Thursday, May 14, 2009

ਕਠਪੁਤਲੀ ਬਨਾਮ ਪੰਜਾਬੀ ਖ਼ਬਰੀ ਚੈਨਲ

ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਪੰਜਾਬ ਵਿੱਚ ਪ੍ਰਸਾਰਿਤ ਹੋਏ ਰਹੇ ਜਿਆਦਾਤਰ ਪੰਜਾਬੀ ਨਿਊਜ਼ ਚੈਨਲ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣ ਚੁੱਕੇ ਹਨ. ਇਹ ਚੈਨਲ ਉਹ ਪ੍ਰਸਾਰਿਤ ਕਰਦੇ ਹਨ, ਜਿਸਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਹੱਥ ਰੱਖਦਾ ਹੈ, ਇਹ ਟੀਵੀ ਚੈਨਲਾਂ ਬਾਰੇ ਗੱਲ ਕਰਦਿਆਂ ਮੈਨੂੰ ਮਿੰਟੂ ਧੂਰੀ ਦੇ ਗੀਤ ਇੱਕ ਲਾਈਨ ਯਾਦ ਆਉਂਦੀ ਹੈ, 'ਜਿਹਦੇ ਉੱਤੇ ਹੱਥ ਧਰੂ ਨਖ਼ਰੋ ਉਹ ਗੀਤ ਵਜਾਈ ਰੱਖਣਾ'. ਸਰਕਾਰ ਦੇ ਇਸ਼ਾਰੇ ਉੱਤੇ ਨੱਚਣ ਵਾਲੇ ਇਹਨਾਂ ਨਿਊਜ਼ ਚੈਨਲਾਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ, ਸਰਕਾਰ ਗਈ ਨਹੀਂ ਕਿ ਇਹ ਵੀ ਗਾਇਬ ਹੋ ਜਾਂਦੇ ਹਨ. ਜਿਵੇਂ ਕਿ ਚੇਤੇ ਹੋਵੇਗਾ ਨਿਊਜ਼ ਟੂਡੇ. ਕੈਪਟਨ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਇਹ ਨਿਊਜ਼ ਚੈਨਲ ਵੀ, ਸਰਕਾਰ ਦੇ ਨਾਲ ਹੀ ਨੱਸ ਗਿਆ. ਅੱਜਕੱਲ੍ਹ ਪੰਜਾਬ ਵਿੱਚ ਪੰਜਾਬੀ ਨਿਊਜ਼ ਚੈਨਲਾਂ ਦੀ ਭਰਮਾਰ ਹੈ, ਪਰੰਤੂ ਹਿੱਕ ਠੋਕਕੇ ਆਮ ਲੋਕਾਂ ਦੀ ਗੱਲ ਕਰਨ ਦਾ ਕਿਸੇ ਵਿੱਚ ਵੀ ਦਮ ਨਹੀਂ. ਇਹਨਾਂ ਦੇ ਦਰਾਂ ਉੱਤੇ ਜਾਕੇ ਪੱਤਰਕਾਰਿਤਾ ਵੀ ਉਂਝ ਤਰਲੇ ਕੱਢਦੀ ਹੈ, ਜਿਵੇਂ ਸਬਰਜੀਤ ਚੀਮੇ ਦੇ ਇੱਕ ਗੀਤ ਵਿੱਚ ਅਣਜੰਮੀ ਕੁੜੀ ਕਹਿੰਦੀ ਹੈ 'ਨਾ ਮਰੀ ਨਾ ਮਰੀ ਨੀਂ ਮਾਂ' ਪੰਜਾਬੀ ਨਿਊਜ਼ ਚੈਨਲ ਜਿਆਦਾਤਰ ਬਾਂਦਰ ਬਣ ਚੁੱਕੇ ਹਨ, ਜੋ ਸੱਤਾਧਾਰੀ ਮਦਾਰੀ ਦੀ ਡੁੱਗਡੁੱਗੀ ਵੱਜਣ 'ਤੇ ਆਪਣਾ ਖੇਡ ਵਿਖਾਉਂਦੇ ਹਨ. ਪਿਛਲੇ ਦਿਨੀਂ ਜਦੋਂ ਲੁਧਿਆਣਾ ਵਿੱਚ ਮਨਮੋਹਨ ਸਿੰਘ ਬੋਲਿਆ ਕਿ ਪੰਜਾਬੀ ਵੀਰੋ ਤੁਸੀਂ 1984 ਨੂੰ ਭੁੱਲ ਜਾਓ, ਕੁੱਝ ਲੋਕ ਪੁਰਾਣੇ ਮੁੱਦੇ ਉਖਾੜਕੇ ਆਪਣੀ ਦੁਕਾਨ ਚਲਾ ਰਹੇ ਹਨ. ਇਸ ਗੱਲ ਦਾ ਸਮਰੱਥਨ ਕਰਨ ਦੀ ਬਜਾਏ, ਬਾਂਦਰ ਨਾਚ ਨੱਚਣ ਵਾਲੇ ਟੈਲੀਵਿਜਨਾਂ ਨੇ ਮਨਮੋਹਨ ਦੇ ਖਿਲਾਫ਼ ਜਾਂਦਿਆਂ, ਪੁਰਾਣੇ ਜਖਮਾਂ ਨੂੰ ਖੁਰਚਣਾ ਸ਼ੁਰੂ ਕਰ ਦਿੱਤਾ. ਗੱਲ ਇੱਥੇ ਤੀਕ ਪੁੱਜ ਗਈ ਕਿ ਇੱਕ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਸਿੱਖ ਭੜਕਾਊ ਪ੍ਰੋਗ੍ਰਾਮ ਉੱਤੇ ਚੋਣ ਕਮਿਸ਼ਨ ਨੂੰ ਰੋਕ ਲਗਾਉਣੀ ਪਈ. ਇਸਦੇ ਇਲਾਵਾ ਪੰਜਾਬ ਦੀ ਕੇਬਲ ਉੱਤੇ ਕਥਿਤ ਤੌਰ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ. ਜਿਸਦੇ ਕਾਰਣ ਪੰਜਾਬ ਵਿੱਚ 1984 ਦੰਗਿਆਂ ਆਧਾਰਿਤ ਫਿਲਮ ਹਵਾਏਂ ਨੂੰ ਕਰੀਬਨ ਸੌ ਵਾਰੀ ਵਿਖਾਇਆ ਗਿਆ, ਪਰੰਤੂ ਦੇਸ਼ ਨੂੰ ਜੋੜ੍ਹਨ ਵਾਲੀ ਕਿਸੇ ਫਿਲਮ ਨੂੰ ਇਤਨੇ ਵਾਰ ਪ੍ਰਸਾਰਿਤ ਨਹੀਂ ਕੀਤਾ ਗਿਆ ਕਿਉਂ? ਮੈਂ ਇੱਕ ਮਹੀਨਾ ਪੰਜਾਬ 'ਚ ਗੁਜਾਰਕੇ ਆਇਆ, ਇੱਕ ਦਿਨ ਵੀ ਮੈਂ ਘਰ ਵਿੱਚ ਪੰਜਾਬੀ ਨਿਊਜ਼ ਚੈਨਲ ਨਹੀਂ ਚੱਲਿਆ ਕਿਉਂਕਿ ਮੇਰੇ ਪਿਤਾ ਜੀ ਇਹਨਾਂ ਦੀਆਂ ਖ਼ਬਰਾਂ 'ਤੇ ਭਰੋਸਾ ਨਹੀਂ ਕਰਦੇ ਕਿਉਂਕਿ ਇਹ ਆਮ ਜਨ ਦੀ ਗੱਲ ਕਰਨ ਦੀ ਬਜਾਏ ਬਾਦਲ ਗੁਣਗਾਣ ਗਾਉਂਦੇ ਹੀ ਰਹਿੰਦੇ ਹਨ. ਪੰਜਾਬੀ ਨਿਊਜ਼ ਚੈਨਲ ਵਾਲਿਓ, ਪੱਤਰਕਾਰਿਤਾ ਨੂੰ ਦੁਕਾਨਦਾਰੀ ਨਾ ਬਣਾਓ. ਤੁਹਾਡੇ ਉੱਤੇ ਜਿੰਮੇਦਾਰੀ ਹੈ, ਨਵਾਂ ਅਤੇ ਸੁਚਾਰੂ ਸਮਾਜ ਸਿਰਜਣ ਦੀ.