Wednesday, May 20, 2009

ਕਾਲੇ ਚਿੱਠੇ ਖੋਲ੍ਹਦੀ ਹੈ 'ਪੱਤਰਕਾਰ ਦੀ ਮੌਤ'

ਪਿਛਲੇ ਮਹੀਨੇ ਜਦੋਂ ਮੈਂ ਬਠਿੰਡਾ ਗਿਆ ਸੀ, ਤਾਂ ਮੇਰਾ ਕੁੱਝ ਪੰਜਾਬੀ ਕਿਤਾਬਾਂ ਖਰੀਦਣ ਦਾ ਮਨ ਬਣਿਆ. ਬੱਸ ਫਿਰ ਕੀ ਸੀ, ਮੈਂ ਪਹੁੰਚ ਗਿਆ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ. ਜਿੱਥੋਂ ਮੈਂ ਅਕਸਰ ਮੈਗਜ਼ੀਨ ਖਰੀਦਿਆ ਕਰਦਾ ਸਾਂ, ਜਦੋਂ ਮੈਂ ਬਠਿੰਡਾ ਰਹਿੰਦਾ ਸੀ ਅਤੇ ਕਦੇ ਕਦਾਈਂ ਕਿਤਾਬ ਵੀ ਖਰੀਦ ਲੈਂਦਾ ਸਾਂ. ਪਰੰਤੂ ਇਸ ਵਾਰ ਕੁੱਝ ਕਿਤਾਬਾਂ ਖਰੀਦਣ ਦਾ ਮਨ ਸੀ, ਕਿਤਾਬਾਂ ਖਰੀਦਣ ਦੀ ਸੋਚਕੇ ਹੀ ਮੈਂ ਦੁਕਾਨ ਦੇ ਅੰਦਰ ਗਿਆ ਸਾਂ. ਉੱਥੇ ਮੈਂ ਕਈ ਕਿਤਾਬਾਂ ਵੇਖੀਆਂ, ਪਰੰਤੂ ਦੋਵਾਂ ਕਿਤਾਬਾਂ ਮੈਂ ਚੁੱਕੀਆਂ ਜਿਹਨਾਂ ਵਿੱਚ 'ਪੱਤਰਕਾਰ ਦੀ ਮੌਤ' ਵੀ ਸ਼ਾਮਿਲ ਸੀ. ਜਿਸਨੂੰ ਮੈਂ ਕੁੱਝ ਦਿਨ ਪਹਿਲਾਂ ਹੀ ਪੜ੍ਹ ਪੜ੍ਹ ਖ਼ਤਮ ਕੀਤਾ ਹੈ. ਇਸ ਕਿਤਾਬ ਦੇ ਸਿਰਲੇਖ ਨੂੰ ਪੜ੍ਹਦਿਆਂ, ਇੱਕ ਵਾਰ ਤਾਂ ਏਦਾਂ ਲੱਗਦਾ ਹੈ ਜਿਵੇਂ ਇਹ ਕੋਈ ਨਾਵਲ ਹੋਵੇ, ਅਤੇ ਪੱਤਰਕਾਰ ਇਸ ਨਾਵਲ ਦਾ ਨਾਇਕ, ਜਿਸਦੀ ਕਿਸੇ ਨੇ ਹੱਤਿਆ ਕਰ ਦਿੱਤੀ. ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ, ਇਸ ਪੂਰੀ ਕਿਤਾਬ ਵਿੱਚ ਪੱਤਰਕਾਰ ਦੀ ਸਰੀਰਕ ਹੱਤਿਆ ਕਿਤੇ ਵੀ ਨਹੀਂ ਹੁੰਦੀ, ਬੱਸ ਜਦ ਵੀ ਹੁੰਦੀ ਹੈ ਪੱਤਰਕਾਰ ਦੇ ਆਦਰਸ਼ਾਂ ਦੀ ਹੱਤਿਆ ਜਾਂ ਫਿਰ ਪੱਤਰਕਾਰਿਤਾ ਦੇ ਨਿਯਮਾਂ ਦੀ ਹੱਤਿਆ. ਇਸ ਕਿਤਾਬ ਨੂੰ ਲਿਖਣ ਵਾਲਾ ਲੇਖਕ ਗੁਰਨਾਮ ਸਿੰਘ ਅਕੀਦਾ ਖੁਦ ਵੀ ਪੱਤਰਕਾਰੀ ਦੀਆਂ ਰਾਹਾਂ ਵਿੱਚੋਂ ਲੰਘ ਚੁੱਕਿਆ ਹੈ, ਉਸਨੇ ਇਸ ਕਿਤਾਬ ਦੇ ਵਿੱਚ ਆਪਣੇ ਆਲੇ ਦੁਆਲੇ ਵਾਪਰੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਈ ਸੱਚ ਸਾਹਮਣੇ ਰੱਖੇ ਹਨ. ਇਸ ਕਿਤਾਬ ਅੰਦਰ ਅਜੋਕੇ ਪੰਜਾਬ ਵਿੱਚ ਪੱਤਰਕਾਰੀ ਦੀ ਹੁੰਦੀ ਦੁਰਦਸ਼ਾ, ਦੁਰਗਤੀ, ਅਤੇ ਘਟਿਆ ਸੋਚ ਤੋਂ ਉਪਜੀ ਪੱਤਰਕਾਰਿਤਾ ਦੇ ਕਾਰਣ ਵਿਗੜ੍ਹਿਆ ਪੰਜਾਬ ਦਾ ਮੁਹਾਂਦਰਾ ਸਾਫ਼ ਝਲਕਦਾ ਹੈ. ਇਸਦੇ ਇਲਾਵਾ ਅਕੀਦਾ ਨੇ ਮੀਡੀਆ ਵਿੱਚ ਰਾਜਨੀਤਿਕ ਘੁਸਪੈਠ, ਡੇਰਾ ਸੱਚਾ ਸੌਦਾ ਦਾ ਰਾਜਨੀਤੀ ਵਿੱਚ ਪ੍ਰਵੇਸ਼, ਉਸਦੇ ਬਾਅਦ ਹੋਈ ਪੰਜਾਬ 'ਚ ਸਿੱਖ ਸਮੁਦਾਇ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਝੜ੍ਹਪ 'ਚ ਮੀਡੀਆ ਦਾ ਰੋਲ, ਅਖ਼ਬਾਰਾਂ, ਨਿਊਜ਼ ਚੈਨਲਾਂ ਦੁਆਰਾ ਪੈਸੇ ਦੇਕੇ ਰੱਖੇ ਜਾ ਰਹੇ ਪੱਤਰਕਾਰਾਂ ਕਾਰਣ ਕਿਸ ਤਰ੍ਹਾਂ ਪੰਜਾਬ ਪੱਤਰਕਾਰੀ ਦਾ ਘਾਣ ਹੋ ਰਿਹਾ ਹੈ ਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ. 'ਪੱਤਰਕਾਰ ਦੀ ਮੌਤ' 'ਚ ਕੁੱਝ ਅਜਿਹੇ ਘਟਨਾਕ੍ਰਮ ਵੀ ਹਨ, ਜਿੱਥੇ ਪੱਤਰਕਾਰ ਮਨੁੱਖੀ ਜਿੰਦਗੀ ਤੋਂ ਵੱਧ ਆਪਣੀ ਖ਼ਬਰ ਨੂੰ ਤਰਜੀਹ ਦਿੰਦਾ ਹੈ. ਇੱਕ ਵਿਅਕਤੀ ਦੁਆਰਾ ਆਤਮਦਾਹ ਕਰਨਾ ਦੀ ਅਤੇ ਉਸਨੂੰ ਕਵਰੇਜ ਦੇ ਰਹੇ ਪੱਤਰਕਾਰਾਂ ਵਾਲੀ ਗੱਲ ਵੱਲ ਹੀ ਸੰਕੇਤ ਕਰਦੀ ਹੈ. ਇਸਦੇ ਇਲਾਵਾ ਵੱਡੇ ਟੈਲੀਵਿਜਨਾਂ, ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਛੋਟੇ ਅਖ਼ਬਾਰ ਦੇ ਪੱਤਰਕਾਰਾਂ ਮੁਕਾਬਲੇ ਵੱਧ ਤਰਜੀਹ ਦੇਣ ਦਾ ਮੁੱਦਾ ਵਿੱਚ ਅਹਿਮ ਰਿਹਾ ਹੈ. ਗੁਰਨਾਮ ਸਿੰਘ ਅਕੀਦਾ ਦੀ ਇਹ ਕਿਤਾਬ ਖਾਊ ਪੀਊ ਪੱਤਰਕਾਰਾਂ ਦੀ ਪੋਲ ਖੋਲ੍ਹਣ ਦੇ ਨਾਲ ਨਾਲ ਕਿਤੇ ਕਿਤੇ ਪੱਤਰਕਾਰਾਂ ਦੁਆਰਾ ਕੀਤੇ ਚੰਗੇ ਕੰਮ ਦਾ ਜ਼ਿਕਰ ਵੀ ਕਰਦੀ ਹੈ. ਪੱਤਰਕਾਰੀ ਦੇ ਡਿੱਗਦੇ ਮਿਆਰ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਜੱਗ ਜਾਹਿਰ ਕਰਨ ਵਾਲੇ ਇਹ ਪੱਤਰਕਾਰ ਲੇਖਕ ਵਧਾਈ ਦਾ ਹੱਕਦਾਰ ਹੈ.

No comments: