Wednesday, September 30, 2009

ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਰੁਖ਼ਸਾਨਾ

ਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ।

ਪਿਛਲੇ ਐਤਵਾਰ ਦੀ ਰਾਤ ਜਦੋਂ ਸਾਧਰਾ ਪਿੰਡ ਸਥਿਤ ਨੂਰ ਹਸਨ ਦੇ ਘਰ ਲਸ਼ਕਰ-ਏ-ਤੌਇਬਾ
ਦੇ ਅੱਤਵਾਦੀ ਵੜ੍ਹ ਆਏ ਅਤੇ ਉਹਨਾਂ ਨੇ ਨੂਰ ਹਸਨ ਦੇ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਉਹ ਰੁਖ਼ਸਾਨਾ, ਜੋ ਨੂਰ ਹਸਨ ਦੀ ਧੀ ਹੈ,' ਨੂੰ ਉਹਨਾਂ ਦੇ ਹਵਾਲੇ ਕਰ ਦੇਣ, ਨਹੀਂ ਤਾਂ ਪੂਰੇ ਪਰਿਵਾਰ ਨੂੰ ਲਾਸ਼ਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਹੱਥਾਂ ਦੇ ਵਿੱਚ ਖ਼ਤਰਨਾਕ ਹਥਿਆਰ ਲੈਕੇ ਜਦੋਂ ਕੁੱਝ ਵਿਅਕਤੀ ਅਚਾਨਕ ਕਿਸੇ ਦੇ ਘਰ ਵਿੱਚ ਪ੍ਰਵੇਸ਼ ਕਰ ਆਉਣ, ਤਾਂ ਉਹਨਾਂ ਨੂੰ ਵੇਖਦਿਆਂ ਘਰ ਵਿੱਚ ਮੌਜੂਦ ਨਿਹੱਥੇ ਲੋਕਾਂ ਦੇ ਪੈਰਾਂ ਹੇਠ ਜਮੀਨ ਘਿਸਕਣਾ ਤਾਂ ਆਮ ਜਿਹੀ ਗੱਲ ਹੈ, ਪਰੰਤੂ ਨੂਰ ਹਸਨ ਦੇ ਘਰ ਅਜਿਹਾ ਨਹੀਂ ਹੋਇਆ, ਉਹਨਾਂ ਨੇ ਰੁਖ਼ਸਾਨਾ ਨੂੰ ਅੱਤਵਾਦੀਆਂ ਦੇ ਹਵਾਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਜਦੋਂ ਅੱਤਵਾਦੀਆਂ ਨੇ ਜ਼ਬਰਦਸਤੀ ਕਰਨੀ ਦੀ ਕੋਸ਼ਿਸ਼ ਕੀਤੀ ਤਾਂ ਰੁਖ਼ਸਾਨਾ ਨੇ ਆਪਣੀ ਹਿੰਮਤ ਜੁਟਾਉਂਦਿਆਂ ਕੋਲ ਪਈ ਕੁਹਾੜੀ ਚੁੱਕਕੇ ਅੱਤਵਾਦੀਆਂ ਉੱਤੇ ਹਮਲਾ ਕਰ ਦਿੱਤਾ, ਇਸ ਹਮਲੇ ਦੇ ਵਿੱਚ ਇੱਕ ਅੱਤਵਾਦੀ ਮੌਕੇ ਉੱਤੇ ਹੀ ਢੇਰ ਹੋ ਗਿਆ, ਜਦਕਿ ਇੱਕ ਫੱਟੜ ਅਤੇ ਇੱਕ ਭੱਜਣ ਦੇ ਵਿੱਚ ਸਫ਼ਲ ਹੋਇਆ। ਇਸ ਘਟਨਾ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਦੇ ਉੱਚ ਅਧਿਕਾਰੀ ਕੁਲਦੀਪ ਖੋੜਾ ਨੇ ਰੁਖਸਾਨਾ ਨੂੰ ਸਨਮਾਨਿਤ ਕਰਨ ਦੇ ਆਦੇਸ਼ ਦੇ ਦਿੱਤੇ।

ਸਾਧਰਾ ਪਿੰਡ ਦੀ ਇਹ ਰੁਖ਼ਸਾਨਾ ਵੀ ਉਸ ਜ਼ਮੀਨ ਉੱਤੇ ਵੱਸਦੀ ਹੈ, ਜਿੱਥੇ ਬਾਰੇ ਕਿਹਾ ਜਾਂਦਾ ਹੈ ਕਿ ਔਰਤਾਂ ਬੁਰਕਿਆਂ ਦੇ ਅੰਦਰ ਰਹਿੰਦੀਆਂ ਹਨ, ਪਰੰਤੂ ਰੁਖ਼ਸਾਨਾ ਦੀ ਹਿੰਮਤ ਨੇ ਇਹ ਸਾਬਿਤ ਕਰ ਦਿੱਤਾ ਕਿ ਬੁਰਕਿਆਂ ਦੇ ਵਿੱਚ ਰਹਿਣਾ ਕੇਵਲ ਮਰਿਆਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਬੁਰਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਕਮਜ਼ੋਰ ਹਨ। ਰੁਖ਼ਸਾਨਾ ਤੋਂ ਹਰ ਉਸ ਔਰਤ ਨੂੰ ਸੇਧ ਲੈਣੀ ਚਾਹੀਦੀ ਹੈ, ਜੋ ਅੱਤਿਆਚਾਰਾਂ ਨੂੰ ਸਿਰਫ਼ ਇਸ ਲਈ ਸਹਿ ਰਹੀ ਹੈ ਕਿ ਉਹ ਔਰਤ ਹੈ, ਉਹ ਸਦੀਆਂ ਤੋਂ ਮਰਦਾਂ ਦੀ ਗੁਲਾਮ ਹੈ। ਅੱਜ ਦੀ ਨਾਰੀ ਗੁਲਾਮ ਨਹੀਂ, ਜੇਕਰ ਉਹ ਸੂਰਮੇ ਜੰਮ ਸਕਦੀ ਹੈ ਤਾਂ ਉਹ ਲੋੜ੍ਹ ਪੈਣ ਉੱਤੇ ਖੁਦ ਵੀ ਚੰਡੀ ਰੂਪ ਧਾਰਣ ਕਰ ਸਕਦੀ ਹੈ।

ਐਤਵਾਰ ਦੀ ਰਾਤ ਨੂੰ ਜਿੱਥੇ ਚੰਡੀ ਰੂਪ ਧਾਰਣ ਕਰਦਿਆਂ ਰੁਖ਼ਸਾਨਾ ਲਸ਼ਕਰ-ਏ-ਤੈਇਬਾ ਦੇ ਅਬੂ ਓਸਾਮਾ ਨੂੰ ਲੋਥ ਵਿੱਚ ਬਦਲਿਆ, ਉੱਥੇ ਹੀ ਅਗਲੀ ਸਵੇਰ ਭਾਵ ਸੋਮਵਾਰ ਨੂੰ ਵਿਜੈ ਦਸ਼ਮੀ ਸੀ, ਜਿਸ ਦਿਨ ਮਾਂ ਦੁਰਗਾ ਨੇ ਮਹਿਸਾਸੁਰ ਜਿਹੇ ਰਾਖ਼ਸ ਦਾ ਅੰਤ ਕੀਤਾ ਸੀ। ਸ਼੍ਰੀ ਰਾਮ ਨੇ ਨੌ ਦਿਨ ਮਾਂ ਦੁਰਗਾ ਦੀ ਭਗਤੀ ਕਰਨ ਪਿੱਛੋਂ ਰਾਵਣ ਦੀ ਲੰਕਾ ਨੂੰ ਸਾੜ੍ਹਕੇ ਸੁਆਹ ਕੀਤਾ ਸੀ। ਜਿਸ ਦਿਨ ਹਰ ਔਰਤ ਅੰਦਰ ਸੁੱਤੀ ਰੁਖ਼ਸਾਨਾ ਜਾਗ ਪਈ, ਉਸ ਦਿਨ ਕਈ ਪਾਪੀਆਂ ਦਾ ਨਾਸ਼ ਹੋਵੇਗਾ ਅਤੇ ਇਸ ਧਰਤੀ ਉੱਤੇ ਬੋਝ ਬਣੇ ਕਈ ਪਾਪੀਆਂ ਨੂੰ ਜਾਣਾ ਹੋਵੇਗਾ। 
ਧੰਨਵਾਦ ਸਹਿਤ-
ਕੁਲਵੰਤ ਹੈੱਪੀ

Tuesday, September 22, 2009

ਸਾਂਸਦ ਨਵਜੋਤ ਸਿੱਧੂ ਲਾਪਤਾ!

ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਲਾਪਤਾ ਹੋ ਗਿਆ ਹੈ ਤੇ ਉਸਦੀ ਭਾਲ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਕੁੱਝ ਇਸ ਤਰ੍ਹਾਂ ਦਾ ਹੀ ਮਾਹੌਲ ਪੇਸ਼ ਕਰ ਰਹੇ ਹਨ ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਾ ਦੀ ਭਾਲ ਵਾਲੇ ਪੋਸਟਰ। ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੋਸਟਰ ਵੇਖਣ ਨੂੰ ਮਿਲੇ ਸਨ, ਪਰੰਤੂ ਉਹਨਾਂ ਉੱਤੇ ਲੱਗੀ ਫੋਟੋ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਹੋਰਨਾਂ ਦੀ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੀ ਸੀ।

ਚੋਣਾਂ ਤੋਂ ਬਾਅਦ ਅਕਸਰ ਹੀ ਨੇਤਾ ਬਰਸਾਤੀ ਡੱਡੂਆਂ ਦੇ ਵਾਂਗ ਲਾਪਤਾ ਹੋ ਜਾਂਦੇ ਹਨ, ਪਰੰਤੂ ਇਸ ਤਰ੍ਹਾਂ ਉਹਨਾਂ ਨੂੰ ਭਾਲਣ ਦੀ ਮੁੰਹਿਮ ਸ਼ਾਇਦ ਹੁਣੇ ਜਿਹੇ ਹੀ ਪੈਦਾ ਹੋਈ ਹੈ। ਇਹ ਮੁੰਹਿਮ ਸ਼ਾਇਦ ਚੋਣਾਂ ਪਿੱਛੋਂ ਲਾਪਤਾ ਹੋਏ ਨੇਤਾਵਾਂ ਨੂੰ ਲੱਭਕੇ ਜਨਤਾ ਦੀ ਕਚਹਿਰੀ ਵਿੱਚ ਖੜ੍ਹਾ ਕਰਨ ਦੇ ਲਈ ਇੱਕ ਚੰਗਾ ਉਪਰਾਲਾ ਸਿੱਧ ਹੋਵੇਗੀ।

ਸੁਣਨ ਵਿੱਚ ਤਾਂ ਇੱਥੋਂ ਤੱਕ ਆਇਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਨਜ਼ਰ ਹੀ ਨਹੀਂ ਆਏ। ਅੰਮ੍ਰਿਤਸਰ ਦੇ ਵਾਸੀ ਜਾਂ ਹੋਰਨਾਂ ਸ਼ਹਿਰ ਦੇ ਵਸਨੀਕ ਸ਼ਾਇਦ ਨੇਤਾਵਾਂ ਦੇ ਲਾਪਤਾ ਹੋਣ ਉੱਤੇ ਬਹੁਤੀ ਹੈਰਾਨੀ ਪ੍ਰਗਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜ ਵਰ੍ਹਿਆਂ ਤੋਂ ਬਾਅਦ ਉਹ ਮੁੜ੍ਹ ਉਹਨਾਂ ਦੇ ਦਰਾਂ ਉੱਤੇ ਵੋਟ ਮੰਗਦੇ ਹੋਏ, ਝੂਠੇ ਵਾਅਦੇ ਕਰਦੇ ਹੋਏ ਨਜ਼ਰ ਆਉਣਗੇ।

ਅੱਜਕੱਲ੍ਹ ਨੇਤਾ ਦੇ ਗੁੰਮ ਜਾਂ ਲਾਪਤਾ ਹੋਣ ਦਾ ਫ਼ਿਕਰ ਵਿਰੋਧੀ ਪਾਰਟੀਆਂ ਹੀ ਕਰਦੀਆਂ ਹਨ, ਕਿਉਂਕਿ ਕਿਸੇ ਨੇਤਾ ਦੇ ਲਾਪਤਾ ਦੇ ਬਹਾਨੇ ਉਹਨਾਂ ਨੂੰ ਆਪਣਾ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ, ਲੋਕਾਂ ਦਾ ਧਿਆਨ ਖਿੱਚਣ ਦਾ ਮੌਕਾ ਮਿਲ ਜਾਂਦਾ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਰਾਜਕੁਮਾਰ ਨੂੰ ਤਾਂ ਸਿੱਧੂ ਦੀ ਐਨੀ ਫ਼ਿਕਰ ਹੋਈ ਕਿ ਉਹਨਾਂ ਨੇ ਸਥਾਨਕ ਅਤੇ ਸਬੰਧਤ ਇੱਕ ਥਾਣੇ ਵਿੱਚ ਆਪਣੇ ਵੱਲੋਂ ਸਿੱਧੂ ਦੀ ਲਾਪਤਾ ਹੋਣ ਦੀ ਰਿਪੋਰਟ ਵਿੱਚ ਦਰਜ ਕਰਵਾ ਦਿੱਤੀ ਹੈ। ਇੱਥੇ ਸਿੱਧੂ ਦੇ ਲਾਪਤਾ ਹੋਣ ਦਾ ਮਤਲਬ ਉਸਨੂੰ ਅਗਵਾ ਕਰ ਲਿਆ ਗਿਆ ਜਾਂ ਉਹ ਕਿਤੇ ਗੁੰਮ ਹੋ ਗਿਆ ਤੋਂ ਨਹੀਂ, ਬਲਕਿ ਉਹ ਸ਼ਹਿਰੀ ਖੇਤਰ ਵਿੱਚ ਸਰਗਰਮ ਨਜ਼ਰ ਨਹੀਂ ਆ ਰਿਹਾ ਤੋਂ ਹੈ।


ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿੱਚੋਂ ਹਰ ਸਾਲ ਕਿੰਨੇ ਲੋਕ ਬੇਰੁਜ਼ਗਾਰੀ ਦਾ ਸ਼ਿਕਾਰ ਹੋਕੇ ਮਜ਼ਬੂਰੀਵਸ਼ ਨੌਕਰੀ ਦੀ ਭਾਲ ਵਿੱਚ ਸ਼ਹਿਰ ਛੱਡਕੇ ਦੂਰ ਚੱਲੇ ਜਾਂਦੇ ਹਨ, ਕਿੰਨੇ ਵਿਅਕਤੀ ਹਰ ਸਾਲ ਲਾਪਤਾ ਹੋ ਜਾਂਦੇ ਹਨ, ਪਰੰਤੂ ਉਹਨਾਂ ਲੋਕਾਂ ਦੀ ਰਿਪੋਰਟ ਲਿਖਾਉਣ ਦੇ ਲਈ ਇਹ ਨੇਤਾ ਕਦੇ ਵੀ ਥਾਣੇ ਵੱਲ ਰੁਖ਼ ਨਹੀਂ ਕਰਦੇ। ਰੇਲਵੇ ਸਟੇਸ਼ਨ ਉੱਤੇ ਕਿੰਨੇ ਹੀ ਲਾਪਤਾ ਬੱਚਿਆਂ ਦੇ ਪੋਸਟਰ ਲੱਗੇ ਹੋਣਗੇ, ਪਰੰਤੂ ਰਾਜਨੀਤਿਕ ਰਸੂਖ਼ ਹੋਣ ਦੇ ਬਾਵਜੂਦ ਵੀ ਇਹ ਨੇਤਾ ਉਹਨਾਂ ਦੀ ਭਾਲ ਵਾਸਤੇ ਥਾਣਿਆਂ ਦੇ ਅੰਦਰ ਆਪਣਾ ਰੌਬ ਨਹੀਂ ਵਿਖਾਉਂਦੇ, ਪਰ ਹਾਂ, ਜਦੋਂ ਨਵਜੋਤ ਸਿੰਘ ਸਿੱਧੂ ਜਿਹਾ ਕੋਈ ਨੇਤਾ ਗੁੰਮ ਹੋ ਜਾਂਦਾ ਹੈ ਤਾਂ ਉਸਦੀ ਭਾਲ ਕਰਨ ਦੇ ਲਈ ਰਿਪੋਰਟ ਜ਼ਰੂਰ ਦਰਜ ਕਰਵਾਉਂਦੇ ਹਨ।

ਸ਼ਾਇਦ ਕਾਂਗਰਸੀ ਨੇਤਾਵਾਂ ਨੂੰ ਪਤਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਜਨੇਤਾ ਹੋਣ ਦੇ ਇਲਾਵਾ ਹੋਰ ਵੀ ਬੜੇ ਕੰਮ ਕਰਦੇ ਹਨ। ਪਹਿਲਾਂ ਤਾਂ ਉਹ ਛੋਟੇ ਪਰਦੇ ਉੱਤੇ ਲੋਕਾਂ ਨੂੰ ਹੱਸਾਉਣ ਦਾ ਕੰਮ ਕਰਦੇ ਸਨ, ਪਰੰਤੂ ਪਿਛਲੇ ਸਾਲ ਰਿਲੀਜ ਹੋਈ ਮਨਮੋਹਨ ਸਿੰਘ ਦੀ ਫਿਲਮ ਮੇਰਾ ਪਿੰਡ ਮਾਈ ਹੋਮ ਨੇ ਉਹਨਾਂ ਨੂੰ ਵੱਡੇ ਪਰਦੇ ਉੱਤੇ ਵੀ ਹੀਰੋ ਬਣਾਕੇ ਉਤਾਰ ਦਿੱਤਾ। ਨੇਤਾ ਤਾਂ ਪੰਜ ਪੰਜ ਸਾਲ ਗਾਇਬ ਰਹਿੰਦੇ ਹਨ, ਸਿੱਧੂ ਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਹੀ ਲਾਪਤਾ ਹੈ, ਇੰਤਜਾਰ ਕਰੋ ਕਾਂਗਰਸ ਵਾਲਿਓ ਮਿਲ ਜਾਵੇਗਾ ਜਲਦ ਹੀ ਸਿੱਧੂ।

Thursday, September 10, 2009

ਕਿਉਂ ਮਾਂ ਉਸ ਸ਼ਹਿਰ ਗਈ

ਫਿਰ ਗਿਆ ਪਾਣੀ ਸੱਧਰਾਂ 'ਤੇ
ਤੁਰ ਗਈ ਮਾਂ ਕੈਸੀਆਂ ਡਗਰਾਂ 'ਤੇ
ਤੇਰੀ ਨਬਜ਼ ਨਹੀਂ ਅੰਮੀਏ, ਮੇਰੀ ਜਿੰਦਗੀ ਠਹਿਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ


ਪਲ ਵਿੱਚ ਹੋ ਗਏ ਕੱਖੋਂ ਹੌਲੇ ਨੀਂ ਅੰਮੀਏ
ਬੱਸ ਯਾਦਾਂ ਰਹੀਆਂ ਸਾਡੇ ਕੋਲੇ ਨੀ ਅੰਮੀਏ
ਮਾਸੂਮ ਜਿੰਦਾਂ 'ਤੇ ਢਾਹ ਚੰਦਰੀ ਕਿਸਮਤ ਇਹ ਕੈਸਾ ਕਹਿਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

ਨਾ ਧੀ ਤੋਰੀ, ਨਾ ਪੁੱਤ ਵਿਆਹੇ ਤੂੰ
ਨਾ ਨੂੰਹਾਂ ਉੱਤੇ ਅੰਮੀਏ ਹੁਕਮ ਚਲਾਏ ਤੂੰ
ਖੁਸ਼ੀਆਂ ਵੇਖਣ ਤੋਂ ਪਹਿਲਾਂ ਨੀਂ ਮਾਂ, ਕਿਉਂ ਨਜ਼ਰੀਂ ਬੂਹੇ ਭੇੜ੍ਹ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

ਪੈ ਗਿਆ ਘਾਟਾ ਜੋ ਕਦੇ ਨਾ ਪੂਰਾ ਹੋਵੇਗਾ
ਹੈਪੀ ਤੇਰਾ ਨੀਂ ਅੰਮੀਏ ਚੋਰੀ ਚੋਰੀ ਰੋਵੇਗਾ
ਗੱਲਾਂ ਕਰਦੀ ਕਰਦੀ ਅੰਮੀਏ, ਤੂੰ ਕਿਉਂ ਅਚਾਨਕ ਮੁਖੜਾ ਫੇਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

Thursday, September 3, 2009

ਓਹ ਮੁੱਦਤ ਪਿੱਛੋਂ ਮੁੜ੍ਹ ਆਇਆ

ਓਹ ਮੁੱਦਤ ਪਿੱਛੋਂ ਮੁੜ੍ਹ ਆਇਆ
ਸਾਹ ਸ਼ਹਿਰ ਦੀ ਫਿਜ਼ਾ ਵਿੱਚ ਭਰਿਆ ਐ

ਮਹਿਕ ਓਹਦੀ ਦਾ ਅਹਿਸਾਸ
ਮੇਰੇ ਸਾਹਾਂ ਨੇ ਵਾਵਾਂ ਅੰਦਰਾਂ ਕਰਿਆ ਐ

ਨਾ ਮਿਲਾਈ ਰੱਬਾ ਨਾਲ ਉਹਦੇ
ਡੋਲਾ ਖਾ ਜੂ ਜੋ ਪੱਥਰ ਦਿਲ ਧਰਿਆ ਐ

ਹੁਣ ਧੁੱਪ ਓਹਦੀ ਤੋਂ ਦੂਰ ਰੱਖੀ
ਜੋ ਬਣ ਸੂਰਜ ਹੋਰਨਾਂ ਵਿਹੜੇ ਚੜ੍ਹਿਆ ਐ

ਹਾਲੇ ਤੱਕ ਪਤਾ ਨਹੀਂ ਉਸਨੂੰ
ਓਹਦੇ ਜਾਣ ਪਿੱਛੋਂ ਹੈਪੀ ਕਿੰਨਾ ਖਰਿਆ ਐ