਲ ਸ਼ਿਵ ਦੇ ਲਗਾਅ ਦੀ ਗੱਲ ਕਰਦਿਆਂ ਸ਼ਿਵ ਕੁਮਾਰ ਦੀਆਂ ਚੋਣਵੀਆਂ ਰਚਨਾਵਾਂ ਨੂੰ ਲੈਕੇ ਤਿਆਰ ਕੀਤੇ ਕਾਵਿ ਸੰਗ੍ਰਹਿ 'ਅੱਗ ਦਾ ਸਫ਼ਰ' ਦੇ ਵਿੱਚ ਗੁਲਜ਼ਾਰ ਸਿੰਘ ਸੰਧੂ ਲਿਖਦੇ ਹਨ ਕਿ ਸ਼ਿਵ ਕੁਮਾਰ ਦੇ ਮਨ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਦੀ ਬੜੀ ਅਚਵੀ ਲੱਗੀ ਹੋਈ ਸੀ। ਸ਼ਾਇਦ ਇਹੀਓ ਕਾਰਣ ਹੈ ਕਿ 1960 ਵਿੱਚ 'ਪੀੜ੍ਹਾਂ ਦਾ ਪਰਾਗਾ', 1961 ਵਿੱਚ ਲਾਜਵੰਤੀ, 1962 ਵਿੱਚ 'ਆਟੇ ਦੀਆਂ ਚਿੜੀਆਂ' ਅਤੇ 1963 ਵਿੱਚ 'ਮੈਨੂੰ ਵਿਦਾ ਕਰੋ' ਪੁਸਤਕਾਂ ਲਗਾਤਾਰ ਪ੍ਰਕਾਸ਼ਿਤ ਕਰਵਾਈਆਂ। 1960 ਤੋਂ 1963 ਤੱਕ ਚਾਰ ਸਾਲਾਂ ਵਿੱਚ ਚਾਰ ਸੰਗ੍ਰਹਿ ਜਿਵੇਂ ਵਿਦਾ ਹੋਣ ਦੀ ਗਤੀ ਨੂੰ ਤੇਜ਼ ਕਰ ਰਿਹਾ ਹੋਵੇ। ਵਿਦਾ ਮੰਗਣ ਪਿੱਛੋਂ 1964 ਵਿੱਚ ਦੋ ਕਾਵਿ ਸੰਗ੍ਰਹਿ 'ਬਿਰਹਾ ਤੂੰ ਸੁਲਤਾਨ' ਅਤੇ 'ਦਰਦ ਮੰਦਾਂ ਦੀਆਂ ਆਹੀਂ' ਪੰਜਾਬੀ ਝੋਲੀ ਵਿੱਚ ਉਸਨੇ ਇੰਝ ਸੁੱਟੇ ਜਿਵੇਂ ਕੋਈ ਰੁਖ਼ਸਤ ਲੈਣ ਤੋਂ ਪਹਿਲਾਂ ਸਾਰੇ ਦੇ ਸਾਰੇ ਕੰਮ ਨਿਪਟਾਉਂਦਾ ਹੈ। 1965 ਵਿੱਚ 'ਲੂਣਾ' ਦੀ ਰਚਨਾ ਤੇ ਪ੍ਰਕਾਸ਼ਨ ਦੁਆਰਾ ਉਸ ਨੇ ਸਮਾਜ ਤੇ ਕਵਿਤਾ ਪ੍ਰਤੀ ਆਪਣੇ ਸਾਰੇ ਫਰਜ਼ ਨਿਭਾਅ ਦਿੱਤੇ ਜਾਪਦੇ ਸਨ ਅਤੇ ਹਿਜ਼ਰਾਂ ਦੀ ਪਰਿਕਰਮਾ ਕਰਕੇ ਭਰੇ ਭਰਾਏ ਮੁੜ੍ਹ ਜਾਣ ਦੀ ਤਿਆਰੀ ਕਰ ਲਈ ਸੀ। 1965 ਤੋਂ 1973 ਤੱਕ ਸ਼ਿਵ ਕੁਮਾਰ ਨੇ ਨਵੀਂ ਰਚਨਾ ਕੇਵਲ 'ਮੈਂ ਤੇ ਮੈਂ' ਹੀ ਦਿੱਤੀ, ਅਤੇ ਫਿਰ 6 ਮਈ 1973 ਨੂੰ ਸ਼ਿਵ ਕੁਮਾਰ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਕਹਿਕੇ ਮੌਤ ਨੂੰ ਕਲਾਵਾ ਪਾਕੇ ਆਪਣੀ ਜਿੱਦ ਨੂੰ ਪੂਰੀ ਕਰ ਗਿਆ।

ਆਪਣੀ ਮੌਤ ਤੋਂ ਕਰੀਬਨ ਦਸ ਸਾਲ ਪਹਿਲਾਂ ਸ਼ਿਵ ਕੁਮਾਰ ਨੇ ਲਗਭਗ 27 ਵਰ੍ਹਿਆਂ ਦੀ ਉਮਰ ਵਿੱਚ ਸਾਹਿਤ ਐਕਡਮੀ ਐਵਾਰਡ ਹਾਸਿਲ ਕਰਕੇ ਪੰਜਾਬੀ ਸਾਹਿਤ ਦਾ ਸਿਰ ਉੱਚਾ ਕੀਤਾ। ਇਸ ਪੁਰਸਕਾਰ ਦੇ ਨਾਲ ਜੁੜ੍ਹੀ ਇੱਕ ਘਟਨਾ ਬਾਰੇ ਸੁਰਜੀਤ ਮਾਨ ਲਿਖਦੇ ਹਨ ਕਿ ਜਦੋਂ ਪੁਰਸਕਾਰ ਮਿਲਣ ਉੱਤੇ ਕਿਸੇ ਨੇ ਸ਼ਿਵ ਕੁਮਾਰ ਦੀ ਪ੍ਰਤੀਕਿਰਿਆ ਪੁੱਛੀ ਤਾਂ ਸ਼ਿਵ ਕੁਮਾਰ ਦਾ ਜੁਆਬ ਸੀ 'ਮੈਨੂੰ ਖੁਸ਼ੀ ਤਾਂ ਜ਼ਰੂਰ ਹੈ, ਇੰਨੀ ਨਿੱਕੀ ਉਮਰੇ ਇਹ ਪੁਸਰਕਾਰ ਮਿਲਿਆ ਹੈ, ਪਰ ਮੇਰੇ ਅੰਦਰ ਆਪਣਾ ਕੋਈ ਨਿੱਜੀ ਗਮ ਹੋਣ ਕਰਕੇ, ਸ਼ਾਇਦ ਇੰਨਾ ਖੁਸ ਨਾ ਹੋ ਸਕਾਂ। ਨਾਲੇ ਕਿਸੇ ਕਵੀ ਲਈ ਅਸਲੀ ਪੁਰਸਕਾਰ ਉਹੀ ਹੁੰਦਾ ਹੈ, ਜੋ ਉਸਨੂੰ ਪਾਠਕ ਦਿੰਦੇ ਹਨ।' ਅੱਜ ਹਰ ਵਰਗ ਤੋਂ ਸ਼ਿਵ ਨੂੰ ਮਿਲ ਰਿਹਾ ਪਿਆਰ ਉਸਦੇ ਕੱਦ ਨੂੰ ਹੋਰ ਉੱਚਾ ਕਰਨ ਦੇ ਨਾਲ ਨਾਲ ਉਸਦੇ ਵਧੀਆ ਕਵੀ ਹੋਣ ਦੀ ਵੀ ਪੁਸ਼ਟੀ ਕਰਦਾ ਜਾ ਰਿਹਾ ਹੈ।

ਸ਼ਿਵ ਕੁਮਾਰ ਖੁਦ ਇੱਕ ਇੰਟਰਵਿਊ ਦੇ ਵਿੱਚ ਮਹਿੰਦਰਾ ਕੌਲ ਨੂੰ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਸੀ ਕਿ ਦੁਨੀਆ ਦਾ ਹਰ ਵਿਅਕਤੀ ਮੌਤ ਵੱਲ ਜਾ ਰਿਹਾ ਹੈ, ਬੱਸ ਸਭ ਹੋਲੀ ਹੋਲੀ ਸੁੱਖ ਦੀ ਮੌਤ ਮਰਨਾ ਚਾਹੁੰਦੇ ਹਨ। ਸ਼ਿਵ ਦਾ ਇਹ ਉੱਤਰ ਉਸਦੇ ਮੌਤ ਪ੍ਰਤੀ ਪਲੇ ਮੋਹ ਨੂੰ ਉਜ਼ਾਗਰ ਕਰਦਾ ਹੈ। ਉਹ ਆਮ ਲੋਕਾਂ ਦੀ ਤਰ੍ਹਾਂ ਹੋਲੀ ਹੋਲੀ ਮਰਨਾ ਦਾ ਆਦੀ ਨਹੀਂ ਸੀ, ਉਹ ਜਲਦ ਤੋਂ ਜਲਦ ਆਪਣਾ ਸਫ਼ਰ ਖ਼ਤਮ ਅਗਲੇ ਸਫ਼ਰ ਉੱਤੇ ਨਿਕਲਣਾ ਚਾਹੁੰਦਾ ਸੀ, ਤਦੀ ਤਾਂ ਉਸਨੇ ਬਹੁਤ ਸਾਰੀਆਂ ਉਪਲਬੱਧੀਆਂ ਬਹੁਤ ਛੋਟੀ ਉਮਰੇ ਹਾਸਿਲ ਕਰ ਲਈਆਂ। ਇੱਕ ਦਾਰਸ਼ਨਿਕ ਨੇ ਕਿਹਾ ਹੈ ਕਿ ਉਸ ਨੂੰ ਮੌਤ ਦਾ ਭੈਅ ਕਦੇ ਵੀ ਨਹੀਂ ਰਹਿੰਦਾ, ਜੋ ਜੀਵਨ ਦੇ ਵਿੱਚ ਆਪਣੇ ਮਕਸਦ ਨੂੰ ਹਾਸਿਲ ਕਰ ਲੈਂਦਾ ਹੈ। ਅਕਸਰ ਮੌਤ ਆਉਣ ਉੱਤੇ ਉਹ ਘਬਰਾਉਂਦੇ ਹਨ, ਜਿਹਨਾਂ ਨੇ ਜਿੰਦਗੀ ਦੇ ਵਿੱਚ ਕੁੱਝ ਵੀ ਹਾਸਿਲ ਨਹੀਂ ਕੀਤਾ। ਜਿਹਨਾਂ ਦੀ ਜਿੰਦਗੀ ਬੱਸ ਭਟਕਣ ਦੇ ਵਿੱਚ ਹੀ ਨਿਕਲ ਗਈ ਹੁੰਦੀ ਹੈ।

ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਸ਼ਿਵ ਕੁਮਾਰ ਬਟਾਲਵੀਂ ਕਿਉਂ ਨਹੀਂ ਲਿਖ ਰਿਹਾ, ਕੇਵਲ ਸ਼ਿਵ ਕੁਮਾਰ ਲਿਖ ਰਿਹਾ ਹਾਂ, ਅਸਲ ਵਿੱਚ ਸ਼ਿਵ ਕੁਮਾਰ ਨੂੰ ਬਟਾਲਵੀ ਤੱਖਲੁਸ ਤੋਂ ਬੇਹੱਦ ਚਿੜ੍ਹ ਸੀ। ਇਸ ਬਾਰੇ ਜ਼ਿਕਰ ਕਰਦਿਆਂ ਸੁਰਜੀਤ ਮਾਨ ਲਿਖਦੇ ਹਨ ਕਿ ਉਸਦੀ ਕਿਸੇ ਵੀ ਕਵਿਤਾ ਜਾਂ ਕਿਤਾਬ ਉੱਪਰ ਉਸਨੇ ਕਦੇ ਵੀ ਆਪਣੇ ਨਾਂਅ ਸ਼ਿਵ ਕੁਮਾਰ ਦੇ ਨਾਲ ਬਟਾਲਵੀ ਨਹੀਂ ਲਿਖਿਆ। ਉਹ ਤਾਂ ਆਖਦਾ ਹੁੰਦਾ ਸੀ, "ਬਟਾਲਵੀ ਸ਼ਬਦ ਤੋਂ ਮੈਨੂੰ ਸਾਡੇ ਸ਼ਹਿਰ ਦੀ ਮੰਡੀ ਵਿੱਚ ਪਈ ਕਹੀਆਂ, ਸੱਬਲਾਂ, ਹਥੌੜੀਆਂ, ਸੰਗਲ ਅਤੇ ਦਾਤੀਆਂ ਖੁਰਪੇ ਯਾਦ ਆ ਜਾਂਦੇ ਹਨ। ਪਤਾ ਨਹੀਂ ਇਹ ਬਟਾਲਵੀ ਤਖੱਲੁਸ ਮੇਰੇ ਚੰਗੇ ਭਲੇ ਨਾਂ ਨਾਲ ਕੀਹਨੇ ਅਤੇ ਕਿਉਂ ਜੋੜ੍ਹ ਦਿੱਤਾ। ਜੇਕਰ ਅਸਲ ਵਿੱਚ ਸ਼ਿਵ ਨੂੰ ਬਟਾਲਵੀ ਸ਼ਬਦ ਪਸੰਦ ਨਹੀਂ ਆਪਣੇ ਨਾਂਅ ਨਾਲ, ਤਾਂ ਮੈਂ ਉਸਦੀ ਰੂਹ ਨੂੰ ਸ਼ਿਵ ਕੁਮਾਰ ਬਟਾਲਵੀ ਕਹਿਕੇ ਚੋਟਿਲ ਨਹੀਂ ਕਰ ਸਕਦਾ।

ਉਂਝ ਵੀ, ਉਸ ਨੇ ਜਿਉਂਦੇ ਜੀਅ ਬਹੁਤ ਦਰਦ ਹੰਡਾਇਆ ਹੈ, ਹੋਰ ਦਰਦ ਦੇਣ ਨੂੰ ਮੇਰਾ ਜੀਅ ਨਹੀਂ ਕਰਦਾ, ਇਸ ਲਈ ਸ਼ਿਵ ਕੁਮਾਰ ਕਹਿਕੇ ਉਸਦੀ ਰੂਹ ਨੂੰ ਚੈਨ ਦੇ ਪਲ ਦੇਣਾ ਚਾਹੁੰਦਾ ਹਾਂ, ਜੋ ਸ਼ਾਇਦ ਚੰਨ ਜਾਂ ਤਾਰਾ ਬਣ ਗਈ ਹੋਵੇਗੀ, ਕਿਉਂਕਿ ਅਜਿਹਾ ਹੀ ਕੁੱਝ ਮੰਨਣਾ ਸੀ ਸ਼ਿਵ ਕੁਮਾਰ ਦਾ, ਤਦੀ ਤਾਂ ਉਸਨੇ ਆਪਣੀ ਇੱਕ ਰਚਨਾ ਵਿੱਚ ਲਿਖਿਆ ਹੈ, ਜ਼ੋਬਨ ਰੁੱਤੇ ਜੋ ਮਰਦਾ ਚੰਨ ਬਣਦਾ ਜਾਂ ਤਾਰਾ, ਜ਼ੋਬਨ ਰੁੱਤੇ ਆਸ਼ਿਕ ਮਰਦਾ ਜਾਂ ਕਰਮਾਂ ਵਾਲਾ।