Tuesday, April 13, 2010

ਕੀ ਕੀ ਕਹਿੰਦੀਆਂ ਨੇ ਵਿਸਾਖੀਆਂ

ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਸ਼ਵ ਭਰ ਵਿੱਚ ਭਲੇ ਹੀ "ਅਪ੍ਰੈਲ ਫੂਲ ਡੇ" ਦੇ ਨਾਲ ਹੁੰਦੀ ਹੋਵੇ, ਪਰੰਤੂ ਪੰਜਾਬ ਦੇ ਇਤਿਹਾਸ ਵਿੱਚ ਅਪ੍ਰੈਲ ਦਾ ਮਹੀਨਾ ਅਲਹਿਦਾ ਹੀ ਮਹੱਤਵ ਰੱਖਦਾ ਹੈ, ਕਿਉਂਕਿ ਇਸ ਮਹੀਨੇ ਦੇ ਅੱਧ ਤੋਂ ਦੋ ਦਿਨ ਪਹਿਲਾਂ ਆਉਣ ਵਾਲਾ ਵਿਸਾਖੀ ਦਾ ਮੇਲਾ ਪੰਜਾਬ ਦੇ ਇਤਿਹਾਸ ਉੱਤੇ ਹੀ ਨਹੀਂ ਬਲਕਿ ਭਾਰਤੀ ਇਤਿਹਾਸ ਦੇ ਨਕਸ਼ੇ ਉੱਤੇ ਡੂੰਘਾ ਪ੍ਰਭਾਵ ਛੱਡ ਚੁੱਕਿਆ ਹੈ। ਪੰਜਾਬ ਵਿੱਚ ਵਿਸਾਖੀ ਦੇ ਦਿਨ ਜਗ੍ਹਾ ਜਗ੍ਹਾ ਮੇਲੇ ਲੱਗਦੇ ਹਨ, ਪ੍ਰੰਤੂ ਕੁੱਝ ਇਤਿਹਾਸਕ ਘਟਨਾਵਾਂ ਦੇ ਕਾਰਣ ਕੁੱਝ ਵਿਸ਼ੇਸ਼ ਜਗ੍ਹਾਵਾਂ ਉੱਤੇ ਇਸ ਮੇਲੇ ਦੀ ਮਹੱਤਤਾ ਬਹੁਤ ਜਿਆਦਾ ਹੈ। ਉਂਝ ਤਾਂ ਪੰਜਾਬ ਵਿੱਚ ਹਰ ਸਾਲ ਵਿਸਾਖੀ ਮਨਾਈ ਜਾਂਦੀ ਹੈ, ਪ੍ਰੰਤੂ ਦੋ ਵਿਸਾਖੀਆਂ ਪੰਜਾਬ ਦੇ ਇਤਿਹਾਸ ਵਿੱਚ ਅਮਿਟ ਛਾਪ ਛੱਡ ਗਈਆਂ ਹਨ, ਇੱਕ ਨੇ ਸੁਨਹਿਰੇ ਅੱਖਰਾਂ ਦੇ ਨਾਲ ਆਪਣਾ ਇਤਿਹਾਸ ਲਿਖਿਆ ਅਤੇ ਦੂਜੀ ਨੇ ਲਾਲ ਅੱਖਰਾਂ ਦੇ ਨਾਲ।

ਇੱਕ ਵਿਸਾਖੀ ਜਿੱਥੇ ਸਾਡਾ ਮਾਣ ਨਾਲ ਸਿਰ ਉੱਚਾ ਕਰਦੀ ਹੈ, ਉੱਥੇ ਹੀ ਦੂਜੀ ਲਾਲ ਅੱਖਰੀਂ ਲਿਖੀ ਵਿਸਾਖੀ ਸਾਡੇ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਸੁਨਹਿਰੀ ਅੱਖਰੀਂ ਲਿਖੀ ਹੋਈ ਵਿਸਾਖੀ 13 ਅਪ੍ਰੈਲ 1699 ਦੀ ਹੈ, ਜਦੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਿਕਾਕੇ ਸਿੰਘ ਦੇ ਨਾਂਅ ਨਾਲ ਨਵਾਜਿਆ ਸੀ। ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਲੱਖਾਂ ਦੀ ਭੀੜ੍ਹ, ਪ੍ਰੰਤੂ ਜਦੋਂ ਗੁਰੂ ਨੇ ਸ਼ੀਸ਼ ਮੰਗੇ ਤਾਂ ਪੂਰੇ ਪੰਡਾਲ 'ਚ ਚੁੱਪ ਛਾ ਗਈ। ਇਹ ਚੁੱਪ ਪੰਜ ਪਿਆਰਿਆਂ ਦੀ ਚੋਣ ਦੇ ਨਾਲ ਹੀ ਫਿਰ ਕਿਤੇ ਖੋਹ ਗਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਯਤਨ ਮੁਗਲਾਂ ਦੇ ਵਿਰੁੱਧ ਇੱਕ ਵੱਡੀ ਸਫ਼ਲਤਾ ਬਣ ਉੱਭਰਿਆ ਸੀ। ਇਸਦੇ ਬਾਅਦ ਵਿਸਾਖੀ ਦਾ ਧਾਰਮਿਕ ਮਹੱਤਵ ਬਹੁਤ ਜਿਆਦਾ ਵੱਧ ਗਿਆ, ਸਿੱਖ ਧਰਮ ਦੇ ਲਈ ਇਹ ਦਿਨ ਹੋਰ ਵੀ ਅਹਿਮ ਹੋ ਗਿਆ, ਭਲੇ ਹੀ ਸਿੱਖਾਂ ਦੇ ਦਸਮ ਪਿਤਾ ਨੇ ਆਪਣਾ ਪਰਿਵਾਰ ਪੂਰੀ ਹਿੰਦ ਕੌਮ ਦੇ ਲਈ ਵਾਰ ਦਿੱਤਾ ਸੀ।

ਇਸਦੇ ਬਾਅਦ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸਥਿਤ ਜਲ੍ਹਿਆਂ ਵਾਲੇ ਬਾਗ ਵਿਖੇ ਲਾਲ ਅੱਖਰਾਂ ਦੇ ਨਾਲ ਵਿਸਾਖੀ ਦੀ ਇਸ ਤਾਰੀਖ਼ ਨੂੰ ਗੋਰੀ ਹਕੂਮਤ ਨੇ ਸਦਾ ਦੇ ਲਈ ਦਰਜ ਕਰ ਦਿੱਤਾ। ਜਲ੍ਹਿਆਂ ਵਾਲੇ ਬਾਗ ਦੀ ਇਹ ਅਣਹੋਣੀ ਵਿਸਾਖੀ ਗੋਰੀ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਨੂੰ ਜੱਗ ਉਜਾਗਰ ਕਰਦੀ ਹੈ। 1699 ਦੀ ਵਿਸਾਖੀ ਜਿੱਥੇ ਮੁਗਲ ਦੇ ਖ਼ਾਤਮੇ ਦੀ ਨੀਂਹ ਰੱਖਣ ਦੇ ਲਈ ਅਹਿਮ ਮੰਨੀ ਗਈ, ਉੱਥੇ ਹੀ 1919 ਦੀ ਵਿਸਾਖੀ ਗੋਰੀ ਸਰਕਾਰ ਨੂੰ ਦੇਸ਼ 'ਚੋਂ ਕੱਢਣ ਦੇ ਯਤਨਾਂ ਇੱਕ ਹਿੱਸਾ ਸੀ, ਪ੍ਰੰਤੂ ਗੋਰੀ ਸਰਕਾਰ ਦੇ ਜਾਲਮ ਅਧਿਕਾਰੀ ਜਰਨਲ ਡਾਇਰ ਨੇ ਆਪਣੀਆਂ ਕਰੂਰਤਾਂ ਦੇ ਪਰਿਚੈ ਦਿੰਦਿਆਂ ਹਜਾਰਾਂ ਲੋਕਾਂ ਨੂੰ ਪਲ ਵਿੱਚ ਮੌਤ ਦੀ ਨੀਂਹ ਸੁਲਾ ਦਿਤਾ ਅਤੇ ਜਲ੍ਹਿਆਂ ਵਾਲੇ ਬਾਗ ਦੀ ਧਰਤੀ ਨੂੰ ਲਾਲ ਰੰਗ ਵਿੱਚ ਰੰਗ ਦਿੱਤਾ। ਭਲੇ ਸ਼ਹੀਦਾਂ ਦੇ ਡੁੱਲ੍ਹੇ ਇਸ ਖ਼ੂਨ ਦਾ ਬਦਲਾ ਸੁਨਾਮ ਦੇ ਨੌਜਵਾਨ ਸ਼ਹੀਦ ਉਧਮ ਸਿੰਘ ਨੇ ਲੰਡਨ ਦੀ ਧਰਤੀ ਉੱਤੇ ਜਾਕੇ ਲੈ ਲਿਆ ਸੀ, ਪ੍ਰੰਤੂ ਫ਼ਿਰ ਵੀ ਖ਼ੂਨ ਨਾਲ ਲਥਪਥ ਇਹ 13 ਅਪ੍ਰੈਲ 1919 ਦੀ ਵਿਸਾਖੀ ਸਾਨੂੰ ਬਹੁਤ ਵੱਡਾ ਸਦਮਾ ਪਹੁੰਚਾਉਂਦੀ ਹੈ।

ਇਤਿਹਾਸ ਦੇ ਵਰਕਿਆਂ ਵਿੱਚ ਦਰਜ ਹੋ ਚੁੱਕੀਆਂ ਇਹ ਦੋ ਵਿਸਾਖੀਆਂ ਸਾਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ, ਜੇਕਰ ਅਸੀਂ ਇਹਨਾਂ ਦੋਵਾਂ ਵਿਸਾਖੀਆਂ ਨੂੰ ਗੰਭੀਰਤਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। 13 ਅਪ੍ਰੈਲ 1919 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ। ਅਸੀਂ ਕਦੇ ਵਿਸਾਖੀ ਵਾਲੇ ਦਿਨ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਗੁਰੂ ਜੀ ਨੇ ਪੰਜ ਹੀ ਕਿਉਂ? ਛੇ ਜਾਂ ਸੱਤ ਪਿਆਰੇ ਕਿਉਂ ਨਹੀਂ ਸਾਜੇ। ਜਿੱਥੋਂ ਤੱਕ ਮੇਰਾ ਅਲਪ ਗਿਆਨ ਕਹਿੰਦਾ ਹੈ, ਉਹ ਹੈ ਕਿ ਪੰਜ ਵਕਾਰ ਮਨੁੱਖ ਨੂੰ ਇਨਸਾਨ ਨਹੀਂ ਬਣਨ ਦਿੰਦੇ, ਜੇਕਰ ਮਨ ਨੂੰ ਉਹਨਾਂ ਪੰਜ ਵਕਾਰ ਤੋਂ ਮੁਕਤ ਕਰ ਲਿਆ ਜਾਵੇ ਤਾਂ ਬੰਦੇ ਦੇ ਲਈ ਇਨਸਾਨ ਹੋਣਾ ਕੋਈ ਦੂਰ ਦੀ ਗੱਲ ਨਹੀਂ। ਇਹ ਉਹ ਪੰਜ ਬੰਦੇ ਸਨ, ਜਿਨ੍ਹਾਂ ਨੇ ਪੰਜਾਂ ਚੀਜ਼ਾਂ ਨੂੰ ਤਿਆਗਕੇ ਖੁਦ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਗੁਰੂ ਨੇ ਉਹਨਾਂ ਨੂੰ ਆਪਣੇ ਪੰਜ ਪਿਆਰੇ ਆਖਿਆ। ਜਦੋਂ ਵੀ ਵਿਸਾਖੀ ਬਾਰੇ ਸੋਚਦਾ ਹਾਂ ਤਾਂ ਮੈਨੂੰ ਗੁਰਦਾਸ ਮਾਨ ਦੇ ਗੀਤ ਦੀਆਂ ਹੇਠ ਲਿਖੀਆਂ ਸਤਰਾਂ ਅਚਾਨਕ ਯਾਦ ਆ ਜਾਂਦੀਆਂ ਹਨ।
ਓ ਆਪਣੇ ਆਪਨੂੰ ਆਸ਼ਿਕ ਦੱਸੇ, ਟੇਢੀ ਪੱਗੜੀ ਧਰਕੇ,
ਤੂੰ ਕਹਿਣੈ ਮੈਨੂੰ ਐਵੇਂ ਹੀ ਮਿਲਜੇ, ਇਹ ਮਿਲਦੈ ਮਰ ਮਰਕੇ
ਇੱਥੇ ਮਰਨ ਦਾ ਅਰਥ ਹੈ, ਮੈਂ ਨੂੰ ਮਾਰ ਦੇਣਾ ਅਤੇ ਉਹਨਾਂ ਪੰਜ ਵਕਾਰਾਂ ਨੂੰ ਤਿਆਗ ਦੇਣਾ, ਜੋ ਪ੍ਰਮਾਤਮਾ ਤੇ ਤੁਹਾਡੇ ਵਿਚਕਾਰ ਕੰਧ ਵਾਂਗ ਖੜ੍ਹੇ ਹੋਏ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਪੂਰੀ ਕੌਮ ਦੀ ਹਿਫ਼ਾਜ਼ਤ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ, ਪ੍ਰੰਤੂ ਅੱਜ ਬੰਦਾ ਪਰਿਵਾਰ ਦੇ ਲਈ ਲੋਕਾਂ ਦੇ ਹਿੱਤਾਂ ਦੀ ਬਲੀ ਦੇ ਰਿਹਾ ਹੈ, ਕਿਉਂਕਿ ਬੰਦਾ ਪੰਜ ਵਕਾਰਾਂ ਨੂੰ ਤਿਆਗਣ ਵਿੱਚ ਅੱਜ ਵੀ ਅਸਮਰੱਥ ਹੈ। ਦੂਜੀ 1919 ਦੀ ਵਿਸਾਖੀ ਸਾਨੂੰ ਏਕਤਾ ਦਾ ਸੁਨੇਹਾ ਦਿੰਦੀ ਹੈ, ਬੁਰਾਈ ਦੇ ਵਿਰੁੱਧ ਖੜ੍ਹੇ ਹੋਣ ਦਾ ਸੰਦੇਸ਼ ਦਿੰਦੀ ਹੈ, ਇੱਕ ਸੁਨਹਿਰੇ ਦਿਨ ਦੇ ਲਈ ਇੱਕ ਹੋਣ ਦਾ ਸੁਨੇਹਾ ਭੇਜਦੀ ਹੈ। ਜਲ੍ਹਿਆਂ ਵਾਲੇ ਬਾਗ ਵਿੱਚ ਜਾਕੇ ਗੋਲੀਆਂ ਦੇ ਨਿਸ਼ਾਨ ਵੇਖਣਾ ਜਾਂ ਜਲ੍ਹਿਆਂ ਵਾਲੇ ਬਾਗ ਦਾ ਇੱਕ ਚੱਕਰ ਕੱਟਣਾ ਉਹਨਾਂ ਸ਼ਹੀਦਾਂ ਦੇ ਲਈ ਸੱਚੀ ਸ਼ਰਧਾਂਜਲੀ ਕਦੇ ਨਹੀਂ ਹੋ ਸਕਦਾ, ਉਹ ਇਨਕਲਾਬ ਦੇ ਲਈ ਸ਼ਹੀਦ ਹੋਏ ਹਨ। ਉਹਨਾਂ ਦੇ ਸੁਫ਼ਨੇ ਅੱਜ ਵੀ ਅਧੂਰੇ ਹਨ, ਭਲੇ ਹੀ ਭਾਰਤ ਆਜਾਦ ਹੋ ਗਿਆ।

ਭਾਵੇਂ ਵਿਸਾਖੀ ਦਾ ਮੇਲਾ ਕਿਸਾਨਾਂ ਦੀ ਥਕਾਣ ਨੂੰ ਦੂਰ ਕਰਨ ਦਾ ਇੱਕ ਅਨੋਖਾ ਢੰਗ ਸੀ, ਪ੍ਰੰਤੂ ਪੰਜਾਬ ਦੇ ਇਤਿਹਾਸ ਦੀਆਂ ਇਹਨਾਂ ਦੋਹਾਂ ਵਿਸਾਖੀਆਂ ਨੇ ਪੰਜਾਬ ਦੇ ਇਤਿਹਾਸ ਉੱਤੇ ਗਹਿਰਾ ਪ੍ਰਭਾਵ ਛੱਡਿਆ ਹੈ। ਹੁਣ ਵੀ ਪੰਜਾਬ ਦੀ ਧਰਤੀ ਉੱਤੇ ਵਿਸਾਖੀ ਮੌਕੇ ਮੇਲੇ ਲੱਗਦੇ ਹਨ, ਪ੍ਰੰਤੂ ਉੱਥੇ ਹੋਣ ਵਾਲੀਆਂ ਕਾਨਫਰੰਸ ਇਨਕਲਾਬੀ ਨਾ ਹੋਕੇ ਰਾਜਨੀਤਿਕ ਹੁੰਦੀਆਂ ਹਨ। ਉੱਥੇ ਪਾਰਟੀਆਂ ਆਪਣੇ ਆਪਣੇ ਸਵਾਰਥ ਸਾਧਦੀਆਂ ਹੋਈਆਂ ਮੇਲਿਆਂ ਦੀ ਰੂਹ ਨੂੰ ਚੋਟ ਪਹੁੰਚਾਉਂਦੀਆਂ ਹਨ। ਮੇਲਿਆਂ ਦੀ ਰੰਗਤ ਨੂੰ ਘਟਾਉਂਦੀਆਂ ਹਨ।

 ਧੰਨਵਾਦ ਸਹਿਤ-
ਕੁਲਵੰਤ ਹੈੱਪੀ
ਵੈਬਦੁਨੀਆ ਉੱਤੇ ਵੀ