Thursday, December 31, 2009

ਹੁਣ ਮੋਰਨੀਆਂ ਕੌਣ ਪਾਉਂਦਾ ਐ

ਕੱਚੀਆਂ ਕੰਧਾਂ ਲਿਪ, ਹੁਣ ਮੋਰਨੀਆਂ ਕੌਣ ਪਾਉਂਦਾ ਐ
ਘਰ ਆਏ ਪ੍ਰਾਹੁਣਾ, ਤੇ ਜਲੇਬੀਆਂ ਕੌਣ ਮੰਗਵਾਉਂਦਾ ਐ

ਵਿਆਹ ਮੌਕੇ ਜੋੜ ਮੰਜੀਆਂ ਸਪੀਕਰ ਕੌਣ ਲਾਉਂਦਾ ਐ
ਆਰਕੈਸਟਰਾ ਦਾ ਜੋਰ ਬੜਾ, ਗਾਇਕ ਕੌਣ ਬੁਲਾਉਂਦਾ ਐ

ਪੱਬਾਂ ਦਾ ਸ਼ੌਕ ਪੈ ਗਿਆ, ਹੁਣ ਸੱਥ ਕਿਸਨੂੰ ਭਾਉਂਦਾ ਐ
ਇਸ਼ਕ ਪ੍ਰਫੈਸ਼ਨ ਹੋਇਆ, ਕੀਤੇ ਕੌਲ ਕੌਣ ਨਿਭਾਉਂਦਾ ਐ

ਮਤਲਬ ਦੇ ਯਾਰ ਨੇ ਸਭ, ਹੁਣ ਪੱਗ ਕੌਣ ਵਟਾਉਂਦਾ ਐ
ਹੁਣ ਵਾਰਾਂ, ਲੋਕ ਤੱਥ ਤੇ ਕਲੀਆਂ ਕਿਹੜਾ ਗਾਉਂਦਾ ਐ

ਦੀਏ ਕੱਟ ਕਲੋਨੀ ਬਾਪੂ, ਮੁੰਡਾ ਬਾਪੂ ਨੂੰ ਸਮਝਾਉਂਦਾ ਐ
ਫੇਰ ਵੇਖੀਂ ਪੈਸਾ ਬਾਪੂ ਕਿੱਦਾਂ ਥੱਬਿਆਂ ਦੇ ਥੱਬੇ ਆਉਂਦਾ ਐ

ਲਿਖਣ ਲਿਖਾਰੀ ਹੁਣ, ਜੋ ਗਾਇਕ ਦੇ ਪੈਸੇ ਲਿਖਾਉਂਦਾ ਐ
ਐਸੇ ਵਕਤ 'ਚ ਗੀਤ ਤੇਰੇ ਹੈਪੀ ਕੌਣ ਗਾਉਣਾ ਚਹੁੰਦਾ ਐ

Wednesday, December 30, 2009

ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਸ਼ਾਮ ਦਾ ਸੂਰਜ ਢੱਲਦਾ ਐ
ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿ ਤਾਰਿਆਂ ਦੀ ਛਾਵੇਂ
ਦਿਲ ਸਮਝਾਉਂਦਾ ਹਾਂ
ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਮਸ਼ੀਨਾਂ 'ਚ ਹੋਇਆ ਮਸ਼ੀਨਾਂ ਜਿਹਾ
ਸਭ ਹੁੰਦਿਆਂ ਵੀ ਯਤੀਮਾਂ ਜਿਹਾ
ਦਿਨ ਤਾਂ ਕੰਮੀਂ ਲੰਘਦਾ,
ਗਿਣ ਤਾਰੇ ਰਾਤ ਲਗਾਉਂਦਾ ਹਾਂ
ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਰਹਿ ਰਹਿ ਭੈਣ ਚੇਤੇ ਆਉਂਦੀ ਐ
ਕਦੇ ਮਾਂ ਬਾਪੂ ਦੀ ਯਾਦ ਰਵਾਉਂਦੀ ਐ
ਜਦ ਪੁੱਛਦਾ ਐ ਹਾਲ ਕੋਈ ਵਤਨੋਂ
ਝੂਠ ਮੂਠ ਦਾ ਮੁਸਕਰਾਉਂਦਾ ਹਾਂ
ਦੂਰ ਵਤਨ ਤੋਂ ਬੈਠਾ ਮੈਂ ਪਰਦੇਸੀ

ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਦੇ ਕਿਨਾਰਿਆਂ ਤੋਂ ਪੁੱਛ
ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ
ਗਲੇ ਉਤਰੇ ਨਾ ਜੋ, ਟੁੱਕਾਂ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਤੇਰੀ ਗੂੰਗੀ ਤਸਵੀਰ ਕੋਲੋਂ ਪੁੱਛ
ਹੰਝੂਆਂ ਭਿੱਜੀ ਜੋ, ਲੀਰ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਸੋਹਣੇ ਚਿਹਰੇ

ਲਿਖਣ ਦਾ ਨਾ ਸੀ ਸ਼ੌਂਕ ਮੈਨੂੰ
ਇੱਕ ਸੋਹਣੇ ਚਿਹਰੇ ਨੇ
ਲਿਖਣ ਦੀ ਆਦਤ ਪਾ ਦਿੱਤੀ
ਦਿਲ ਦੇ ਜਜਬਾਤਾਂ ਨੇ
ਜਹਿਨ ਨੂੰ ਖਿਆਲ ਦਿੱਤੇ
ਹੱਥੀਂ ਕਲਮ ਥਮਾ ਦਿੱਤੀ

ਕਦੇ ਰੁਸਿਆ ਕਦੇ ਮੰਨਿਆ
ਹਰ ਰੋਜ ਫਲਸਫਾ ਨਵਾਂ
ਪੜਾਉਂਦਾ ਗਿਆ
ਗਲਤ ਸਨ ਜਾਂ ਸਹੀ ਸਨ
ਕਲਮ ਚੋਂ ਉਕਰੇ ਹਰਫ ਮੇਰੇ
ਬਸ ਉਹ ਸਲਾਹੁੰਦਾ ਗਿਆ.

ਚੰਗਾ ਨਹੀਂ ਹੁੰਦਾ

ਲੜ ਲੜ ਮੁਆਫੀ ਮੰਗਣੀ,
ਰੁੱਸ ਰੁੱਸ ਬਹਿਣਾ,
ਚੰਗਾ ਨਹੀਂ ਹੁੰਦਾ

ਹਰ ਵਾਰ ਗਲਤੀ ਖੁਦ ਕਰਨੀ,
ਦੋਸ਼ ਦੂਜੇ ਨੂੰ ਦੇਣਾ
ਚੰਗਾ ਨਹੀਂ ਹੁੰਦਾ,

ਪੇਪਰਾਂ ਵਿੱਚ ਨਾ ਪੜ੍ਹਨਾ,
ਪੋਹ ਮਹੀਨੇ ਠੰਢੇ ਪਾਣੀ ਤਰਨਾ,
ਚੰਗਾ ਨਹੀਂ ਹੁੰਦਾ,

ਓ ਤੋਂ ਜਦੋਂ ਇੱਲ ਆਵੇ ਨਾ,
ਤਦ ਨਕਲ ਕਿਸੇ ਦੀ ਕਰਨਾ,
ਚੰਗਾ ਨਹੀਂ ਹੁੰਦਾ,

ਐਵੇਂ ਪਾਗਲਾਂ ਜੋਬਨ ਰੁੱਤੇ
ਕਿਸੇ ਦੇ ਹਿਜਰ 'ਚ ਮਰਨਾ,
ਚੰਗਾ ਨਹੀਂ ਹੁੰਦਾ.

ਮੈਂ....

ਮੈਂ ਉਹ ਕਿਸ਼ਤੀ ਹਾਂ, ਜੋ ਉਡੀਕਦੀ ਐ ਬੁੱਲ੍ਹਿਆਂ ਨੂੰ
ਕਿਨਾਰਿਆਂ ਤੱਕ ਜਾਣ ਲਈ ਮਲਾਹ ਨਹੀਂ

ਮੈਂ ਝਾਂਜਰ ਹਾਂ ਉਸ ਮੁਟਿਆਰ ਦੇ ਪੈਰ ਦੀ 
ਮਾਹੀ ਦੂਰ ਜਿਹਦਾ, ਜਿਸ ਕੋਲੇ ਚਾਅ ਨਹੀਂ

ਮੈਂ ਅੰਬਰੋ ਟੁੱਟਿਆ ਇੱਕ ਸਿਤਾਰਾ ਹਾਂ
ਜਿਹਦੇ ਲਈ ਧਰਤੀ ਅੰਬਰ ਕੋਲ ਜਗ੍ਹਾ ਨਹੀਂ

ਮੌਸਮ ਵਾਂਗ ਰੁੱਖ ਬਦਲਦੇ ਲੋਕਾਂ ਤੇਰਾ ਕੀ ਹੋਣਾ
ਜਦੋਂ ਹੈਪੀ ਤੇਰਾ ਹੋਇਆ ਖੁਦਾ ਨਹੀਂ

ਇੱਕ ਅਜਨਬੀ ਮਿਲਿਆ

ਆਪਣਿਆਂ ਵਰਗਾ
ਗੂੜ੍ਹੀ ਨੀਂਦ 'ਚ ਵੇਖੇ
ਸਪਨਿਆਂ ਵਰਗਾ

ਕੋਲਾਂ ਜਾਵਾਂ ਤਾਂ ਦੂਰ ਨੂੰ ਨੱਸਦਾ ਐ
ਚੁੱਪ ਰਹਾਂ ਤਾਂ ਵਿਅੰਗ ਕੱਸਦਾ ਐ
ਫੁੱਲਾਂ ਤੋਂ ਸੋਹਣਾ ਲੱਗੇ, ਜਦ ਹੱਸਦਾ ਐ
ਵੇਖਾਂ ਨਜ਼ਰ ਚੁਰਾਵੇ, ਨਾ ਵੇਖਾਂ ਤੱਕਦਾ ਐ

ਲੜ੍ਹਦਾ ਵੀ ਐ, ਸ਼ਿਕਵੇ ਕਰਦਾ ਵੀ ਐ
ਮੂੰਹੋਂ ਨਿਕਲੀਆਂ ਗੱਲਾਂ ਫੜ੍ਹਦਾ ਵੀ ਐ
ਹੋਰਾਂ ਨਾਲ ਬੋਲਾਂ ਵੇਖਕੇ ਸੜ੍ਹਦਾ ਵੀ ਐ

ਉਸਨੂੰ ਪਾਕੇ ਵੀ ਖੁਸ਼ ਹਾਂ, ਨਾ ਜਾਣਾ ਕਿਉਂ
ਉਸਨੂੰ ਗੁਆਕੇ ਵੀ ਖੁਸ਼ ਹਾਂ, ਨਾ ਜਾਣਾ ਕਿਉਂ

ਜਦੋਂ ਭੁੱਲਣ ਦੀ ਕੋਸ਼ਿਸ ਕਰਦਾ ਹਾਂ
ਇੱਕ ਪਲ ਵਿੱਚ ਸੌ ਵਾਰੀ ਮਰਦਾ ਹਾਂ
ਓਹ ਕੀ ਜਾਣੈ ਮਰਜਾਣੀ ਕਿ
ਮੈਂ ਨਿੱਤ ਹਿਜਰਾਂ ਦੀ ਸੂਲੀ ਚੜ੍ਹਦਾ ਹਾਂ

ਖੁਸ਼ੀਆਂ ਦਾ ਸੂਰਜ ਉਗੇ ਉਹਦੇ ਵੇਹੜੇ,
ਸਾਨੂੰ ਗਮਾਂ ਦੀ ਰਾਤ ਚੰਗੀ
ਭਾਵੇਂ ਗੈਰਾਂ ਨਾਲ ਹੀ ਕਰਦੀ ਐ ਮਰਜਾਣੀ
ਸੁਣਨ ਨੂੰ ਮਿਲਦੀ ਬਾਤ ਚੰਗੀ.

ਕਮਲੀ ਵੱਜਾਂ

ਦਿਲ ਦੇ ਤਕਲੇ
ਤੰਦ ਇਸ਼ਕ ਤੇਰੇ ਦਾ ਪਾ ਬੈਠੀ
ਡਰਦੀ ਹਾਂ ਕਿਤੇ ਟੁੱਟ ਨਾ ਜਾਵੇ

ਉਮਰ ਨਿਆਣੀ ਕੱਤਣ ਬੈਠੀ
ਇਸ਼ਕ ਤੇਰੇ ਦੀ ਰੂੰ ਅੜਿਆ

ਨਾ ਤੰਦ ਟੁੱਟ, ਨਾ ਖਹਿੜਾ ਛੁੱਟ
ਮੇਹਰ ਰੱਖੀਂ ਤੂੰ ਅੜਿਆ

ਰੂੰ ਤੋਂ ਤੰਦ, ਤੰਦ ਬਣੇ ਚਾਦਰ
ਚਾਦਰ ਦੇ ਨਾਲ ਖੁਦ ਨੂੰ ਕੱਜਾਂ

ਤੂੰ ਮੁਸ਼ਰਦ ਮੇਰਾ,
ਮੈਂ ਤੇਰੀ ਕਮਲੀ ਵੱਜਾਂ

ਮੁੜ ਮੁੜ ਚੇਤੇ ਆਵੇ

ਓ ਮਾਂ ਦੀ ਲੋਰੀ, ਬਾਪੂ ਦੀ ਘੂਰੀ
ਦੁੱਧ ਦਾ ਛੰਨਾ, ਗੁੜ੍ਹ ਦੀ ਚੂਰੀ
ਮੁੜ-ਮੁੜ ਚੇਤੇ ਆਵੇ

ਓ ਪਿੰਡ ਦਾ ਸੱਥ, ਯਾਰਾਂ ਦੀ ਟਾਣੀ
ਜੇਠ ਹਾੜ੍ਹ ਮਹੀਨਾ, ਬੰਬੀ ਦਾ ਪਾਣੀ
ਮੁੜ ਮੁੜ ਚੇਤੇ ਆਵੇ

ਓ ਰੁੱਖ ਦੀ ਛਾਂ, ਸਿਖਰ ਦੁਪਹਿਰਾ
ਪਿੰਡ ਦੀ ਫਿਰਨੀ, ਠੀਕਰੀ ਪਹਿਰਾ
ਮੁੜ ਮੁੜ ਚੇਤੇ ਆਵੇ

ਕੱਬਡੀ ਦਾ ਮੈਦਾਨ, ਪੈਹਲਾਂ ਪਾਉਂਦੇ ਜਵਾਨ
ਹਾੜੀ ਦਾ ਜੋਰ, ਲੋਹੜਿਆਂ ਦੀ ਥਕਾਨ
ਮੁੜ ਮੁੜ ਚੇਤੇ ਆਵੇ

ਹੀਰ ਰਾਂਝਾ


ਲੱਗੀ ਲਾਗ ਇਸ਼ਕ ਦੀ
ਛੱਡਿਆ ਤਖ਼ਤ ਹਜ਼ਾਰਾ
ਸਿਆਲੀ ਆ ਬੈਠਾ
ਛੱਡ ਸਰਦਾਰੀ ਮਾਪਿਆਂ ਬਾਰਾ

ਮੇਲ ਹੀਰ ਜੱਟੀ ਸੰਗ ਹੋਇਆ
ਨੈਣ ਲੜ੍ਹੇ ਆਪੇ
ਰਾਂਝਾ ਚਾਰੇ ਮੱਝੀਆਂ
ਹੀਰ ਚਾਰਦੀ ਮਾਪੇ

ਜੱਟ ਦੀ ਵਾਂਝਲੀ,
ਹੀਰ ਦੀ ਚੂਰੀ,
ਛੁਪੀ ਨਾ ਜੱਗ ਕੋਲੋਂ
ਹੀਰ ਰਾਂਝਾ ਵੀ ਨਾ ਬਚ ਸਕੇ
ਬ੍ਰਿਹੋਂ ਦੀ ਅੱਗ ਕੋਲੋਂ

ਹੀਰ ਹੋਈ ਖੇੜਿਆਂ ਦੀ
ਰਾਂਝਾ ਟਿੱਲੇ ਜਾ ਬੈਠਾ
ਇੱਕ ਦਿਨ ਮੰਗਦਾ ਖੈਰ
ਹੀਰ ਦੁਆਰੇ ਆ ਬੈਠਾ

ਹਸ਼ਰ ਦਾ ਯਾਰ ਵੇਖ ਰੋਈਆਂ ਅੱਖੀਆਂ
ਯਾਰ ਦੇ ਗਮ ਗਿੱਲੀਆਂ ਹੋਈਆਂ ਅੱਖੀਆਂ

ਕੀ ਦੱਸੀਏ

ਆਪ ਮੁਹਾਰੇ ਲੈ ਫੈਸਲੇ, ਰੋਈਏ ਜਾਂ ਹੱਸੀਏ
ਦੁੱਖੀ ਬੜਾ ਮਨ ਸੱਜਣਾ, ਤੈਨੂੰ ਕੀ ਦੱਸੀਏ

ਜਿੱਦਣ ਦਾ ਛੱਡਿਆ ਸ਼ਹਿਰ ਤੇਰਾ
ਲੱਗਦੈ ਜੱਗ ਘੁੱਪ ਹਨੇਰਾ
ਪਤਾ ਨੀਂ ਕਦ ਸ਼ਾਮ ਢਲੇ ਕਦ ਚੜ੍ਹੇ ਸਵੇਰਾ
ਦਿਲ ਮੰਗਦਾ ਐ ਦਰਸ਼ਨ ਤੇਰਾ ਨੀ ਸਾਹੀਂ ਵੱਸੀਏ
ਦੁੱਖੀ ਬੜਾ ਮਨ ਸੱਜਣਾ, ਤੈਨੂੰ ਕੀ ਦੱਸੀਏ

ਕਦੇ ਤਸਵੀਰ ਤੇਰੀ, ਕਦੇ ਤਾਰੇ ਵੇਖਾਂ
ਖੁਦ ਬਾਲ ਹੱਡਾਂ ਨੂੰ, ਅੱਗ ਬ੍ਰਿਹੋਂ ਦੀ ਸੇਕਾਂ
ਹਰ ਅਸੀਂ ਹੈਪੀ ਬ੍ਰਿਹੋਂ ਦੀ ਅੱਗ ਵਿੱਚ ਮੱਚੀਏ
ਦੁੱਖੀ ਬੜਾ ਮਨ ਸੱਜਣਾ, ਤੈਨੂੰ ਕੀ ਦੱਸੀਏ

ਕਦ ਕਿਸੇ ਨੇ ਤੱਕਿਆ

ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ
ਕਦ ਕਿਸੇ ਨੇ ਤੱਕਿਆ

ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ.
ਕਦ ਕਿਸੇ ਨੇ ਤੱਕਿਆ

ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ
ਹੈਪੀ ਤੇ ਝੁੱਲਦੇ ਹੋਏ ਤੂਫਾਨਾਂ ਨੂੰ
ਕਦ ਕਿਸੇ ਨੇ ਤੱਕਿਆ

ਇੱਕ ਵਾਰ

ਇੱਕ ਵਾਰ ਦਾ ਮਰਨਾ ਸੌਖਾ ਹੈ
ਪਲ ਪਲ ਮਰਨ ਨਾਲੋਂ

ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ

ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ

ਗੱਲ ਮੂੰਹ 'ਤੇ ਆਖੀ ਚੰਗੀ ਹੈਪੀ
ਅੰਦਰੋਂ ਅੰਦਰੀ ਸੜ੍ਹਨ ਨਾਲੋਂ

ਸੱਸੀ

ਮੈਂ ਕਮਲੀ, ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਲੱਭਿਆ ਸੀ ਜੋ, ਸੋਹਣਾ ਯਾਰ ਗੁਆ ਬੈਠੀ

ਗਮ ਝੱਲੀ ਲੱਭਦੀ ਯਾਰ ਨੂੰ ਸੱਸੀ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ,
ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਹੌਸਲਾ ਨਾ ਹਾਰਦੀ ਐ

ਡਿੱਗਦੀ ਢਹਿੰਦੀ,
ਉੱਠਦੀ ਬਹਿੰਦੀ
ਸੱਸੀ ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ,
ਸਾਹ ਮੁੱਕ ਗਏ,
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ

ਮਾਂ ਨਈ ਲੱਭਣੀ

ਅੰਤਾਂ ਦੇ ਲਾਡ ਲਾਉਂਦੀ ਸੀ
ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ

ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ
ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ

ਲੱਖਾਂ ਦੁੱਖ ਝੱਲਦੀ
ਫਿਰ ਵੀ ਕਦੇ ਮੱਥੇ ਵੱਟ ਨਾ ਪਾਉਂਦੀ
ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ

ਓਹਦੀ ਬੁੱਕਲ ਵਰਗੀ
ਦੁਨੀਆ ਤੇ ਨਿੱਘੀ ਥਾਂ ਨਈ ਲੱਭਣੀ

ਉਹਦੇ ਪੱਲੇ ਵਰਗੀ
ਦੁਨੀਆਂ ਤੇ ਸੰਘਣੀ ਛਾਂ ਨਈ ਲੱਭਣੀ

ਕਦਰ ਕਰੋਂ ਮਾਵਾਂ ਦੀ
ਜੇ ਕਿਧਰ ਖੋਈ ਮੁੜ ਮਾਂ ਨਈ ਲੱਭਣੀ

ਵਾਰੇ ਜਾਵਾਂ

ਲੱਖਾਂ ਗਏ, ਲੱਖਾਂ ਆਏ
ਕਈਆਂ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਦੇ
ਆਪਣੇ ਤੋਂ ਸੋਹਣਾ ਮੈਨੂੰ ਯਾਰ ਦਿੱਤਾ

ਕੱਬਡੀ ਦਾ ਮੈਦਾਨ

ਖੁੱਲ੍ਹਾ ਮੈਦਾਨ
ਚਾਰ ਚੁਫ਼ੇਰੇ ਰੱਸੀਆਂ ਦੀ ਵਾੜ
ਪਿੱਛੇ ਬੈਠੇ ਕੁੱਝ ਨੌਜਵਾਨ
ਕੁੱਝ ਬਜ਼ੁਰਗ ਸਿਆਣੇ ਬੰਦੇ

ਪੈਂਦੀ ਵਿੱਚ ਮੈਦਾਨ ਕੱਬਡੀ
ਵੇਖਣ ਆਏ ਲੋਕੀਂ
ਛੱਡ ਆਪਣੇ ਕੰਮ ਧੰਦੇ

ਸਰੂ ਜਿਹਾ ਕੱਦ, ਬੋਤਲ ਵਰਗੀਆਂ ਪਿੰਝਣੀਆਂ
ਲਾਲ ਨਿੱਕਰ ਖੱਟੀਆਂ ਧਾਰੀਆਂ
ਮੁੰਡਿਆ ਚੱਲਿਆ ਰੇਡ ਤੇ
ਆਵਾਜ਼ ਸਪੀਕਰ 'ਚੋਂ ਆਉਂਦੀਏ

ਵੇਖੋ ਉੱਧਰ ਕਿਵੇਂ
ਸਟੋਪਰ ਪੱਟਾਂ ਤੇ ਹੱਥ ਪਏ ਮਾਰਦੇ ਨੇ
ਜਦੋਂ ਕੁੰਡੀਆਂ ਦੇ ਸਿੰਗ ਫੱਸਦੇ
ਖੇਡ ਉਦੋਂ ਮਨਾਂ ਨੂੰ ਭਾਉਂਦੀਏ

ਰੇਡਰ ਕਹੇ ਫੜ ਮੈਨੂੰ
ਸਟੋਪਰ ਕਹੇ ਜਾਣ ਨਹੀਂ ਦੇਣਾ
ਦੋਨੋਂ ਆਪਣੇ ਆਪਣੇ ਪੈਂਤਰੇ ਪਏ ਲੜ੍ਹਾਉਂਦੇ ਨੇ

ਥੱਪੋਥੱਪੜੀ ਹੁੰਦੇ ਸ਼ੇਰ ਜਦੋਂ
ਬੈਠੇ ਲੋਕੀਂ ਬਾਹਰ
ਵੇਖ ਹੈਪੀ ਤਾੜੀਆਂ ਪਏ ਵਜਾਉਂਦੇ ਨੇ

Sunday, November 29, 2009

ਸੱਚ ਜਾਣੀ

ਸੱਚ ਜਾਣੀ, ਝੂਠ ਨਹੀਂ,
ਮੈਨੂੰ ਤੂੰ ਤੇ ਰੱਬ ਨਾ ਮਿਲਿਆ ਪੁਜਾਰੀਆਂ ਨੂੰ।
ਜੋ ਲੱਥੇ ਨਾ ਉਮਰ ਸਾਰੀ,
ਐਸਾ ਰੰਗ ਨਾ ਕੋਈ ਮਿਲਿਆ ਲਲਾਰੀਆਂ ਨੂੰ।
ਦੁਨੀਆ ਬਗੀਚੀ ਕੰਡਿਆਂ ਦੀ
ਨੀਂ ਕਿੰਨਾ ਚਿਰ ਸੰਭਾਲੇਗੀ ਤਨ ਫੁਲਕਾਰੀ ਨੂੰ।

ਨੀਂ ਰਾਤ ਦੀ ਪੀਤੀ, ਸੁਬਹ ਉਤਰ ਜਾਵੇਗੀ।
ਮਿਲੀ ਹੈ ਜੋ ਜਿੰਦ, ਓਹ ਵੀ ਗੁੱਜਰ ਜਾਵੇਗੀ।
ਵਾਅਦੇ ਕਰਕੇ ਇਹ ਦੁਨੀਆ ਮੁਕਰ ਜਾਵੇਗੀ।
ਬੈਠੀ ਹੈਪੀ ਨਾਲ ਹਰ ਸਵਾਰੀ ਉਤਰ ਜਾਵੇਗੀ।

Sunday, November 15, 2009

ਲੁੱਟਿਆ ਸਾਨੂੰ

ਲੁੱਟਿਆ ਸਾਨੂੰ ਉਹਨਾਂ ਨੇ ਮੀਤ ਬਣਕੇ
ਜੋ ਬੁੱਲ੍ਹਾਂ 'ਤੇ ਰਹਿ ਸਾਡੇ ਗੀਤ ਬਣਕੇ
ਓ ਤੁਰ ਗਏ, ਅਸੀਂ ਖਲੋਏ ਅਤੀਤ ਬਣਕੇ
ਤੱਤੀ ਧੁੱਪ 'ਚ ਸੜ੍ਹਦਿਆਂ ਛੱਡ ਗਏ ਹੈਪੀ,
ਆਏ ਸੀ ਜੋ ਠੰਡੀ ਹਵਾ ਸ਼ੀਤ ਬਣਕੇ
---------------------------------
ਤੂੰ ਸੱਜਣਾ ਉਸ ਚੰਦ ਵਰਗਾ ਐ
ਜਿਸਨੂੰ ਚਾਹਕੇ ਵੀ ਪਾਇਆ ਜਾ ਸਕਦਾ ਨਹੀਂ
ਤੇਰੇ ਚੇਤਾ ਅਭੁੱਲ ਯਾਦ ਜਿਹਾ,
ਲੱਖ ਕੋਸ਼ਿਸ਼ਾਂ ਬਾਅਦ ਵੀ ਭੁੱਲਾਇਆ ਜਾ ਸਕਦਾ ਨਹੀਂ
ਅੱਖਰ ਬਣ ਘੁਣ ਗਿਆ ਮੱਥੇ ਵਿੱਚ
ਜਿਸ ਨੂੰ ਮਰੇ ਬਿਨ੍ਹ ਮਿਟਾਇਆ ਜਾ ਸਕਦਾ ਨਹੀਂ
--------------------------------
ਰੁੱਤ ਬਿਰਹੋਂ ਦੀ ਆਈ ਲੈਕੇ ਹੰਝੂ ਹੌਂਕੇ ਦੁੱਖ ਸੌਗਾਤਾਂ
ਚਿੱਟੇ ਦਿਨ ਵੀ ਬਣ ਚੱਲੇ ਹੁਣ ਕਾਲੀਆਂ ਰਾਤਾਂ
ਹੋ ਗਈਆਂ, ਜੋ ਹੋਣੀਆਂ ਸਨ ਪਿਆਰ ਦੀਆਂ ਬਾਤਾਂ
ਹੁਣ ਵੇਲਾ ਆ ਗਿਆ, ਕਰੂੰ ਮੈਂ ਮੌਤ ਨਾਲ ਮੁਲਾਕਾਤਾਂ

ਨਾਂਅ ਤੇਰਾ

ਹੱਥ ਦੀਆਂ ਲਕੀਰਾਂ ਚੋਂ
ਮਿਟ ਗਿਆ ਨਾਂਅ ਤੇਰਾ
ਦਿਲ ਤੇ ਲਿਖਿਆ ਕਿਵੇਂ ਮਿਟਾਵਾਂ ਨੀਂ
ਜਿੱਧਰ ਵੇਖਾਂ
ਹਰ ਪਾਸੇ ਤੂੰ ਹੀ ਤੂੰ ਦਿਸਦੀ
ਦੱਸ ਮੈਂ ਬਚ ਕਿਹੜੀ ਰਾਹੇ ਜਾਵਾਂ ਨੀਂ
ਜੋ ਛਾ ਗਏ ਬੱਦਲ ਗਮ ਦੇ
ਮਨ ਦੇ ਅੰਬਰ 'ਤੇ
ਕਿਹੜੀ ਹਵਾ ਨਾਲ ਉਡਾਵਾਂ ਨੀਂ
------------------------------
ਜਿੰਦਗੀ ਦੇ ਪੰਨੇ ਜਦ ਵੀ ਪਲਟੇਂਗਾ
ਤੈਨੂੰ ਮਿਲਾਂਗੀ ਹਰ ਮੋੜ੍ਹ ਉੱਤੇ।
ਅੱਜ ਵੀ ਉੱਥੇ ਹੀ ਖੜ੍ਹੀ ਹਾਂ
ਛੱਡ ਗਿਆ ਸੀ ਜਿਸ ਰੋੜ੍ਹ ਉੱਤੇ ।।
--------------------------
ਜਿੱਤਾਂ ਬਹੁਤ ਦਰਜ ਕੀਤੀਆਂ,
ਪਰ ਜਸ਼ਨ ਵੇਲੇ ਕੱਲਾ ਰਹਿ ਗਿਆ
ਤੁਰ ਗਿਆ ਸੱਜਣ ਵੀ,
ਉਂਗਲੀ 'ਚ ਬੱਸ ਛੱਲਾ ਰਹਿ ਗਿਆ
ਇੱਕ ਬੰਦ ਕਮਰੇ 'ਚ
ਕਲਮ ਤੇ ਹੈਪੀ ਕੱਲਾ ਰਹਿ ਗਿਆ

Wednesday, September 30, 2009

ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਰੁਖ਼ਸਾਨਾ

ਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ।

ਪਿਛਲੇ ਐਤਵਾਰ ਦੀ ਰਾਤ ਜਦੋਂ ਸਾਧਰਾ ਪਿੰਡ ਸਥਿਤ ਨੂਰ ਹਸਨ ਦੇ ਘਰ ਲਸ਼ਕਰ-ਏ-ਤੌਇਬਾ
ਦੇ ਅੱਤਵਾਦੀ ਵੜ੍ਹ ਆਏ ਅਤੇ ਉਹਨਾਂ ਨੇ ਨੂਰ ਹਸਨ ਦੇ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਉਹ ਰੁਖ਼ਸਾਨਾ, ਜੋ ਨੂਰ ਹਸਨ ਦੀ ਧੀ ਹੈ,' ਨੂੰ ਉਹਨਾਂ ਦੇ ਹਵਾਲੇ ਕਰ ਦੇਣ, ਨਹੀਂ ਤਾਂ ਪੂਰੇ ਪਰਿਵਾਰ ਨੂੰ ਲਾਸ਼ਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਹੱਥਾਂ ਦੇ ਵਿੱਚ ਖ਼ਤਰਨਾਕ ਹਥਿਆਰ ਲੈਕੇ ਜਦੋਂ ਕੁੱਝ ਵਿਅਕਤੀ ਅਚਾਨਕ ਕਿਸੇ ਦੇ ਘਰ ਵਿੱਚ ਪ੍ਰਵੇਸ਼ ਕਰ ਆਉਣ, ਤਾਂ ਉਹਨਾਂ ਨੂੰ ਵੇਖਦਿਆਂ ਘਰ ਵਿੱਚ ਮੌਜੂਦ ਨਿਹੱਥੇ ਲੋਕਾਂ ਦੇ ਪੈਰਾਂ ਹੇਠ ਜਮੀਨ ਘਿਸਕਣਾ ਤਾਂ ਆਮ ਜਿਹੀ ਗੱਲ ਹੈ, ਪਰੰਤੂ ਨੂਰ ਹਸਨ ਦੇ ਘਰ ਅਜਿਹਾ ਨਹੀਂ ਹੋਇਆ, ਉਹਨਾਂ ਨੇ ਰੁਖ਼ਸਾਨਾ ਨੂੰ ਅੱਤਵਾਦੀਆਂ ਦੇ ਹਵਾਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਜਦੋਂ ਅੱਤਵਾਦੀਆਂ ਨੇ ਜ਼ਬਰਦਸਤੀ ਕਰਨੀ ਦੀ ਕੋਸ਼ਿਸ਼ ਕੀਤੀ ਤਾਂ ਰੁਖ਼ਸਾਨਾ ਨੇ ਆਪਣੀ ਹਿੰਮਤ ਜੁਟਾਉਂਦਿਆਂ ਕੋਲ ਪਈ ਕੁਹਾੜੀ ਚੁੱਕਕੇ ਅੱਤਵਾਦੀਆਂ ਉੱਤੇ ਹਮਲਾ ਕਰ ਦਿੱਤਾ, ਇਸ ਹਮਲੇ ਦੇ ਵਿੱਚ ਇੱਕ ਅੱਤਵਾਦੀ ਮੌਕੇ ਉੱਤੇ ਹੀ ਢੇਰ ਹੋ ਗਿਆ, ਜਦਕਿ ਇੱਕ ਫੱਟੜ ਅਤੇ ਇੱਕ ਭੱਜਣ ਦੇ ਵਿੱਚ ਸਫ਼ਲ ਹੋਇਆ। ਇਸ ਘਟਨਾ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਦੇ ਉੱਚ ਅਧਿਕਾਰੀ ਕੁਲਦੀਪ ਖੋੜਾ ਨੇ ਰੁਖਸਾਨਾ ਨੂੰ ਸਨਮਾਨਿਤ ਕਰਨ ਦੇ ਆਦੇਸ਼ ਦੇ ਦਿੱਤੇ।

ਸਾਧਰਾ ਪਿੰਡ ਦੀ ਇਹ ਰੁਖ਼ਸਾਨਾ ਵੀ ਉਸ ਜ਼ਮੀਨ ਉੱਤੇ ਵੱਸਦੀ ਹੈ, ਜਿੱਥੇ ਬਾਰੇ ਕਿਹਾ ਜਾਂਦਾ ਹੈ ਕਿ ਔਰਤਾਂ ਬੁਰਕਿਆਂ ਦੇ ਅੰਦਰ ਰਹਿੰਦੀਆਂ ਹਨ, ਪਰੰਤੂ ਰੁਖ਼ਸਾਨਾ ਦੀ ਹਿੰਮਤ ਨੇ ਇਹ ਸਾਬਿਤ ਕਰ ਦਿੱਤਾ ਕਿ ਬੁਰਕਿਆਂ ਦੇ ਵਿੱਚ ਰਹਿਣਾ ਕੇਵਲ ਮਰਿਆਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਬੁਰਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਕਮਜ਼ੋਰ ਹਨ। ਰੁਖ਼ਸਾਨਾ ਤੋਂ ਹਰ ਉਸ ਔਰਤ ਨੂੰ ਸੇਧ ਲੈਣੀ ਚਾਹੀਦੀ ਹੈ, ਜੋ ਅੱਤਿਆਚਾਰਾਂ ਨੂੰ ਸਿਰਫ਼ ਇਸ ਲਈ ਸਹਿ ਰਹੀ ਹੈ ਕਿ ਉਹ ਔਰਤ ਹੈ, ਉਹ ਸਦੀਆਂ ਤੋਂ ਮਰਦਾਂ ਦੀ ਗੁਲਾਮ ਹੈ। ਅੱਜ ਦੀ ਨਾਰੀ ਗੁਲਾਮ ਨਹੀਂ, ਜੇਕਰ ਉਹ ਸੂਰਮੇ ਜੰਮ ਸਕਦੀ ਹੈ ਤਾਂ ਉਹ ਲੋੜ੍ਹ ਪੈਣ ਉੱਤੇ ਖੁਦ ਵੀ ਚੰਡੀ ਰੂਪ ਧਾਰਣ ਕਰ ਸਕਦੀ ਹੈ।

ਐਤਵਾਰ ਦੀ ਰਾਤ ਨੂੰ ਜਿੱਥੇ ਚੰਡੀ ਰੂਪ ਧਾਰਣ ਕਰਦਿਆਂ ਰੁਖ਼ਸਾਨਾ ਲਸ਼ਕਰ-ਏ-ਤੈਇਬਾ ਦੇ ਅਬੂ ਓਸਾਮਾ ਨੂੰ ਲੋਥ ਵਿੱਚ ਬਦਲਿਆ, ਉੱਥੇ ਹੀ ਅਗਲੀ ਸਵੇਰ ਭਾਵ ਸੋਮਵਾਰ ਨੂੰ ਵਿਜੈ ਦਸ਼ਮੀ ਸੀ, ਜਿਸ ਦਿਨ ਮਾਂ ਦੁਰਗਾ ਨੇ ਮਹਿਸਾਸੁਰ ਜਿਹੇ ਰਾਖ਼ਸ ਦਾ ਅੰਤ ਕੀਤਾ ਸੀ। ਸ਼੍ਰੀ ਰਾਮ ਨੇ ਨੌ ਦਿਨ ਮਾਂ ਦੁਰਗਾ ਦੀ ਭਗਤੀ ਕਰਨ ਪਿੱਛੋਂ ਰਾਵਣ ਦੀ ਲੰਕਾ ਨੂੰ ਸਾੜ੍ਹਕੇ ਸੁਆਹ ਕੀਤਾ ਸੀ। ਜਿਸ ਦਿਨ ਹਰ ਔਰਤ ਅੰਦਰ ਸੁੱਤੀ ਰੁਖ਼ਸਾਨਾ ਜਾਗ ਪਈ, ਉਸ ਦਿਨ ਕਈ ਪਾਪੀਆਂ ਦਾ ਨਾਸ਼ ਹੋਵੇਗਾ ਅਤੇ ਇਸ ਧਰਤੀ ਉੱਤੇ ਬੋਝ ਬਣੇ ਕਈ ਪਾਪੀਆਂ ਨੂੰ ਜਾਣਾ ਹੋਵੇਗਾ। 
ਧੰਨਵਾਦ ਸਹਿਤ-
ਕੁਲਵੰਤ ਹੈੱਪੀ

Tuesday, September 22, 2009

ਸਾਂਸਦ ਨਵਜੋਤ ਸਿੱਧੂ ਲਾਪਤਾ!

ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਲਾਪਤਾ ਹੋ ਗਿਆ ਹੈ ਤੇ ਉਸਦੀ ਭਾਲ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਕੁੱਝ ਇਸ ਤਰ੍ਹਾਂ ਦਾ ਹੀ ਮਾਹੌਲ ਪੇਸ਼ ਕਰ ਰਹੇ ਹਨ ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਾ ਦੀ ਭਾਲ ਵਾਲੇ ਪੋਸਟਰ। ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੋਸਟਰ ਵੇਖਣ ਨੂੰ ਮਿਲੇ ਸਨ, ਪਰੰਤੂ ਉਹਨਾਂ ਉੱਤੇ ਲੱਗੀ ਫੋਟੋ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਹੋਰਨਾਂ ਦੀ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੀ ਸੀ।

ਚੋਣਾਂ ਤੋਂ ਬਾਅਦ ਅਕਸਰ ਹੀ ਨੇਤਾ ਬਰਸਾਤੀ ਡੱਡੂਆਂ ਦੇ ਵਾਂਗ ਲਾਪਤਾ ਹੋ ਜਾਂਦੇ ਹਨ, ਪਰੰਤੂ ਇਸ ਤਰ੍ਹਾਂ ਉਹਨਾਂ ਨੂੰ ਭਾਲਣ ਦੀ ਮੁੰਹਿਮ ਸ਼ਾਇਦ ਹੁਣੇ ਜਿਹੇ ਹੀ ਪੈਦਾ ਹੋਈ ਹੈ। ਇਹ ਮੁੰਹਿਮ ਸ਼ਾਇਦ ਚੋਣਾਂ ਪਿੱਛੋਂ ਲਾਪਤਾ ਹੋਏ ਨੇਤਾਵਾਂ ਨੂੰ ਲੱਭਕੇ ਜਨਤਾ ਦੀ ਕਚਹਿਰੀ ਵਿੱਚ ਖੜ੍ਹਾ ਕਰਨ ਦੇ ਲਈ ਇੱਕ ਚੰਗਾ ਉਪਰਾਲਾ ਸਿੱਧ ਹੋਵੇਗੀ।

ਸੁਣਨ ਵਿੱਚ ਤਾਂ ਇੱਥੋਂ ਤੱਕ ਆਇਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਨਜ਼ਰ ਹੀ ਨਹੀਂ ਆਏ। ਅੰਮ੍ਰਿਤਸਰ ਦੇ ਵਾਸੀ ਜਾਂ ਹੋਰਨਾਂ ਸ਼ਹਿਰ ਦੇ ਵਸਨੀਕ ਸ਼ਾਇਦ ਨੇਤਾਵਾਂ ਦੇ ਲਾਪਤਾ ਹੋਣ ਉੱਤੇ ਬਹੁਤੀ ਹੈਰਾਨੀ ਪ੍ਰਗਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜ ਵਰ੍ਹਿਆਂ ਤੋਂ ਬਾਅਦ ਉਹ ਮੁੜ੍ਹ ਉਹਨਾਂ ਦੇ ਦਰਾਂ ਉੱਤੇ ਵੋਟ ਮੰਗਦੇ ਹੋਏ, ਝੂਠੇ ਵਾਅਦੇ ਕਰਦੇ ਹੋਏ ਨਜ਼ਰ ਆਉਣਗੇ।

ਅੱਜਕੱਲ੍ਹ ਨੇਤਾ ਦੇ ਗੁੰਮ ਜਾਂ ਲਾਪਤਾ ਹੋਣ ਦਾ ਫ਼ਿਕਰ ਵਿਰੋਧੀ ਪਾਰਟੀਆਂ ਹੀ ਕਰਦੀਆਂ ਹਨ, ਕਿਉਂਕਿ ਕਿਸੇ ਨੇਤਾ ਦੇ ਲਾਪਤਾ ਦੇ ਬਹਾਨੇ ਉਹਨਾਂ ਨੂੰ ਆਪਣਾ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ, ਲੋਕਾਂ ਦਾ ਧਿਆਨ ਖਿੱਚਣ ਦਾ ਮੌਕਾ ਮਿਲ ਜਾਂਦਾ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਰਾਜਕੁਮਾਰ ਨੂੰ ਤਾਂ ਸਿੱਧੂ ਦੀ ਐਨੀ ਫ਼ਿਕਰ ਹੋਈ ਕਿ ਉਹਨਾਂ ਨੇ ਸਥਾਨਕ ਅਤੇ ਸਬੰਧਤ ਇੱਕ ਥਾਣੇ ਵਿੱਚ ਆਪਣੇ ਵੱਲੋਂ ਸਿੱਧੂ ਦੀ ਲਾਪਤਾ ਹੋਣ ਦੀ ਰਿਪੋਰਟ ਵਿੱਚ ਦਰਜ ਕਰਵਾ ਦਿੱਤੀ ਹੈ। ਇੱਥੇ ਸਿੱਧੂ ਦੇ ਲਾਪਤਾ ਹੋਣ ਦਾ ਮਤਲਬ ਉਸਨੂੰ ਅਗਵਾ ਕਰ ਲਿਆ ਗਿਆ ਜਾਂ ਉਹ ਕਿਤੇ ਗੁੰਮ ਹੋ ਗਿਆ ਤੋਂ ਨਹੀਂ, ਬਲਕਿ ਉਹ ਸ਼ਹਿਰੀ ਖੇਤਰ ਵਿੱਚ ਸਰਗਰਮ ਨਜ਼ਰ ਨਹੀਂ ਆ ਰਿਹਾ ਤੋਂ ਹੈ।


ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿੱਚੋਂ ਹਰ ਸਾਲ ਕਿੰਨੇ ਲੋਕ ਬੇਰੁਜ਼ਗਾਰੀ ਦਾ ਸ਼ਿਕਾਰ ਹੋਕੇ ਮਜ਼ਬੂਰੀਵਸ਼ ਨੌਕਰੀ ਦੀ ਭਾਲ ਵਿੱਚ ਸ਼ਹਿਰ ਛੱਡਕੇ ਦੂਰ ਚੱਲੇ ਜਾਂਦੇ ਹਨ, ਕਿੰਨੇ ਵਿਅਕਤੀ ਹਰ ਸਾਲ ਲਾਪਤਾ ਹੋ ਜਾਂਦੇ ਹਨ, ਪਰੰਤੂ ਉਹਨਾਂ ਲੋਕਾਂ ਦੀ ਰਿਪੋਰਟ ਲਿਖਾਉਣ ਦੇ ਲਈ ਇਹ ਨੇਤਾ ਕਦੇ ਵੀ ਥਾਣੇ ਵੱਲ ਰੁਖ਼ ਨਹੀਂ ਕਰਦੇ। ਰੇਲਵੇ ਸਟੇਸ਼ਨ ਉੱਤੇ ਕਿੰਨੇ ਹੀ ਲਾਪਤਾ ਬੱਚਿਆਂ ਦੇ ਪੋਸਟਰ ਲੱਗੇ ਹੋਣਗੇ, ਪਰੰਤੂ ਰਾਜਨੀਤਿਕ ਰਸੂਖ਼ ਹੋਣ ਦੇ ਬਾਵਜੂਦ ਵੀ ਇਹ ਨੇਤਾ ਉਹਨਾਂ ਦੀ ਭਾਲ ਵਾਸਤੇ ਥਾਣਿਆਂ ਦੇ ਅੰਦਰ ਆਪਣਾ ਰੌਬ ਨਹੀਂ ਵਿਖਾਉਂਦੇ, ਪਰ ਹਾਂ, ਜਦੋਂ ਨਵਜੋਤ ਸਿੰਘ ਸਿੱਧੂ ਜਿਹਾ ਕੋਈ ਨੇਤਾ ਗੁੰਮ ਹੋ ਜਾਂਦਾ ਹੈ ਤਾਂ ਉਸਦੀ ਭਾਲ ਕਰਨ ਦੇ ਲਈ ਰਿਪੋਰਟ ਜ਼ਰੂਰ ਦਰਜ ਕਰਵਾਉਂਦੇ ਹਨ।

ਸ਼ਾਇਦ ਕਾਂਗਰਸੀ ਨੇਤਾਵਾਂ ਨੂੰ ਪਤਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਜਨੇਤਾ ਹੋਣ ਦੇ ਇਲਾਵਾ ਹੋਰ ਵੀ ਬੜੇ ਕੰਮ ਕਰਦੇ ਹਨ। ਪਹਿਲਾਂ ਤਾਂ ਉਹ ਛੋਟੇ ਪਰਦੇ ਉੱਤੇ ਲੋਕਾਂ ਨੂੰ ਹੱਸਾਉਣ ਦਾ ਕੰਮ ਕਰਦੇ ਸਨ, ਪਰੰਤੂ ਪਿਛਲੇ ਸਾਲ ਰਿਲੀਜ ਹੋਈ ਮਨਮੋਹਨ ਸਿੰਘ ਦੀ ਫਿਲਮ ਮੇਰਾ ਪਿੰਡ ਮਾਈ ਹੋਮ ਨੇ ਉਹਨਾਂ ਨੂੰ ਵੱਡੇ ਪਰਦੇ ਉੱਤੇ ਵੀ ਹੀਰੋ ਬਣਾਕੇ ਉਤਾਰ ਦਿੱਤਾ। ਨੇਤਾ ਤਾਂ ਪੰਜ ਪੰਜ ਸਾਲ ਗਾਇਬ ਰਹਿੰਦੇ ਹਨ, ਸਿੱਧੂ ਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਹੀ ਲਾਪਤਾ ਹੈ, ਇੰਤਜਾਰ ਕਰੋ ਕਾਂਗਰਸ ਵਾਲਿਓ ਮਿਲ ਜਾਵੇਗਾ ਜਲਦ ਹੀ ਸਿੱਧੂ।

Thursday, September 10, 2009

ਕਿਉਂ ਮਾਂ ਉਸ ਸ਼ਹਿਰ ਗਈ

ਫਿਰ ਗਿਆ ਪਾਣੀ ਸੱਧਰਾਂ 'ਤੇ
ਤੁਰ ਗਈ ਮਾਂ ਕੈਸੀਆਂ ਡਗਰਾਂ 'ਤੇ
ਤੇਰੀ ਨਬਜ਼ ਨਹੀਂ ਅੰਮੀਏ, ਮੇਰੀ ਜਿੰਦਗੀ ਠਹਿਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ


ਪਲ ਵਿੱਚ ਹੋ ਗਏ ਕੱਖੋਂ ਹੌਲੇ ਨੀਂ ਅੰਮੀਏ
ਬੱਸ ਯਾਦਾਂ ਰਹੀਆਂ ਸਾਡੇ ਕੋਲੇ ਨੀ ਅੰਮੀਏ
ਮਾਸੂਮ ਜਿੰਦਾਂ 'ਤੇ ਢਾਹ ਚੰਦਰੀ ਕਿਸਮਤ ਇਹ ਕੈਸਾ ਕਹਿਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

ਨਾ ਧੀ ਤੋਰੀ, ਨਾ ਪੁੱਤ ਵਿਆਹੇ ਤੂੰ
ਨਾ ਨੂੰਹਾਂ ਉੱਤੇ ਅੰਮੀਏ ਹੁਕਮ ਚਲਾਏ ਤੂੰ
ਖੁਸ਼ੀਆਂ ਵੇਖਣ ਤੋਂ ਪਹਿਲਾਂ ਨੀਂ ਮਾਂ, ਕਿਉਂ ਨਜ਼ਰੀਂ ਬੂਹੇ ਭੇੜ੍ਹ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

ਪੈ ਗਿਆ ਘਾਟਾ ਜੋ ਕਦੇ ਨਾ ਪੂਰਾ ਹੋਵੇਗਾ
ਹੈਪੀ ਤੇਰਾ ਨੀਂ ਅੰਮੀਏ ਚੋਰੀ ਚੋਰੀ ਰੋਵੇਗਾ
ਗੱਲਾਂ ਕਰਦੀ ਕਰਦੀ ਅੰਮੀਏ, ਤੂੰ ਕਿਉਂ ਅਚਾਨਕ ਮੁਖੜਾ ਫੇਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

Thursday, September 3, 2009

ਓਹ ਮੁੱਦਤ ਪਿੱਛੋਂ ਮੁੜ੍ਹ ਆਇਆ

ਓਹ ਮੁੱਦਤ ਪਿੱਛੋਂ ਮੁੜ੍ਹ ਆਇਆ
ਸਾਹ ਸ਼ਹਿਰ ਦੀ ਫਿਜ਼ਾ ਵਿੱਚ ਭਰਿਆ ਐ

ਮਹਿਕ ਓਹਦੀ ਦਾ ਅਹਿਸਾਸ
ਮੇਰੇ ਸਾਹਾਂ ਨੇ ਵਾਵਾਂ ਅੰਦਰਾਂ ਕਰਿਆ ਐ

ਨਾ ਮਿਲਾਈ ਰੱਬਾ ਨਾਲ ਉਹਦੇ
ਡੋਲਾ ਖਾ ਜੂ ਜੋ ਪੱਥਰ ਦਿਲ ਧਰਿਆ ਐ

ਹੁਣ ਧੁੱਪ ਓਹਦੀ ਤੋਂ ਦੂਰ ਰੱਖੀ
ਜੋ ਬਣ ਸੂਰਜ ਹੋਰਨਾਂ ਵਿਹੜੇ ਚੜ੍ਹਿਆ ਐ

ਹਾਲੇ ਤੱਕ ਪਤਾ ਨਹੀਂ ਉਸਨੂੰ
ਓਹਦੇ ਜਾਣ ਪਿੱਛੋਂ ਹੈਪੀ ਕਿੰਨਾ ਖਰਿਆ ਐ

Thursday, August 20, 2009

ਲੱਖ ਪਾਬੰਦੀਆਂ ਲਾ ਲੋ..ਪਿਆਰ ਤਾਂ ਹੋ ਹੀ ਜਾਂਦਾ ਐ

ਬੁੱਲੀਆਂ ਤੇ ਉਭਰਕੇ ਆ ਜਾਣ ਜਜਬਾਤ ਜਦੋਂ
ਸਾਂਝੀ ਹੋਵਣ ਲੱਗਜੇ ਦਿਲ ਦੀ ਹਰਬਾਤ ਜਦੋਂ
ਕੋਈ ਬੋਲ ਯਾਰ ਦਾ ਦਿਲ ਨੂੰ ਛੋਹੀ ਜਾਂਦਾ ਐ
ਲੱਖ ਪਾਬੰਦੀਆਂ ਲਾ ਲੋ..ਪਿਆਰ ਤਾਂ ਹੋ ਹੀ ਜਾਂਦਾ ਐ

ਗੱਲ ਗੱਲ ਤੇ ਹੋਵਣ ਲੱਗਜੇ ਤਕਰਾਰ ਜਦੋਂ
ਬੁੱਲੀਆਂ ਤੇ ਗੁੱਸਾ ਦਿਲ ਵਿੱਚ ਹੋਵੇ ਪਿਆਰ ਜਦੋਂ
ਉਸ ਵੇਲੇ ਨੀਂਦਰ ਚੈਨ ਨੈਣਾਂ ਚੋਂ ਖੋਹੀ ਜਾਂਦਾ ਐ
ਲੱਖ ਪਾਬੰਦੀਆਂ ਲਾ ਲੋ..ਪਿਆਰ ਤਾਂ ਹੋ ਹੀ ਜਾਂਦਾ ਐ

ਇੱਕ ਦੂਜੇ ਨੂੰ ਸਮਝਣ ਦਾ ਮੌਕਾ ਮਿਲ ਜਾਂਦਾ ਐ
ਦਿਲ ਦੇ ਵਿਹੜੇ ਫੁੱਲ ਪਿਆਰ ਦਾ ਖਿਲ ਜਾਂਦਾ ਐ
ਖਿਆਲੀ ਦਿਲ ਮਰਜਾਣਾ ਸੱਜਣ ਦੇ ਖੋਹੀ ਜਾਂਦਾ ਐ
ਲੱਖ ਪਾਬੰਦੀਆਂ ਲਾ ਲੋ..ਪਿਆਰ ਤਾਂ ਹੋ ਹੀ ਜਾਂਦਾ ਐ

ਤੇਰਾ ਮੇਰਾ ਦੋਸ਼ ਨਾ ਹੈਪੀ ਸੌਦੇ ਤਕਦੀਰਾਂ ਦੇ
ਤੇਰੇ ਵਰਗਾ ਯਾਰ ਮਿਲਿਆ, ਸਦਕੇ ਪੀਰਾਂ ਦੇ
ਰੂਹ ਨਾਲ ਰੂਹ ਮਿਲਦੀ ਵਕਤ ਖਲੋਹੀ ਜਾਂਦਾ ਐ
ਲੱਖ ਪਾਬੰਦੀਆਂ ਲਾ ਲੋ..ਪਿਆਰ ਤਾਂ ਹੋ ਹੀ ਜਾਂਦਾ ਐ

ਇਹ ਗੀਤ ਮੇਰਾ ਰਜਿਸਟਰਡ ਕਰਵਾਇਆ ਹੋਇਆ ਹੈ।

Sunday, June 7, 2009

ਅਕਸ਼ੈ ਦੀ ਲੱਕੀ ਗਰਲ

Akshay's Lucky Girl 
ਖਿਲਾੜੀ ਕੁਮਾਰ ਦੇ ਨਾਂਅ ਨਾਲ ਪ੍ਰਸਿੱਧ ਅਕਸ਼ੈ ਕੁਮਾਰ ਅੱਜ ਹਿੰਦੀ ਫਿਲਮ ਜਗਤ ਦੇ ਵੱਡੇ ਸਿਤਾਰਿਆਂ ਵਿੱਚ ਸ਼ੁਮਾਰ ਹਨ । ਉਹਨਾਂ ਦੀ ਇਸ ਸਫ਼ਲਤਾ ਦੇ ਪਿੱਛੇ ਬੌਲੀਵੁੱਡ ਸੁੰਦਰੀ ਕੈਟਰੀਨਾ ਕੈਫ਼ ਦਾ ਬਹੁਤ ਵੱਡਾ ਹੱਥ ਹੈ। ਇਸ ਗੱਲ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਕੈਟਰੀਨਾ ਤੋਂ ਪਹਿਲਾਂ ਵੀ ਅਕਸ਼ੈ ਨੇ ਕਈ ਅਭਿਨੇਤਰੀਆਂ ਦੇ ਨਾਲ ਕੰਮ ਕੀਤਾ ਹੈ, ਪਰੰਤੂ ਇਤਨੀ ਸਫ਼ਲਤਾ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਮਿਲੀ। ਜਿੰਨੀ ਅਕਸ਼ੈ ਕੁਮਾਰ ਨੂੰ ਕੈਟਰੀਨਾ ਕੈਫ਼ ਦੇ ਨਾਲ ਕੰਮ ਕਰਨ ਪਿੱਛੋਂ ਮਿਲੀ ਹੈ। ਇਸ ਲਈ ਕੈਟਰੀਨਾ ਕੈਫ਼ ਨੂੰ ਅਕਸ਼ੈ ਦੇ ਲਈ ਲੱਕੀ ਗਰਲ ਮੰਨਿਆ ਜਾ ਸਕਦਾ ਹੈ।

Thursday, May 21, 2009

18 ਸਾਲਾਂ ਪਿੱਛੋਂ ਵੀ ਨਹੀਂ ਮਿਲਿਆ ਇਨਸਾਫ਼

ਰਾਜੀਵ ਗਾਂਧੀ ਦੀ ਬਰਸੀ 'ਤੇ ਵਿਸ਼ੇਸ਼
18 ਦੀ ਉਮਰ ਵਿੱਚ ਕਦਮ ਰੱਖਦੇ ਹੀ ਇੱਕ ਭਾਰਤੀ ਨੂੰ ਵੋਟ ਪਾਉਣ ਦਾ ਹੱਕ ਹਾਸਿਲ ਹੋ ਜਾਂਦਾ ਹੈ, ਇਨਸਾਨ ਕਿਸ਼ੋਰ ਅਵਸਥਾ ਪਾਰ ਕਰਕੇ ਜਵਾਨੀ ਵਿੱਚ ਕਦਮ ਰੱਖਦਾ ਹੈ. 18 ਸਾਲ ਦਾ ਸਫ਼ਰ ਕੋਈ ਘੱਟ ਨਹੀਂ ਹੁੰਦਾ, ਇਸ ਦੌਰਾਨ ਇਨਸਾਨ ਜਿੰਦਗੀ ਵਿੱਚ ਕਈ ਉਤਾਰ ਚੜ੍ਹਾਅ ਵੇਖ ਲੈਂਦਾ ਹੈ, ਪਰੰਤੂ ਅਫਸੋਸ ਦੀ ਗੱਲ ਹੈ ਕਿ 18 ਸਾਲ ਬਾਅਦ ਵੀ ਕਾਂਗਰਸ ਸਵਰਗੀ ਰਾਜੀਵ ਗਾਂਧੀ ਨੂੰ ਕੇਵਲ ਇੱਕ ਸ਼ਰਧਾਂਜਲੀ ਭੇਂਟ ਕਰ ਰਹੀ ਹੈ, ਇਹਨਾਂ 18 ਸਾਲਾਂ ਵਿੱਚ ਹਿੰਦੁਸਤਾਨ ਦੀਆਂ ਸਰਕਾਰਾਂ ਉਸ ਸਾਜਿਸ਼ ਨੂੰ ਨੰਗਾ ਨਹੀਂ ਕਰ ਪਾਈਆਂ, ਜਿਸਦੇ ਤਹਿਤ ਅੱਜ ਤੋਂ ਡੇਢ ਦਹਾਕਾ ਪਹਿਲਾਂ 21 ਮਈ 1991 ਨੂੰ ਤਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਇੱਕ ਜਨਸਭਾ ਦੇ ਦੌਰਾਨ ਲਿੱਟੇ ਦੇ ਇੱਕ ਆਤਮਘਾਤੀ ਹਮਲਾਵਰ ਨੇ ਰਾਜੀਵ ਗਾਂਧੀ ਦੇ ਸਾਹਾਂ ਖੋਹ ਲੈਣ ਸਨ. ਉਹ ਹਮਲਾ ਇੱਕ ਨੇਤਾ ਉੱਤੇ ਨਹੀਂ ਸੀ, ਬਲਕਿ ਪੂਰੇ ਦੇਸ਼ ਦੇ ਸੁਰੱਖਿਆ ਤੰਤਰ ਨੂੰ ਅੰਗੂਠਾ ਵਿਖਾਉਣਾ ਸੀ, ਫਿਰ ਵੀ ਹਿੰਦੁਸਤਾਨੀ ਸਰਕਾਰਾਂ ਆਈਆਂ ਅਤੇ ਚੱਲੀਆਂ ਗਈਆਂ. ਮਗਰ ਗਾਂਧੀ ਦੀ ਹੱਤਿਆ ਦੇ ਪਿੱਛੇ ਕੌਣ ਲੋਕ ਸਨ ? ਅੱਜ ਵੀ ਇੱਕ ਰੱਹਸ ਹੈ. ਸੱਚ ਸਾਹਮਣੇ ਵੀ ਆ ਜਾਂਦਾ, ਪਰੰਤੂ ਰਾਜੀਵ ਗਾਂਧੀ ਦੀ 18ਵੀਂ ਬਰਸੀ ਤੋਂ ਪਹਿਲਾਂ ਹੀ ਸ਼੍ਰੀਲੰਕਾਈ ਸੈਨਾਵਾਂ ਨੇ ਖ਼ਤਰਨਾਕ ਹਿੰਸਕ ਅੰਦੋਲਨ ਦੇ ਅਗਵਾਈ ਕਰਤਾ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਲਮ (ਲਿੱਟੇ) ਪ੍ਰਮੁੱਖ ਵੇਲੁਪਿੱਲਈ ਪ੍ਰਭਾਕਰਨ ਨੂੰ ਸਦਾ ਦੇ ਲਈ ਚੁੱਪ ਕਰਵਾ ਦਿੱਤਾ. ਹੱਤਿਆ ਦੇ ਪਿੱਛੇ ਜਿਸਦਾ ਸਭ ਤੋਂ ਜਿਆਦਾ ਹੱਥ ਮੰਨਿਆ ਜਾ ਰਿਹਾ ਸੀ, ਹੁਣ ਤਾਂ ਲੱਗਦਾ ਹੈ ਕਿ ਸੱਚ ਵੀ ਪ੍ਰਭਾਕਰਨ ਦੇ ਨਾਲ ਦਫ਼ਨ ਹੋ ਗਿਆ. ਰਾਜੀਵ ਦੀ ਹੱਤਿਆ ਦੇ ਪਿੱਛੇ ਕੇਵਲ ਲਿੱਟੇ ਦਾ ਹੱਥ ਹੈ, ਇਤਨਾ ਕਹਿ ਦੇਣਾ ਸੱਚ ਨਹੀਂ, ਕਿਉਂਕਿ ਦੇਸ਼ ਵਿੱਚ ਅੱਜ ਵੀ ਅਜਿਹੇ ਸੀਬੀਆਈ ਸੇਵਾਮੁਕਤ ਅਧਿਕਾਰੀ ਜੀਵੰਤ ਹੈਂ, ਜਿਹਨਾਂ ਨੂੰ ਇਲਮ ਸੀ ਕਿ ਰਾਜੀਵ ਗਾਂਧੀ ਦੇ ਸਾਥੀ ਹੀ ਉਸਦੇ ਨਾਲ ਵਿਸ਼ਵਾਸਘਾਤ ਕਰਨਗੇ. ਜਿਸਦੇ ਬਾਰੇ ਵਿੱਚ ਉਹਨਾਂ ਨੇ ਰਾਜੀਵ ਗਾਂਧੀ ਨੂੰ ਸੂਚਿਤ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਹੈ. ਪਰੰਤੂ ਜਾਂਚ ਉੱਥੇ ਹੀ ਖੜ੍ਹੀ ਹੈ. ਕੀ ਦੂਜਾ ਕਾਰਜਕਾਲ ਸ਼ੁਰੂ ਕਰਨ ਵਾਲੀ ਮਨਮੋਹਨ ਸਿੰਘ ਦੀ ਸਰਕਾਰ 23ਵੀਂ ਬਰਸੀਂ ਤੋਂ ਪਹਿਲਾਂ ਸੱਚ ਤੱਕ ਪਹੁੰਚ ਪਾਵੇਗੀ? ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਦਾ ਸੱਚ ਸਾਹਮਣੇ ਲਿਆਉਣ ਵਿੱਚ ਇਤਨੇ ਸਾਲ ਲੱਗ ਸਕਦੇ ਹਨ, ਤਾਂ ਆਮ ਆਦਮੀ ਦੀ ਸਥਿਤੀ ਕੀ ਹੋਵੇਗੀ? ਰਾਜੀਵ ਗਾਂਧੀ ਦੀ ਹੱਤਿਆ ਦੇ ਦਿਨ ਜਨਮੇਂ ਹੋਏ ਬੱਚੇ ਹੁਣ ਨੌਜਵਾਨ ਹੋ ਗਏ, ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲ ਜਾਵੇਗਾ, ਜੋ ਰਾਜੀਵ ਗਾਂਧੀ ਦੀ ਹੀ ਦੇਣ ਹੈ, ਪਰੰਤੂ ਰਾਜੀਵ ਨੂੰ ਇਨਸਾਫ਼ ਕਦੋਂ ਮਿਲੇਗਾ?

Wednesday, May 20, 2009

ਕਾਲੇ ਚਿੱਠੇ ਖੋਲ੍ਹਦੀ ਹੈ 'ਪੱਤਰਕਾਰ ਦੀ ਮੌਤ'

ਪਿਛਲੇ ਮਹੀਨੇ ਜਦੋਂ ਮੈਂ ਬਠਿੰਡਾ ਗਿਆ ਸੀ, ਤਾਂ ਮੇਰਾ ਕੁੱਝ ਪੰਜਾਬੀ ਕਿਤਾਬਾਂ ਖਰੀਦਣ ਦਾ ਮਨ ਬਣਿਆ. ਬੱਸ ਫਿਰ ਕੀ ਸੀ, ਮੈਂ ਪਹੁੰਚ ਗਿਆ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ. ਜਿੱਥੋਂ ਮੈਂ ਅਕਸਰ ਮੈਗਜ਼ੀਨ ਖਰੀਦਿਆ ਕਰਦਾ ਸਾਂ, ਜਦੋਂ ਮੈਂ ਬਠਿੰਡਾ ਰਹਿੰਦਾ ਸੀ ਅਤੇ ਕਦੇ ਕਦਾਈਂ ਕਿਤਾਬ ਵੀ ਖਰੀਦ ਲੈਂਦਾ ਸਾਂ. ਪਰੰਤੂ ਇਸ ਵਾਰ ਕੁੱਝ ਕਿਤਾਬਾਂ ਖਰੀਦਣ ਦਾ ਮਨ ਸੀ, ਕਿਤਾਬਾਂ ਖਰੀਦਣ ਦੀ ਸੋਚਕੇ ਹੀ ਮੈਂ ਦੁਕਾਨ ਦੇ ਅੰਦਰ ਗਿਆ ਸਾਂ. ਉੱਥੇ ਮੈਂ ਕਈ ਕਿਤਾਬਾਂ ਵੇਖੀਆਂ, ਪਰੰਤੂ ਦੋਵਾਂ ਕਿਤਾਬਾਂ ਮੈਂ ਚੁੱਕੀਆਂ ਜਿਹਨਾਂ ਵਿੱਚ 'ਪੱਤਰਕਾਰ ਦੀ ਮੌਤ' ਵੀ ਸ਼ਾਮਿਲ ਸੀ. ਜਿਸਨੂੰ ਮੈਂ ਕੁੱਝ ਦਿਨ ਪਹਿਲਾਂ ਹੀ ਪੜ੍ਹ ਪੜ੍ਹ ਖ਼ਤਮ ਕੀਤਾ ਹੈ. ਇਸ ਕਿਤਾਬ ਦੇ ਸਿਰਲੇਖ ਨੂੰ ਪੜ੍ਹਦਿਆਂ, ਇੱਕ ਵਾਰ ਤਾਂ ਏਦਾਂ ਲੱਗਦਾ ਹੈ ਜਿਵੇਂ ਇਹ ਕੋਈ ਨਾਵਲ ਹੋਵੇ, ਅਤੇ ਪੱਤਰਕਾਰ ਇਸ ਨਾਵਲ ਦਾ ਨਾਇਕ, ਜਿਸਦੀ ਕਿਸੇ ਨੇ ਹੱਤਿਆ ਕਰ ਦਿੱਤੀ. ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ, ਇਸ ਪੂਰੀ ਕਿਤਾਬ ਵਿੱਚ ਪੱਤਰਕਾਰ ਦੀ ਸਰੀਰਕ ਹੱਤਿਆ ਕਿਤੇ ਵੀ ਨਹੀਂ ਹੁੰਦੀ, ਬੱਸ ਜਦ ਵੀ ਹੁੰਦੀ ਹੈ ਪੱਤਰਕਾਰ ਦੇ ਆਦਰਸ਼ਾਂ ਦੀ ਹੱਤਿਆ ਜਾਂ ਫਿਰ ਪੱਤਰਕਾਰਿਤਾ ਦੇ ਨਿਯਮਾਂ ਦੀ ਹੱਤਿਆ. ਇਸ ਕਿਤਾਬ ਨੂੰ ਲਿਖਣ ਵਾਲਾ ਲੇਖਕ ਗੁਰਨਾਮ ਸਿੰਘ ਅਕੀਦਾ ਖੁਦ ਵੀ ਪੱਤਰਕਾਰੀ ਦੀਆਂ ਰਾਹਾਂ ਵਿੱਚੋਂ ਲੰਘ ਚੁੱਕਿਆ ਹੈ, ਉਸਨੇ ਇਸ ਕਿਤਾਬ ਦੇ ਵਿੱਚ ਆਪਣੇ ਆਲੇ ਦੁਆਲੇ ਵਾਪਰੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਈ ਸੱਚ ਸਾਹਮਣੇ ਰੱਖੇ ਹਨ. ਇਸ ਕਿਤਾਬ ਅੰਦਰ ਅਜੋਕੇ ਪੰਜਾਬ ਵਿੱਚ ਪੱਤਰਕਾਰੀ ਦੀ ਹੁੰਦੀ ਦੁਰਦਸ਼ਾ, ਦੁਰਗਤੀ, ਅਤੇ ਘਟਿਆ ਸੋਚ ਤੋਂ ਉਪਜੀ ਪੱਤਰਕਾਰਿਤਾ ਦੇ ਕਾਰਣ ਵਿਗੜ੍ਹਿਆ ਪੰਜਾਬ ਦਾ ਮੁਹਾਂਦਰਾ ਸਾਫ਼ ਝਲਕਦਾ ਹੈ. ਇਸਦੇ ਇਲਾਵਾ ਅਕੀਦਾ ਨੇ ਮੀਡੀਆ ਵਿੱਚ ਰਾਜਨੀਤਿਕ ਘੁਸਪੈਠ, ਡੇਰਾ ਸੱਚਾ ਸੌਦਾ ਦਾ ਰਾਜਨੀਤੀ ਵਿੱਚ ਪ੍ਰਵੇਸ਼, ਉਸਦੇ ਬਾਅਦ ਹੋਈ ਪੰਜਾਬ 'ਚ ਸਿੱਖ ਸਮੁਦਾਇ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਝੜ੍ਹਪ 'ਚ ਮੀਡੀਆ ਦਾ ਰੋਲ, ਅਖ਼ਬਾਰਾਂ, ਨਿਊਜ਼ ਚੈਨਲਾਂ ਦੁਆਰਾ ਪੈਸੇ ਦੇਕੇ ਰੱਖੇ ਜਾ ਰਹੇ ਪੱਤਰਕਾਰਾਂ ਕਾਰਣ ਕਿਸ ਤਰ੍ਹਾਂ ਪੰਜਾਬ ਪੱਤਰਕਾਰੀ ਦਾ ਘਾਣ ਹੋ ਰਿਹਾ ਹੈ ਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ. 'ਪੱਤਰਕਾਰ ਦੀ ਮੌਤ' 'ਚ ਕੁੱਝ ਅਜਿਹੇ ਘਟਨਾਕ੍ਰਮ ਵੀ ਹਨ, ਜਿੱਥੇ ਪੱਤਰਕਾਰ ਮਨੁੱਖੀ ਜਿੰਦਗੀ ਤੋਂ ਵੱਧ ਆਪਣੀ ਖ਼ਬਰ ਨੂੰ ਤਰਜੀਹ ਦਿੰਦਾ ਹੈ. ਇੱਕ ਵਿਅਕਤੀ ਦੁਆਰਾ ਆਤਮਦਾਹ ਕਰਨਾ ਦੀ ਅਤੇ ਉਸਨੂੰ ਕਵਰੇਜ ਦੇ ਰਹੇ ਪੱਤਰਕਾਰਾਂ ਵਾਲੀ ਗੱਲ ਵੱਲ ਹੀ ਸੰਕੇਤ ਕਰਦੀ ਹੈ. ਇਸਦੇ ਇਲਾਵਾ ਵੱਡੇ ਟੈਲੀਵਿਜਨਾਂ, ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਛੋਟੇ ਅਖ਼ਬਾਰ ਦੇ ਪੱਤਰਕਾਰਾਂ ਮੁਕਾਬਲੇ ਵੱਧ ਤਰਜੀਹ ਦੇਣ ਦਾ ਮੁੱਦਾ ਵਿੱਚ ਅਹਿਮ ਰਿਹਾ ਹੈ. ਗੁਰਨਾਮ ਸਿੰਘ ਅਕੀਦਾ ਦੀ ਇਹ ਕਿਤਾਬ ਖਾਊ ਪੀਊ ਪੱਤਰਕਾਰਾਂ ਦੀ ਪੋਲ ਖੋਲ੍ਹਣ ਦੇ ਨਾਲ ਨਾਲ ਕਿਤੇ ਕਿਤੇ ਪੱਤਰਕਾਰਾਂ ਦੁਆਰਾ ਕੀਤੇ ਚੰਗੇ ਕੰਮ ਦਾ ਜ਼ਿਕਰ ਵੀ ਕਰਦੀ ਹੈ. ਪੱਤਰਕਾਰੀ ਦੇ ਡਿੱਗਦੇ ਮਿਆਰ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਜੱਗ ਜਾਹਿਰ ਕਰਨ ਵਾਲੇ ਇਹ ਪੱਤਰਕਾਰ ਲੇਖਕ ਵਧਾਈ ਦਾ ਹੱਕਦਾਰ ਹੈ.

ਅਕਸਰ ਸੋਚਦਾ ਹਾਂ.....

ਓਹ ਰੁਖ਼ ਕੈਸੇ ਹੋਣਗੇ ਹੁਣ
ਛਾਂ ਹੇਠ ਜਿਨ੍ਹਾਂ ਦੀ ਖੇਡਿਆ ਮੈਂ
ਅਕਸਰ ਸੋਚਦਾ ਹਾਂ
ਕਿਸੇ ਕੰਧ ਨਾਲ ਢੋਅ ਲਾਕੇ ।

ਫਿਰ ਚੇਤੇ ਆਉਂਦੀਆਂ ਓਹ ਰਾਹਾਂ
ਜਿੱਥੇ ਬਲਦ ਦੌੜਾਉਂਦਾ ਸੀ
ਜਾਂ ਮਸਤੀ ਵਿੱਚ ਝੱਲਿਆ ਹੋਇਆ
ਪੈਰਾਂ ਨਾਲ ਧੂੜ ਉਡਾਉਂਦਾ ਸੀ।

ਓਹ ਸੱਥ ਥੇਹ ਨਹੀਂ ਭੁੱਲਿਆ,
ਜਿੱਥੇ ਸ਼ਾਮ ਨੂੰ ਮਹਿਫ਼ਲ ਜੁੜ੍ਹਦੀ ਸੀ
ਜਿੱਥੇ ਗੱਲ ਕਿਸੇ ਗੋਰੀ ਸੋਹਣੀ
ਹੀਰ ਮਜਾਜਣ ਦੀ ਤੁਰਦੀ ਸੀ।

Sunday, May 17, 2009

ਤੇਰੇ ਕੋਲ ਵੇਹਲ ਨਹੀਂ

ਤਿਤਲੀਆਂ ਫੁੱਲਾਂ ਨਾਲ
ਅੱਜ ਵੀ ਖੇਡਦੀਆਂ ਨੇ
ਹਵਾਵਾਂ ਪੱਤਿਆਂ ਨੂੰ
ਅੱਜ ਵੀ ਛੇੜਦੀਆਂ ਨੇ
ਪਰ ਤੇਰੇ ਕੋਲ ਵੇਹਲ ਨਹੀਂ ਵੇਖਣ ਦੀ

ਵਿਸਾਖੀ ਮੇਲੇ ਲੱਗਦੇ ਨੇ,
ਦੀਵਾਲੀ ਦੀਵੇ ਜੱਗਦੇ ਨੇ
ਲੋਹੜੀ ਅੱਜ ਵੀ ਪੈਂਦੀ ਹੈ,
ਪਰ ਤੇਰੇ ਕੋਲ ਵੇਹਲ ਨਹੀਂ ਸੇਕਣ ਦੀ

ਮੰਦਰ ਵੀ ਨੇ, ਮਸਜਿਦਾਂ ਵੀ ਨੇ
ਗੁਰੂਦੁਆਰੇ ਵੀ ਹਨ,
ਪਰ ਤੇਰੇ ਕੋਲ ਵੇਹਲ ਨਹੀਂ ਮੱਥਾ ਟੇਕਣ ਦੀ

ਘਰ ਉਡੀਕ ਰਿਹਾ ਹੈ,
ਬੂਹਾ ਵੀ ਖੁੱਲ੍ਹਾ ਪਿਆ
ਪਰ ਤੇਰੇ ਕੋਲ ਵੇਹਲ ਨਹੀਂ ਘਰ ਪਰਤਣ ਦੀ

Thursday, May 14, 2009

ਕਠਪੁਤਲੀ ਬਨਾਮ ਪੰਜਾਬੀ ਖ਼ਬਰੀ ਚੈਨਲ

ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਪੰਜਾਬ ਵਿੱਚ ਪ੍ਰਸਾਰਿਤ ਹੋਏ ਰਹੇ ਜਿਆਦਾਤਰ ਪੰਜਾਬੀ ਨਿਊਜ਼ ਚੈਨਲ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣ ਚੁੱਕੇ ਹਨ. ਇਹ ਚੈਨਲ ਉਹ ਪ੍ਰਸਾਰਿਤ ਕਰਦੇ ਹਨ, ਜਿਸਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਹੱਥ ਰੱਖਦਾ ਹੈ, ਇਹ ਟੀਵੀ ਚੈਨਲਾਂ ਬਾਰੇ ਗੱਲ ਕਰਦਿਆਂ ਮੈਨੂੰ ਮਿੰਟੂ ਧੂਰੀ ਦੇ ਗੀਤ ਇੱਕ ਲਾਈਨ ਯਾਦ ਆਉਂਦੀ ਹੈ, 'ਜਿਹਦੇ ਉੱਤੇ ਹੱਥ ਧਰੂ ਨਖ਼ਰੋ ਉਹ ਗੀਤ ਵਜਾਈ ਰੱਖਣਾ'. ਸਰਕਾਰ ਦੇ ਇਸ਼ਾਰੇ ਉੱਤੇ ਨੱਚਣ ਵਾਲੇ ਇਹਨਾਂ ਨਿਊਜ਼ ਚੈਨਲਾਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ, ਸਰਕਾਰ ਗਈ ਨਹੀਂ ਕਿ ਇਹ ਵੀ ਗਾਇਬ ਹੋ ਜਾਂਦੇ ਹਨ. ਜਿਵੇਂ ਕਿ ਚੇਤੇ ਹੋਵੇਗਾ ਨਿਊਜ਼ ਟੂਡੇ. ਕੈਪਟਨ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਇਹ ਨਿਊਜ਼ ਚੈਨਲ ਵੀ, ਸਰਕਾਰ ਦੇ ਨਾਲ ਹੀ ਨੱਸ ਗਿਆ. ਅੱਜਕੱਲ੍ਹ ਪੰਜਾਬ ਵਿੱਚ ਪੰਜਾਬੀ ਨਿਊਜ਼ ਚੈਨਲਾਂ ਦੀ ਭਰਮਾਰ ਹੈ, ਪਰੰਤੂ ਹਿੱਕ ਠੋਕਕੇ ਆਮ ਲੋਕਾਂ ਦੀ ਗੱਲ ਕਰਨ ਦਾ ਕਿਸੇ ਵਿੱਚ ਵੀ ਦਮ ਨਹੀਂ. ਇਹਨਾਂ ਦੇ ਦਰਾਂ ਉੱਤੇ ਜਾਕੇ ਪੱਤਰਕਾਰਿਤਾ ਵੀ ਉਂਝ ਤਰਲੇ ਕੱਢਦੀ ਹੈ, ਜਿਵੇਂ ਸਬਰਜੀਤ ਚੀਮੇ ਦੇ ਇੱਕ ਗੀਤ ਵਿੱਚ ਅਣਜੰਮੀ ਕੁੜੀ ਕਹਿੰਦੀ ਹੈ 'ਨਾ ਮਰੀ ਨਾ ਮਰੀ ਨੀਂ ਮਾਂ' ਪੰਜਾਬੀ ਨਿਊਜ਼ ਚੈਨਲ ਜਿਆਦਾਤਰ ਬਾਂਦਰ ਬਣ ਚੁੱਕੇ ਹਨ, ਜੋ ਸੱਤਾਧਾਰੀ ਮਦਾਰੀ ਦੀ ਡੁੱਗਡੁੱਗੀ ਵੱਜਣ 'ਤੇ ਆਪਣਾ ਖੇਡ ਵਿਖਾਉਂਦੇ ਹਨ. ਪਿਛਲੇ ਦਿਨੀਂ ਜਦੋਂ ਲੁਧਿਆਣਾ ਵਿੱਚ ਮਨਮੋਹਨ ਸਿੰਘ ਬੋਲਿਆ ਕਿ ਪੰਜਾਬੀ ਵੀਰੋ ਤੁਸੀਂ 1984 ਨੂੰ ਭੁੱਲ ਜਾਓ, ਕੁੱਝ ਲੋਕ ਪੁਰਾਣੇ ਮੁੱਦੇ ਉਖਾੜਕੇ ਆਪਣੀ ਦੁਕਾਨ ਚਲਾ ਰਹੇ ਹਨ. ਇਸ ਗੱਲ ਦਾ ਸਮਰੱਥਨ ਕਰਨ ਦੀ ਬਜਾਏ, ਬਾਂਦਰ ਨਾਚ ਨੱਚਣ ਵਾਲੇ ਟੈਲੀਵਿਜਨਾਂ ਨੇ ਮਨਮੋਹਨ ਦੇ ਖਿਲਾਫ਼ ਜਾਂਦਿਆਂ, ਪੁਰਾਣੇ ਜਖਮਾਂ ਨੂੰ ਖੁਰਚਣਾ ਸ਼ੁਰੂ ਕਰ ਦਿੱਤਾ. ਗੱਲ ਇੱਥੇ ਤੀਕ ਪੁੱਜ ਗਈ ਕਿ ਇੱਕ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਸਿੱਖ ਭੜਕਾਊ ਪ੍ਰੋਗ੍ਰਾਮ ਉੱਤੇ ਚੋਣ ਕਮਿਸ਼ਨ ਨੂੰ ਰੋਕ ਲਗਾਉਣੀ ਪਈ. ਇਸਦੇ ਇਲਾਵਾ ਪੰਜਾਬ ਦੀ ਕੇਬਲ ਉੱਤੇ ਕਥਿਤ ਤੌਰ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ. ਜਿਸਦੇ ਕਾਰਣ ਪੰਜਾਬ ਵਿੱਚ 1984 ਦੰਗਿਆਂ ਆਧਾਰਿਤ ਫਿਲਮ ਹਵਾਏਂ ਨੂੰ ਕਰੀਬਨ ਸੌ ਵਾਰੀ ਵਿਖਾਇਆ ਗਿਆ, ਪਰੰਤੂ ਦੇਸ਼ ਨੂੰ ਜੋੜ੍ਹਨ ਵਾਲੀ ਕਿਸੇ ਫਿਲਮ ਨੂੰ ਇਤਨੇ ਵਾਰ ਪ੍ਰਸਾਰਿਤ ਨਹੀਂ ਕੀਤਾ ਗਿਆ ਕਿਉਂ? ਮੈਂ ਇੱਕ ਮਹੀਨਾ ਪੰਜਾਬ 'ਚ ਗੁਜਾਰਕੇ ਆਇਆ, ਇੱਕ ਦਿਨ ਵੀ ਮੈਂ ਘਰ ਵਿੱਚ ਪੰਜਾਬੀ ਨਿਊਜ਼ ਚੈਨਲ ਨਹੀਂ ਚੱਲਿਆ ਕਿਉਂਕਿ ਮੇਰੇ ਪਿਤਾ ਜੀ ਇਹਨਾਂ ਦੀਆਂ ਖ਼ਬਰਾਂ 'ਤੇ ਭਰੋਸਾ ਨਹੀਂ ਕਰਦੇ ਕਿਉਂਕਿ ਇਹ ਆਮ ਜਨ ਦੀ ਗੱਲ ਕਰਨ ਦੀ ਬਜਾਏ ਬਾਦਲ ਗੁਣਗਾਣ ਗਾਉਂਦੇ ਹੀ ਰਹਿੰਦੇ ਹਨ. ਪੰਜਾਬੀ ਨਿਊਜ਼ ਚੈਨਲ ਵਾਲਿਓ, ਪੱਤਰਕਾਰਿਤਾ ਨੂੰ ਦੁਕਾਨਦਾਰੀ ਨਾ ਬਣਾਓ. ਤੁਹਾਡੇ ਉੱਤੇ ਜਿੰਮੇਦਾਰੀ ਹੈ, ਨਵਾਂ ਅਤੇ ਸੁਚਾਰੂ ਸਮਾਜ ਸਿਰਜਣ ਦੀ.

Saturday, May 9, 2009

ਹੁੰਦੇ ਨੇ ਦਿਲ ਦਰਿਆ ਮਾਂਵਾਂ ਦੇ

ਹੁੰਦੇ ਨੇ ਦਿਲ ਦਰਿਆ ਮਾਂਵਾਂ ਦੇ
ਹੁੰਦੇ ਨੇ ਦਿਲ ਦਰਿਆ ਮਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਸੂਲ ਤੱਕ ਦਾ ਦਰਦ ਨਾ ਬੱਚਿਆਂ ਜਰਦੀਆਂ ਨੇ
ਖੁਸ਼ੀ ਬੱਚਿਆਂ ਦੀ ਖਾਤਿਰ ਹੱਸ ਸੂਲੀ ਚੜ੍ਹਦੀਆਂ ਨੇ
ਲੱਗਣ ਨਾ ਦਿੰਦੀਆਂ ਸੇਕੇ ਤੱਤੀਆਂ ਤੇਜ ਹਵਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੂੰਹੋਂ ਨਿਕਲਿਆ ਨਹੀਂ ਬੋਲ ਪੁਆ ਦਿੰਦੀਆਂ
ਖੁਸ਼ੀ ਬੱਚਿਆਂ ਦੀ ਖਾਤਿਰ
ਸਭ ਕੁੱਝ ਦਾਅ 'ਤੇ ਲਾ ਦਿੰਦੀਆਂ
ਹਰ ਰੀਝ ਪੁਗਾਉਂਦੀਆਂ ਨਾਲ ਨੇ ਚਾਂਵਾਂ ਦੇ..
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਬੱਚੇ ਬੇਬੱਚੇ ਹੁੰਦੇ ਵੇਖੇ ਨੇ
ਪਰ ਮਾਂਵਾਂ ਬੋਲ ਨਾ ਕਦੇ ਕੱਚੇ ਹੁੰਦੇ ਵੇਖੇ ਨੇ
ਬੜੇ ਹੀ ਕਾਰਨਾਮੇ ਹੁੰਦੇ ਨੇ ਮੂੰਹ ਨਿਕਲੀਆਂ ਦੁਆਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ

Tuesday, April 28, 2009

ਸੋਹਣੀ ਸੀ ਮਨਮੋਹਣੀ ਸੀ

ਸੋਹਣੀ ਸੀ ਮਨਮੋਹਣੀ ਸੀ
ਪਹਿਲੀ ਤੱਕਣੀ ਦਿਲ ਦੇ ਬੈਠਾ
ਹੋ ਗਈ ਵਾਰਦਾਤ ਜੋ ਹੋਣੀ ਸੀ
ਦਿਲ ਨਾਲ ਦਿਲ ਮਿਲਿਆ
ਆਖ਼ਰ ਨੈਣੋਂ ਨੀਂਦਰ ਖੋਹਣੀ ਸੀ
ਹਰ ਸ਼ੈਅ 'ਚੋਂ ਨਜਰ ਆਉਣ ਲੱਗੀ ਸੂਰਤ ਉਸਦੀ
ਨੈਣੀਂ ਵੱਸ ਗਈ ਇਂਝ ਮੂਰਤ ਉਸਦੀ
ਹਰ ਬੋਲ ਪ੍ਰਵਾਨ ਹੋਣ ਲੱਗਿਆ
ਇਸ਼ਕ ਜਵਾਨ ਹੋਣ ਲੱਗਿਆ
ਫਿਰ ਦਰਾਰ ਆਈ
ਰਿਸ਼ਤਿਆਂ ਵਿਚਕਾਰ ਆਈ
ਓਹ ਹੋਰ ਕਿਸੇ ਦੀ ਹੋ ਗਈ
ਇਹ ਖ਼ਬਰ ਹੱਥ ਯਾਰ ਆਈ
ਸੁਣਦਿਆਂ ਦਿਲ ਨੇ ਟੁੱਟਣਾ ਸੀ
ਆਖ਼ਰ ਨੈਣੋਂ ਨੀਰ ਸੁੱਟਣਾ ਸੀ
ਰੋਕਿਆ ਨਾ ਬਾਂਹੋਂ ਫੜ੍ਹ ਮੈਂ
ਖੁਸ਼ੀ ਉਹਦੀ ਲਈ ਕਾਇਰ ਬਣ ਗਿਆ
ਰਾਂਝੇ ਵਾਂਗੂੰ ਜੋਗੀ ਤਾਂ ਨਹੀਂ,
ਪਰ ਹੈਪੀ ਵਾਂਗੂੰ ਸ਼ਾਇਰ ਬਣ ਗਿਆ

Sunday, March 22, 2009

ਭਗਤ ਸਿਆਂ ਤੇਰੇ ਵਰਗੇ

ਕਿਸੇ ਸੱਚ ਆਖਿਆ ਐ
ਨੀ ਜੰਮਣੇ ਪੁੱਤ ਭਗਤ ਸਿਆਂ ਤੇਰੇ ਵਰਗੇ

 ਤੂੰ ਅੱਜ ਵੀ ਦਿਲਾਂ 'ਚ ਜਿੰਦਾ ਐ
ਤੈਨੂੰ ਮਾਰਨ ਵਾਲੇ ਤਾਂ ਕਦ ਦੇ ਮਰਗੇ

ਸਦਕੇ ਜਾਵਾਂ ਤੇਰੇ ਓਏ ਪੰਜਾਬੀ ਸ਼ੇਰਾ
ਤੂੰ ਹੀ ਪੁੱਟਿਆ ਫਰੰਗੀਆਂ ਦਾ ਡੇਰਾ