Sunday, May 6, 2012

ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?

ਨੋਟ  : ਪੰਜਾਬੀ ਦੇ ਬੇਹੱਦ ਲੋਕਪ੍ਰਿਆ ਗੀਤਕਾਰ ਜਨਾਬ ਅਮਰਦੀਪ ਗਿੱਲ ਜੀ ਵੱਲੋਂ ਪੰਜਾਬੀ ਬੋਲੀ ਦੇ ਸ਼੍ਰੋਮਣੀ ਕਵੀ ਤੇ ਗੀਤਕਾਰ ਸ਼ਿਵ ਬਟਾਲਵੀ ਨੂੰ ਇੱਕ ਭਾਵਨਾਤਮਕ ਸ਼ਰਧਾਂਜਲੀ ਹੈ। ਇਹ ਰਚਨਾ ਉਹਨਾਂ ਦੇ ਫੇਸਬੁੱਕ ਸਟੇਟਸ ਅੱਪਡੇਟ ਤੋਂ ਲਈ ਗਈ ਹੈ।
Punjabi lyricist Sh. Amardeep Singh Gill 
ਸਾਗਰ ਕੰਢੇ ਤਿਰਹਾਇਆ ਮਰਿਆ ,
ਨੈਣਾਂ ਵਿੱਚ ਝਨਾ ਵੀ ਭਰਿਆ ,
ਮਾਰੂਥਲ ਕਿਉਂ ਚੁੱਕੀ ਫਿਰਦੈਂ ਹੋ ਖੂਹਾਂ ਦਾ ਲਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਰੁੱਖਾਂ ਦੇ ਨਾਲ ਲਾਈਆਂ ਸ਼ਰਤਾਂ ਰੁੱਖ ਵੀ ਹਾਰ ਗਏ ,
ਦੁੱਖਾਂ ਦੇ ਨਾਲ ਲਾਈਆਂ ਸ਼ਰਤਾਂ ਦੁੱਖ ਵੀ ਹਾਰ ਗਏ ,
ਵੰਝਲੀ ਵਾਂਗੂ ਛੇਕ ਸੀਨੇ ਵਿੱਚ ਹੂਕ ਏ ਦੱਸਦੀ ਹਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਤੂੰ ਤਾਂ ਸੱਪ ਦੀ ਖੁੱਲੀ ਅੱਖ ਵਿੱਚ ਖੜ ਕੇ ਉਮਰ ਗੁਜ਼ਾਰੀ ,
ਕੂੰਜਾਂ ਦੇ ਨਾਲ ਯਾਰੀ ਤੇਰੀ ਮੋਰ ਦੇ ਜਿੱਡੀ ਉਡਾਰੀ ,
ਜੇਠ - ਹਾੜ ਵਿੰਚ ਟਿੱਬਿਆਂ ਉੱਤੇ ਬੈਠਾ ਧੂਣੀ ਬਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਤੇਰੇ ਸਫਰ ਦੀ ਪੂਣੀ ਕੱਤੇ ਚੰਨ ਤੇ ਬੁੱਢੀ ਮਾਈ ,
ਬਾਵਰੀਆਂ ਪੌਣਾਂ ਦੀ ਭਟਕਣ ਤੇਰੇ ਹਿੱਸੇ ਆਈ ,
ਪੈਰਾਂ ਹੇਠਾਂ' ਰਾਤ ਹਨੇਰੀ ਸਿਰ ਤਾਰਿਆਂ ਦਾ ਥਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਤੂੰ ਤਾਂ ਹਰ ਜਨਮ ਦੇ ਵਿੱਚ ਹੀ ਬਣ ਮੱਕੀ ਦਾ ਦਾਣਾ ,
ਇਸ ਦੁਨੀਆ ਦੀ ਭੱਠੀ ਦੇ ਵਿੱਚ ਰੋਮ ਰੋਮ ਭੁੱਜ ਜਾਣਾ ,
ਹਰ ਜਨਮ ਹੀ ਜੀਣਾ ਏ ਤੂੰ ਅੱਗ ਸੀਨੇ ਵਿੱਚ ਪਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
@ADSG

No comments: