Friday, May 25, 2012

ਪੰਜਾਬੀ ਸਿਨੇ ਜਗਤ ਦਾ ਉਭਰਦਾ ਸਿਤਾਰਾ ਜਸਪ੍ਰੇਮ ਢਿੱਲੋਂ

  • ਆਪਾਂ ਫੇਰ ਮਿਲਾਂਗੇ ਰਿਲੀਜ਼, 'ਤੇ ਦੇਸੀ ਰੋਮੀਜ਼ ਦੀ ਤਿਆਰੀ
  • ਅੱਜਕੱਲ੍ਹ ਫੈਸ਼ਨ ਸ਼ੋਆਂ ਦੇ ਵਿੱਚ ਰੁੱਝੇ ਹੋਏ ਨੇ
  • ਜਲਦ ਹੋਣਗੇ ਹਿੰਦੀ ਫਿਲਮਾਂ 'ਚ ਦਰਸ਼ਨ

ਪੰਜਾਬੀ ਫਿਲਮ ਜਗਤ ਦਾ ਦਾਇਰਾ ਸਮੇਂ ਦੇ ਨਾਲ ਜਿਵੇਂ ਜਿਵੇਂ ਫੈਲਿਆ, ਉਵੇਂ ਉਵੇਂ ਇੱਥੇ ਨਵੇਂ ਚਿਹਰਿਆਂ ਅਤੇ ਹੁਨਰਾਂ ਨੇ ਦਸਤਕ ਦਿੱਤੀ, ਜੋ ਪੰਜਾਬੀ ਸਿਨੇ ਜਗਤ ਦੇ ਲਈ ਖੁਸ਼ੀ ਦੀ ਗੱਲ ਹੈ। ਨਵੇਂ ਚਿਹਰਿਆਂ 'ਚ ਇੱਕ ਚਿਹਰਾ ਹੈ ਜਸਪ੍ਰੇਮ ਢਿੱਲੋਂ ਦਾ। ਜਿਸ ਤੋਂ ਪੰਜਾਬੀ ਸਿਨੇ ਜਗਤ ਨੂੰ ਬਹੁਤ ਉਮੀਦਾਂ ਨੇ। ਮਿਸਟਰ ਪੰਜਾਬ 'ਤੇ ਮਿਸਟਰ ਨਾਰਥ ਦਾ ਖਿਤਾਬ ਪ੍ਰਾਪਤ ਕਰ ਚੁੱਕੇ ਜਸਪ੍ਰੇਮ ਢਿੱਲੋਂ ਨੇ ਐੱਮਬੀਏ ਦੀ ਪੜ੍ਹਾਈ ਕੀਤੀ, ਪ੍ਰੰਤੂ ਅੰਦਰ ਦੇ ਕਲਾਕਾਰ ਨੇ ਉਸਨੂੰ ਉੱਧਰ ਨਾ ਜਾਣ ਦਿੱਤਾ।

ਪਾਰਖੂ ਨਿਗਾਹ ਦੇ ਮਾਲਕ ਇਕਬਾਲ ਢਿੱਲੋਂ ਨੇ ਜਸਪ੍ਰੇਮ ਢਿੱਲੋਂ ਨੂੰ ਆਪਣੀ ਫਿਲਮ ਚੰਨਾ ਸੱਚ ਮੁੱਚੀ ਦੇ ਲਈ ਚੁਣਿਆ, ਜਿਸਦਾ ਨਿਰਦੇਸ਼ਨ ਹਰਿੰਦਰ ਗਿੱਲ ਨੇ ਕੀਤਾ ਸੀ। ਇਸ ਫਿਲਮ ਵਿੱਚ ਉਹਨਾਂ ਦੇ ਨਾਲ ਪੰਜਾਬੀ ਗਾਇਕਾ ਤੋਂ ਅਦਾਕਾਰਾ ਬਣੀ ਮਿਸ ਪੂਜਾ ਅਤੇ ਗੋਲਡੀ ਸੁਮਲ ਸਨ। ਇਹ ਫਿਲਮ ਭਾਵੇਂ ਸਿਨੇਮਾ ਹਾਲ ਦੀ ਖਿੜਕੀ 'ਤੇ ਜਿਆਦਾ ਟਾਈਮ ਨਈ ਟਿਕੀ, ਪ੍ਰੰਤੂ ਜਸਪ੍ਰੇਮ ਦੇ ਕੰਮ ਉੱਤੇ ਕਈ ਨਿਰਮਾਤਾ ਨਿਰਦੇਸ਼ਕਾਂ ਦੀ ਅੱਖ ਟਿਕ ਗਈ। ਇਹ ਕਾਰਣ ਹੈ ਕਿ 24 ਮਈ ਨੂੰ ਰਿਲੀਜ਼ ਹੋਈ ਫਿਲਮ ਆਪਾਂ ਫੇਰ ਮਿਲਾਂਗੇ ਦੇ ਵਿੱਚ ਜਸਪ੍ਰੇਮ ਢਿੱਲੋਂ ਨੂੰ ਇੱਕ ਜੋਰਦਾਰ ਕਿਰਦਾਰ ਮਿਲਿਆ। ਫਿਲਮ ਦੇ ਪ੍ਰੋਮੋ ਅਤੇ ਗੀਤ ਬਹੁਤ ਵਧੀਆ ਹਨ। ਉਮੀਦ ਹੈ ਕਿ ਇਸ ਫਿਲਮ ਨੂੰ ਵਧੀਆ ਰਿਸਪਾਂਸ ਮਿਲੇਗਾ।

ਐਨਾ ਹੀ ਨਈ, ਜਸਪ੍ਰੇਮ ਦੀ ਜੋਰਦਾਰ ਅਦਾਕਾਰੀ ਨੇ ਉਸਨੂੰ 'ਦੇਸੀ ਰੋਮੀਓ' ਦੇ ਵਿੱਚ ਅਹਿਮ ਰੋਲ ਅਦਾ ਕਰਨ ਦਾ ਮੌਕਾ ਪ੍ਰਦਾਨ ਕੀਤਾ, ਜੋ 15 ਜੂਨ ਦੇ ਆਸ ਪਾਸ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿੱਚ ਬੱਬੂ ਮਾਨ, ਹਰਜੀਤ ਹਰਮਨ ਅਤੇ ਜਸਪ੍ਰੇਮ ਕਾਲੇਜੀਅਨ ਦਾ ਰੋਲ ਅਦਾ ਕਰ ਰਹੇ ਹਨ। ਇਹ ਫਿਲਮ ਨੌਜਵਾਨਾਂ ਨੂੰ ਬੇਹੱਦ ਪ੍ਰਭਾਵਿਤ ਕਰੇਗੀ। ਇਸ ਫਿਲਮ ਦੇ ਰੋਲ ਬਾਰੇ ਦੱਸਿਆ ਜਸਪ੍ਰੇਮ ਢਿੱਲੋਂ ਕਹਿੰਦੇ ਹਨ ਕਿ ਫਿਲਮ ਦੇ ਵਿੱਚ ਉਹਨਾਂ ਦਾ ਰੋਲ ਬੇਹੱਦ ਅਹਿਮ ਹੈ, ਪ੍ਰੰਤੂ ਉਹ ਆਪਣੇ ਰੋਲ ਦਾ ਭੇਦ ਨਹੀਂ ਖੋਲ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਦੇਸੀ ਰੋਮੀਓ ਫਿਲਮ ਪੰਜਾਬੀ ਸਿਨੇ ਜਗਤ ਦੇ ਵਿੱਚ ਆਪਣੀ ਅਮਿੱਟ ਛਾਪ ਛੱਡੇਗੀ।

ਆਪਾਂ ਫੇਰ ਮਿਲਾਂਗੇ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਢਿੱਲੋਂ ਕਹਿੰਦੇ ਹਨ ਕਿ ਅੱਜ ਫਿਲਮ ਰਿਲੀਜ਼ ਹੋਈ ਹੈ ਅਤੇ ਸਾਨੂੰ ਪ੍ਰਤੀਕਿਰਿਆਵਾਂ ਦਾ ਇੰਤਜ਼ਾਰ ਹੈ। ਫਿਲਮ ਦੇ ਪ੍ਰੋਮੋ ਅਤੇ ਗੀਤਾਂ ਨੇ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਮੋਹ ਲਿਆ ਹੈ। ਉਹਨਾਂ ਨੂੰ ਹਿੰਦੀ ਫਿਲਮਾਂ ਦੀ ਅਭਿਨੇਤਰੀ ਗ੍ਰੇਸੀ ਸਿੰਘ ਨਾਲ ਕੰਮ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋਈ। ਅੱਜਕੱਲ੍ਹ ਜਸਪ੍ਰੇਮ ਫੈਸ਼ਨ ਸ਼ੋਆਂ ਦੇ ਵਿੱਚ ਰੁੱਝੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਉਹ ਰਾਜਸਥਾਨ ਅਤੇ ਫੇਰ ਗੋਆ ਦੇ ਵਿੱਚ ਫੈਸ਼ਨ ਸ਼ੋਆਂ ਦੇ ਲਈ ਜਾ ਰਹੇ ਹਨ। ਇੱਕ ਸੁਆਲ ਦੇ ਜੁਆਬ 'ਚ ਜਸਪ੍ਰੇਮ ਨੇ ਦੱਸਿਆ ਕਿ ਉਹ ਬਹੁਤ ਜਲਦ ਹਿੰਦੀ ਫਿਲਮ ਵਿੱਚ ਨਜ਼ਰ ਆਉਣਗੇ।

ਅਸੀਂ ਉਮੀਦ ਕਰਦੇ ਹਾਂ, ਚੰਡੀਗੜ੍ਹ ਸ਼ਹਿਰ ਵਿੱਚ ਪਲਿਆ ਮੋਗੇ ਸ਼ਹਿਰ ਨਾਲ ਰਿਸ਼ਤਾ ਰੱਖਣ ਵਾਲਾ ਪੰਜਾਬੀ ਸਿਨੇ ਜਗਤ ਦਾ ਨਵਾਂ ਚਿਹਰਾ ਜਸਪ੍ਰੇਮ ਢਿੱਲੋਂ ਆਪਣੇ ਅਭਿਨੈ ਦੇ ਨਾਲ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹੇ।

No comments: