Monday, June 4, 2012

ਸਾਫ ਸੁਥਰੀ ਗਾਇਕੀ ਦਾ ਮਾਲਕ ਬਲਕਾਰ ਸਿੱਧੂ

ਨੋਟ -ਇਹ ਲਿਖ਼ਤ ਚਾਰ ਕੁ ਸਾਲ ਪੁਰਾਣੀ ਐ, ਪ੍ਰੰਤੂ ਸਦਾਬਾਹਰ ਅਤੇ ਜਾਣਕਾਰੀ ਪੂਰਨ ਹੋਣ ਕਾਰਣ ਮੁੜ੍ਹ ਤੋਂ ਆਪਣੇ ਇਸ ਬਲੌਗ 'ਤੇ ਪ੍ਰਕਾਸ਼ਿਤ ਕਰ ਰਿਹਾ ਹਾਂ।

ਜਿਲ੍ਹਾ ਬਠਿੰਡਾ ਤੋਂ ਕੁੱਝ ਕਿਲੋਮੀਟਰ ਦੂਰ ਪੈਂਦੇ ਪਿੰਡ ਪੂਹਲਾ ਵਿਖੇ ਸਰਦਾਰ ਰੂਪ ਸਿੰਘ ਸਿੱਧੂ ਦੇ ਘਰ ਮਾਤਾ ਚਰਨਜੀਤ ਸਿੱਧੂ ਦੀ ਕੁੱਖੋਂ ਜਨਮ ਲੈਣ ਵਾਲੇ ਬਲਕਾਰ ਸਿੱਧੂ ਨੇ ਅੱਜ ਆਪਣੀ ਆਵਾਜ਼ ਦੇ ਦਮ 'ਤੇ ਦੇਸ਼ ਵਿਦੇਸ਼ ਵਿੱਚ ਆਪਣੀ ਅਨੋਖੀ ਪਹਿਚਾਣ ਹੀ ਨਹੀਂ ਬਣਾਈ ਬਲਕਿ ਪੰਜਾਬੀ ਮਾਂ ਬੋਲੀ ਨੂੰ ਹਰਮਨ ਪਿਆਰੀ ਵੀ ਬਣਾਇਆ ਹੈ.

ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਬਲਕਾਰ ਸਿੱਧੂ ਨੇ 'ਦਿਨ ਪੇਪਰਾਂ ਦੇ' ਸੋਲੋ ਕੈਸਿਟ ਦੇ ਰਾਹੀਂ ਪ੍ਰਵੇਸ਼ ਕੀਤਾ. ਐਨਾ ਹੀ ਨਹੀਂ ਪੰਜਾਬੀ ਮਾਂ ਬੋਲੀ ਦੇ ਇਸ ਮਿੱਠ ਬੋਲੜੇ ਗਾਇਕ ਨੂੰ ਪੜ੍ਹਦੇ ਸਮੇਂ ਵੀ ਤਿੰਨ ਵਾਰ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਦੇ ਨਾਲ ਸਮਾਨਿਤ ਕੀਤਾ ਗਿਆ ਹੈ.

ਇਸਦੇ ਇਲਾਵਾ 'ਕਦੋਂ ਹੋਣਗੇ ਵਿਛੜਿਆਂ ਦੇ ਮੇਲੇ' 'ਕੱਲੇ ਕੱਲੇ ਹੋਈਏ' 'ਚੋਰਾਂ ਤੋਂ ਡਰਦੀ' ਆਦਿ ਚਰਚਿਤ ਗੀਤਾਂ ਨੇ ਬਲਕਾਰ ਸਿੱਧੂ ਨੂੰ ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਸਥਾਪਤ ਹੋਣ ਵਿੱਚ ਮਦਦ ਕੀਤੀ, ਪਰੰਤੂ ਇਸ ਨੌਜਵਾਨ ਗਾਇਕ ਦੀ ਮਿਹਨਤ ਲਗਨ ਅਤੇ ਦ੍ਰਿੜ ਇਰਾਦੇ ਨੇ ਇਸਨੂੰ ਉਸ ਮੁਕਾਮ ਉੱਤੇ ਪਹੁੰਚਾ ਦਿੱਤਾ, ਜਿਸਦਾ ਬਲਕਾਰ ਸਿੱਧੂ ਹੱਕਦਾਰ ਸੀ.

ਬਲਕਾਰ ਸਿੱਧੂ ਨੇ 'ਤੂੰ ਮੇਰੀ ਖੰਡ ਮਿਸ਼ਰੀ' 'ਮਾਝੇ ਦੀਏ ਮੋਮਬੱਤੀਏ' 'ਚਰਖੇ' 'ਲੌਂਗ ਤਵੀਤੜੀਆਂ' 'ਦੋ ਗੱਲਾਂ' 'ਮਹਿੰਦੀ' 'ਫੁਲਕਾਰੀ' ਅਤੇ 'ਚੁਬਾਰੇ ਵਾਲੀ ਬਾਰੀ' ਆਦਿ ਲਗਾਤਾਰ ਸੱਭਿਆਚਾਰਕ ਸੁਪਰਹਿੱਟ ਪੰਜਾਬੀ ਕੈਸਿਟਾਂ ਦੇਕੇ ਸਫ਼ਲਤਾ ਦੀ ਸਿਖ਼ਰ ਨੂੰ ਛੋਹਿਆ ਹੈ.

ਪੰਜਾਬੀ ਪ੍ਰਸਿੱਧ ਢਾਡੀ ਕਵੀਸ਼ਰ ਗੁਰਬਖ਼ਸ ਸਿੰਘ ਅਲਬੇਲਾ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖਣ ਵਾਲੇ ਬਲਕਾਰ ਸਿੱਧੂ ਨੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਦੇ ਲਈ ਨੰਗੇਜ਼ ਅਤੇ ਘਟੀਆ ਗੀਤਾਂ ਦਾ ਸਹਾਰਾ ਨਾ ਲੈਂਦੇ ਹੋਏ ਹਮੇਸ਼ਾ ਲੋਕਾਂ ਦੀ ਨਬਜ਼ ਨੂੰ ਫੜ੍ਹਦਿਆਂ ਸੱਭਿਆਚਾਰਕ ਗੀਤਾਂ ਨਾਲ ਸੱਜੀਆਂ ਹੋਈ ਕੈਸਿਟਾਂ ਹੀ ਲੋਕਾਂ ਦੀ ਝੋਲੀ ਵਿੱਚ ਪਾਈਆਂ ਹਨ.

ਮਾਲਵੇ ਦੇ ਇਸ ਜੰਮਪਲ ਗਾਇਕ ਨੇ ਹੁਣ ਤੱਕ ਬਾਬੂ ਸਿੰਘ ਮਾਨ, ਦਵਿੰਦਰ ਖੰਨੇਵਾਲਾ, ਅਲਬੇਲ ਬਰਾੜ, ਮਨਪ੍ਰੀਤ ਟਿਵਾਣਾ, ਕ੍ਰਿਪਾਲ ਮਾਅਣਾ, ਜਨਕ ਸ਼ਰਮੀਲਾ, ਜਸਵੀਰ ਭੱਠਲ ਵਰਗੇ ਪ੍ਰਸਿੱਧ ਗੀਤਕਾਰਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ. ਇਸ ਹਰਮਨ ਪਿਆਰੇ ਗਾਇਕ ਬਲਕਾਰ ਸਿੱਧੂ ਦੀ ਸਫ਼ਲਤਮ ਗਾਇਕੀ ਦੇ ਵਾਂਗ ਨਿੱਜੀ ਜ਼ਿੰਦਗੀ ਵੀ ਝਗੜੇ ਝੇੜਿਆਂ ਤੋਂ ਦੂਰ ਜੀਵਨਸਾਥੀ ਦਲਜਿੰਦਰ ਪ੍ਰੀਤ, ਦੋ ਪੁੱਤਰੀਆਂ ਸਰਬਜੀਤ, ਕਸਮਜੋਤ ਅਤੇ ਆਪਣੇ ਪੁੱਤਰ ਕੁੰਵਰ ਬਲਕਾਰ ਸਿੱਧੂ ਦੇ ਨਾਲ ਗੁਜਾਰ ਰਹੇ ਹਨ.