Wednesday, June 20, 2012

ਮੁਸ਼ਕਲਾਂ ਨੂੰ ਪੌੜ੍ਹੀਆਂ ਮੰਨਣ ਵਾਲਾ ਸਖ਼ਸ ਹੈ ਕੇਵਲ ਹੀਰਾ

ਕੋਈ ਕਿਸੇ ਦਾ ਪ੍ਰੇਰਨਾਸਰੋਤ ਨਈ ਹੁੰਦਾ, ਜਦੋਂ ਕਿਸੇ ਦੇ ਮੂੰਹੋਂ ਇਹ ਸ਼ਬਦ ਸੁਣਦਾ ਹਾਂ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਐ, ਇੰਝ ਲੱਗਦਾ ਐ, ਕਿ ਬੰਦਾ ਸ਼ਰੇਆਮ ਝੂਠ ਬੋਲ ਰਿਹਾ ਐ, ਕਿਉਂਕਿ ਸਾਡੇ ਆਲੇ ਦੁਆਲੇ ਘੁੰਮ ਰਿਹਾ ਹਰ ਵਿਅਕਤੀ ਕਿਸੇ ਨਾਲ ਕਿਸੇ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੁੰਦਾ ਐ, ਇਹ ਪ੍ਰਭਾਵ ਹੀ ਤਾਂ ਹੁੰਦਾ ਐ ਕਿ ਵਿਅਕਤੀ ਲੱਖ ਮੁਸ਼ਕਲਾਂ ਦੇ ਬਾਅਦ ਵਿੱਚ ਆਪਣੀ ਮੰਜ਼ਿਲ ਤੱਕ ਪੁੱਜ ਜਾਂਦਾ ਐ। ਅਜਿਹੀ ਹੀ ਇੱਕ ਮਿਸਾਲ ਹੈ ਸਵੀਟ ਸੌਂਗ ਮਿਊਜ਼ਿਕ ਕੰਪਨੀ ਦੇ ਵਿੱਚ ਕੰਮ ਕਰਦਾ ਕੇਵਲ ਹੀਰਾ, ਜਿਸਦਾ ਅਸਲੀ ਨਾਂਅ 'ਤੇ ਕੇਵਲ ਸਿੰਘ ਹੈ, ਪ੍ਰੰਤੂ ਪੰਜਾਬੀ ਗਾਇਕ ਲਾਭ ਹੀਰਾ ਜੀ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਜਿੰਦਗੀ ਦੀਆਂ ਹਰ ਮੁਸ਼ਕਲਾਂ ਵਿੱਚ ਉਸਦਾ ਨਾਂਅ ਧਿਆਉਂਦਿਆਂ ਅੱਗੇ ਵੱਧ ਗਿਆ। ਲੋਕਾਂ ਨੇ ਕੇਵਲ ਸਿੰਘ ਨੂੰ ਕੇਵਲ ਹੀਰਾ ਬੁਲਾਉਣਾ ਸ਼ੁਰੂ ਕਰ ਦਿੱਤਾ।

ਕੇਵਲ ਹੀਰੇ ਦਾ ਜਨਮ 4 ਅਪ੍ਰੈਲ 1984 ਨੂੰ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਮਿੱਠੂ ਸਿੰਘ ਦੇ ਘਰ ਮਾਨਸਾ ਲਾਗਲੇ ਪਿੰਡ ਭੱਖਡਿਆਲ ਵਿਖੇ ਹੋਇਆ। ਕੇਵਲ ਹੀਰੇ ਨੇ ਪੜ੍ਹਨਾ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਇੱਕ ਬਿਮਾਰੀ ਨੇ ਉਸਨੂੰ ਆਣ ਘੇਰ ਲਿਆ। ਬੀਮਾਰੀ ਦੇ ਚੱਲਦੇ ਕੇਵਲ ਨੂੰ ਪੜ੍ਹਾਈ ਛੱਡਣੀ ਪਈ। ਕੁੱਝ ਸਾਲਾਂ ਬਾਅਦ ਕੇਵਲ ਦੇ ਪਿਤਾ ਨੇ ਉਸਦੇ ਭਵਿੱਖ ਨੂੰ ਵੇਖਦਿਆਂ ਉਸਨੂੰ ਮੈਡੀਕਲ ਦੀ ਦੁਕਾਨ ਉੱਤੇ ਕੰਮ ਕਰਨ ਲਗਾ ਦਿੱਤਾ। ਇੱਥੇ ਮਨ ਨਾ ਲੱਗਿਆ 'ਤੇ ਕੇਵਲ ਬੋਰ ਲਾਉਣ ਵਾਲਿਆਂ ਦੇ ਨਾਲ ਤੁਰ ਪਿਆ, ਜਿੱਥੇ ਉਸਨੇ ਪੂਰੀ ਸ਼ਿੱਦਤ ਨਾਲ ਕੰਮ ਕੀਤਾ। ਇਸ ਦੌਰਾਨ ਉਸਦੀ ਮੁਲਾਕਾਤ ਗੁਲਸ਼ਨ ਸਰਦਾਨਾ ਜੀ ਨਾਲ ਹੋਈ, ਜੋ ਪੇਸ਼ੇ ਤੋਂ ਸੀਏ ਸਨ, ਉਹਨਾਂ ਨੇ ਕੇਵਲ ਦੇ ਅੰਦਰਲੇ ਹੀਰੇ ਦੀ ਚਮਕ ਨੂੰ ਬਾਖੂਬੀ ਪਹਿਚਾਣਿਆ, 'ਤੇ ਆਪਣੇ ਨਾਲ ਜੋੜ੍ਹ ਲਿਆ। ਇੱਥੇ ਕੇਵਲ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਨਵੇਂ ਨਵੇਂ ਲੋਕਾਂ ਨਾਲ ਮੇਲ ਮਿਲਾਪ ਸ਼ੁਰੂ ਹੋ ਗਿਆ। ਇਸ ਦੌਰਾਨ ਕੇਵਲ ਦੀ ਜਾਣ ਪਹਿਚਾਣ ਸਵੀਟ ਸੌਂਗ ਮਿਊਜ਼ਿਕ ਕੰਪਨੀ ਦੇ ਮਾਲਕ ਭਾਈ ਸੈਂਬਰ ਪ੍ਰੀਤ ਨਾਲ ਹੋਈ, ਜਿਨ੍ਹਾਂ ਨੇ ਕੇਵਲ ਹੀਰੇ ਨੂੰ ਆਪਣੀ ਕੰਪਨੀ ਦੇ ਲਈ ਕੰਮ ਕਰਨ ਦਾ ਆਫ਼ਰ ਦਿੱਤਾ। ਸੰਗੀਤਕ ਦੁਨੀਆ ਦੇ ਨਾਲ ਪਿਆਰ ਹੋਣ ਕਾਰਣ ਕੇਵਲ ਹੀਰੇ ਨੇ ਇਸ ਨੌਕਰੀ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ।

ਹੁਣ ਉਹ ਆਪਣੀ ਜਿੰਦਗੀ ਦੇ ਵਿੱਚ ਵਧੇਰੇ ਖੁਸ਼ ਹੈ, ਭਾਵੇਂ ਉਸਦਾ ਜਨਮ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ, ਭਾਵੇਂ ਉਹ ਸਕੂਲੀ ਕਿਤਾਬਾਂ ਜਿਆਦਾ ਸਮੇਂ ਤੱਕ ਨਈ ਪੜ੍ਹ ਪਿਆ। ਉਹ ਸ਼ੁਕਰਗੁਜਾਰ ਐ, ਉਸ ਮਹਾਨ ਗਾਇਕ ਲਾਭ ਹੀਰਾ ਹੁਰਾਂ ਦਾ ਜਿਨ੍ਹਾਂ ਦੇ ਗੀਤਾਂ ਨੇ ਉਸਨੂੰ ਬੁਰੇ ਵਕਤ 'ਚ ਇੱਕ ਨਵੀਂ ਰਾਹ ਵਿਖਾਈ। ਕੇਵਲ ਹੀਰਾ ਲਾਭ ਹੀਰੇ ਨੂੰ ਕਿੰਝ ਪੂਜਦਾ ਐ, ਇਹ ਗੱਲ ਤਾਂ ਉਸਦੇ ਇੱਕ ਸ਼ੇਅਰ ਤੋਂ ਬਿਆਨ ਹੁੰਦੀ ਐ।

ਕੋਈ ਪਥਰਾਂ ਤੇ ਨਾਂਅ ਲਿਖਦਾ ਹੈ, ਤੇ ਕੋਈ ਲਿਖਦਾ ਬਾਹਾਂ ਤੇ
ਅਸੀਂ "ਕਲਮ ਇਸ਼ਕ਼ ਦੀ" ਨਾਲ ਸੱਜਣਾ, ਤੇਰਾ ਨਾਂਅ ਲਿਖ ਬੈਠੇ ਸਾਹਾਂ ਤੇ

ਜਿੰਦਗੀ ਦੇ ਵਿੱਚ ਹਰ ਵਿਅਕਤੀ ਕਿਸੇ ਨਾਲ ਕਿਸੇ ਸ਼ਖ਼ਸੀਅਤ ਤੋਂ ਜਰੂਰ ਪ੍ਰਭਾਵਿਤ ਹੁੰਦਾ ਐ, ਉਹ ਗੱਲ ਵੱਖਰੀ ਐ ਕਿ ਕੁੱਝ ਵਿਅਕਤੀ ਹਿਰਨ ਵਾਂਗੂੰ ਕਸਤੂਰੀ ਤੋਂ ਅਣਜਾਣ ਹੁੰਦੇ ਨੇ।