Monday, December 31, 2012

ਹਨੀ ਸਿੰਘ, ਜੈਜੀ ਬੀ ‘ਤੇ ਹੋਵੇਂ ਬਲਾਤਕਾਰ ਦਾ ਪਰਚਾ

by ਤੇਜਾ ਸਿੰਘ ਚਰਨਜੀਤ on Sunday, December 30, 2012 at 2:13pm ·

ਮੇਰੀ ਸਮਝ ਮੂਜਬ ਬਲਾਤਕਾਰ, ਬਦਚਲਨੀ, ਜਨਾਨਾ ਸੁਰੱਖਿਆ, ਅਣਖ ਤੇ ਆਸ਼ਕੀ ਆਪਸ ‘ਚ ਇਕ ਸੂਤਰ ‘ਚ ਬੱਝੇ ਮੁੱਦੇ ਹਨ । ਕਿਸੇ ਇਕ ਦੀ ਗੱਲ ਕਰਦਿਆਂ ਬਾਕੀਆਂ ਦਾ ਆ ਜੁੜਨਾ ਲਾਜਮੀ ਹੈ ।
ਆਪਣਾ ਇਕ ਮਿੱਤਰ, ਅਣਖ ਲਈ ਕੀਤੇ ਕਤਲਾਂ ਦੇ ਸਬੰਧ ‘ਚ ਕਹਿੰਦਾ ਹੁੰਦਾ , “ਧੀ ਧਿਆਣੀ ਤਾਂ ਵਿਚਾਰੀ ਅੱਲੜ ਹੁੰਦੀ ਆ ..ਉਹਨੁੰ ਕਾਹਦੀ ਸਜਾ , ਬੱਸ ਇਹ ਪਤਾ ਕਰੋ ਕਿ ਉਹ ਗਾਣੇ ਕਿਹੜੇ ਕੰਜਰ ਦੇ ਸੁਣਦੀ ਸੀ । ਗੋਲੀ ਮਾਰਨੀ ਤਾਂ ਉਸ ਕੰਜਰ ਦੇ ਮਾਰੋ ।
ਇਕ ਗੱਲ ਪੱਲੇ ਬੰਨ ਲਉਂ ਜੋ ਪੰਜਾਬ ਨੁੰ, ਪੰਜਾਬ ਵਜੋਂ ਵੱਸਦਾ ਵੇਖਣਾ ਚਾਹੁੰਦੇ ਨੇ, “ਆਪਣੀ ਜਵਾਨੀ (youth) ਨਾ ਤਾਂ ਸਰਕਾਰਾਂ ਦੀ ਮੰਨਦੀ, ਨਾ ਜਥੇਦਰਾਂ ਦੀ, ਨਾ ਇਸ਼ਤਿਹਾਰਾਂ ਦੀ ਤੇ ਨਾ ਅਖਬਾਰਾਂ ਦੀ। ਜੇ ਇਹ ਮੰਨਦੀ ਹੈ ਤਾਂ ਸਿਰਫ ਕੰਜਰ ਕਲਾਕਾਰਾਂ ਦੀ।
ਜਿਥੇ ਉਹ ਚਾਹੁਣਗੇ । ਜਵਾਨੀ ਨੁੰ ਲੈ ਜਾਣਗੇ ।

ਬਹੁਚਰਚਿਤ ਫਰੀਦਕੋਟ ਵਾਲਾ ਨਿਸ਼ਾਨ ਜਦੋਂ ਸਰੂਤੀ ਨੁੰ ਘਰੋਂ ਚੁੱਕ ਕੇ ਲੈ ਜਾਂਦਾ ਤਾਂ ਅਸੀਂ ਚਿੰਤਾ ਕਰਦੇ ਹਾ । ਪਰ ਜਦੋਂ ਪ੍ਰੀਤ ਹਰਪਾਲ ਗਾਉਂਦਾ , ਮਾਪੇ ਨਹੀਂ ਮੰਨਦੇ ਲੈ ਜਾ ਮੱਲੋ ਜੋਰੀ .....। ਤਾਂ ਕੀ ਉਹ ਸਰੂਤੀ ਵਰਗੀਆਂ ਹਜ਼ਾਰਾਂ ਨਬਾਲਗਾਂ ਮੁੰਹੋ ਇਹ ਨਹੀਂ ਅਖਵਾ ਰਿਹਾ ਕਿ ਆ ਤੇ ਸਾਡੇ ਟੱਬਰ ਦੀ ਇਜਤ ਸਣੇ ਲੱਤਾਂ ਬਾਹਾਂ ਤੋੜ। ਤੇ ਅੱਗੋਂ ਜਦੋਂ ਦਲਜੀਤ ਗਾਉਂਦਾ ਹੈ ...ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ... ਕੀ ਇਹ ਨਿਸ਼ਾਨ ਜਿਹਿਆਂ ਦੀ ਪੈਰਵਾਈ ਕਰਦਿਆਂ, ਆਪਣੇ ਮੁੰਡਿਆਂ ਨੁੰ ਗੁੰਡਾਗਰਦੀ ਲਈ ਉਤਸ਼ਾਹਤ ਨਹੀਂ ਕਰਦਾ ?

ਆਪਣਾ ਬਠਿੰਡੇ ਵਾਲਾ ਭਰਤ ਖੰਨਾ ਕਹਿੰਦਾ , ਪਟਿਆਲੇ , ਦਿੱਲੀ, ਜਾਂ ਪੰਜਾਬ ਦੇ ਹੋਰ ਸ਼ਹਿਰਾਂ ‘ਚ ਹੋਣ ਵਾਲੇ ਸਾਰੇ ਬਲਾਤਕਾਰਾਂ ਦੇ ਪਰਚੇ ਤਾਂ ਹਨੀ ਸਿੰਘ ‘ਤੇ ਜੈਜ਼ੀ ਬੀ ਤੇ ਹੋਣੇ ਚਾਹੀਦੇ ਹਨ । ਜਿਹੜੇ ਨੰਗੀਆਂ ਕੁੜੀਆਂ ਫਿਲਮਾਂ ਕੇ ਨਾਲ ਗਾ ਰਹੇ ਹਨ -
ਬੱਤੀਆਂ ਬੁਝਾ ਲਉ ਜੀ
ਜਿੰਦੇ ਕੁੰਢੇ ਲਾ ਲਉਂ ਜੀ
ਮੁਨੀ ਨੁੰ ਮਨਾ ਲਉਂ ਜੀ
ਅੱਧੇ ਪੈਸੇ ਪਾ ਲਉਂ ਜੀ
this party getting hot

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਬੰਦਾ ਐਨਾ ਬੈਗੈਰਤ ਵੀ ਹੋ ਸਕਦਾ? ਜੈਜੀ ਬੀ ਨੇ ਇਕ ਵਾਰਾ ਟੀਵੀ ਇੰਟਰਵੀਊ 'ਚ ਦੱਸਿਆ ਸੀ ਕਿ ਉਹ ਆਪਣੀ ਵੱਡੀ ਧੀ ਨੁੰ ਘਰੇ ਮੁਨੀ ਕਹਿੰਦਾ ਹੁੰਦਾ । ਹੁਣ ਹਨੀ ਸਿੰਘ ਨਾਲ ਰਲ ਕੇ ਜੈਜੀ ਬੈਂਸ (B) ਗਾ ਰਿਹਾ ...... ਮੁਨੀ ਲੈ ਆਉ, ਅੱਧੇ-ਅੱਧੇ ਪੈਸੇ ਪਾ ਕੇ ।

ਪੈਸੇ ਪਾ ਕੇ ਮੁਨੀ ਲਿਆਉਂਣ ਵਾਲੇ, ਰਾਹ ਜਾਂਦੀ ਕੱਲੀ ਕਾਰੀ ਕੁੜੀ ਨਾਲ ਕੀ ਕਰਨਗੇ । ਇਹ ਦੱਸਣ ਦੀ ਲੋੜ ਨਹੀਂ ।
ਹਨੀ ਸਿੰਘ ਜੇ ਕਿਸੇ ਵੇਸ਼ਵਾ ਦਾ ਬੱਚਾ ਵੀ ਹੋਵੇਂ ਤਾਂ ਅਸੀਂ ਉਸ ਦੀ ਮਾਂ ਦੀ ਇੱਜਤ ਲਈ ਖੜੇ ਹਾ । ਜੈਜੀ ਬੀ ਦੀ ਧੀ ਸਾਡੀਆਂ ਧੀਆਂ ਭੈਣਾਂ ਵਰਗੀ ਹੈ । ਇਹ ਬਦਇਕਲਾਖੀ ਦੇ ਵਿਰੁਧ ਮੋਰਚਾ ਪੰਜਾਬ ਦੀਆਂ ਸਾਰੀਆਂ ਧੀਆਂ ਲਈ ਹੈ।

ਮੁਕਦੀ ਗੱਲ, ਤੁਹਾਡੇ ਖਿੱਤੇ ਦੀ ਸਿਆਸਤ ਤਹਿ ਕਰਦੀ ਹੈ ਕਿ ਤਹਾਨੁੰ ਕਿਸ ਤਰ੍ਹਾਂ ਰੱਖਣਾ ਹੈ । ਇਸ ‘ਚ ਕੋਈ ਸ਼ੰਕਾ ਨਹੀਂ ਕਿ ਕੰਜਰਕਲਚਰ ਭਾਰਤੀ ਸੱਤਾਧਾਰੀਆਂ ਦਾ ਪੰਜਾਬ ‘ਚ ਮਿੱਥ ਕੇ ਛਡਿਆ ਹਥਿਆਰ ਹੈ । ਤੁਹਾਡੀ ਵੱਖਰੀ ਪਛਾਣ ਤੇ ਹੋਂਦ “ਹਿੰਦ” ਲਈ ਹਮੇਸ਼ਾਂ ਖਤਾਰਾ ਰਹੀ ਏ । ਤੁਹਾਨੁੰ ਗੁਲਾਮ ‘ਤੇ ਘਸਿਆਰੇ ਬਣਾ ਕੇ ਰੱਖਣ ਲਈ ਇਸ ਤੋਂ ਵਧੀਆਂ ਕੀ ਹੋ ਸਕਦਾ ਕਿ ਤੁਹਾਨੁੰ ਬੇ ਅਣਖੇ, ਬੇ-ਗੈਰਤ ਕਰ ਦਿਤਾ ਜਵੇਂ ਤੇ ਤੁਸੀ ਵੱਜਦੇ ਵਾਜਿਆਂ ‘ਤੇ ਦਿਨ ਰਾਤ ਨੱਚਦੇ ਰਹੋ ।
ਹੁਣ ਇਹ ਪੰਜਾਬ ਦੇ ਲੋਕਾਂ ‘ਤੇ ਹੈ ਕਿ ਉਹ ਇਸ ਸ਼ਾਜਿਸ ਦਾ ਟਾਕਰਾ ਕਿਵੇਂ ਕਰਦੇ ਹਨ । ਦੁੱਖ ਤੇ ਇਸ ਗੱਲ ਦਾ ਹੈ ਕਿ ਜਿਹੜਾ ਪੰਜਾਬੀ ਟੀਵੀ ਚੈਨਲ ਤੇ ਸਵੇਰੇ ਰਾਗੀ ਤਬਲੇ ਕੁੱਟ ਕੁੱਟ ਕੇ
ਜਾਗਿ ਲੇਹੁ ਰੇ ਮਨਾ ਜਾਗੁ ਲੇਹੁ ਕਹਾ ਗਾਫਲ ਸੋਇਆ।।
ਜਾਗ ਰੇ ਮਨੁ ਜਾਗਨਹਾਰੇ ॥
ਦੇ ਨਾਹਰੇ ਲਾ ਰਹੇ ਹੁੰਦੇ ਨੇ । ਉਸੇ ਤੋਂ ਅੱਧੇ ਮਿੰਟ ਦੀ ਬਰੇਕ ਬਾਅਦ ਗਾਇਕ ਗਾ ਰਿਹਾ ਹੁੰਦਾ ਹੈ :
ਬੱਤੀਆਂ ਬੁਝਾ ਲਉਂ ਜੀ
ਮੂਡ ਜਿਹਾ ਬਣਾ ਲਉਂ ਜੀ
ਮੋਟੇ ਮੋਟੇ ਲਾ ਲਉਂ ਜੀ
this party getting hot


ਤੇ ਬੁਜਦਲੀ ਹੈ ਸੂਬੇ ਦੀ ਸਿੱਖ ਵੱਸੋਂ ਦੀ, ਜਿਥੋਂ 5 ਬੰਦੇ ਜਾ ਕੇ ਅਕਾਲ ਤਖਤ ਦੇ ਜਥੇਦਾਰਾਂ ਨੁੰ ਨਹੀਂ ਪਿੱਟਦੇ ਕਿ ਜਾਂ ਤਾਂ ਉਸ ਚੈਨਲ ਤੇ ਗੁਰਬਾਣੀ ਸੁਣਾਉਂ ਜਾਂ ਕੰਜਰਖਾਨਾ ।


ਤੇ ਉਹੋ ਜਿਹੇ ਕਥਾ ਕਰਨ ਵਾਲੇ ਰਾਗੀ ਢਾਡੀ , ਉਹੀ ਨਾਹ ਕਰ ਦੇਣ ਕਿ ਜੇ ਕੰਜਰ ਈ ਸੁਣਾਉਂਣੇ ਨਚਾਉਂਣੇ ਆ ਤਾਂ ਫਿਰ ਸਾਡੀ ਅਸਰ-ਰਹਿਤ ਕਥਾ ਵਾਰਤਾਂ ਨੁੰ ਛੱਡੋ।

....ਕਿੰਦ ਨਾਹਲ'''''

Wednesday, August 8, 2012

ਕਾਹਨੂੰ ਕਰੇਂ ਤੂੰ ਰੋਸ ਗਿਲ੍ਹਾ ਸ਼ਿਕਵਾ ਸੱਜਣਾ

ਕਾਹਨੂੰ ਕਰੇਂ ਤੂੰ ਰੋਸ ਗਿਲ੍ਹਾ ਸ਼ਿਕਵਾ ਸੱਜਣਾ
ਹੋਣੀ ਦੇ ਝੱਖੜ੍ਹ ਕਈ ਵਾਰੀ ਝੁੱਲ ਜਾਂਦੇ ਨੇ

ਅੰਬਰੀਂ ਜਦੋਂ ਗੁਬਾਰ ਜਿਹਾ ਚੜ੍ਹ ਜਾਂਦਾ ਐ
ਵੱਡੇ ਵੱਡੇ ਤਾਰੇ ਇਸ ਵਿੱਚ ਰੁੱਲ ਜਾਂਦੇ ਨੇ

ਮਿੱਟੀ ਹੈ ਇਹ ਜਿਸਮ 'ਤੇ ਸਭ ਮਿੱਟੀ ਹੈ
ਪਤਾ ਨਈ ਕਾਹਤੋਂ ਇਹ ਲੋਕੀ ਭੁੱਲ ਜਾਂਦੇ ਨੇ

ਐਵੇਂ ਕਿਉਂ ਨਿਰਾਸ਼ ਜਿਹਾ ਤੂੰ ਫਿਰਦਾ ਐਂ
ਇੱਕ ਬੰਦ ਹੋਇਆ ਬੂਹਾ, ਪਰ ਸੋ ਖੁੱਲ੍ਹ ਜਾਂਦੇ ਨੇ

ਮੇਰੀਆਂ ਭਰੀਆਂ ਅੱਖਾਂ ਵੇਖਕੇ ਨਾ ਡਰ ਤੂੰ
ਬਹੁਤਾ ਭਰਕੇ ਸਾਗਰ ਵੀ ਉੱਛਲ ਜਾਂਦੇ ਨੇ

ਐਵੇਂ ਨਾ ਹਰ ਇੱਕ ਨੂੰ ਆਪਣਾ ਸਮਝ ਜਿੰਦੇ
ਭੁੱਲ ਭੁਲੇਖੇ ਪੱਥਰ ਮੋਤੀਆਂ ਸੰਗ ਤੁਲ ਜਾਂਦੇ ਨੇ

ਮਨਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ

Monday, July 30, 2012

'ਕੁੜੇ ਨੀਰੂ' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ'

'ਕੁੜੇ ਨੀਰੂ' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ' ਛੋਟੇ ਗੇਟ ਦੇ ਸਾਹਮਣੇ ਬਣੀ ਲੌਬੀ ਵਿੱਚ ਬੈਠੀ ਦਾਦੀ ਮੈਨੂੰ ਵਾਜਾਂ ਮਾਰਦੀ, ਮੈਂ ਅੰਦਰੋਂ ਪਾਣੀ ਲਿਆ ਕੇ ਦੇਣਾ ਤੇ ਕਹਿੰਦੀ 'ਕੁੜੇ ਤੱਤਾ ਐ' ਨਈਂ ਬੇਬੇ ਮੈਂ ਤਾਂ ਫਰਿੱਜ 'ਚੋਂ ਗਲਾਸ ਭਰ ਕੇ ਲਿਆਈਂ ਆਂ'' ਉਹ ਔਕ ਲਾ ਕੇ ਪਾਣੀ ਪੀ ਜਾਂਦੀ ਤੇ ਥੋੜਾ ਪਾਣੀ ਬਚਾ ਕੇ ਬੁੱਕ ਭਰ ਕੇ ਮੂੰਹ ਧੋ ਲੈਂਦੀ। ਗਰਮੀ ਵਿੱਚ ਸਾਰਾ ਦੁਪਹਿਰੇ ਉਹ ਬਾਹਰ ਲੌਬੀ ਵਿੱਚ ਬੈਠੀ ਰਹਿੰਦੀ। ਦਾਦੀ 100 ਵਰ੍ਹਿਆਂ ਤੋਂ ਉਪਰ ਹੋ ਗਈ ਸੀ ਪਰ ਉਸਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ। ਉਹ ਹਮੇਸ਼ਾ ਸਾਰੇ ਪਰਿਵਾਰ ਨੂੰ ਅਸੀਸਾਂ ਦਿੰਦੀ ਰਹਿੰਦੀ। ਉਸਨੂੰ ਮੇਰੇ ਵਿਆਹ ਹੋਣ ਦਾ ਬੜਾ ਚਾਅ ਸੀ। ਮੇਰੀ ਉਮਰ 25 ਵਰ੍ਹਿਆਂ ਦੀ ਹੋ ਗਈ। ਜਦੋਂ ਐਮ.ਸੀ.ਏ ਪੂਰੀ ਕੀਤੀ ਤਾਂ ਘਰ ਦਿਆਂ ਨੇ ਮੁੰਡਾ ਦੇਖਣਾ ਸ਼ੁਰੂ ਕੀਤਾ। ਦਾਦੀ ਕਹਿੰਦੀ 'ਮੇਰੀ ਪੋਤੀ ਤਾਂ ਬਾਹਲੀ ਨਰਮ ਐ। ਜਮ੍ਹਾਂ ਗਊ, ਐਵੇਂ ਨਾ ਕਿਸੇ ਅੜਬਾਂ ਦੇ ਫਸਾ ਦਿਉ। ਨਾਲੇ ਮੁੰਡਾ ਵੀ ਹਾਣ ਦਾ ਹੋਵੇ, ਜਿਹੜਾ ਮੇਰੀ ਪੋਤੀ ਨਾਲ ਆਉਂਦਾ ਜਾਂਦਾ ਸੋਹਣਾ ਲੱਗੇ। ਜਦੋਂ ਮੇਰਾ ਰਿਸ਼ਤਾ ਹੋਇਆ ਤਾਂ ਉਸਤੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ, ਉਹ ਉਸੇ ਦਿਨ ਤੋਂ ਹੀ ਗੀਤ ਗਾਉਣ ਲੱਗ ਪਈ। ਉਸਦਾ ਕਮਰਾ ਲੌਬੀ ਦੇ ਐਨ ਸਾਹਮਣੇ ਸੀ, ਜਦੋਂ ਕਈ ਵਾਰੀ ਬਾਰਸ਼ ਪੈ ਜਾਂਦੀ ਤੇ ਉਹ ਅੰਦਰ ਪੈ ਜਾਂਦੀ ਸੀ। 

ਮੇਰੀ ਮੰਗਣੀ ਜੁਲਾਈ 'ਚ ਹੋਈ ਸੀ। ਉਸਤੋਂ ਬਾਅਦ ਬਰਸਾਤ ਸ਼ੁਰੂ ਹੋ ਗਈ। ਉਹ ਅੰਦਰ ਪਈ ਹੁੰਦੀ, ਹੇਕਾਂ ਵਾਲੇ ਗੀਤ ਗਾਉਂਦੀ ਰਹਿੰਦੀ। ਮੈਨੂੰ ਸੱਸਾਂ ਵਾਲੇ ਗੀਤ ਸੁਨਾਉਣ ਲੱਗ ਪੈਂਦੀ । ਜੇ ਕਈ ਵਾਰ ਮੈਂ ਇਹਨਾਂ ਦਾ (ਮੇਰੇ ਪਤੀ) ਦਾ ਨਾਮ ਲੈਂਦੀ ਤਾਂ ਲੜਦੀ ਕਹਿੰਦੀ ਤੂੰ ਆਪਣੇ ਪਾਹੁਣੇ ਦਾ ਨਾਮ ਨਾ ਲਿਆ ਕਰ, ਮਾੜਾ ਹੁੰਦਾ। ਨਾ ਤੂੰ ਉਸੇ ਨਾਲ ਬਾਹਲੀ ਫੋਨ 'ਤੇ ਗੱਲ ਕਰਿਆ ਕਰ। ਮੈਂ ਹੱਸ ਕੇ ਟਾਲ ਦਿੰਦੀ,ਬੇਬੇ ਠੀਕ ਐ ਕਹਿ ਛੱਡਦੀ। ਨਹੀਂ ਕਰਦੀ। ਉਹ ਹਮੇਸ਼ਾ ਮੈਨੂੰ ਨਸੀਹਤਾਂ ਦਿੰਦੀ, ਇਹ ਨਾ ਕਰਿਆ ਕਰ, ਉਹ ਨਾ ਕਰਿਆ। ਅਖਿਰ 23 ਨਵੰਬਰ 2009 ਨੂੰ ਮੇਰਾ ਵਿਆਹ ਹੋ ਗਿਆ ਤੇ ਉਹ ਸਮੇਂ ਬੇਬੇ ਨੇ ਰੱਜ ਕੇ ਗੀਤ ਗਾਏ। ਜਾਗੋ ਕੱਢਣ ਵੇਲੇ ਆਪ ਜਾਗੋ ਫੜ੍ਹ ਕੇ ਮੇਰੀ ਮਾਮੀ ਨੂੰ ਫੜਾਈ। 24 ਨਵੰਬਰ ਨੂੰ ਜਦੋਂ ਮੈਂ ਫੇਰੇ ਦੀ ਰਸਮ ਲਈ ਆਈ ਤਾਂ ਉਸਤੋਂ ਚਾਅ ਨਾ ਚੁੱਕਿਆ ਜਾਵੇ। ਮੇਰੇ ਪਤੀ ਨੂੰ ਆਪਣੇ ਕੋਲ ਬੁਲਾ ਕੇ ਮੰਜੀ 'ਤੇ ਬਿਠਾ ਲਿਆ ਤੇ ਮੇਰੀ ਚਾਚੀ ਨੂੰ ਕਹਿੰਦੀ ਕੁੜੇ ਨੀਰੂ ਦਾ ਪ੍ਰਾਹੁਣਾ ਕਿਹੋ ਜਿਹਾ ਲੱਗਦਾ, ਚਾਚੀ ਕਹਿੰਦੀ, ਬੇਬੇ ਇਹ ਤਾਂ ਆਪਣਾ ਸੋਨੇ ਦਾ ਰੁਪਈਆ, ਬਥੇਰਾ ਸੋਹਣਾ। ਬੇਬੇ ਦਾ ਮੂੰਹ ਖੁਸ਼ੀ ਨਾਲ ਲਾਲ ਹੋ ਗਿਆ। ਤੇ ਸ਼ਾਇਦ ਉਹ ਆਖਰੀ ਸਮਾਂ ਸੀ ਜਦੋਂ ਉਹ ਖੁਲ੍ਹ ਕੇ ਹੱਸੀ, 'ਤੇ ਦੋ ਦਿਨਾਂ ਨੂੰ ਉਸਨੂੰ ਦਸਤ ਲੱਗ ਗਏ ਤੇ ਉਹ ਮੰਜੇ ਨਾਲ ਜੁੜ ਗਈ। ਪੂਰੇ ਦੋ ਮਹੀਨੇ ਉਹ ਮੰਜੇ 'ਤੇ ਪਈ ਰਹੀ। ਮੇਰੀ ਮੰਮੀ ਤੇ ਪਾਪਾ ਉਸਦੀ ਦਿਨ ਰਾਤ ਦੇਖਭਾਲ ਕਰਦੇ। ਮੇਰੀ ਦਾਦੀ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਬੱਸ ਉਪਰ ਦੇਖਦੀ ਰਹਿੰਦੀ ਤੇ ਕਹਿੰਦੀ ਮੇਰੇ ਮੂੰਹ

ਵਿੱਚ ਕੁੱਛ ਪਾ ਦੇ,,,,,, ਮੈਂ ਤੇ ਮੇਰਾ ਪਤੀ ਉਸਦਾ ਪਤਾ ਲੈਣ ਗਏ ਤਾਂ ਕਹਿੰਦੀ ਤੁਸੀਂ ਰੋਜ਼ ਰੋਜ਼ ਨਾ ਆਇਆ ਕਰੋ। ਮੈਂ ਤੁਹਾਨੂੰ ਫੋਨ ਕਰੂ, ਫਿਰ ਆਇਉ,,,, ਬੱਸ ਫਿਰ 14 ਜਨਵਰੀ ਦੀ ਰਾਤ ਨੂੰ ਫੋਨ ਆਇਆ ਕਿ ਬੇਬੇ ਪੂਰੀ ਹੋ ਗਈ & ਜਦੋਂ ਮੈਂ ਬੇਬੇ ਦੇ ਅੰਤਿਮ ਸੰਸਕਾਰ 'ਤੇ ਗਈ ਤਾਂ ਬੇਬੇ ਚੁੱਪਚਾਪ,,, ਅੱਖਾਂ ਬੰਦ, ਵਿਹੜੇ ਵਿੱਚ ਪਾਈ ਪਈ ਸੀ। ਬੁੜੀਆਂ ਰੋਣ, ਵੈਣ ਪਾਉਣ ਲੱਗੀਆਂ ਹੋਈਆਂ ਸਨ ਪਰ ਮੇਰੇ ਕੰਨਾਂ ਵਿੱਚ ਬੇਬੇ ਦੇ ਗੀਤਾਂ ਦੀਆਂ ਅਵਾਜਾਂ ਪੈ ਰਹੀਆਂ ਸਨ,,,, ਹਰੀਏ ਨੀ ਰਸ ਭਰੀਏ,ਖਜੂਰੇ ,,,,,ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਜਾ ਰਹੇ ਸਨ ਅਤੇ ਅੱਜ ਵੀ ਜਦੋਂ ਮੈਂ ਮਾਨਸਾ ਜਾਂਦੀ ਹਾਂ ਤੇ ਕਮਰੇ ਵਿੱਚ ਦਾਖਲ ਹੁੰਦੀ ਆਂ ਤਾਂ ਉਸ ਦੀ ਅਵਾਜ਼ 'ਕੁੜੇ ਨੀਰੂ,'' ਪਾਣੀ ਦਾ ਗਿਲਾਸ ਲੈ ਕੇ ਆਈ ''ਹੋਕਾ ਜਾ ਮੇਰੇ ਕਾਲਜੇ 'ਚੋਂ ਜਿਵੇਂ ਕੋਈ ਹੂਕ ਨਿਕਲਦੀ ਐ'' ਦਾਦੀ ਨੂੰ ਪੂਰ੍ਹੀ ਹੋਇਆਂ ਭਲਾਂ ਦੋ ਸਾਲ ਹੋ ਚੱਲੇ ਨੇ ਪਰ ਅੱਜ ਵੀ ਕਦੇ ਸੁਪਨੇ ਤੇ ਕਦੇ ਕਿਵੇਂ ਦਾਦੀ ਦੀ ਅਵਾਜ਼ 'ਕੁੜੇ ਨੀਰੂ' ਪਾਣੀ ਦਾ ਗਿਲਸ ਲਿਆਈਂ ਠੰਡਾ ਜਾ'' ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਐ। ਨਾਲੇ ਪਤਾ ਐ ਪਿਆਰੀ ਦਾਦੀ ਹੁਣ ਪੂਰੀ ਹੋ ਚੁੱਕੀ ਹੈ।

ਨਰਿੰਦਰ ਸ਼ਰਮਾ (ਨੀਰੂ)
9988045744