Wednesday, September 30, 2009

ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਰੁਖ਼ਸਾਨਾ

ਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ।

ਪਿਛਲੇ ਐਤਵਾਰ ਦੀ ਰਾਤ ਜਦੋਂ ਸਾਧਰਾ ਪਿੰਡ ਸਥਿਤ ਨੂਰ ਹਸਨ ਦੇ ਘਰ ਲਸ਼ਕਰ-ਏ-ਤੌਇਬਾ
ਦੇ ਅੱਤਵਾਦੀ ਵੜ੍ਹ ਆਏ ਅਤੇ ਉਹਨਾਂ ਨੇ ਨੂਰ ਹਸਨ ਦੇ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਉਹ ਰੁਖ਼ਸਾਨਾ, ਜੋ ਨੂਰ ਹਸਨ ਦੀ ਧੀ ਹੈ,' ਨੂੰ ਉਹਨਾਂ ਦੇ ਹਵਾਲੇ ਕਰ ਦੇਣ, ਨਹੀਂ ਤਾਂ ਪੂਰੇ ਪਰਿਵਾਰ ਨੂੰ ਲਾਸ਼ਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਹੱਥਾਂ ਦੇ ਵਿੱਚ ਖ਼ਤਰਨਾਕ ਹਥਿਆਰ ਲੈਕੇ ਜਦੋਂ ਕੁੱਝ ਵਿਅਕਤੀ ਅਚਾਨਕ ਕਿਸੇ ਦੇ ਘਰ ਵਿੱਚ ਪ੍ਰਵੇਸ਼ ਕਰ ਆਉਣ, ਤਾਂ ਉਹਨਾਂ ਨੂੰ ਵੇਖਦਿਆਂ ਘਰ ਵਿੱਚ ਮੌਜੂਦ ਨਿਹੱਥੇ ਲੋਕਾਂ ਦੇ ਪੈਰਾਂ ਹੇਠ ਜਮੀਨ ਘਿਸਕਣਾ ਤਾਂ ਆਮ ਜਿਹੀ ਗੱਲ ਹੈ, ਪਰੰਤੂ ਨੂਰ ਹਸਨ ਦੇ ਘਰ ਅਜਿਹਾ ਨਹੀਂ ਹੋਇਆ, ਉਹਨਾਂ ਨੇ ਰੁਖ਼ਸਾਨਾ ਨੂੰ ਅੱਤਵਾਦੀਆਂ ਦੇ ਹਵਾਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਜਦੋਂ ਅੱਤਵਾਦੀਆਂ ਨੇ ਜ਼ਬਰਦਸਤੀ ਕਰਨੀ ਦੀ ਕੋਸ਼ਿਸ਼ ਕੀਤੀ ਤਾਂ ਰੁਖ਼ਸਾਨਾ ਨੇ ਆਪਣੀ ਹਿੰਮਤ ਜੁਟਾਉਂਦਿਆਂ ਕੋਲ ਪਈ ਕੁਹਾੜੀ ਚੁੱਕਕੇ ਅੱਤਵਾਦੀਆਂ ਉੱਤੇ ਹਮਲਾ ਕਰ ਦਿੱਤਾ, ਇਸ ਹਮਲੇ ਦੇ ਵਿੱਚ ਇੱਕ ਅੱਤਵਾਦੀ ਮੌਕੇ ਉੱਤੇ ਹੀ ਢੇਰ ਹੋ ਗਿਆ, ਜਦਕਿ ਇੱਕ ਫੱਟੜ ਅਤੇ ਇੱਕ ਭੱਜਣ ਦੇ ਵਿੱਚ ਸਫ਼ਲ ਹੋਇਆ। ਇਸ ਘਟਨਾ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਦੇ ਉੱਚ ਅਧਿਕਾਰੀ ਕੁਲਦੀਪ ਖੋੜਾ ਨੇ ਰੁਖਸਾਨਾ ਨੂੰ ਸਨਮਾਨਿਤ ਕਰਨ ਦੇ ਆਦੇਸ਼ ਦੇ ਦਿੱਤੇ।

ਸਾਧਰਾ ਪਿੰਡ ਦੀ ਇਹ ਰੁਖ਼ਸਾਨਾ ਵੀ ਉਸ ਜ਼ਮੀਨ ਉੱਤੇ ਵੱਸਦੀ ਹੈ, ਜਿੱਥੇ ਬਾਰੇ ਕਿਹਾ ਜਾਂਦਾ ਹੈ ਕਿ ਔਰਤਾਂ ਬੁਰਕਿਆਂ ਦੇ ਅੰਦਰ ਰਹਿੰਦੀਆਂ ਹਨ, ਪਰੰਤੂ ਰੁਖ਼ਸਾਨਾ ਦੀ ਹਿੰਮਤ ਨੇ ਇਹ ਸਾਬਿਤ ਕਰ ਦਿੱਤਾ ਕਿ ਬੁਰਕਿਆਂ ਦੇ ਵਿੱਚ ਰਹਿਣਾ ਕੇਵਲ ਮਰਿਆਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਬੁਰਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਕਮਜ਼ੋਰ ਹਨ। ਰੁਖ਼ਸਾਨਾ ਤੋਂ ਹਰ ਉਸ ਔਰਤ ਨੂੰ ਸੇਧ ਲੈਣੀ ਚਾਹੀਦੀ ਹੈ, ਜੋ ਅੱਤਿਆਚਾਰਾਂ ਨੂੰ ਸਿਰਫ਼ ਇਸ ਲਈ ਸਹਿ ਰਹੀ ਹੈ ਕਿ ਉਹ ਔਰਤ ਹੈ, ਉਹ ਸਦੀਆਂ ਤੋਂ ਮਰਦਾਂ ਦੀ ਗੁਲਾਮ ਹੈ। ਅੱਜ ਦੀ ਨਾਰੀ ਗੁਲਾਮ ਨਹੀਂ, ਜੇਕਰ ਉਹ ਸੂਰਮੇ ਜੰਮ ਸਕਦੀ ਹੈ ਤਾਂ ਉਹ ਲੋੜ੍ਹ ਪੈਣ ਉੱਤੇ ਖੁਦ ਵੀ ਚੰਡੀ ਰੂਪ ਧਾਰਣ ਕਰ ਸਕਦੀ ਹੈ।

ਐਤਵਾਰ ਦੀ ਰਾਤ ਨੂੰ ਜਿੱਥੇ ਚੰਡੀ ਰੂਪ ਧਾਰਣ ਕਰਦਿਆਂ ਰੁਖ਼ਸਾਨਾ ਲਸ਼ਕਰ-ਏ-ਤੈਇਬਾ ਦੇ ਅਬੂ ਓਸਾਮਾ ਨੂੰ ਲੋਥ ਵਿੱਚ ਬਦਲਿਆ, ਉੱਥੇ ਹੀ ਅਗਲੀ ਸਵੇਰ ਭਾਵ ਸੋਮਵਾਰ ਨੂੰ ਵਿਜੈ ਦਸ਼ਮੀ ਸੀ, ਜਿਸ ਦਿਨ ਮਾਂ ਦੁਰਗਾ ਨੇ ਮਹਿਸਾਸੁਰ ਜਿਹੇ ਰਾਖ਼ਸ ਦਾ ਅੰਤ ਕੀਤਾ ਸੀ। ਸ਼੍ਰੀ ਰਾਮ ਨੇ ਨੌ ਦਿਨ ਮਾਂ ਦੁਰਗਾ ਦੀ ਭਗਤੀ ਕਰਨ ਪਿੱਛੋਂ ਰਾਵਣ ਦੀ ਲੰਕਾ ਨੂੰ ਸਾੜ੍ਹਕੇ ਸੁਆਹ ਕੀਤਾ ਸੀ। ਜਿਸ ਦਿਨ ਹਰ ਔਰਤ ਅੰਦਰ ਸੁੱਤੀ ਰੁਖ਼ਸਾਨਾ ਜਾਗ ਪਈ, ਉਸ ਦਿਨ ਕਈ ਪਾਪੀਆਂ ਦਾ ਨਾਸ਼ ਹੋਵੇਗਾ ਅਤੇ ਇਸ ਧਰਤੀ ਉੱਤੇ ਬੋਝ ਬਣੇ ਕਈ ਪਾਪੀਆਂ ਨੂੰ ਜਾਣਾ ਹੋਵੇਗਾ। 
ਧੰਨਵਾਦ ਸਹਿਤ-
ਕੁਲਵੰਤ ਹੈੱਪੀ

No comments: