Tuesday, March 30, 2010

ਫਿਰ ਸੁਣਨਗੇ ਪੱਟਾਂ ਦੇ ਪਟਾਕੇ

ਆਉਂਦੀ 3 ਤਾਰੀਖ਼ ਤੋਂ ਪੰਜਾਬ ਦੀ ਧਰਤੀ ਉੱਤੇ ਕੱਬਡੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜੋ ਗੱਲ ਇਸ ਖੇਡ ਦੇ ਭਵਿੱਖ ਲਈ ਬਹੁਤ ਅਹਿਮੀਅਤ ਰੱਖਦੀ ਹੈ। ਇਸ ਤੋਂ ਪਹਿਲਾਂ ਕੱਬਡੀ ਟੂਰਨਾਮੈਂਟਾਂ ਨੂੰ ਕੇਵਲ ਪਿੰਡਾਂ ਦੇ ਵਿੱਚ ਛੋਟੇ ਛੋਟੇ ਕੱਲਬਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਰਿਹਾ ਹੈ, ਜਾਂ ਫਿਰ ਬਾਹਰ ਵੱਸਦੇ ਪੰਜਾਬੀਆਂ ਦੇ ਫੰਡਾਂ ਨਾਲ ਚੱਲਦੇ ਕੁੱਝ ਉੱਚ ਪੱਧਰੀ ਸੰਸਥਾਨਾਂ ਦੁਆਰਾ ਕੱਬਡੀ ਮੈਚਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਇਹਨਾਂ ਲੋਕਾਂ ਦੇ ਯਤਨਾਂ ਸਦਕਾ ਹੀ ਕੱਬਡੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ,

ਜੇਕਰ ਇਹ ਲੋਕ ਵੀ ਹੌਂਸਲਾ ਹਾਰ ਬੈਠਦੇ ਅਤੇ ਕੱਬਡੀ ਨੂੰ ਭੁੱਲ ਆਪਣਾ ਪੈਸਾ ਕ੍ਰਿਕਟ ਵਰਗੀਆਂ ਪ੍ਰਚੱਲਿਤ ਖੇਡਾਂ ਨੂੰ ਬੜ੍ਹਾਵਾ ਦੇਣ ਵਿੱਚ ਖ਼ਰਚ ਕਰ ਦਿੰਦੇ ਤਾਂ ਸ਼ਾਇਦ ਆਉਂਦੀ ਤਿੰਨ ਤਾਰੀਖ਼ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੀ ਅਸੀਂ ਕਲਪਨਾ ਵੀ ਨਾ ਕਰ ਪਾਉਂਦੇ। ਅੱਜ ਤੋਂ ਕਈ ਸਾਲ ਪਹਿਲਾਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਪੰਜਾਬ ਸਰਕਾਰ ਕਦੇ ਇਸ ਲੁਪਤ ਹੁੰਦੀ ਖੇਡ ਵੱਲ ਧਿਆਨ ਦੇਵੇਗੀ ਅਤੇ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਪਿੰਡਾਂ ਦੇ ਨੌਜਵਾਨਾਂ ਦੀ ਕੋਈ ਸੁਧ ਵੀ ਲਵੇਗਾ।

ਇਸ ਖੇਡ ਨੂੰ ਜਿਉਂਦਿਆਂ ਰੱਖਣ ਵਿੱਚ ਪੰਜਾਬ ਅਤੇ ਹਰਿਆਣਾ ਦੇ ਉਹਨਾਂ ਖੇਤਰਾਂ ਦਾ ਬਹੁਮੁੱਲਾ ਯੋਗਦਾਨ ਹੈ, ਜਿਹਨਾਂ ਖੇਤਰਾਂ ਵਿੱਚ ਹਰ ਸਾਲ ਚਾਰ ਹਜਾਰ ਤੋਂ ਜਿਆਦਾ ਕੱਬਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ। ਪੰਜਾਬ ਦੇ ਹਰ ਪਿੰਡ ਵਿੱਚ ਕੱਬਡੀ ਖੇਡੀ ਜਾਂਦੀ ਹੈ, ਪ੍ਰੰਤੂ ਪੰਜਾਬ ਦੇ ਜਿਆਦਾਤਰ ਪਿੰਡ ਕੱਬਡੀ ਟੂਰਨਾਮੈਂਟਾਂ ਵਿੱਚ ਨਹੀਂ ਪਹੁੰਚ ਪਾਉਂਦੇ, ਕਿਉਂਕਿ ਇਹਨਾਂ ਪਿੰਡਾਂ ਵਿੱਚ ਕੱਬਡੀ ਖੇਡਣ ਵਾਲੇ ਤਾਂ ਹਨ, ਪ੍ਰੰਤੂ ਉਹਨਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ। ਇਸ ਲਈ ਪੰਜਾਬ ਦੇ ਜਿਆਦਾਤਰ ਪਿੰਡਾਂ ਵਿੱਚ ਕੱਬਡੀ ਕੇਵਲ ਸ਼ੌਂਕੀਆ ਤੌਰ 'ਤੇ ਖੇਡੀ ਜਾਂਦੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਸ਼ਾਇਦ ਸ਼ੌਕੀਆ ਤੌਰ 'ਤੇ ਕੱਬਡੀ ਖੇਡਣ ਵਾਲਿਆਂ ਨੂੰ ਟੂਰਨਾਮੈਂਟਾਂ ਵਿੱਚ ਆਉਣ ਦੇ ਲਈ ਪ੍ਰੇਰਿਤ ਕਰੇਗੀ।

ਐਨਾ ਹੀ ਨਹੀਂ, ਪੰਜਾਬ ਸਰਕਾਰ ਦਾ ਕੱਬਡੀ ਦੇ ਲਈ ਕੀਤਾ ਗਿਆ ਇਹ ਉਪਰਾਲਾ ਪੰਜਾਬ ਸਰਕਾਰ ਦੀ ਤਸਵੀਰ ਨੂੰ ਥੋੜ੍ਹਾ ਜਿਹਾ ਸੁਧਾਰਣ ਵਿੱਚ ਆਪਣਾ ਯੋਗਦਾਨ ਜ਼ਰੂਰ ਅਦਾ ਕਰੇਗਾ, ਜੇਕਰ ਇਹ ਵਿਸ਼ਵ ਕੱਪ ਇਸੇ ਤਰ੍ਹਾਂ ਹਾਲ ਸਾਲ ਆਯੋਜਿਤ ਹੁੰਦਾ ਰਿਹਾ, ਤਾਂ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਨਾਂਅ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਜਾਵੇਗਾ।

ਉਂਝ, ਬਾਦਲ ਸਰਕਾਰ ਨੂੰ ਪਿੰਡਾਂ ਦੇ ਵਿੱਚ ਨਸ਼ੇ ਫੈਲਾਉਣ ਵਾਲੀ ਸਰਕਾਰ ਵੱਜੋਂ ਵੀ ਜਾਣਿਆ ਜਾਂਦਾ ਹੈ, ਜਦੋਂ ਜਦੋਂ ਵੀ ਪੰਜਾਬ ਵਿੱਚ ਬਾਦਲ ਸਰਕਾਰ ਆਈ, ਨਸ਼ੇ ਦੇ ਸੌਦਾਗਰਾਂ ਨੇ ਖੁੱਲ੍ਹਕੇ ਨਸ਼ੇ ਦੀ ਸਪਲਾਈ ਕੀਤੀ। ਖੁੱਲ੍ਹੇਆਮ ਨਸ਼ੇ ਦੀ ਸਪਲਾਈ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਸੀ। ਉਹਨਾਂ ਦੇ ਸਰੀਰ ਨਸ਼ੇ ਦੀ ਲੱਤ ਕਾਰਣ ਹੱਡੀਆਂ ਦਾ ਪਿੰਜਰ ਬਣਕੇ ਰਹਿ ਗਏ ਸਨ। ਉਹ ਕੱਬਡੀ ਦੇ ਮੈਦਾਨ ਤਾਂ ਤੋਂ ਵੀ ਦੂਰ ਹੋ ਗਏ ਸੀ, ਕਿਉਂਕਿ ਖੇਡਣ ਦੇ ਲਈ ਜਾਨ ਦੀ ਲੋੜ ਪੈਂਦੀ ਹੈ, ਪ੍ਰੰਤੂ ਨਸ਼ਿਆਂ ਦੇ ਅੰਦਰੋਂ ਅੰਦਰੀ ਥੋਥੇ ਕਰ ਛੱਡੇ ਸੀ ਪਿੰਡਾਂ ਦੇ ਨੌਜਵਾਨ। ਜਿਸ ਤਰ੍ਹਾਂ ਨੂੰ ਕੱਬਡੀ ਨੂੰ ਉਤਸ਼ਾਹ ਮਿਲ ਰਿਹਾ ਹੈ, ਹੋ ਸਕਦਾ ਹੈ ਕਿ ਕੁਰਾਹੇ ਪਏ ਨੌਜਵਾਨ ਮੁੜ੍ਹ ਤੋਂ ਮੈਦਾਨਾਂ ਦੀ ਰੌਣਕ ਬਣ ਜਾਣ ਅਤੇ ਸੁੰਨੇ ਪਏ ਮੈਦਾਨਾਂ ਵਿੱਚ ਫਿਰ ਤੋਂ ਪੱਟਾਂ ਦੇ ਪਟਾਕੇ ਦੇ ਨਾਲ ਤਾਲੀਆਂ ਅਤੇ ਸੀਟੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਜਾਣ।