Thursday, September 10, 2009

ਕਿਉਂ ਮਾਂ ਉਸ ਸ਼ਹਿਰ ਗਈ

ਫਿਰ ਗਿਆ ਪਾਣੀ ਸੱਧਰਾਂ 'ਤੇ
ਤੁਰ ਗਈ ਮਾਂ ਕੈਸੀਆਂ ਡਗਰਾਂ 'ਤੇ
ਤੇਰੀ ਨਬਜ਼ ਨਹੀਂ ਅੰਮੀਏ, ਮੇਰੀ ਜਿੰਦਗੀ ਠਹਿਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ


ਪਲ ਵਿੱਚ ਹੋ ਗਏ ਕੱਖੋਂ ਹੌਲੇ ਨੀਂ ਅੰਮੀਏ
ਬੱਸ ਯਾਦਾਂ ਰਹੀਆਂ ਸਾਡੇ ਕੋਲੇ ਨੀ ਅੰਮੀਏ
ਮਾਸੂਮ ਜਿੰਦਾਂ 'ਤੇ ਢਾਹ ਚੰਦਰੀ ਕਿਸਮਤ ਇਹ ਕੈਸਾ ਕਹਿਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

ਨਾ ਧੀ ਤੋਰੀ, ਨਾ ਪੁੱਤ ਵਿਆਹੇ ਤੂੰ
ਨਾ ਨੂੰਹਾਂ ਉੱਤੇ ਅੰਮੀਏ ਹੁਕਮ ਚਲਾਏ ਤੂੰ
ਖੁਸ਼ੀਆਂ ਵੇਖਣ ਤੋਂ ਪਹਿਲਾਂ ਨੀਂ ਮਾਂ, ਕਿਉਂ ਨਜ਼ਰੀਂ ਬੂਹੇ ਭੇੜ੍ਹ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

ਪੈ ਗਿਆ ਘਾਟਾ ਜੋ ਕਦੇ ਨਾ ਪੂਰਾ ਹੋਵੇਗਾ
ਹੈਪੀ ਤੇਰਾ ਨੀਂ ਅੰਮੀਏ ਚੋਰੀ ਚੋਰੀ ਰੋਵੇਗਾ
ਗੱਲਾਂ ਕਰਦੀ ਕਰਦੀ ਅੰਮੀਏ, ਤੂੰ ਕਿਉਂ ਅਚਾਨਕ ਮੁਖੜਾ ਫੇਰ ਗਈ
ਜਿੱਥੋਂ ਪਰਤ ਮੁਸਾਫਿਰ ਨਹੀਂ ਆਉਂਦੇ, ਕਿਉਂ ਮਾਂ ਉਸ ਸ਼ਹਿਰ ਗਈ

1 comment:

Nirmla Kapila said...

यकीन मनणा कुलवन्त जी मेरियाँ अखाँ भर आईयां हन दिल अंदर तक चीर गयी तुहडी एह कविता कुझ वी कहिण दा हौसला नहीं हो रिहा कुझ शब्द इस दर्द नू किवें तसल्ली दे सकदे हन उस मा दी आत्मा नू शान्ती मिले ते बच्छियां नू सहन करन दी ताकत । निशब्द हां ते अथरू अखाँ चों बह निकलिया है शुभकामनावां