Monday, May 28, 2012

ਲਾਭ ਹੀਰੇ ਦੇ ਗੀਤ 'ਤੇ ਮੈਂ

ਟੋਬੇ ਦੇ ਕਿਨਾਰੇ ਬੈਠਾ, ਮੱਝਾਂ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਸਾਹਮਣਿਉਂ ਗੁਰੂਦੁਆਰੇ ਵਾਲੀ ਗਲੀ 'ਚੋਂ ਇੱਕ ਟਰੈਕਟਰ ਨਿਕਲਿਆ, ਜਿਸ ਉੱਤੇ ਇੱਕ ਗੀਤ ਵੱਜ ਰਿਹਾ ਸੀ, ਜਿਸਦੇ ਬੋਲ ਸਨ, ਦੰਦ ਜੁੜ੍ਹ ਗਏ ਲੋਕਾਂ ਦੇ, ਕੁੜ੍ਹੀ ਹਿੱਕ ਥਾਪੜ ਕੇ ਕਹਿ ਗਈ। ਟਰੈਕਟਰ ਹਵਾ ਦੇ ਫ਼ਰਾਟੇ ਵਾਂਗੂ ਛੂ ਕਰਦਾ ਕੋਲੋਂ ਨਿਕਲ ਗਿਆ, ਪ੍ਰੰਤੂ ਉਸ ਗੀਤ ਦੇ ਬੋਲ ਮੇਰੇ ਕੰਨਾਂ ਦੀ ਲੀਹੇ ਸਿੱਧੇ ਜੇਹਨ 'ਚ ਉਤਰ ਗਏ।

ਮੱਝਾਂ ਬਾਹਰ ਨਿਕਲ ਆਈਆਂ, 'ਤੇ ਆਪਾਂ ਘਰ ਨੂੰ ਟੁਰ ਪਏ। ਮੈਂ ਕਦੇ ਵੀ ਚੁੱਪ ਚਾਪ ਨਈ ਤੁਰਦਾ, ਉਹ ਲੋਕ ਗੁਆਹ ਨੇ, ਜੋ ਮੇਰੇ ਆਲੇ ਦੁਆਲੇ ਰਹਿ ਨੇ। ਮੈਂ ਉਪਰਲੀ ਇੱਕ ਲਾਈਨ ਨੂੰ ਗੁਣ ਗੁਣਾਉਂਦਾ ਘਰ ਪੁੱਜਿਆ। ਸ਼ਾਮ ਢਲੇ ਜਦੋਂ ਮੇਰੇ ਗੁਆਂਢੇ ਰਹਿੰਦਾ ਚਾਚਾ ਘਰ ਆਇਆ, 'ਤੇ ਮੈਂ ਉਸਨੂੰ ਪੁੱਛਿਆ ਇਹ ਗੀਤ ਕਿਸਦਾ ਐ, ਦੰਦ ਜੁੜ੍ਹ ਗਏ ਲੋਕਾਂ ਦੇ। ਉਸਨੇ ਹੱਸਦਿਆਂ ਜੁਆਬ ਦਿੱਤਾ, ਇਹ ਗੀਤ ਪੁੱਤਰਾ ਲਾਭ ਹੀਰੇ ਦਾ, ਕੰਨਾਂ ਦੇ ਕੀੜੇ ਕੱਢ ਦਿੰਦਾ ਐ। ਹਿੱਕ ਦੇ ਜ਼ੋਰ ਨਾਲ ਗਾਉਂਦਾ ਐ।

ਮੈਨੂੰ ਹੁਣ ਪਤਾ ਲੱਗਿਆ ਕਿ ਚਾਚਾ ਜੋ ਗੀਤ ਰੋਜ਼ ਗਾਉਂਦਾ ਐ ਨਾ ਵੇ ਸੱਜਣਾ ਨਾ ਉਹ ਵੀ ਲਾਭ ਹੀਰੇ ਦਾ ਐ। ਇਹ ਸਮਾਂ ਲਾਭ ਹੀਰੇ ਦਾ ਸੀ। ਇਸ ਵੇਲੇ ਲਾਭ ਹੀਰੇ ਨੇ ਜੋ ਵੀ ਗਾਇਆ, ਲੋਕਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ, ਲਾਭ ਹੀਰੇ ਦੀਆਂ ਕੈਸਿਟਾਂ ਨੂੰ ਪ੍ਰਮੋਸ਼ਨ ਦੀ ਲੋੜ੍ਹ ਨਈ ਸੀ। ਉਹਨਾਂ ਦਿਨਾਂ 'ਚ ਦੂਰਦਰਸ਼ਨ ਹੁੰਦਾ ਸੀ, ਉਸ ਉੱਤੇ ਕੁੱਝ ਪ੍ਰੋਗ੍ਰਾਮ ਆਉਂਦੇ, ਜਿਨ੍ਹਾਂ 'ਚ ਪੰਜਾਬੀ ਗੀਤ ਵੱਜਦੇ, ਕਲਾਕਾਰਾਂ ਨੂੰ ਟੀਵੀ 'ਤੇ ਆਉਣ ਦੇ ਲਈ ਲਾਈਨ 'ਚ ਲੱਗਣਾ ਪੈਂਦਾ ਸੀ।

ਉਨ੍ਹਾਂ ਦਿਨਾਂ 'ਚ ਪ੍ਰਮੋਸ਼ਨ ਦੇ ਲਈ ਗਾਇਕ ਆਪਣੀ ਅਗਲੀ ਕੈਸਿਟ ਦਾ ਕੋਈ ਵਧੀਆ ਜਿਹਾ ਗੀਤ ਅਖ਼ਾੜਿਆਂ 'ਚ ਗਾ ਛੱਡੇ, ਜੇਕਰ ਲੋਕਾਂ ਨੂੰ ਚੰਗਾ ਲੱਗਦਾ ਤਾਂ ਕੈਸਿਟ ਆਉਂਦਿਆਂ ਵਿੱਕ ਜਾਂਦੀ। ਕੈਸਿਟ ਆਉਣ ਦੇ ਬਾਅਦ 'ਚ ਰਹਿੰਦਾ ਖੂੰਦਾ ਪ੍ਰਮੋਸ਼ਨ ਟਰੈਕਟਰਾਂ ਦੇ ਵੱਜਦੇ ਗੀਤ ਕਰ ਦਿੰਦੇ।

ਲਾਭ ਹੀਰੇ ਦੇ ਗੀਤ ਜੰਗਾਂ ਦੇ ਟਰੈਕਟਰ 'ਤੇ ਵਧੇਰੇ ਵੱਜਦੇ। ਲੱਗ ਗਈ ਪੜ੍ਹਨ ਪਟਿਆਲੇ, ਖੜ੍ਹੀ ਟੇਸ਼ਨ 'ਤੇ ਰਹਿ ਗਈ, ਝਾਂਕਣੀ 'ਚ ਪੈ ਗਿਆ ਫ਼ਰਕ ਜਿਹੇ ਗੀਤ ਜੰਗਾਂ ਦੀ ਮੋਟਰਾਂ ਠੀਕ ਕਰਨ ਵਾਲੀ ਦੁਕਾਨ 'ਚ ਆਮ ਸੁਣਨ ਨੂੰ ਮਿਲ ਜਾਂਦੇ।  ਜੰਗਾਂ ਦੇ ਮੁੰਡੇ ਹੀਰੇ ਦੇ ਜ਼ਬਰਦਸਤ ਫੈਨ ਸਨ। ਲਾਭ ਹੀਰੇ ਦੀ ਕੋਈ ਨਾ ਕੋਈ ਕੈਸਿਟ ਚੱਲਦੇ ਫਿਰਦੇ ਕਿਸੇ ਨਾ ਕਿਸੇ ਟਰੈਕਟਰ ਦੇ ਟੂਲ ਬਕਸੇ 'ਚ ਆਮ ਮਿਲ ਜਾਂਦੀ।

'ਸ਼ਹਿਰ ਦੇ ਮੁੰਡਿਆਂ ਨੇ ਤੇਰਾ ਨਾਂਅ ਰੱਖਿਆ ਮਨਮੋਹਣੀ' ਇਹ ਲਾਭ ਹੀਰੇ ਦੀ ਸ਼ਿਖਰ ਸੀ। ਹੁਣ ਲਾਭ ਹੀਰਾ ਪਿੰਡਾਂ 'ਚੋਂ ਨਿਕਲ ਸ਼ਹਿਰ ਦੇ ਸਰੋਤਿਆਂ ਨੂੰ ਕੀਲਣ ਲੱਗ ਪਿਆ ਸੀ, ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੋਈ ਕਿ ਇਸਦੇ ਬਾਅਦ ਲਾਭ ਹੀਰੇ ਦੀ ਲੋਕਪ੍ਰਿਅਤਾ ਘੱਟਣ ਲੱਗੀ। ਹੁਣ ਉਸਦੀਆਂ ਕੈਸਿਟਾਂ ਨੂੰ ਸੁਣਨ ਵਾਲੇ ਸੀਮਿਤ ਹੋਣ ਲੱਗੇ, ਹੁਣ ਉਹ ਗੱਲ ਨਈ ਰਹਿ ਗਈ ਸੀ, ਜੋ ਪਹਿਲਾਂ ਹੋਇਆ ਕਰਦੀ ਸੀ।

ਮੈਨੂੰ ਯਾਦ ਐ, ਲਾਭ ਹੀਰੇ ਦਾ ਨਾਂਅ ਸੁਣਦਿਆਂ ਲੋਕ ਮੀਲਾਂ ਦੂਰ ਉਸਦਾ ਅਖਾੜਾ ਸੁਣਨ ਤੁਰ ਜਾਂਦੇ, ਉਹ ਹਿੱਕ ਦੇ ਜੋਰ 'ਤੇ ਗਾਉਣ ਵਾਲਾ ਗਾਇਕ ਸੀ। ਉਸ ਦੀ ਲੋਕਪ੍ਰਿਅਤਾ ਚਮਕੀਲੇ ਜਿਹੀ ਸੀ। ਮੈਂ ਲਾਭ ਹੀਰੇ ਦਾ ਇੱਕ ਅਖ਼ਾੜਾ ਵੇਖਿਆ ਪਿੰਡ ਆਲੀਕੇ, ਜੋ ਮੇਰੇ ਪਿੰਡ ਤੋਂ ਥੋੜ੍ਹੀ ਦੂਰ ਸੀ। ਲਾਭ ਹੀਰੇ ਨੂੰ ਸੁਣਨ ਦਾ ਕੁਰੇਜ ਬਹੁਤ ਸੀ। ਫਿਰ ਪੈਸੇ 'ਤੇ ਪਬਲਸਿਟੀ ਦਾ ਵੇਲਾ ਆਇਆ, ਟੀਵੀ ਉੱਤੇ ਆਉਣ ਵਾਲੇ ਕਲਾਕਾਰਾਂ ਦੀ ਆਪਣੀ ਪਹਿਚਾਣ ਬਣਨ ਲੱਗੀ! ਮਾਲਵੇ ਦੇ ਕਲਾਕਾਰ ਥੋੜ੍ਹਾ ਜਿਹਾ ਇਸ ਦਾ ਸਹਾਰਾ ਘੱਟ ਲੈਂਦੇ ਸਨ, ਜਿਸ ਕਾਰਣ ਉਨ੍ਹਾਂ ਨੂੰ ਹਰਜਾਨਾ ਵੀ ਭੁਗਤਣਾ ਪਿਆ। ਲਾਭ ਹੀਰੇ ਨੇ ਇਸ ਤੋਂ ਬਾਅਦ ਉੱਠਣ ਦੀ ਕੋਸ਼ਿਸ਼ ਕੀਤੀ, ਮਗਰ ਸਮਾਂ ਬੜੀ ਤੇਜੀ ਦੇ ਨਾਲ ਬਦਲਿਆ। ਦੂਰਦਰਸ਼ਨ ਤੋਂ ਇਲਾਵਾ ਕਈ ਹੋਰ ਚੈਨਲ ਆ ਗਏ। ਕੱਲ੍ਹ ਉੱਠੇ ਮੁੰਡੇ ਪੈਸੇ ਦੇਕੇ ਚੈਨਲ ਵਾਲਿਆਂ ਨੂੰ, ਪੂਰਾ ਪੂਰਾ ਦਿਨ ਆਪਣੇ  ਗੀਤ ਵਜਾਉਣ ਲੱਗੇ, ਦੇਬੀ ਮਖਸੂਸਪੁਰੀ ਕਹਿੰਦਾ ਐ, ਕਲਾਕਾਰ ਤਾਂ ਉਹੀ ਐ ਜੋ ਟੀਵੀ ਆਉਂਦਾ ਐ।

ਜੋ ਜੋ ਹਨੀ ਸਿੰਘ ਹੋਰੇ ਇਹਨਾਂ ਚੈਨਲਾਂ ਦੀ ਪੈਦਾਇਸ਼ ਨੇ। ਪੰਜਾਬੀ ਗਾਇਕੀ ਦੇ ਵਿੱਚ ਨਿਘਾਰ ਆਉਣ ਲੱਗ ਪਿਆ, ਭਾਵੇਂ ਸਾਨੂੰ ਇਸ ਦੌਰਾਨ ਕਈ ਚੰਗੇ ਗਾਇਕ ਵੀ ਮਿਲੇ। ਮਗਰ ਅਫ਼ਸੋਸ ਲਾਭ ਹੀਰੇ, ਦਵਿੰਦਰ ਕੋਹਿਨੂਰ ਜਿਹੇ ਹੀਰੇ ਕਿਤੇ ਪਿੱਛੇ ਖੋਹ ਆਏ, ਜੋ ਬੇਹੱਦ ਅਨਮੋਲ ਸਨ। ਲਾਭ ਹੀਰਾ ਬਹੁਤ ਜਦਲ ਆਪਣੀ ਨਵੀਂ ਐਲਬਮ ਕਰਨ ਜਾ ਰਿਹਾ ਹੈ, ਉਮੀਦ ਐ ਉਹ ਕੁੱਝ ਨਵਾਂ ਪੇਸ਼ ਕਰੇ, ਅਤੇ ਆਪਣੀ ਖੋਹੀ ਹੋਈ ਚਮਕ ਨੂੰ ਫਿਰ ਤੋਂ ਮੁੜ੍ਹ ਹਾਸਿਲ ਕਰੇ।

ਲਾਭ ਹੀਰੇ ਦੇ ਗੀਤਾਂ 'ਚ ਸੱਚਾਈ ਸੀ। ਉਹ ਹਿੱਕ ਠੋਕ ਕੇ ਗਾਉਂਦਾ ਸੀ। ਉਸਦੇ ਗੀਤਾਂ 'ਚ ਨਵਾਂਪਨ ਸੀ, ਪਰ ਪੇਂਡੂ ਕਲਚਰ ਦੇ ਲੋਕਾਂ ਲਈ, ਪੁਰਾਣੇ ਲੋਕਾਂ ਦੇ ਲਈ। ਉਸਨੂੰ ਸ਼ਹਿਰੀ ਅਤੇ ਪਿੰਡਾਂ ਦੇ ਨਵੇਂ ਸਰੋਤਿਆਂ ਨੂੰ ਮੋਹਣ ਦੇ ਲਈ ਸ਼ਹਿਰ ਦੇ ਮੁੰਡਿਆਂ ਦੇ ਨਾਂਅ ਰੱਖਿਆ ਮਨਮੋਹਨੀ, ਜਿਹੀ ਇੱਕ ਹੋਰ ਕੋਸ਼ਿਸ਼ ਕਰਨੀ ਪਵੇਗੀ।

ਬਠਿੰਡਾ ਗਾਇਕਾਂ ਦੀ ਮੰਡੀ ਹੋਇਆ ਕਰਦਾ ਸੀ। ਲਾਭ ਹੀਰੇ ਦੇ ਹਰ ਉਮਰ ਗਾਇਕ ਜਿਆਦਾਤਰ ਬਠਿੰਡੇ ਦੇ ਸਨ, ਪਰ ਲਾਭ ਹੀਰਾ ਹੀ ਕੇਵਲ ਮਾਨਸਾ ਜਿਲ੍ਹੇ ਦੀ ਅਗੁਵਾਈ ਕਰਨ ਵਾਲਾ ਸੀ, ਲਾਭ ਹੀਰੇ ਦਾ ਜਨਮ ਬੁਢਲਾਡਾ ਮੰਡਲ 'ਚ ਆਉਂਦੇ ਪਿੰਡ ਅਚਾਨਕ 'ਚ ਹੋਇਆ। ਉਸ ਨੂੰ ਚਾਹੁੰਣ ਵਾਲਿਆਂ ਦੀ ਅੱਜ ਵੀ ਕਮੀ ਨਈ, ਪ੍ਰੰਤੂ ਕਮੀਆਂ ਉੱਤੇ ਮਾਤ ਪਾਉਂਦੇ ਹੋਏ ਲਾਭ ਹੀਰੇ ਨੂੰ ਮੁੜ੍ਹ ਪਰਤਣ ਦੀ ਜ਼ਰੂਰਤ ਐ।

ਭਾਵੇਂ ਲਾਭ ਹੀਰਾ ਮੇਰਾ ਬਹੁਤਾ ਪਸੰਦੀਦਾ ਨਈ ਰਹਿਆ, ਪ੍ਰੰਤੂ ਉਸਦਾ ਗੀਤ ਇੱਕ ਮਿਆਨ 'ਚ ਕਿੱਦਾਂ ਦੋ ਤਲਵਾਰਾਂ ਰੱਖੇਗਾ, ਨੇ ਹਮੇਸ਼ਾ ਮਾਰਗ ਦਰਸ਼ਨ ਕੀਤਾ, ਇਸ ਗੀਤ ਦਾ ਅਰਥ ਕੁੱਝ ਹੋਵੇ, ਪ੍ਰੰਤੂ ਮੈਨੂੰ ਇੱਕ ਸਮਝ ਆਉਂਦਾ ਸੀ, ਕਿ ਝੂਠ 'ਤੇ ਸੱਚ ਇੱਕ ਮਿਆਨ 'ਚ ਕਦੇ ਨਈ ਆ ਸਕਦੇ। ਜਿਸ ਗੱਲ ਨੇ ਮੈਨੂੰ ਥੋੜ੍ਹਾ ਜਿਹਾ ਲੋਕਾਂ ਦੀ ਨਿਗਾਹ 'ਚ ਅਕੜ੍ਹੂ ਬਣਾ ਦਿੱਤਾ, ਇਸ ਗੱਲ ਦਾ ਮੈਨੂੰ ਕੋਈ ਗਿਲਾ ਨਈ।

ਲਾਭ ਹੀਰੇ ਨੇ ਜੋ ਗੀਤ ਕੱਬਡੀ 'ਤੇ ਗਾਇਆ 'ਸਿੰਗ ਫੱਸ ਗਏ ਕੁੰਡੀਆਂ ਦੇ ਬਹਿ ਜਾ ਗੋਡੀ ਲਾਕੇ' ਉਹ ਸੁਪਰਬ ਸੀ। ਬਾਅਦ 'ਚ ਭਾਵੇਂ ਕੱਬਡੀ 'ਤੇ ਕਈ ਗੀਤ ਆਏ, ਪ੍ਰੰਤੂ ਲਾਭ ਹੀਰੇ ਵਾਲੀ ਗੱਲ ਕਿਸੇ ਤੋਂ ਨਈ ਬਣੀ। ਇਸ ਗੀਤ ਨੂੰ ਮੱਖਣ ਬਰਾੜ ਨੇ ਲਿਖਿਆ ਸੀ।

No comments: