Wednesday, June 6, 2012

ਹਰਜੀਤ ਹਰਮਨ ਦੇ ਨਾਲ ਸਬੱਬੀ ਹੋਈ ਮੁਲਾਕਾਤ ਦਾ ਜ਼ਿਕਰ

ਓਹ ਪਲ ਕਦੇ ਭੁਲਾਇਆ ਨਈ ਭੁੱਲਦਾ, ਜਦੋਂ ਮੈਂ ਪਿੰਡ ਜਾਣ ਦੇ ਲਈ ਬਠਿੰਡੇ ਵਾਲੇ ਬੱਸ ਅੱਡੇ ਵੱਲ ਵੱਧ ਰਿਹਾ ਸੀ, ਅਤੇ ਬੱਸ ਸਟੈਂਡ ਨੂੰ ਅੰਦਰ ਜਾਂਦੇ ਰਾਹ ਵਾਲੀ ਕੰਧ 'ਤੇ ਹਰਜੀਤ ਹਰਮਨ ਦੀ ਨਵੀਂ ਆਉਣ ਵਾਲੀ ਕੈਸਿਟ ਦਾ ਪੋਸਟਰ ਲੱਗਿਆ ਹੋਇਆ ਸੀ, ਜਿਸਦੇ ਅਚਾਨਕ ਮੇਰੀ ਨਜ਼ਰ ਪਈ। ਵੇਖਦਿਆਂ ਦਿਲ ਨੇ ਕਿਹਾ ਕਿ ਬੰਦਾ ਵਧੀਆ ਗਾਉਂਦਾ ਐ, ਪਰ ਸਰੋਤੇ ਅਜਿਹੇ ਬੰਦੇ ਨੂੰ ਸੁਣਦੇ ਈ ਨਈ। ਜਦੋਂ ਵੀ ਕਿਸੇ ਮਿਹਨਤੀ ਬੰਦੇ ਨੂੰ ਕੋਸ਼ਿਸ਼ ਕਰਦਿਆਂ ਵੇਖਦਾ ਹਾਂ, ਤਾਂ ਦਿਲ ਕਹਿੰਦਾ ਐ, ਜੇਕਰ ਇਹਦਾ ਮੇਰੇ ਨਾਲ ਮੇਲ ਹੋ ਜਾਵੇ ਤਾਂ ਮੈਂ ਇਸ ਨੂੰ ਤਰੀਕੇ ਦੱਸ ਸਕਦਾ ਹਾਂ ਕਿਵੇਂ ਹਿੱਟ ਹੋ ਸਕਦਾ ਐ, ਪ੍ਰੰਤੂ ਅਜਿਹਾ ਨਈ ਹੁੰਦਾ। ਇਸ ਵੇਲੇ ਮੇਰੀ ਸਥਿਤੀ ਉਂਝ ਹੀ ਹੁੰਦੀ ਐ, ਜਿਵੇਂ ਕੱਬਡੀ ਖੇਡਦਿਆਂ ਮੈਨੂੰ ਵੇਖਣ ਆਏ ਲੋਕਾਂ ਦੀ, ਮੈਂ ਅੰਦਰ ਜਾਫ਼ੀ ਨਾਲ ਜਦੋਜਹਿਦ ਕਰਦਾ 'ਤੇ ਉਹ ਬਾਹਰ ਬੈਠੇ ਜ਼ੋਰ ਮਾਰਦੇ।

ਕੁੱਝ ਦਿਨਾਂ ਬਾਅਦ ਹਰਮਨ ਦੀ ਕੈਸਿਟ ਦੀ ਐਡ ਚੈਨਲਾਂ 'ਤੇ ਵੱਜਣ ਲੱਗੀ ਅਤੇ ਵੇਖਦਿਆਂ ਵੇਖਦਿਆਂ ਗੀਤਾਂ ਨੇ ਘਰ ਘਰ ਜਗ੍ਹਾ ਬਣਾ ਲਈ। ਹਰਜੀਤ ਹਰਮਨ ਹਿੱਟ ਹੋ ਗਿਆ। ਇੱਕ ਨਾਰਮਲ ਜਿਹੇ ਗੀਤ ਪੰਜੇਬਾਂ ਨਾਲ। ਇਸ ਤਰ੍ਹਾਂ ਦੇ ਵਿਸ਼ੇ 'ਤੇ ਵਧੇਰੇ ਗੀਤ ਬਣੇ, ਪਰ ਚੰਗਾ ਹੋਇਆ ਕਿ ਹਰਮਨ ਦੀ ਮੇਹਨਤ ਦਾ ਮੁੱਲ ਪਿਆ। ਮੈਨੂੰ ਖੁਸ਼ੀ ਹੋਈ, ਚੱਲ ਇੱਕ ਚੰਗਾ ਗਾਇਕ ਹਿੱਟ ਹੋਇਆ, ਪੰਜੇਬਾਂ ਦੇ ਵਿਚਲਾ ਗੀਤ ਪੰਜਾਬ ਵੀ ਬੇਹੱਦ ਮਕਬੂਲ ਹੋਇਆ, ਜੋ ਬੇਹੱਦ ਪਿਆਰਾ ਲਿਖਿਆ ਸੀ ਪ੍ਰਗਟ ਸਿੰਘ ਨੇ। ਉਸਦੇ ਬਾਅਦ ਤੋਂ ਹੋਈ ਹਰਜੀਤ ਹਰਮਨ ਦੀ ਬੱਲੇ ਬੱਲੇ ਨੂੰ ਕੌਣ ਨਈ ਜਾਣਦਾ। ਹੁਣ ਤਾਂ ਕੁੱਝ ਦਿਨਾਂ ਬਾਅਦ ਦੇਸੀ ਰੋਮੀਜ਼ ਦੇ ਵਿੱਚ ਉਹ ਅਦਾਕਾਰੀ ਵੀ ਕਰਦਾ ਹੋਇਆ ਨਜ਼ਰ ਆਵੇਗਾ।

ਹਰਮਨ ਦੀ ਪੰਜੇਬਾਂ ਹਿੱਟ ਹੋਈ, ਤਾਂ ਹਰਮਨ ਦੇ ਸ਼ੋਅ ਹੋਣੇ ਲਾਜ਼ਮੀ ਸੀ। ਸ਼ੋਅ ਦੇ ਸਿਲਸਿਲੇ ਵਿੱਚ ਉਹ ਬਠਿੰਡੇ ਵਿੱਚ ਦੀ ਲੰਘਿਆ, ਤਾਂ ਮੇਰੇ ਦੋਸਤ ਜਤਿੰਦਰ ਗੋਭੀਵਾਲਾ ਨੇ ਮੈਨੂੰ ਕਾਲ ਕੀਤੀ ਕਿ ਹਰਮਨ ਬਠਿੰਡੇ ਆਇਆ ਹੋਇਆ ਐ, ਜੇਕਰ ਤੂੰ ਉਸ ਨਾਲ ਗੱਲਬਾਤ ਕਰਨੀ ਐ, ਤਾਂ ਇੱਥੇ ਆ ਜਾ। ਮੈਂ ਫੋਟੋਗ੍ਰਾਫ਼ਰ ਨੂੰ ਲੈਕੇ ਹਰਮਨ ਦੇ ਕੋਲ ਪੁੱਜਿਆ, ਕੁੱਝ ਸੁਆਲ ਜੁਆਬ ਕੀਤੇ, ਨਵੀਂ ਮਿਲੀ ਸਫ਼ਲਤਾ ਦੀ ਵਧਾਈ ਦਿੱਤੀ। ਠੰਡ ਦਾ ਮੌਸਮ ਸੀ, ਮੇਰੇ ਨਾਂਹ ਕਹਿਣ ਪਿੱਛੋਂ ਹਰਮਨ ਨੇ ਠੰਡੇ ਜੂਸ ਦਾ ਆਰਡਰ ਦਿੱਤਾ ਖੁਦ ਵਾਸਤੇ, ਮੈਂ ਸੋਚਣ ਲੱਗਾ ਸਫ਼ਲਤਾ ਤੋਂ ਬਾਅਦ ਬੰਦੇ ਦੇ ਰਹਿਣ ਸਹਿਣ ਫ਼ਰਕ ਆ ਜਾਂਦਾ ਐ, ਜਾਂ ਪਹਿਲਾਂ ਤੋਂ ਹੀ ਬੰਦਾ ਅਜਿਹਾ ਹੁੰਦਾ ਐ। ਹਰਮਨ ਦੇ ਨਾਲ ਗੱਲਬਾਤ ਕਰਦਿਆਂ ਗੱਲ ਨਿਕਲੀ ਕਿ ਜੇਕਰ ਉਹ ਗਾਇਕੀ ਦੇ ਖੇਤਰ 'ਚ ਸਫ਼ਲ ਨਾ ਹੁੰਦਾ ਤਾਂ ਕਿਤੇ ਮੈਡੀਕਲ ਦੀ ਦੁਕਾਨ ਖੋਲ੍ਹ ਲੈਂਦਾ, ਪ੍ਰੰਤੂ ਰੱਬ ਨੇ ਪ੍ਰਗਟ ਅਤੇ ਹਰਮਨ ਦੀ ਮਿਹਨਤ ਦਾ ਫਲ ਪਾਇਆ।

ਹਰਜੀਤ ਹਰਮਨ ਦੀ ਇੰਟਰਵਿਊ ਦੈਨਿਕ ਜਾਗਰਣ ਦੇ ਵਿੱਚ ਪ੍ਰਕਾਸ਼ਿਤ ਹੋਈ, ਅਤੇ ਹਰਮਨ ਦੇ ਅਖ਼ਬਾਰ ਭੇਜਣ ਦੇ ਲਈ ਆਪਣਾ ਨਾਭੇ ਵਾਲਾ ਪਤਾ ਦਿੱਤਾ, ਪ੍ਰੰਤੂ ਮੈਂ ਠਹਿਰਿਆ ਆਲਸੀ ਬੰਦਾ, ਆਪਣਾ ਕਿੱਥੇ ਅਖ਼ਬਾਰ ਭੇਜਣਾ ਸੀ, ਕਿਉਂਕਿ ਜਦੋਂ ਸਫ਼ਲਤਾ ਆਉਂਦੀ ਐ, ਤਾਂ ਨਾਲ ਬਹੁਤ ਸਾਰੇ ਸੱਜਣ ਮਿੱਤਰਾਂ ਦੀ ਭੀੜ੍ਹ ਵੀ ਲਿਆਉਂਦੀ ਐ, ਅਤੇ ਭੀੜ੍ਹ 'ਚ ਬੰਦੇ ਕਦੋਂ ਯਾਦ ਰਹਿੰਦੇ ਨੇ। ਇਸ ਇੰਟਰਵਿਊ ਦਾ ਇੱਕ ਫਾਇਦਾ ਹੋਇਆ, ਇਸ ਇੰਟਰਵਿਊ ਦੇ ਪ੍ਰਕਾਸ਼ਿਤ ਹੋਣ ਮਗਰੋਂ ਨੈਪਟਿਊਨ ਮੈਗਜ਼ੀਨ ਦੇ ਸੰਪਾਦਕ ਰਵਿੰਦਰ ਜੀ ਦੈਨਿਕ ਜਾਗਰਣ ਆਫ਼ਿਸ ਆਏ, 'ਤੇ ਮੈਨੂੰ ਮਿਲੇ। ਕਹਿੰਦੇ ਕਾਕਾ ਤੂੰ ਕਿੱਥੋਂ ਦਾ ਐ, ਮੈਂ ਦੱਸਿਆ ਕਿ ਮੈਂ ਤਾਂ ਫਲਾਣੇ ਪਿੰਡ ਦਾ ਆਂ, ਉਹ ਕਹਿੰਦੇ ਤਾਇਉਂ ਸਾਡੀ ਮੈਡਮ ਕਹਿੰਦੀ ਸੀ, ਇਹ ਮੁੰਡਾ ਵੇਖਿਆ ਲੱਗਦਾ ਐ, ਦਰਅਸਲ ਉਨ੍ਹਾਂ ਦਿਨਾਂ 'ਚ ਜਾਗਰਣ ਵੱਲੋਂ ਪਾਠਕ ਨੂੰ ਪੁਰਸਕਾਰ ਦਿੰਦਿਆਂ ਦੀ ਫੋਟੋ ਵੀ ਅਖ਼ਬਾਰ ਪ੍ਰਕਾਸ਼ਿਤ ਹੋਈ ਸੀ, ਜੋ ਉਹਨਾਂ ਦੀ ਮੈਡਮ ਨੇ ਵੇਖੀ, ਜੋ ਮੇਰੇ ਪੰਜਾਬੀ ਦੇ ਸਕੂਲ ਟੀਚਰ ਸਨ। ਇਸ ਮੁਲਾਕਾਤ ਤੋਂ ਬਾਅਦ ਰਵਿੰਦਰ ਜੀ ਨੇ ਆਪਣੀ ਮੈਗਜੀਨ ਦਾ ਪਹਿਲਾ ਅੰਕ ਮੇਰੇ ਹਰਜੀਤ ਹਰਮਨ ਵਾਲੇ ਲੇਖ ਨਾਲ ਪ੍ਰਕਾਸ਼ਿਤ ਕੀਤਾ, ਉਸਦੇ ਬਾਅਦ ਕਦੇ ਵੀ ਨੈਪਟਿਊਨ ਦੇ ਲਈ ਨਈ ਲਿਖਿਆ, ਪਰ ਦੋਸਤੀ ਮਿੱਤਰਤਾ ਐ, ਕਹਿੰਦੇ ਨੇ ਜੋ ਚੀਜ਼ਾਂ ਸਾਡੇ ਕੋਲ ਹੁੰਦੀਆਂ, ਅਸੀਂ ਉਹਨਾਂ ਨੂੰ ਵੇਖ ਹੀ ਨਈ ਪਾਉਂਦੇ। ਐਵੇਂ ਹਿਰਨ ਵਾਂਗੂੰ ਕਸਤੂਰੀ ਲੱਭਦਿਆਂ ਮਰ ਜਾਣੈ ਆਂ।