Monday, June 4, 2012

ਇੱਕ ਕੁੜ੍ਹੀ ਪੰਜਾਬੀ ਦੀ ਬਹਾਨੇ ਕੁੱਝ ਹੋਰ ਵੀ ਗੱਲਾਂ

ਬੀਤੇ ਐਤਵਾਰ ਘਰ ਸਾਂ, ਕਿਤੇ ਨਈ ਗਿਆ। ਮੇਰੇ ਘਰ ਵਿੱਚ ਕੋਈ ਨਹੀਂ ਸੀ ਮੇਰੇ ਬਿਨ੍ਹਾਂ। ਇਸ ਵੇਲੇ ਦਿਮਾਗ ‘ਤੇ ਬਰੇਕ ਲਗਾਉਣ ਦੇ ਲਈ ਟੀ ਵੀ ਆਨ ਕੀਤਾ, 'ਤੇ ਪੰਜਾਬੀ ਚੈਨਲਾਂ ਵੱਲ ਤੁਰਿਆ। ਇਸ ‘ਤੇ ਇੱਕ ਪੰਜਾਬੀ ਫਿਲਮ ਚੱਲ ਰਹੀ ਸੀ ਇੱਕ ਕੁੜ੍ਹੀ ਪੰਜਾਬ ਦੀ, ਜੋ ਅਸਲ ਵਿੱਚ ਬਹੁਤ ਵਧੀਆ ਫ਼ਿਲਮ ਸੀ, ਯਾਰਾਂ ਨਾਲ ਬਹਾਰਾਂ ਵਰਗੀ। ਬੱਸ ਇੱਥੇ ਨਾਮੀਂ ਸਿਤਾਰੇ ਨਹੀਂ ਸਨ, ਬਲਕਿ ਅਦਾਕਾਰੀ ਦੇ ਨਵੇਂ ਚਿਹਰੇ ਸਨ, ਪ੍ਰੰਤੂ ਨਿਰਾਸ਼ ਨਈ ਕੀਤਾ ਇਨ੍ਹਾਂ ਚਿਹਰਿਆਂ ਨੇ, ਕਿਉਂਕਿ ਮਨਮੋਹਨ ਸਿੰਘ ਵਰਗਾ ਡਾਇਰੈਕਟਰ ਕਿਸੇ ਤੋਂ ਵੀ ਕੰਮ ਕੱਢਵਾ ਸਕਦਾ ਐ, ਅਤੇ ਇਹ ਉਸਨੇ ਕਰਕੇ ਵਿਖਾਇਆ ਐ ਹਰ ਵਾਰ।

ਹਰਭਜਨ ਮਾਨ ਨੂੰ ਵੀ ਅਦਾਕਾਰੀ ਦੇ ਦਰ ਉੱਤੇ ਲਿਆਉਣ ਵਾਲਾ ਮਨਮੋਹਨ ਸਿੰਘ ਹੀ ਸੀ। ਮਨਮੋਹਨ ਸਿੰਘ ਦੇ ਸਿਰ ਪੰਜਾਬੀ ਸਿਨੇਮੇ ਨੂੰ ਮੁੜ੍ਹ ਤੋਂ ਜੀਵਤ ਕਰਨ ਦਾ ਸਿਹਰਾ ਜਾਂਦਾ ਐ। ਮੈਨੂੰ ਯਾਦ ਐ, ਜਦੋਂ ਮਨਮੋਹਨ ਸਿੰਘ ਦੀ ਪਹਿਲੀ ਪੰਜਾਬੀ ਨਿਰਦੇਸ਼ਿਤ ਫਿਲਮ ਜੀ ਆਇਆ ਨੂੰ ਵੇਖਣ ਦੇ ਲਈ ਮੈਂ ਆਪਣੇ ਤਾਏ ਦੇ ਮੁੰਡੇ ਨਾਲ ਬੱਸ ਸਟੈਂਡ ਤੋਂ ਸਿੱਧਾ ਸਿਨੇਮਾ ਹਾਲ ਪੁੱਜਿਆ ਸੀ। ਫਿਲਮ ਨੂੰ ਵੇਖਣ ਤੋਂ ਬਾਅਦ ਲੱਗਿਆ ਕਿ ਪੰਜਾਬੀ ਸਿਨੇਮਾ ਮੁੜ੍ਹ ਰਾਹ ‘ਤੇ ਆਉਣ ਵਾਲਾ ਐ। ਹੋਇਆ ਵੀ ਕੁੱਝ ਇੰਝ ਮਨਮੋਹਨ ਸਿੰਘ ਦੀ ਦੂਜੀ ਨਿਰਦੇਸ਼ਿਤ ਫਿਲਮ ਅਸਾਂ ਨੂੰ ਮਾਨ ਵਤਨਾਂ ਦਾ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ, ਅਤੇ ਯਾਰਾਂ ਨਾਲ ਬਹਾਰਾਂ ਕਰਕੇ ਤਾਂ ਮਨਮੋਹਨ ਸਿੰਘ ਨੇ ਪੰਜਾਬੀ ਸਿਨੇਮੇ ਦੀ ਨੁਹਾਰ ਹੀ ਬਦਲ ਦਿੱਤੀ। ਇੱਕ ਕੁੜ੍ਹੀ ਪੰਜਾਬੀ ਦੀ ਤੱਕ, ਤਾਂ ਪੰਜਾਬੀ ਸਿਨੇਮਾ ਆਪਣੇ ਪੱਬਾਂ ਭਾਰ ਹੋ ਚੁੱਕਿਆ ਸੀ। ਹੁਣ ਕਲਾਕਾਰ ਅਦਾਕਾਰੀ ਦੇ ਵੱਲ ਅਤੇ ਕਲਾਕਾਰ ਨਿਰਮਾਤਾ ਬਣਨ ਨਿਕਲ ਪਏ। ਇਸ ਦੌਰਾਨ ਕਈ ਚਿਹਰੇ ਪੰਜਾਬੀ ਸਿਨੇਮੇ ਨੂੰ ਮਿਲੇ, ਜਿਹਨਾਂ ਦੇ ਵਿੱਚ ਇੱਕ ਨਾਂਅ ਅਰਮਿੰਦਰ ਗਿੱਲ ਦਾ ਵੀ ਐ।

ਇੱਕ ਕੁੜ੍ਹੀ ਪੰਜਾਬ ਦੀ ਦਾ ਵਿਸ਼ਾ ਭਲੇ ਹੀ ਨਾਇਕਾ ਮੁੱਖੀ ਸੀ, ਪ੍ਰੰਤੂ ਮਨਮੋਹਨ ਸਿੰਘ ਨੇ ਅਮਰਿੰਦਰ ਗਿੱਲ ਦੇ ਕਿਰਦਾਰ ਨਾਲ ਰਤਾ ਭਰ ਵੀ ਬੇਈਮਾਨੀ ਨਈ ਕੀਤੀ, ਉਸਨੂੰ ਪੂਰਾ ਪੂਰਾ ਮੌਕਾ ਦਿੱਤਾ ਅਤੇ ਅਮਰਿੰਦਰ ਗਿੱਲ ਨੇ ਵੀ ਮਨਮੋਹਨ ਸਿੰਘ ਦਾ ਵਿਸ਼ਵਾਸ ਨਈ ਤੋੜ੍ਹਿਆ। ਇਹ ਕਾਰਣ ਰਿਹਾ ਹੋਣਾ ਐ ਕਿ ਜੋ ਅਮਰਿੰਦਰ ਗਿੱਲ ਨੂੰ ਜਿੰਮੀ ਸ਼ੇਰਗਿੱਲ ਦੇ ਨਾਲ ਮੁੰਡੇ ਯੂਕੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ‘ਤੇ ਇਸ ਮੌਕੇ ਨੇ ਅਮਰਿੰਦਰ ਗਿੱਲ ਨੂੰ ਟੌਹਰ ਮਿੱਤਰਾਂ ਦੀ ਤੱਕ ਪਹੁੰਚਾ ਦਿੱਤਾ।

ਪੰਜਾਬੀ ਸਿਨੇਮੇ ਦਾ ਅੰਤ ਤਾਂ ਵਰਿੰਦਰ ਦੇ ਜਾਣ ਨਾਲ ਹੋ ਗਿਆ ਸੀ, ਪ੍ਰੰਤੂ ਫੇਰ ਵੀ ਗੁਰਦਾਸ ਮਾਨ, ਗੱਗੂ ਗਿੱਲ ਅਤੇ ਯੋਗਰਾਜ ਨੇ ਇਸ ਨੂੰ ਬਚਾਉਣ ਦਾ ਪੂਰਾ ਪੂਰਾ ਯਤਨ ਕੀਤਾ। ਇੱਕ ਕੁੜ੍ਹੀ ਪੰਜਾਬ ਦੀ ਦੇ ਵਿੱਚ ਗੱਗੂ ਗਿੱਲ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲਦਾ ਐ। ਗੱਗੂ ਗਿੱਲ ਨੂੰ ਵੇਖਦਿਆਂ ਪੁਰਾਣੇ ਦਿਨ ਯਾਦ ਆ ਗਏ, ਜਦੋਂ ਗੱਗੂ ਗਿੱਲ ਨੂੰ ਆਖ਼ਰੀ ਵਾਰ ਵੇਖਿਆ ਸੀ, ਫਿਲਮ ਟੱਰਕ ਡਰਾਈਵਰ ਦੇ ਵਿੱਚ। ਇਸ ਫਿਲਮ ਦੇ ਵਿੱਚ ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੂੰ ਵੀ ਲਿਆ ਗਿਆ ਸੀ। ਦੂਜੀ ਪਾਰੀ ਦੀ ਸ਼ੁਰੂਆਤ ‘ਚ ਮਨਮੋਹਨ ਸਿੰਘ ਵਰਗੇ ਨਿਰਮਾਤਾ ਨਿਰਦੇਸ਼ਕਾਂ  ਨੇ ਪੰਜਾਬੀ ਫਿਲਮ ਜਗਤ ਦੇ ਅਨਮੋਲ ਹੀਰਿਆਂ ਦੀ ਪ੍ਰਤਿਭਾ ਨੂੰ ਸਨਮਾਨ ਦਿੱਤਾ, ਇਹ ਵੀ ਸਲਾਹੁਣ ਵਾਲੀ ਗੱਲ ਐ।

ਇੱਕ ਵਰਿੰਦਰ ਦੇ ਜਾਣ ਨਾਲ ਸੁੰਨਾ ਜਿਹਾ ਹੋ ਗਿਆ ਸੀ, ਪੰਜਾਬੀ ਸਿਨੇਮਾ, ਉਹ ਬੰਦਾ ਈ ਬਕਮਾਲ ਸੀ। ਪ੍ਰੀਤੀ ਸਪਰੂ ਦੇ ਨਾਲ ਤਾਂ ਐਵੇਂ ਜੱਚਦਾ, ਜਿਵੇਂ ਗੁੱਤ ਨਾਲ ਪਰਾਂਦਾ। ਮੇਹਰ ਮਿੱਤਰ ਦੇ ਨਾਲ ਵੀ ਵਰਿੰਦਰ ਖੂਬ ਜੰਮਦਾ ਸੀ, ਕਦੇ ਕਦੇ ਤਾਂ ਇੰਝ ਲੱਗਦਾ ਐ ਜਿਵੇਂ ਪ੍ਰੀਤੀ, ਵਰਿੰਦਰ ਅਤੇ ਮੇਹਰ ਮਿੱਤਰ ਇੱਕ ਦੂਜੇ ਦੇ ਪੂਰਕ ਹੋਣ। ਪ੍ਰੀਤੀ ਸਪਰੂ ਜਿਹੀ ਅਦਾਕਾਰਾ ਤਾਂ ਪੰਜਾਬੀ ਸਿਨੇਮਾ ਨੂੰ ਹਾਲੇ ਵੀ ਨਈ ਮਿਲੀ, ਪ੍ਰੰਤੂ ਇੱਕ ਕੁੜ੍ਹੀ ਪੰਜਾਬ ਦੀ ਨਾਇਕਾ ਜਸਵਿੰਦਰ ਚੀਮਾ ਵਰਗੀਆਂ ਨਵੀਆਂ ਪੈੜ੍ਹਾਂ ਪੰਜਾਬੀ ਸਿਨੇ ਜਗਤ ਨੂੰ ਬਹੁਤ ਅੱਗੇ ਤੱਕ ਲੈਕੇ ਜਾਣ ਦੀਆਂ ਉਮੀਦਾਂ ਜਗਾਉਂਦੀਆਂ ਨੇ।
 

No comments: