Saturday, July 11, 2015

ਮੇਰੇ ਦਰਦ

ਮੇਰੇ ਦਰਦ @ ਕੁਲਵੰਤ ਹੈਪੀ

ਮੇਰੇ ਦਰਦ ਨੂੰ ਕਲਮ, ਕਲਮ ਨੂੰ ਜਦ ਮੁਕੰਮਲ ਬਾਜ਼ਾਰ ਮਿਲ ਜਾਵੇਗਾ
21ਵੀਂ ਸਦੀ ਨੂੰ ਮੇਰੇ ਵਿੱਚੋਂ ਵੀ ਸ਼ਿਵ ਜਿਹਾ ਕੋਈ ਫਨਕਾਰ ਮਿਲ ਜਾਵੇਗਾ

ਪਹਿਲੀ ਨਜ਼ਰੇ ਲੱਗਦਾ ਹਾਂ ਮੈਂ ਬੇਫ਼ਿਕਰ ਮਨਮੌਜੀ ਬੇਪਰਵਾਹ ਜਿਹਾ
ਕੁੱਝ ਦਿਨ ਠਹਿਰ ਮੇਰੇ ਨਾਲ ਇੱਥੇ ਵੀ ਕੋਈ ਦੁਨਿਆਦਾਰ ਮਿਲ ਜਾਵੇਗਾ

ਹਾਲੇ ਹਾਂ ਮੈਂ ਅਣਘੜਤ ਪੱਥਰ ਜਿਹਾ ਹਾਂ, ਜਿਸ ਦਿਨ ਤਰਾਸਿਆ ਗਿਆ,
ਉਸ ਦਿਨ ਮੇਰੇ 'ਚੋਂ ਵੀ ਤੈਨੂੰ ਕੋਈ ਪਾਤਰ ਪਾਸ਼ ਜਗਤਾਰ ਮਿਲ ਜਾਵੇਗਾ

ਰੁਮਾਨੀ ਸੁਭਾਅ ਮੇਰਾ, ਲਿਖਦਾ ਹਾਂ ਗੀਤ ਮੁਹੱਬਤ ਦੇ, ਜੇ ਕਦੇ ਭੀੜ ਪਈ
ਮੇਰੇ ਅੰਦਰ ਵੀ ਇਨਕਲਾਬੀ ਭਗਤ ਸਿੰਘ ਜਿਹਾ ਸਰਦਾਰ ਮਿਲ ਜਾਵੇਗਾ

ਹਾਲੇ ਇੱਕ ਤਰਫ਼ ਬਿਆਨ ਮੇਰਾ ਮੇਰੇ ਉੱਤੇ ਉੱਠਣ ਦਿਓ ਕੁੱਝ ਉਂਗਲਾਂ ਨੂੰ
ਯਕੀਨ ਮੰਨਿਓ ਮੇਰੇ ਵਿੱਚ ਵੀ ਕੋਈ ਨਾ ਕੋਈ ਗੁਨਾਹਗਾਰ ਮਿਲ ਜਾਵੇਗਾ

ਬਸ ਕਿਧਰੇ ਮਿਲ ਜਾਵੇ ਕੋਈ ਢੁਕਵੀਂ ਮਿੱਠੀ ਜਿਹੀ ਆਵਾਜ਼ ਮੇਰੇ ਗੀਤਾਂ ਨੂੰ
ਫੇਰ ਆਮ ਜਿਹੇ ਇਸ ਮੁੰਡੇ ਵਿੱਚ ਵੀ ਕੋਈ ਨਾਮੀ ਗੀਤਕਾਰ ਮਿਲ ਜਾਵੇਗਾ

#punjab84  

ਧੰਨਵਾਦ ਸਹਿਤ- ਕੁਲਵੰਤ ਹੈੱਪੀ
Share |

Friday, July 10, 2015

ਇਹ ਜੋ ਗਮ ਨੇ ਮੇਰੇ

 ਇਹ ਤਾਂ ਮੇਰੇ ਸਾਹਾਂ ਜਿਹੇ
ਜਨਮਾਂ ਤੋਂ ਮੇਰੇ ਨਾਲ ਰਹੇ
ਇਹ ਜੋ ਗਮ ਨੇ ਮੇਰੇ
ਇਹ ਹਮਦਮ ਨੇ ਮੇਰੇ

ਇਹ ਮੌਸਮ ਰੁੱਤ ਜਿਹੇ
ਇਹ ਧੀਆਂ ਪੁੱਤ ਜਿਹੇ
ਇਹ ਕੁਝ ਸ਼ੋਰ ਸ਼ਰਾਬੇ
ਕੁਝ ਚੰਦਰੇ ਚੁੱਪ ਜਿਹੇ
ਇਹ ਜੋ ਗਮ ਨੇ ਮੇਰੇ
ਇਹ ਹਮਦਮ ਨੇ ਮੇਰੇ

ਇਹ ਹਮਸਫ਼ਰ ਮੇਰੇ ਜਿੰਦਗੀ ਦੀ ਰਾਹੇ
ਇਹ ਕਾਟਾਂ ਨੇ 'ਤੇ ਇਹ ਹੀ ਨੇ ਜੁਲਾਹੇ
ਇਹ ਹੀ ਮੰਜਿਲ ਦੇ ਰਾਹ ਇਹ ਹੀਨੇ ਦੁਰਾਹੇ
ਇਹ ਜੋ ਗਮ ਨੇ ਮੇਰੇ
ਇਹ ਹਮਦਮ ਨੇ ਮੇਰੇ

ਇਹ ਹੀ ਦੁਸ਼ਮਣ ਸ਼ਰੀਕ ਇਹ ਹੀ ਮੀਤ ਨੇ ਮੇਰੇ
ਇਹ ਹੀ ਵੈਣ 'ਤੇ ਇਹ ਹੀ ਵਸਲ ਦੇ ਗੀਤ ਨੇ ਮੇਰੇ
ਇਹ ਹੀ ਗਰਮ 'ਤੇ ਇਹ ਮੌਸਮ ਠੰਡੇ ਸ਼ੀਤ ਨੇ ਮੇਰੇ
ਇਹ ਜੋ ਗਮ ਨੇ ਮੇਰੇ
ਇਹ ਹਮਦਮ ਨੇ ਮੇਰੇ 

ਧੰਨਵਾਦ ਸਹਿਤ- ਕੁਲਵੰਤ ਹੈੱਪੀ
Share |

Monday, May 11, 2015

ਮੈਨੂੰ ਤੂੰ ਹਾਲੇ ਤੱਕ"SINGLE" ਕਿਉਂ ?

ਓਹ ਕਹਿੰਦੀ ਮੈਨੂੰ ਤੂੰ ਹਾਲੇ ਤੱਕ"SINGLE" ਕਿਉਂ ?
ਮੈਂ ਕਿਹਾ ਕੋਈ ਮਿਲਦੀ ਸੱਚੀ "ਹੀਰ" ਹੈਣੀ.....

ਕਹਿੰਦੀ ਕੀ ਗੱਲ ਕਦੇ ਤੂੰ ਕੋਈ"ਸ਼ਿਕਾਰ" ਨੀ ਕੀਤਾ ?
ਮੈਂ ਕਿਹਾ ਛੱਡਿਆ ਕਦੇ ਮੈਂ ਇਸ਼ਕ ਦਾ ਤੀਰ ਹੈਣੀ......

ਕਹਿੰਦੀ ਕਿਉਂ ? ਇੰਨਾ "ਸੋਹਣਾ" ਤਾਂ ਤੂੰ ਹੈਗਾ ਏ,
ਮੈਂ ਕਿਹਾ ਪਰ ਮੇਰੀ ਚੰਗੀ ਤਕਦੀਰ ਹੈਣੀ.....

ਕਹਿੰਦੀ ਮੈਂ ਸੋਚਿਆ ਤੈਨੂੰ ਕੁੜ੍ਹੀਆਂ ਪੂਜਦੀਆਂ ਹੋਣੀਆਂ,
ਮੈਂ ਕਿਹਾ ਐੱਡਾ ਵੀ ਮੈਂ ਕੋਈ ਫਕੀਰ ਹੈਣੀ.....

ਕਹਿੰਦੀ ਜੇ ਮੈਂ ਹੋਵਾਂ ਤਾਂ ਤੈਨੂੰ"ਦਿਲ" 'ਚ ਵਸਾਕੇ ਰੱਖਾਂ,
ਮੈਂ ਕਿਹਾ ਇੰਨੀ ਸੋਹਣੀ ਵੀ ਮੈਂ ਤਸਵੀਰ ਹੈਣੀ.....

ਕਹਿੰਦੀ ਮੈਂ ਯਾਰੀ ਲਾਵਾਂ ਤਾਂ ਮੈਨੂੰ "AISH" ਕਰਾਏਂਗਾ ?
ਮੈਂ ਕਿਹਾ ਐੱਡਾ ਵੀ ਮੈਂ ਕੋਈ "ਵਜੀਰ" ਹੈਣੀ.....

ਕਹਿੰਦੀ "SERIOUS" ਨਾ ਸਹੀ "TIME" ਈ ਟਪਾਲੈ,
ਮੈਂ ਕਿਹਾ ਜਿਸਮਾਂ ਨਾਲ ਖੇਡਣ ਆਲਾ ਮੇਰਾ ਜ਼ਮੀਰ ਹੈਣੀ......

ਕਹਿੰਦੀ ਜਾ ਫੇਰ ਦਫਾ ਹੋ ਤੇਰੇ ਵਰਗੇ ਮੈਨੂੰ ਹੋਰ ਬਥੇਰੇ,
ਮੈਂ ਕਿਹਾ ਪਰ "Saade" ਵਰਗਾ ਕੋਈ ਸੱਚਾ ਦਿਲਗੀਰ ਹੈਣੀ......!!"

Saturday, December 6, 2014

ਕੰਨਾਂ ਰਾਹੀਂ ਦਿਲ ‘ਚ ਉਤਰਦੀ ਆਵਾਜ਼ “ਯਾਰ ‘ਤੇ ਪਿਆਰ”

ਅੱਜ ਤੋਂ ਕਈ ਵਰ੍ਹੇ ਪਹਿਲਾਂ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਦੀ ਐਲਬਮ ਹੋਕਾ ਦੇ ਬਾਰੇ ਲਿਖਿਆ ਸੀ। ਮੈਨੂੰ ਹਰਦੇਵ ਮਾਹੀਨੰਗਲ ਦੀ ਹੋਕਾ ਐਲਬਮ ਬੇਹਦ ਪਸੰਦ ਆਈ ਸੀ। ਯਕੀਨਨ, ਇਸ ਐਲਬਮ ਨੂੰ ਕਮਰਸ਼ੀਅਲ ਨਜ਼ਰੀਏ ਨਾਲ ਨਹੀਂ ਕੀਤਾ ਗਿਆ ਸੀ। ਕਿਉਂਕਿ ਚੰਗੇ ਗੀਤਾਂ ਦੇ ਗ੍ਰਾਹਕ ਥੋੜ੍ਹੇ ਹੁੰਦੇ ਨੇ, ‘ਤੇ ਕੋਈ ਵੀ ਰਿਸਕ ਲੈਣਾ ਪਸੰਦ ਨਹੀਂ ਕਰਦਾ, ਕਿੰਤੂ ਹਰਦੇਵ ਮਾਹੀਨੰਗਲ ਨੇ ਅਜਿਹਾ ਕੀਤਾ। 
ਹੁਣ ਮੈਂ ਚਰਚਾ ਕਰ ਲੱਗਿਆ ਹਾਂ ਆਪਣੇ ਮਨਪਸੰਦ ਗਾਇਕ ਗੋਰਾ ਚੱਕਵਾਲਾ ਦੀ ਨਵੀਂ ਐਲਬਮ “ਯਾਰ ‘ਤੇ ਪਿਆਰ” ਦੀ। ਪਿਛਲੇ ਦੋ ਦਹਾਕਿਆਂ ਤੋਂ ਗੋਰਾ ਚੱਕਵਾਲਾ ਪੰਜਾਬੀ ਸੰਗੀਤ ਵਿੱਚ ਨਿਰੰਤਰ ਆਪਣੀ ਪੈਠ ਬਣਾਏ ਹੋਏ ਹੈ। ਇਸ ਲਈ ਕਿਸੇ ਪਹਿਚਾਣ ਦਾ ਤਾਂ ਮੁਥਾਜ ਨਹੀਂ, ਪ੍ਰੰਤੂ ਗੋਰਾ ਚੱਕਵਾਲਾ ਹਮੇਸ਼ਾ ਪਬਲਿਸਿਟੀ ਤੋਂ ਦੂਰ ਰਹਿਆ ਹੈ ਅਤੇ ਆਪਣੇ ਪਾਰਿਵਾਰਿਕ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲ ‘ਚ ਜਗ੍ਹਾ ਬਣਾਈ ਰੱਖੀ।

ਗੋਰਾ ਚੱਕਵਾਲਾ ਦੀ ਨਵੀਂ ਐਲਬਮ “ਯਾਰ ‘ਤੇ ਪਿਆਰ” ਨੂੰ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਉਹ ਇਸ ਐਲਬਮ ਦੇ ਨਾਲ ਆਪਣੇ ਪੁਰਾਣੇ ਸਰੋਤਾ ਵਰਗ ਨੂੰ ਸੰਤੁਸ਼ਟ ਹੀ ਨਹੀਂ ਬਲਕਿ ਇੱਕ ਨਵਾਂ ਸਰੋਤਾ ਵਰਗ ਵੀ ਤਿਆਰ ਕਰਨ ‘ਚ ਸਫ਼ਲ ਹੋਣਗੇ। 

ਗੋਰਾ ਚੱਕਵਾਲਾ ਦੀ ਨਵੀਂ ਐਲਬਮ “ਯਾਰ ‘ਤੇ ਪਿਆਰ” ‘ਚ ਹਰ ਰੰਗ ਦਾ ਗੀਤ ਹੈ, ਜੋ ਦਿਲ ਨੂੰ ਛੋਹਦਾ ਹੈ। ਆਪਣਾ ਗੱਲ ਐਲਬਮ ਦੇ ਟਾਈਟਲ ਗੀਤ “ਯਾਰ ‘ਤੇ ਪਿਆਰ” ਤੋਂ ਤੋਰਦੇ ਹਾਂ। ਇਸ ਗੀਤ ਵਿੱਚ ਮਹਿਲਾ ਪੁੰਨੀ ਨੇ ਇੱਕ ਨੌਜਵਾਨ ਦੇ ਦਰਦ ਨੂੰ ਉਭਾਰਿਆ ਹੈ, ਜੋ ਯਾਰ ‘ਤੇ ਪਿਆਰ ਦੇ ਵਿੱਚਕਾਰ ਹੈ, ਜਿਹਦੇ ਲਈ ਦੋਵੇਂ ਬਰਾਬਰ ਦੀ ਅਹਿਮੀਅਤ ਰੱਖਦੇ ਨੇ। ਉੱਥੇ ਹੀ, ਗੀਤਕਾਰ ਡੀਸੀ ਧੂਰਕੋਟ ਨੇ ਲਾਡਲੇ ਜਵਾਈ ਦੇ ਰਾਹੀਂ ਜਵਾਈਆਂ ਦੇ ਸੰਦਰਭ ‘ਚ ਇੱਕ ਨਵੀਂ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ਜੋ ਅਜੋਕੇ ਯੁੱਗ ‘ਚ ਕਰਨੀ ਬੇਹੱਦ ਜਰੂਰੀ ਹੈ। ਇਸ ਗੀਤ ਦੇ ਰਾਹੀਂ ਸਮਾਜ ਦਾ ਇੱਕ ਸੁਨਹਿਰਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕਾਕਾ ਮਾਨ ਬਰਨਾਲਾ ਦੀ ਕਲਮ ‘ਚ ਨਿਕਲਿਆ ਗੀਤ ਨਾਨਕਾ ਮੇਲ ਵਿਆਹ ਨਾਲ ਜੁੜ੍ਹੀਆਂ ਪੁਰਾਣੀਆਂ ਗੱਲਾਂ ਨੂੰ ਤਾਜਾ ਕਰਦਾ ਹੈ। ਜਿੰਦਗੀ ਵਿੱਚ ਤਨਾਅ ਬਹੁਤ ਹੈ। ਹਰ ਬੰਦਾ ਆਪਣੇ ਮਨ ਨੂੰ ਤਨਾਅ ਭਰੀ ਫਿਰਦਾ ਐ, ਇਸ ਤਨਾਅ ਨੂੰ ਘੱਟ ਕਰਨਾ ਦਾ ਨੁਕਤਾ ਪੰਜਾਬੀ ਗੀਤਕਾਰ ਮਹਿਲਾ ਪੁੰਨੀ ਆਪਣੇ ਗੀਤ ਛੁੱਟੀਆਂ ਦੇ ਰਾਹੀਂ ਦੱਸਦਾ ਹੈ।

ਨੀ ਜਿੰਦੇ ਰਹਿ ਫੱਕਰਾਂ ਦੀ ਬਣਕੇ ਦੇ ਰਾਹੀ ਗੀਤਕਾਰ ‘ਤੇ ਗਾਇਕ ਗੋਰਾ ਚੱਕਵਾਲਾ ਨੇ ਬਹੁਤ ਦੂਰ ਦੀ ਗੱਲ ਕਹੀ ਹੈ। ਇਸ ਗੀਤ ਨੂੰ ਪੂਰੀ ਤਰ੍ਹਾਂ ਡੁੱਬਕੇ ਗਾਇਆ ਹੈ, ਇਸਦਾ ਮੁੱਖ ਕਾਰਣ ਇਹ ਹੈ ਕਿ ਇਹ ਲਫ਼ਜ਼ ਸਵੈ ਗੋਰੇ ਦੇ ਆਪਣੇ ਨੇ, ਜਦੋਂ ਕੋਈ ਆਪਣੀ ਮਸਤੀ ਦੇ ਵਿੱਚ ਆਪਣੇ ਦਿਲ ਦੀ ਗੱਲ ਕਹਿੰਦਾ ਐ, ਤਾਂ ਦੂਜੇ ਦਿਲ ‘ਚ ਗੱਲ ਦਾ ਉਤਰਨਾ ਲਾਜ਼ਮੀ ਐ। ਮੈਨੂੰ ਲੱਗਦਾ ਐ ਕਿ ਇਹ ਗੀਤ ਸਰੋਤਿਆਂ ਨੂੰ ਰੂਹਾਨੀ ਰੰਗ ‘ਚ ਜਰੂਰ ਰੰਗੇ।

ਇੱਕ ਨੌਜਵਾਨ ਦੇ ਪਿਆਰ ਭਰੇ ਦਿਲ ਦੇ ਜ਼ਜਬਾਤਾਂ ਨੂੰ ਪ੍ਰਗਟ ਕਰਦਾ ਗੀਤ ਸਾਹਾਂ ਦੀ ਮਾਲਾ ਬਹੁਤ ਹੀ ਆਤਮੀਅਤ ਦੇ ਨਾਲ ਗਾਇਆ ਗਿਆ ਹੈ, ਜੋ ਹਰ ਦਿਲ ਦੀ ਵਿੱਚ ਉਤਰਨਾ ਲਾਜ਼ਮੀ ਐ। ਜਿਗਰੇ ਗੀਤ, ਜੋ ਮਹਿਲਾ ਪੁੰਨੀ ਦਾ ਲਿਖਿਆ ਹੈ, ਇੱਕ ਆਸ਼ਿਕ ਦੀ ਗੱਲ ਉਸਦੀ ਪ੍ਰੇਮਿਕਾ ਦੇ ਸਾਹਮਣੇ ਇੱਕ ਸਵਾਲ ਦੇ ਰੂਪ ਵਿੱਚ ਰੱਖਦਾ ਐ, ਜੋ ਸ਼ਾਇਦ ਲੱਗੀਆਂ ਨਿਭਾਉਣ ਤੋਂ ਕੰਨੀ ਕੱਟਦੀ ਨਜ਼ਰ ਆ ਰਹੀ ਐ। ਇਸ ਗੀਤ ਦਾ ਸੰਗੀਤ ਵਰਤਮਾਨ ਸਮੇਂ ਦੇ ਵਿੱਚ ਵੱਜ ਰਹੇ ਸੰਗੀਤ ਨੂੰ ਧਿਆਨ ‘ਚ ਰੱਖਕੇ ਤਿਆਰ ਕੀਤਾ ਗਿਆ ਹੈ, ਜੋ ਗੋਰਾ ਚੱਕਵਾਲਾ ਦੇ ਬਦਲੇ ਹੋਏ ਸਰੂਪ ਦੀ ਲਾਜਵਾਬ ਝਲਕ ਹੈ। ਹਾਲਾਂਕਿ ਧੋਖਾ ਐਲਬਮ ਦੇ ਵਿੱਚ ਉਸ ਤਰ੍ਹਾਂ ਦਾ ਪ੍ਰਯੋਗ ਵੇਖਣ ਨੂੰ ਮਿਲਿਆ ਸੀ।

ਜਸਵੀਰ ਭੱਠਲ ਦਾ ਲਿਖਿਆ ਗੀਤ ਚੈਟਿੰਗ ਵੀ ਬਹੁਤ ਖੂਬਸੂਰਤ ਹੈ। ਇਸ ਗੀਤ ਰਾਹੀਂ ਅਜੋਕੇ ਸਮੇਂ ਦੀ ਗੱਲ ਕੀਤੀ ਗਈ। ਇਸ ਵਿੱਚ ਇੱਕ ਕੁੜ੍ਹੀ ਦਾ ਜਿਕਰ ਹੈ, ਜੋ ਮਾਡਰਨ ਲਾਈਫ਼ ਜਿਉਂਦੀ ਐ। 

ਗੋਰਾ ਚੱਕਵਾਲਾ ਨੇ ਆਪਣੇ ਪੁਰਾਣੇ ਸਰੋਤਿਆਂ ਦਾ ਖਿਆਲ ਰੱਖਦੇ ਹੋਏ ਪਿਆਰ ਦੇ ਸਬੂਤ ਜਿਹੇ ਖੂਬਸੂਰਤ ਦਰਦ ਭਰੇ ਗੀਤ ਨੂੰ ਵੀ ਐਬਲਮ ਦੇ ਵਿੱਚ ਸ਼ਾਮਿਲ ਕੀਤਾ ਹੈ। ਰਾਮਾ ਜੈਨਪੁਰੀ ਦਾ ਲਿਖਿਆ ਗੀਤ ਜਦ ਤੂੰ ਮਿਲੀ ਇੱਕ ਅਲੱਗ ਅਹਿਸਾਸ ਨੂੰ ਬਿਆਨ ਕਰਦਾ ਐ।

ਅੰਤ ‘ਚ ਤਾਂ ਐਨਾ ਹੀ ਕਹਾਂਗੇ ਕਿ ਗੋਰਾ ਚੱਕਵਾਲਾ ਦੀ ਆਵਾਜ਼ ਆਰ ਗੁਰੂ ਦੇ ਸੰਗੀਤ ਨਾਲ ਇੱਕ ਮਿੱਕ ਹੋਕੇ ਕੰਨ੍ਹਾਂ ਦੇ ਰਾਹੀਂ ਦਿਲ ਦੇ ਵਿੱਚ ਉਤਰਦੀ ਐ।


ਗੀਤ ਸੁਣਨ ਦੇ ਲਈ ਏਥੇ ਕਲਿਕ ਕਰੋ।


Wednesday, July 2, 2014

ਨੰਗ ਧੜੰਗੀ ਆਈ ਨੀ ਜਿੰਦੇ,

ਨੰਗ ਧੜੰਗੀ ਆਈ ਨੀ ਜਿੰਦੇ,
ਨੰਗ ਧੜੰਗੀ ਜਾਣਾ
ਏਥੋਂ ਦਾ ਖੱਟਿਆ
ਏਥੇ ਹੀ ਰਹਿ ਜਾਣਾ
ਪਲਕ ਝਪਕਦੇ ਸਭਨੂੰ
ਅਲਵਿਦਾ ਕਹਿ ਜਾਣਾ
ਜਦੋਂ ਮਾਰ ਲਈ ਆਵਾਜ ਸੋਹਣੇ ਮਾਹੀ
ਕਿਸੇ ਨਾ ਇੱਕ ਰਾਤ ਰੱਖਣਾ
ਛੱਡ ਜਿੰਦੇ ਮੇਰੀਏ,
ਬੁਰਾਈਆਂ ਵਾਲੇ ਚਰਖੇ ਨੂੰ ਕੱਤਣਾ

Friday, April 25, 2014

ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਖੁੱਲ੍ਹੀ ਚਿੱਠੀ -2

ਨੋਟ:  ਜੇ ਕੋਈ ਹੋਰ ਪ੍ਰਕਾਸ਼ ਸਿੰਘ ਬਾਦਲ ਨਾਮ ਦਾ ਵਿਅਕਤੀ ਇਹ ਚਿੱਠੀ ਪੜ੍ਹ ਰਿਹਾ ਹੋਵੇ ਤਾਂ ਉਸ ਕੋਲੋਂ ਅਗਾਊਂ ਮੁਆਫੀ ਮੰਗਦਾ ਹਾਂ। ਕਿਉਂਕਿ ਜਿਸ ਪੰਜਾਬ ਵਿੱਚ ੬-੬ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਹਨ, ਓਥੇ ਪ੍ਰਕਾਸ਼ ਸਿੰਘ ਬਾਦਲ ਇੱਕੋ ਹੀ ਹੋਵੇ, ਯਕੀਨ ਜਿਹਾ ਨਹੀਂ ਆਉਂਦਾ।

ਮੁੱਖ ਮੰਤਰੀ ਸਾਹਿਬ,
ਸਭ ਤੋਂ ਪਹਿਲਾਂ ਪੰਜਵੀਂ ਵਾਰ ਪੰਜਾਬ ਦੇ ਮੁੱਖਮੰਤਰੀ ਵਾਲੀ ਕੁਰਸੀ ਤੇ ਬਹਿ ਜਾਣ ਦੀਆਂ ਵਧਾਈਆਂ ਕਬੂਲੋ। ਜੇ ਤੁਸੀਂ ਪਹਿਲੀ ਵਾਰ ਮੁੱਖਮੰਤਰੀ ਬਣੇ ਹੁੰਦੇ ਤਾਂ ਸਾਨੂੰ ਤੁਹਾਡੇ ਕੋਲੋਂ ਕੋਈ ਉਮੀਦ ਹੋਣੀ ਸੀ ਕਿ ਸ਼ਾਇਦ ਇਹ ਬੰਦਾ ਪੰਜਾਬ ਦੀ ਭਲਾਈ ਵਾਸਤੇ ਕੁੱਝ ਕਰਨ ਦਾ ਮਾਦਾ ਰੱਖਦਾ ਹੋਵੇਗਾ। ਪਰ ਤੁਸੀਂ ਪੰਜਵੀਂ ਵਾਰ ਮੁੱਖਮੰਤਰੀ ਬਣੇ ਹੋ ਤੇ ਤਜ਼ਰਬਾ ਦੱਸਦਾ ਹੈ ਕਿ ਏਨੇ ਲੰਮੇ ਕਾਰਜਕਾਲ ਅਤੇ ਪੰਜ ਸਾਲ ਪੰਜਾਬ ਨੂੰ ਬਲ਼ਦੀ ਦੇ ਬੂਥੇ ਦੇਣ ਤੋਂ ਬਾਅਦ ਅਗਲੇ ਪੰਜ ਸਾਲ ਵੀ ਤੁਸੀਂ ਹੀ ਭੋਗਣੇ ਹਨ। ਤੁਹਾਡੇ ਤੋਂ ਉਮੀਦ ਕਰਨੀ ਬਣਦੀ ਹੈ ਕਿਉਂ ਕਿ ਚਾਹੇ ਜਿਵੇਂ ਕਿਵੇਂ ਦੇ ਵੀ ਹੋ ਪਰ ਲੋਕਾਂ ਦੇ ਆਗੂ ਹੋ, ਪੰਜਾਬ ਦੀ ਅਗਵਾਈ ਕਰ ਰਹੇ ਹੋ ਤੇ ਜੇ ਤੁਹਾਡੇ ਕਾਰਜਕਾਲ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਿਘਾਰ ਵੱਲ੍ਹ ਗਈ ਹੈ ਤਾਂ ਇਸ ਦੇ ਪੂਰੇ-ਸੂਰੇ ਜ਼ਿੰਮੇਵਾਰ ਵੀ ਤੁਸੀਂ ਹੀ ਹੋ।

ਗੱਲਾਂ ਤਾਂ ਪਹਿਲੀ ਚਿੱਠੀ ਵਿੱਚ ਵੀ ਬਹੁਤ ਕੀਤੀਆਂ ਸੀ, ਪਰ ਇਹ ਸਾਨੂੰ ਵੀ ਪਤਾ ਸੀ ਕਿ ਪੱਥਰ ਤੇ ਪਾਣੀ ਪਾਇਆਂ ਪੱਥਰ ਜੇ ਘਸ ਨਹੀਂ ਸਕਦਾ, ਧੋਇਆ ਤਾਂ ਜਾ ਹੀ ਸਕਦਾ ਹੈ। ਪਰ ਸਾਡੀ ਇਹ ਆਸ ਨੂੰ ਵੀ ਬੂਰ ਨਹੀਂ ਪਿਆ ਤੇ ਪੰਜਾਬ ਹੋਰ ਵੀ ਨਿਘਾਰ ਵੱਲ੍ਹ ਜਾਣਾ ਸ਼ੁਰੂ ਹੋ ਗਿਆ।

ਮੈਂ ਪਿਛਲੇ ਦਿਨੀਂ ਅਮ੍ਰਿਤਸਰ ਗਿਆ ਸੀ ਤੇ ਓਥੇ ਮਕਬੂਲਪੁਰਾ ਪਿੰਡ ਵਿੱਚ ਜਾਣ ਦਾ ਸਬੱਬ ਬਣਿਆ। ਪਤਾ ਤੁਹਾਨੂੰ ਵੀ ਹੋਵੇਗਾ ਮਕਬੂਲਪੁਰਾ ਪਿੰਡ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਕਿਵੇਂ ਆ ਗਿਆ, ਤੁਹਾਡੇ ਡੇਲੇ ਨਹੀਂ ਫੁੱਟੇ ਹੋਏ। ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਨੇ ਵੀ ਦੱਸ ਹੀ ਦਿੱਤਾ ਹੋਣਾ ਏ। ਜੇ ਭੁੱਲ ਗਏ ਓ ਜਾਂ ਭੁੱਲਣ ਦਾ ਬਹਾਨਾ ਲੱਭਦੇ ਓ ਤਾਂ ਮੈਂ ਦੱਸ ਦਿੰਦਾ ਹਾਂ। ਇਹ ਉਹ ਪਿੰਡ ਹੈ ਜਿੱਥੋਂ ਦੇ ਅੱਧਿਓਂ ਵੱਧ ਬੱਚੇ ਅਨਾਥ ਹਨ ਤੇ ਅੱਧੀਓਂ ਵੱਧ ਮੁਟਿਆਰਾਂ ਵਿਧਵਾ ਹੋ ਕੇ ਜਵਾਨੀ ਵਿੱਚ ਹੀ ਬੁਢੇਪਾ ਸਹੇੜ ਬੈਠੀਆਂ ਹਨ।  ਏਸ ਪਿੰਡ ਵਿੱਚ ਕਿਸੇ ਨੂੰ ਰੋਟੀ ਮਿਲੇ ਨਾ ਮਿਲੇ, ਪਰ ਹਰ ਤਰਾਂ ਦਾ ਨਸ਼ਾ ਆਮ ਮਿਲ ਜਾਂਦਾ ਹੈ ਤੇ ਬਹੁਤੇ ਪਿੰਡ ਵਾਸੀ ਨਸ਼ਿਆਂ ਦੀ ਭੇਟ ਚੜ੍ਹ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।


ਅਮ੍ਰਿਤਸਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਧੱਕੇ ਖਾ ਰਹੀਆਂ ਸੁਹਾਗਣਾਂ ਦੇ ਵਿਰਲਾਪ ਵੇਖੇ ਨਹੀਂ ਜਾਂਦੇ, ਜਿਹਨਾਂ ਨੇ ਜ਼ਿੰਦਗੀ ਦੇ ਰੰਗ ਮਾਨਣੇ ਸਨ, ਉਹ ਅਪਣੇ ਮਰਨ ਕਿਨਾਰੇ ਪਏ ਪਤੀ ਨੂੰ ਇਹਨਾਂ ਹਸਪਤਾਲਾਂ ਵਿੱਚ ਦਾਖਲ ਕਰਵਾਉਣ ਆਉਂਦੀਆਂ ਹਨ।


ਮਾਵਾਂ, ਜਿਹਨਾਂ ਨੇ ਬੁਢਾਪੇ ਵਿੱਚ ਪੁੱਤਰਾਂ ਦਾ ਸੁੱਖ ਵੇਖਣਾ ਸੀ, ਉਹ ਨਸ਼ਿਆਂ ਕਾਰਣ ਮਰੀਅਲ ਜਿਹੇ ਪੁੱਤਰਾਂ ਨੂੰ ਲੈ ਕੇ ਹਸਪਤਾਲਾਂ ਵਿੱਚ ਧੱਕੇ ਖਾਂਦੀਆਂ ਫਿਰਦੀਆਂ ਹਨ। ਮੈਨੂੰ ਯਾਦ ਆ ਰਹੇ ਹਨ ਇੱਕ ਬੀਬੀ ਦੇ ਬੋਲ ਜੋ ਬੜੀ ਨਾ ਉਮੀਦੀ ਜਿਹੀ ਨਾਲ ਅਪਣੇ ਪੁੱਤਰ ਦਾ ਨਸ਼ਿਆਂ ਤੋਂ ਖਹਿੜਾ ਛੁਡਾਉਣ ਵਾਸਤੇ ਹਸਪਤਾਲ ਦਾਖਲ ਕਰਵਾਉਣ ਆਈ ਸੀ। ਪੁੱਛਣ ਤੇ ਫਿੱਸ ਪਈ ਤੇ ਦੱਸਿਆ ਕਿ ਹੁਣ ਤਾਂ ਰਿਸ਼ਤੇਦਾਰ ਵੀ ਮਦਦ ਨਹੀਂ ਕਰਦੇ, ਘਰ ਦਾ ਸਭ ਕੁੱਝ ਮਾਲ-ਪੱਠਾ ਵੀ ਵਿਕ ਗਿਆ ਹੈ ਤੇ ਵਹੁਟੀ ਵੀ ਇਸ ਦੀ ਛੱਡ ਕੇ ਚਲੀ ਗਈ ਹੈ। ਮੈਂ ਉਸ ਦਾ ਹੌਸਲਾ ਬੰਨ੍ਹਣ ਲਈ ਕਹਿ ਦਿੱਤਾ ਸੀ ਕਿ ਹੁਣ ਏਥੇ ਆ ਗਈ ਹੈ ਸਭ ਕੁੱਝ ਠੀਕ ਹੋ ਜਾਵੇਗਾ। ਹੁਣ ਤੇਰਾ ਪੁੱਤ ਏਥੋਂ ਬਿਲਕੁਲ ਨਸ਼ਾ-ਮੁਕਤ ਹੋ ਕੇ ਜਾਵੇਗਾ।


ਜੇ ਬਾਦਲ ਸਾਹਬ ਓਸ ਵੇਲੇ ਓਸ ਬੀਬੀ ਦੇ ਸਾਹਮਣੇ ਤੁਸੀਂ ਹੁੰਦੇ ਤਾਂ ਓਸ ਬੀਬੀ ਨੇ ਕਤਲ ਦੇ ਇਲਜਾਮ ਵਿੱਚ ਜੇਲ੍ਹ ਕੱਟ ਰਹੀ ਹੋਣਾ ਸੀ ਤੇ ਲੱਖਾਂ ਹੀ ਪੰਜਾਬੀਆਂ ਦੀਆਂ ਅਸੀਸਾਂ ਉਸ ਦੀ ਝੋਲ਼ੀ ਪੈਣੀਆਂ ਸਨ। ਉਹ ਬੱਸ ਦੰਦ ਪੀਹ ਕੇ ਹੀ ਰਹਿ ਗਈ। ਉਸ ਨੇ ਜੋ ਕਿਹਾ ਹੈ ਉਹ ਸੁਣੋ, "ਹਾਂ ਮੇਰਾ ਪੁੱਤ ਏਥੋਂ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਵੇਗਾ, ਪਰ ਜਾਵੇਗਾ ਕਿੱਥੇ? ਓਥੇ ਹੀ, ਬਾਦਲ ਦੀ ਮਾਂ ਦੇ ........... ਵਿੱਚ? ਕੀ ਗਾਰੰਟੀ ਹੈ ਕਿ ਉਹ ਮੁੜ ਨਸ਼ਿਆਂ ਦੀ ਲਪੇਟ ਵਿੱਚ ਨਹੀਂ ਆਵੇਗਾ?"

ਮੈਂ ਉਸ ਨੂੰ ਕਿਵੇਂ ਕਹਿੰਦਾ ਕਿ ਅਪਣੇ ਪੁੱਤ ਨੂੰ ਬਚਾ ਕੇ ਰੱਖੀਂ, ਉਸ ਨੂੰ ਅਜਿਹੇ ਮਾਹੌਲ ਤੋਂ ਦੂਰ ਰੱਖੀਂ। ਕੀ ਉਹ ਉਸ ਨੂੰ ਸੰਗਲ਼ ਨਾਲ ਬੰਨ੍ਹ ਕੇ ਰੱਖੇ? ਕਹਿਣ ਨੂੰ ਤਾਂ ਤੁਸੀਂ ਵੀ ਬੜਾ ਸੋਹਣਾ ਜਿਹਾ ਮੂੰਹ ਬਣਾ ਕੇ ਕਹਿ ਸਕਦੇ ਹੋ ਕਿ ਬਚਾਅ ਵਿੱਚ ਹੀ ਬਚਾਅ ਹੈ। ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਵਗੈਰਾ ਵਗੈਰਾ। ਤੁਸੀਂ ਤਾਂ ਇਹੋ ਕਹਿੰਦੇ ਆਏ ਹੋ ਕਿ ਇਹ ਮਾਰੂ ਨਸ਼ੇ ਪਾਕਿਸਤਾਨ ਤੋਂ ਸਪਲਾਈ ਹੋ ਰਹੇ ਹਨ, ਕੇਂਦਰ ਸਰਕਾਰ ਮੁਸਤੈਦ ਨਹੀਂ ਹੈ। ਪਰ ਬਾਦਲ ਸਾਹਬ, ਸੱਚ ਤੋਂ ਭੱਜ ਕੇ ਜਾਓਗੇ ਕਿੱਥੇ? ਰੇਤੇ ਦੀ ਟਰਾਲੀ ਤੁਸੀਂ ਦੋ ਕਿਲੋਮੀਟਰ ਨਹੀਂ ਟੱਪਣ ਦੇਂਦੇ ਤੇ ਇਹ ਨਸ਼ੇ ਥੋਕ ਦੇ ਭਾਅ ਹਜ਼ਾਰਾਂ ਕਿਲੋਮੀਟਰ ਟੱਪ ਜਾਂਦੇ ਹਨ, ਤੁਸੀਂ ਅੰਨ੍ਹੇ ਹੋ ਜਾਂ ਲੋਕ ਅੰਨ੍ਹੇ ਨੇ? ਪੰਜਾਬ ਦਾ ਇੱਕ ਵੀ ਪਿੰਡ ਦੱਸ ਦਿਓ ਜਿੱਥੇ ਸਮੈਕ ਨਾ ਮਿਲਦੀ ਹੋਵੇ, ਹੈਰੋਇਨ ਨਾ ਮਿਲਦੀ ਹੋਵੇ? ਗੋਲ਼ੀਆਂ ਕੈਪਸੂਲ ਮੈਨੂੰ ਦੱਸੋ ਕਿਹੜੇ ਕੈਮਿਸਟ ਕੋਲੋਂ ਬਗੈਰ ਡਾਕਟਰ ਦੀ ਪਰਚੀ ਤੋਂ ਨਹੀਂ ਮਿਲਦੇ, ਮੈਂ ਪ੍ਰਾਪਤ ਕਰਕੇ ਦੱਸਾਂਗਾ ਬਾਦਲ ਸਾਹਬ ਤੁਸੀਂ ਬੱਚੇ ਨਹੀਂ ਹੋ ਅਪਣੀ ਉਮਰ ਦਾ ਲਿਹਾਜ ਰੱਖੋ ਤੇ ਲੋਕਾਂ ਦੀਆਂ ਬਦ-ਦੁਆਵਾਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ।

ਕਦੇ ਐਸ ਪੀ ਸਿੰਘ ਓਬਰਾਏ ਦੀ ਤਸਵੀਰ ਨਾਲ ਅਪਣੀ ਸ਼ਕਲ ਮਿਲਾਕੇ ਵੇਖਣ ਦੀ ਕੋਸ਼ਿਸ਼ ਕਰਿਓ। ਤੁਹਾਨੂੰ ਅਪਣੇ ਆਪ ਤੋਂ ਘ੍ਰਿਣਾ ਆਉਣੀ ਸ਼ੁਰੂ ਹੋ ਜਾਵੇਗੀ। ਇਹ ਐਸ ਪੀ ਸਿੰਘ ਓਬਰਾਏ ਉਹ ਵਿਅਕਤੀ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ ਤੇ ਇੱਕ 'ਸਰਬੱਤ ਦਾ ਭਲਾ' ਨਾਮ ਦੀ ਸੰਸਥਾ ਬਣਾ ਕੇ ਅਪਣੇ ਜਿਹੇ ਹੋਰ ਇਨਸਾਨ (ਯਾਦ ਰੱਖੋ ਮੈਂ ਇਨਸਾਨ ਕਿਹਾ ਹੈ, ਪਰ ਨਿਜੀ ਤੌਰ ਤੇ ਮੈਂ ਤੁਹਾਨੂੰ ਇਨਸਾਨ ਕਹਿ ਕੇ ਇਨਸਾਨੀਅਤ ਦੀ ਤੌਹੀਨ ਨਹੀਂ ਕਰਨਾ ਚਾਹੁੰਦਾ।) ਨਾਲ ਜੋੜ ਕੇ ਬੜੇ ਵਧੀਆ ਤੇ ਵਿਉਂਤਬੱਧ ਢੰਗ ਨਾਲ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਤੇ ਏਦਾਂ ਦੇ ਹੋਰ ਵੀ ਬੜੇ ਇਨਸਾਨ ਨੇ ਜੋ ਇਨਸਾਨੀਅਤ ਦੇ ਭਲੇ ਲਈ ਨੰਗੇ ਪੈਰੀਂ ਔਖੇ ਰਾਹਾਂ ਤੇ ਤੁਰ ਰਹੇ ਹਨ। ਮੈਂ ਉਹਨਾਂ ਦਾ ਏਥੇ ਨਾਮ ਨਹੀਂ ਲਿਖਾਂਗਾ, ਜੇ ਨਾਮ ਲਿਖ ਦਿੱਤਾ ਤਾਂ ਉਹ ਤੁਹਾਡੀ ਲਿਸਟ ਵਿੱਚ ਚੜ੍ਹ ਕੇ ਪਤਾ ਨਹੀਂ ਕਿਹੜੀ ਸੜਕ ਤੇ ਕਿਸੇ ਔਰਬਿਟ ਜਾਂ ਮਰਸੀਡੀਜ਼ ਬੈਂਜ ਦੇ ਥੱਲੇ ਦਰੜਿਆ ਜਾਵੇਗਾ। ਏਦਾਂ ਹੁੰਦਾ ਆਇਆ ਹੈ, ਜੇ ਸਬੂਤ ਆਖੋ ਤਾਂ ਸਬੂਤ ਵੀ ਮਿਲ ਜਾਣਗੇ।

ਬਾਦਲ ਸਾਹਬ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਏਥੇ ਹਰ ਧਰਮ ਦੇ ਲੋਕ ਵੱਸਦੇ ਨੇ। ਭਾਈਚਾਰਕ ਸਾਂਝ ਨੂੰ ਜੇ ਤੁਹਾਡੇ ਜਿਹੇ ਗਿੱਧਾਂ ਦੀ ਨਜ਼ਰ ਨਾ ਲੱਗੇ ਤਾਂ ਰਾਜਨੀਤੀ ਦੇ ਪੈਂਤੜੇ ਹੇਠ੍ਹ ਧਰਮ ਬਦਨਾਮ ਨਾ ਹੋਵੇ ਤੇ ਇੱਕ ਦੂਸਰੇ ਦਾ ਸਿਰ ਪਾੜਨ ਤੱਕ ਨਾ ਜਾਵੇ। ਕਿਸੇ ਤੋਂ ਲੁਕਿਆ ਨਹੀਂ ਹੋਇਆ ਕਿ ਸਰਸੇ ਵਾਲੇ ਦਾ ਵਿਰੋਧ ਕਰਕੇ ਦੰਗੇ ਭੜਕਾ ਕੇ, ਲੋਕਾਂ ਦੇ ਪੁੱਤ ਬਲ਼ਦੀ ਦੇ ਬੂਥੇ ਦੇ ਕੇ ਤੁਸੀਂ ਤੇ ਤੁਹਾਡਾ ਕੋੜਮਾ ਉਸ ਨਾਲ ਇੱਕੋ ਪਲੇਟ ਵਿੱਚ ਬਦਾਮਾਂ ਦੀਆਂ ਗਿਰੀਆਂ ਚੱਬਦਾ ਰਿਹਾ ਹੈ।

ਤਮਾਖੂ (ਬੀੜੀ, ਸਿਗਰੇਟ, ਹੁੱਕਾ ਆਦਿ) ਇੱਕ ਆਮ ਨਸ਼ਾ ਹੈ ਤੇ ਨਸ਼ਾ ਘੱਟ ਆਦਤ ਵੱਧ ਹੈ। ਹੈ ਤਾਂ ਇਹ ਵੀ ਮਾੜਾ, ਪਰ ਏਨਾ ਮਾੜਾ ਨਹੀਂ ਕਿ ਲੋਕਾਂ ਦੀਆਂ ਜੇਬ੍ਹਾਂ ਖਾਲੀ ਕਰ ਦੇਵੇ ਤੇ ਉਹਨਾਂ ਨੂੰ ਮਰਨ ਕਿਨਾਰੇ ਸੁੱਟ ਜਾਵੇ। ਬਾਵਜੂਦ ਏਸਦੇ, ਗੁਰੂ ਨੇ ਤਮਾਖੂ ਦੇ ਸੇਵਨ ਦਾ ਵੀ ਵਿਰੋਧ ਕੀਤਾ ਸੀ ਤੇ ਜਿਹੜੇ ਨਸ਼ੇ ਤੁਸੀਂ ਵਰਤਾ ਰਹੇ ਹੋ ਉਹਨਾਂ ਦੇ ਮੁਕਾਬਲੇ ਤਮਾਖੂ ਕੀ ਹੈਸੀਅਤ ਰੱਖਦਾ ਹੈ ਤੁਸੀਂ ਵੀ ਜਾਣਦੇ ਹੋ। ਉਸੇ ਗੁਰੂ ਨੂੰ ਆਦਰਸ਼ ਮੰਨ ਕੇ ਚੱਲਣ ਵਾਲੇ ਲੋਕਾਂ ਨੂੰ ਤੁਸੀਂ ਸਮੈਕਾਂ, ਹੈਰੋਇਨਾਂ ਦੀ ਆਦਤ ਪਾ ਦਿੱਤੀ ਜਿਸ ਨੂੰ ਵਰਤਣ ਵਾਲਾ ੨ ਸਾਲ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ। ਤੇ ਇਹ ਨਸ਼ੇ ਵਰਤਾਉਣ ਲਈ ਤੁਸੀਂ ਸਤਿਕਾਰਤ ਸਿੱਖ ਧਰਮ ਦੇ ਓਹਲੇ ਵਿੱਚ ਜੱਥੇਦਾਰਾਂ ਨੂੰ ਅਮ੍ਰਿਤ ਛਕਾ ਕੇ ਸਮੈਕਾਂ ਦੀ ਢੋਆ ਢੁਆਈ ਤੇ ਲਾ ਦਿੱਤਾ, ਲਾਹਣਤ ਐ ਤੁਹਾਡੇ ਤੇ ਅਤੇ ਤੁਹਾਡੀ ਅਜਿਹੀ ਗੰਦੀ ਸੋਚ ਤੇ ਜਿਸਨੇ ਧਰਮ ਦੇ ਉਹਲੇ ਵਿੱਚ ਘਟੀਆ ਪੁਣੇ ਦੀਆਂ ਹੱਦਾਂ ਨੂੰ ਛੋਹ ਲਿਆ।

ਅਖਬਾਰਾਂ ਵਿੱਚ ਆਮ ਹੀ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਫਲਾਣਾ ਗਰੰਥੀ ਜ਼ਰਦਾ ਲਾਉਂਦਾ ਫੜਿਆ, ਫਲਾਣੇ ਦੀ ਜੇਬ੍ਹ ਵਿੱਚੋਂ ਤਮਾਖੂ ਬਰਾਮਦ ਆਦਿ ਆਦਿ। ਤੇ ਇਹ ਜਿਹੜੇ ਅਖਬਾਰਾਂ ਦੀ ਡੱਬੀ ਬੰਦ ਖਬਰ ਬਣਦੇ ਹਨ ਆਮ ਲੋਕਾਂ ਵਿੱਚੋਂ ਹੀ ਹੁੰਦੇ ਹਨ ਤੇ ਆਮ ਲੋਕ ਜੋ ਸਿੱਖ ਧਰਮ ਦਾ ਸਤਿਕਾਰ ਕਰਦੇ ਹਨ ਮੌਕੇ ਤੇ ਹੀ ਅਜਿਹੇ ਪਾਖੰਡੀਆਂ ਦੀ ਭੁਗਤ ਸੁਆਰ ਦਿੰਦੇ ਹਨ। ਪਰ ਜਿਹੜੇ ਲੰਮੇ-ਲੰਮੇ ਚਿੱਟੇ ਚੋਲ਼ਿਆਂ ਵਿੱਚ, ਨੀਲੀਆਂ ਪੱਗਾਂ ਵਿੱਚ ਲੁਕਾ ਕੇ ਹੈਰੋਇਨ, ਸਮੈਕ ਆਦਿ ਨਸ਼ੇ ਸਪਲਾਈ ਕਰਦੇ ਹਨ, ਉਹਨਾਂ ਬਾਰੇ ਕਦੇ ਕੋਈ ਖਬਰ ਪ੍ਰਕਾਸ਼ਿਤ ਨਹੀਂ ਹੁੰਦੀ, ਜਾਣਦੇ ਹੋ ਕਿਉਂ? ਮੈਂ ਦੱਸਦਾਂ, ਇਹਨਾਂ ਸਮੱਗਲਰਾਂ ਨੂੰ ਪੁਲਿਸ ਦੀ ਵੀ ਅਤੇ ਪਰਸਨਲ ਗੁੰਡਿਆਂ ਦੀ ਵੀ ਸਪੋਰਟ ਮਿਲੀ ਹੁੰਦੀ ਹੈ। ਇਹ ਫੜੇ ਜਾਣ ਤੇ ਇੱਜ਼ਤ ਨਾਲ ਬਰੀ ਹੁੰਦੇ ਨੇ, ਆਮ ਲੋਕਾਂ ਦੀ ਇਹਨਾਂ ਤੱਕ ਸਿੱਧੀ ਪਹੁੰਚ ਨਾ ਹੋਣ ਕਾਰਣ ਇਹ ਜੂਤ-ਪਰੇਡ ਤੋਂ ਬਚ ਜਾਂਦੇ ਹਨ, ਜਿਵੇਂ ਤੁਸੀਂ ਬਚਦੇ ਆਏ ਹੋ।

ਪੰਜਾਬ ਦਾ ਖਜ਼ਾਨਾ ਖਾਲੀ ਕਦੇ ਨਹੀਂ ਹੋਇਆ। ਬੱਸ ਇਸ ਨੂੰ ਲੁੱਟਣ ਵਾਲਿਆਂ ਦੇ ਢਿੱਡਾਂ ਦਾ ਪਟਾਕਾ ਨਹੀਂ ਬੋਲਦਾ। ਜੇ ਏਸ ਵਾਰ ਵਿਧਾਨਸਭਾ ਦੀਆਂ ਚੋਣਾਂ ਵਿੱਚ ਤੁਹਾਡੀ ਹਾਰ ਹੋ ਜਾਂਦੀ ਤਾਂ ਜਿੱਤਣ ਵਾਲੀ ਧਿਰ ਨੇ ਕਹਿ ਦੇਣਾ ਸੀ ਕਿ ਅਸੀਂ ਕੀ ਕਰੀਏ, ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਕੇ ਚਲੀ ਗਈ ਹੈ ਤੇ ਇਸੇ ਬਹਾਨੇ ਉਸ ਨੇ ੨-੪ ਸਾਲ ਕੱਢ ਦੇਣੇ ਸੀ। ਤੁਹਾਡੇ ਕੋਲ ਉਹ ਬਹਾਨਾ ਨਹੀਂ ਚੱਲ ਸਕਦਾ ਤੇ ਤੁਸੀਂ ਖਾਲੀ ਖਜ਼ਾਨੇ ਨੂੰ ਭਰਿਆ ਆਖ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਲਈਅਆਂ। ਪੰਜਾਬੀਆਂ ਨੂੰ ਸ਼ਰਾਬ ਦੀ ਆਦਤ ਪਾ ਕੇ ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ। ਜਿੱਥੇ ਕਿਤੇ ਪੰਜਾਬ ਦੇ ਪਿੰਡ ਨੂੰ ਕੋਈ ਸੜਕ ਵੀ ਨਹੀਂ ਜਾਂਦੀ, ਕੋਈ ਸਕੂਲ ਨਹੀਂ ਹੈ, ਕੋਈ ਹਸਪਤਾਲ ਨਹੀਂ ਹੈ, ਓਥੇ ਕਿਸੇ ਮਰਨ ਕਿਨਾਰੇ ਪਏ ਮਰੀਜ਼ ਤੱਕ ਐਂਬੂਲੈਂਸ ਪੁੱਜੇ ਨਾ ਪੁੱਜੇ ਪਰ ਤੁਹਾਡੀ ਮਿਹਰਬਾਨੀ ਨਾਲ ਠੇਕੇ ਜ਼ਰੂਰ ਖੁੱਲ੍ਹ ਗਏ ਹਨ ਤੇ ਤੁਸੀਂ ਠੇਕਿਆਂ ਦੀ ਆਮਦਨ ਤੋਂ ਪੰਜਾਬ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਹਾਈਕੋਰਟ ਦੇ ਹੁਕਮਾਂ ਦਾ ਵੀ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ। ਹਾਈਕੋਰਟ ਨੇ ਇੱਕ ਸਹੀ ਫੈਸਲਾ ਲਿਆ ਸੀ ਕਿ ਸ਼ਰਾਬ ਦੇ ਠੇਕੇ ਮੁੱਖ ਸੜਕ ਤੋਂ ਘੱਟੋ ਘੱਟ ੩੦ ਮੀਟਰ ਦੀ ਦੂਰੀ ਤੇ ਹੋਣੇ ਚਾਹੀਦੇ ਹਨ। ਪਰ ਤੁਸੀਂ ਬਿਆਨਾਂ ਵਿੱਚ ਜਿਹੜੇ ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਦਾਅਵੇ ਕਰਦੇ ਹੋ, ਪੂਛ ਚੱਕ ਕੇ ਹਾਈਕੋਰਟ ਦੇ ਹੁਕਮਾਂ ਨੂੰ ਰੱਦ ਕਰਵਾਉਣ ਵਾਸਤੇ ਸੁਪਰੀਮ ਕੋਰਟ ਨੂੰ ਭੱਜੇ ਗਏ। ਤੁਹਾਨੂੰ ਲੋਕਾਂ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕਿ ਬਹੁਤੇ ਹਾਦਸਿਆਂ ਦਾ ਕਾਰਣ ਸੜਕਾਂ ਕਿਨਾਰੇ ਸ਼ਰਾਬ ਦੇ ਠੇਕੇ ਹੀ ਹਨ।


ਓਦਾਂ ਤਾਂ ਤੁਸੀਂ ਪੱਗ ਬੰਨ੍ਹ ਕੇ ਅਪਣੇ ਆਪ ਨੂੰ ਸਿੱਖ ਹੋਣ ਦਾ ਦਾਅਵਾ ਕਰਦੇ ਹੋ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਹੜੇ ਬੰਦੇ ਦੀ ਰਹਿਨੁਮਾਈ ਹੇਠ੍ਹ ਸ਼ਰਾਬ ਦੇ ਬਰਾਂਡ ਵਜੋਂ ਗਦਰ ਨਾਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਆਉਣ ਵਾਲੇ ਦਿਨਾਂ ਵਿੱਚ ਨਾਨਕ, ਗੋਬਿੰਦ, ਅਰਜਣ, ਕ੍ਰਿਸ਼ਨ ਆਦਿ ਨਾਵਾਂ ਦੀ ਪ੍ਰਵਾਨਗੀ ਵੀ ਆਰਾਮ ਨਾਲ ਦਿੱਤੀ ਜਾ ਸਕਦੀ ਹੈ। ਤੁਹਾਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ, ਸਿਰਫ ਕਾਰੋਬਾਰ ਦੇ ਵਾਧੇ ਨਾਲ ਮਤਲਬ ਹੈ। ਤਦੇ ਹੀ ਤੁਹਾਡੀਆਂ ਔਰਬਿਟਾਂ ਦੇ ਡਰਾਈਵਰ, ਕੰਡਕਟਰ ਆਪ ਹੁਦਰੀਆਂ ਤੇ ਉੱਤਰੇ ਹੋਏ ਹਨ ਤੇ ਰਾਹ ਜਾਂਦੀ ਸਰਕਾਰੀ ਬੱਸ 'ਚੋਂ ਧੱਕੇ ਨਾਲ ਸਵਾਰੀਆਂ ਲਾਹ ਕੇ ਅਪਣੀ ਬੱਸ ਵਿੱਚ ਲੱਦਣ ਦਾ ਜਿਗਰਾ ਕਰ ਲੈਂਦੇ ਹਨ। ਇੱਕ ਪਾਸੇ ਰੋਡਵੇਜ਼ ਦੀਆਂ ਬੱਸਾਂ ਨੂੰ ਨਵੇਂ ਟਾਇਰ ਪਵਾਉਣ ਵਾਸਤੇ ਵੀ ਤੁਹਾਡੇ ਖਜ਼ਾਨੇ ਵਿੱਚ ਪੈਸੇ ਨਹੀਂ ਹਨ ਤੇ ਉਹ ਨੱਕ ਰੱਖਣ ਨੂੰ ਸੜਕਾਂ ਤੇ ਤੁਰੀਆਂ ਫਿਰਦੀਆਂ ਹਨ, ਕਿਸੇ ਕਬਾੜੀਏ ਕੋਲੋਂ ਪੁਰਾਣੇ ਟਾਇਰ ਕਿਰਾਏ ਤੇ ਲੈ ਕੇ ਡੰਗ ਟਪਾ ਰਹੀਆਂ ਹਨ ਤੇ ਦੂਜੇ ਪਾਸੇ ਤੁਹਾਡੀਆਂ ਮਰਸਿਡੀਆਂ ਇੱਕ ਇੱਕ ਰੂਟ ਤੇ ਚਾਰ ਚਾਰ ਦੌੜਦੀਆਂ ਫਿਰ ਰਹੀਆਂ ਹਨ।


ਇਹ ਤਮਾਸ਼ਾ ਨਹੀਂ ਤਾਂ ਹੋਰ ਕੀ ਹੈ?

ਕੀ ਇਹ ਸਭ ਤੁਹਾਡੀ ਜਾਣਕਾਰੀ ਤੋਂ ਬਗੈਰ ਹੋ ਰਿਹਾ ਹੈ?


ਜੇ ਕੋਈ ਬੰਦਾ ਜਾਂ ਸਰਪੰਚ ਆਦਿ ਤੁਹਾਡੇ ਧੱਕੇ ਤੋਂ ਦੁਖੀ ਹੋਇਆ ਪਾਰਟੀ ਬਦਲ ਲੈਂਦਾ ਹੈ ਤਾਂ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਸ ਤੇ ਨਾਜਾਇਜ ਸ਼ਰਾਬ ਦਾ ਪਰਚਾ ਦਰਜ ਹੋ ਜਾਂਦਾ ਹੈ ਤੇ ਜਿਹੜੇ ਸ਼ਰੇਆਮ ਮਾਰੂ ਨਸ਼ੇ ਵੇਚਦੇ ਫਿਰਦੇ ਹਨ ਉਹਨਾਂ ਨੂੰ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਮਿਲੀ ਹੁੰਦੀ ਹੈ। ਜੇ ਬਾਦਲ ਸਾਹਬ ਪੈਸੇ ਏਦਾਂ ਹੀ ਕਮਾਉਣੇ ਹਨ ਤਾਂ ਪੈਸੇ ਬਹੁਤ ਨੇ, ਇੱਕ ਤੇਲ ਦੀ ਸੀਸੀ ਤੇ ਇੱਕ ਬੋਰੀ ਲੈ ਕੇ ਦਿੱਲੀ ਹਵਾਈ ਅੱਡੇ ਦੇ ਬਾਹਰ ਬੈਠ ਜਾਓ। ਬਥ੍ਹੇਰੇ ਅੰਗਰੇਜ਼ ਆਉਂਦੇ ਨੇ ਭਾਰਤ ਦਰਸ਼ਣ ਕਰਨ ਵਾਸਤੇ, ਤੁਹਾਨੂੰ ਲੋਕਾਂ ਅੱਗੇ ਝੂਠ ਬੋਲਣ ਦੀ ਲੋੜ ਵੀ ਨਹੀਂ ਪੈਣੀ ਤੇ ਪੈਸਿਆਂ ਦੀ ਵੀ ਕਮੀ ਨਹੀਂ ਰਹਿਣੀ, ਭਾਵੇਂ ਡਾਲਰ ਹੇਠ੍ਹਾਂ ਵਿਛਾ ਕੇ ਸੋਇਆ ਕਰੋ।

ਇੱਕ ਥਾਣੇਦਾਰ ਦੀ ਬਦਲੀ ਤੇ ਵਿਦਾਇਗੀ ਪਾਰਟੀ ਦਿੰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਤੁਹਾਡੀ ਥਾਂ ਜਿਹੜਾ ਆਵੇਗਾ, ਉਹ ਤੁਹਾਡੇ ਨਾਲੋਂ ਵਧੀਆ ਕਦੇ ਹੋ ਹੀ ਨਹੀਂ ਸਕਦਾ। ਥਾਣੇਦਾਰ ਖੁਸ਼ ਵੀ ਸੀ ਤੇ ਹੈਰਾਨ ਵੀ। ਜਦੋਂ ਉਸ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਸਤਾਇਆ ਵੀ ਬਹੁਤ ਹੈ, ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ, ਪਰ ਫਿਰ ਵੀ ਅੱਜ ਤੁਹਾਡੇ ਦਿਲ ਵਿੱਚ ਮੇਰੇ ਪ੍ਰਤੀ ਏਨੇ ਵਧੀਆ ਵਿਚਾਰ ਕਿਵੇਂ? ਲੋਕਾਂ ਨੇ ਜੋ ਕਿਹਾ, ਬਾਦਲ ਸਾਹਬ ਉਸ ਤੇ ਧਿਆਨ ਦਿਓ। ਲੋਕਾਂ ਨੇ ਕਿਹਾ ਕਿ ਥਾਣੇਦਾਰ ਸਾਹਬ ਸਾਡਾ 50 ਸਾਲ ਦਾ ਤਜ਼ਰਬਾ ਹੈ, ਜਿਹੜਾ ਵੀ ਥਾਣੇਦਾਰ ਏਥੇ ਆਇਆ ਹੈ, ਉਹ ਪਹਿਲਾਂ ਵਾਲੇ ਨਾਲੋਂ ਵੀ ਮਾੜਾ ਹੀ ਆਇਆ ਹੈ ਤੇ ਜਿਹੜਾ ਤੁਹਾਡੇ ਤੋਂ ਮਗਰੋਂ ਆਵੇਗਾ, ਤੁਹ ਤੁਹਾਡੇ ਨਾਲੋਂ ਵਧੀਆ ਹੋਵੇ ਹੋ ਹੀ ਨਹੀਂ ਸਕਦਾ।


ਬਾਦਲ ਸਾਹਬ, ਤੁਹਾਡੇ ਤੋਂ ਵਧੀਆ ਕੋਈ ਹੋਰ ਸਾਡੇ ਤੇ ਥੋਪ ਦਿੱਤਾ ਜਾਵੇ ਇਹ ਕਦੇ ਹੋ ਹੀ ਨਹੀਂ ਸਕਦਾ, ਜਾਣਦੇ ਹਾਂ ਕਿ ਸਿਆਸਤ ਜਿਹਨਾਂ ਨੀਵਾਣਾਂ ਨੂੰ ਛੂਹ ਗਈ ਹੈ, ਉਹਨਾਂ ਤੋਂ ਮੋੜਾ ਪੈਣਾ ਆਸਾਨ ਨਹੀਂ ਹੈ। ਤੁਸੀਂ ਮਿਲਕੇ ਰਾਜਨੀਤੀ ਨੂੰ ਏਦਾਂ ਦੀ ਦਲਦਲ ਬਣਾ ਦਿੱਤਾ ਹੈ ਕਿ ਇਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਵਾਲਾ ਦੂਣਾ ਧਸਦਾ ਜਾਊਗਾ। ਤੁਹਾਡੀ ਘੁੱਗੀ ਘੈਂ ਹੋ ਜਾਣ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਸਿਹਰਾ ਤੁਹਾਡੇ ਪੁੱਤ ਨੂੰ ਲੱਗਣਾ ਹੈ, ਪਰ ਸਾਨੂੰ ਉਹ ਤੁਹਾਡਾ ਵੀ ਪਿਓ ਬਣ ਕੇ ਟੱਕਰਨਾ ਹੈ।

ਆਹ ਲੋਕ ਸਭਾ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਤੁਸੀਂ ਅਖਬਾਰਾਂ ਵਿੱਚ ਪਤਾ ਨਹੀਂ ਕਿੰਨਾ ਸਰਕਾਰੀ ਪੈਸਾ ਫੂਕਿਆ, ਇਹ ਇਸ਼ਤਿਹਾਰ ਛਪਵਾਉਣ ਵਾਸਤੇ ਕਿ ਫਲਾਂ ਸ਼ਹਿਰ ਵਿੱਚ ਏਨੇ ਸੋ ਕਰੋੜ ਦਾ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਤੇ ਫਲਾਂ ਸ਼ਹਿਰ ਵਿੱਚ ਏਨੇ ਕਰੋੜ ਦਾ। ਬਾਦਲ ਸਾਹਬ, ਨੀਂਹ ਪੱਥਰ ਤਾਂ ਢਾਈ ਕੁ ਸੋ ਦਾ ਹੀ ਰੱਖ ਹੋ ਜਾਂਦਾ ਹੈ, ਮੰਨੀਏ ਤਾਂ ਤਦ ਜੇ ਉਹ ਪ੍ਰਾਜੈਕਟ ਸਿਰੇ ਚਾੜ੍ਹ ਕੇ ਚਾਲੂ ਕੀਤੇ ਜਾਣ। ਬਾਦਲ ਸਾਹਬ, ਲੋਕ ਭਾਵੇਂ ਭੁੱਲ ਗਏ ਹੋਣ, ਪਰ ਸਾਨੂੰ ਨਹੀਂ ਭੁੱਲਿਆ। ਜਿਹੜੇ ਨੀਂਹ ਪੱਥਰ ਤੁਸੀਂ ੨੦-੩੦ ਸਾਲ ਪਹਿਲਾਂ ਦੇ ਰੱਖੇ ਹਨ, ਉਹ ਅਜੇ ਵੀ ਜਿਉਂ ਦੇ ਤਿਉਂ ਪਏ ਹਨ। ਤੇ ਤੁਸੀਂ ਦਾਅਵੇ ਕਰਦੇ ਹੋ ਵਿਕਾਸ ਦੇ। ਵਿਕਾਸ ਦੇ ਨਾਮ ਤੇ ਵੋਟਾਂ ਮੰਗਦੇ ਹੋ ਤੇ ਰੌਲ਼ਾ ਪਾਉਂਦੇ ਹੋ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੋਦੀ ਨੂੰ ਵੋਟ ਪਾਈ ਜਾਵੇ, ਕਿਉਂਕਿ ਉਸ ਨੇ ਗੁਜਰਾਤ ਵਿੱਚ ਬਹੁਤ ਵਿਕਾਸ ਕੀਤਾ ਹੈ ਤੇ ਉਹ ਭਾਰਤ ਦਾ ਵੀ ਵਿਕਾਸ ਕਰੇਗਾ। ਤੇ ਜੇ ਮੋਦੀ ਕੇਂਦਰ ਵਿੱਚ ਵਿਰੋਧੀ ਸਰਕਾਰ ਦੇ ਹੁੰਦਿਆਂ ਗੁਜਰਾਤ ਦਾ ਵਿਕਾਸ ਕਰ ਸਕਦਾ ਹੈ ਤਾਂ ਤੁਹਾਡੇ ਤੇ ਕੇਂਦਰ ਨੇ ਕਿਹੜੀ ਦਫਾ ੧੪੪ ਲਾਈ ਹੋਈ ਹੈ?  ਏਸ ਉਮਰ ਵਿੱਚ ਬੰਦਾ ਝੂਠ ਬੋਲਦਾ ਚੰਗਾ ਨਹੀਂ ਲੱਗਦਾ ਤੇ ਝੂਠ ਫੜੇ ਜਾਣ ਤੋਂ ਬਾਅਦ ਮੂੰਹ ਲੁਕਾਉਂਦਾ ਓਦਾਂ ਹੀ ਚੰਗਾ ਨਹੀਂ ਲੱਗਦਾ। ਗੁਜਰਾਤ ਵਿੱਚ ਵਗੀ ਫਿਰਕਾਪ੍ਰਸਤੀ ਦੀ ਹਨ੍ਹੇਰੀ ਦਾ ਪਤਾ ਤੁਹਾਨੂੰ ਵੀ ਹੈ, ਪਰ ਤੁਹਾਨੂੰ ਗੁਜਰਾਤ ਵਿੱਚ ਮਾਰੇ ਗਏ ਬੇਕਸੂਰਾਂ ਦਾ ਕੋਈ ਹੇਜ ਨਹੀਂ ਹੈ। ਹੇਜ ਤਾਂ ਤੁਹਾਨੂੰ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਵੀ ਨਹੀਂ ਹੈ, ਪਰ ਵੋਟਾਂ ਲੈਣ ਲਈ ਇੱਕ ਦੂਸਰੇ ਤੇ ਦੋਸ਼ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਅਪਣਾ ਉੱਲੂ ਸਿੱਧਾ ਕਰਨਾ ਤੁਹਾਡਾ ਮੁੱਖ ਟੀਚਾ ਰਿਹਾ ਹੈ।

ਜਦੋਂ ਕੇਂਦਰ ਵਿੱਚ ਵੀ ਤੁਹਾਡੇ ਭਾਈਵਾਲ ਭਾਜਪਾ ਵਾਲਿਆਂ ਦੀ ਸਰਕਾਰ ਸੀ ਉਦੋਂ ਤੁਹਾਡਾ ਸਿੱਖਾਂ ਪ੍ਰਤੀ ਹੇਜ ਕਿੱਥੇ ਗਿਆ ਸੀ। ਜਿਹਨਾਂ ਲਈ ਤੁਸੀਂ ਵੋਟ ਮੰਗ ਰਹੇ ਹੋ, ਉਹੀ ਪਾਰਟੀ ਦੇ ਆਗੂ ਤੁਹਾਨੂੰ ਜੁੱਤੀ ਬਰਾਬਰ ਨਹੀਂ ਜਾਣਦੇ ਤੇ ਤੁਸੀਂ ਮੋਦੀ ਚਾਲੀਸਾ ਪੜ੍ਹਨ ਤੋਂ ਫਿਰ ਵੀ ਨਹੀਂ ਹਟ ਰਹੇ। ਹਰਿਮੰਦਰ ਸਾਹਬ ਤੇ ਹੋਏ ਹਮਲੇ ਲਈ ਤੁਸੀਂ ਇੰਦਰਾ ਨੂੰ ਦੋਸ਼ੀ ਆਖ ਰਹੇ ਹੋ ਜਦੋਂ ਕਿ ਤੁਹਾਡਾ ਰਾਜਨੀਤਿਕ ਰਿਸ਼ਤੇ ਵਜੋਂ ਚਾਚਾ ਜਾਂ ਮਾਮਾ ਲੱਗਦਾ ਲਾਲ ਕ੍ਰਿਸ਼ਨ ਅਡਵਾਨੀ ਸਾਫ ਆਖ ਰਿਹਾ ਹੈ ਕਿ ਇੰਦਰਾ ਨੂੰ ਹਰਿਮੰਦਰ ਸਾਹਬ ਤੇ ਹਮਲੇ ਲਈ ਉਹਨਾਂ ਨੇ ਹੀ ਸਹਿਮਤੀ ਦਿੱਤੀ ਸੀ ਤੇ ਤੁਸੀਂ ਉਹਨਾਂ ਦੀ ਪਾਰਟੀ ਨਾਲ ਭਾਈਵਾਲੀ ਪਾ ਕੇ ਪੰਜਾਬ ਨਾਲ ਕਿਹੜੇ ਪਾਸਿਓਂ ਵਫਾਦਾਰੀ ਕਰ ਰਹੇ ਹੋ। ਮੰਨ ਲਿਆ ਕਿ ਚਲੋ ਵੋਟਾਂ ਵਾਸਤੇ ਹੀ ਸਹੀ ਤੁਸੀਂ ੮੪ ਦੇ ਕਤਲੇਆਮ ਦਾ ਮੁੱਦਾ ਚੁੱਕ ਲੈਂਦੇ ਹੋ ਵੋਟਾਂ ਵੇਲੇ। ਪਰ ਜਿਹੜੇ ਗੁਜਰਾਤ ਵਿੱਚ ਹਜ਼ਾਰਾਂ ਬੇਕਸੂਰ ਮੌਤ ਦੇ ਘਾਟ ਉਤਾਰੇ ਗਏ, ਗਰਭਵਤੀ ਔਰਤਾਂ ਦੀਆਂ ਛਾਤੀਆਂ ਵੱਢੀਆਂ ਗਈਆਂ, ਉਹਨਾਂ ਦੇ ਪੇਟ ਵਿੱਚੋਂ 7 ਮਹੀਨੇ ਦਾ ਬੱਚਾ ਕੱਢ ਕੇ ਤ੍ਰਿਸ਼ੂਲ ਤੇ ਟੰਗ ਕੇ ਹਰ ਹਰ ਮਹਾਂਦੇਵ ਦੇ ਨਾਅਰੇ ਮਾਰੇ ਗਏ, ਕੀ ਉਹ ਦੇਸ਼ ਵਾਸੀ ਨਹੀਂ ਸੀ? ਉਹਨਾਂ ਲਈ ਤੁਹਾਡੇ ਦਿਲ ਵਿੱਚ ਫੋਕੀ ਹਮਦਰਦੀ ਵੀ ਨਦਾਰਦ ਹੈ। ਇਹ ਦੇਸ਼ਧ੍ਰੋਹ ਨਹੀਂ ਤਾਂ ਹੋਰ ਕੀ ਹੈ।

ਕਹਿਣ ਨੂੰ ਤਾਂ ਤੁਸੀਂ ਰਾਜ ਨਹੀਂ ਸੇਵਾ ਆਖਦੇ ਹੋ, ਪਰ ਕੀ ਤੁਸੀਂ ਨਹੀਂ ਜਾਣਦੇ ਕਿ ਸੇਵਾ ਨੂੰ ਗੁਰਬਾਣੀ ਵਿੱਚ ਕਿੰਨਾ ਉੱਚਾ ਦਰਜਾ ਦਿੱਤਾ ਗਿਆ ਹੈ? ਗੁਰਬਾਣੀ ਦੀ ਤੁੱਕ ਵੀ ਵਰਤਦੇ ਹੋ ਕਿ ਸੇਵਕ ਕੋ ਸੇਵਾ ਬਨ ਆਈ। ਬਠਿੰਡੇ ਵਿੱਚ ਅੱਤ ਦੀ ਠੰਢ ਵਿੱਚ ਅਪਣੀਆਂ ਹੱਕੀ ਮੰਗਾਂ ਲਈ ਧਰਨੇ ਤੇ ਬੈਠੀਆਂ ਬੀਬੀਆਂ ਕੋਲੋਂ ਤੁਹਾਡੀ ਸੇਵਾਦਾਰ ਪੰਜਾਬ ਪੁਲਿਸ ਨੇ ਕੰਬਲ, ਰਜਾਈਆਂ ਵੀ ਖੋਹ ਲਈਆਂ ਤੇ ਏਸ ਕਾਰਣ ਇੱਕ ਸਾਲ ਕੁ ਦੀ ਬੱਚੀ ਦੀ ਠੰਢ ਲੱਗਣ ਕਾਰਣ ਮੌਤ ਹੋ ਗਈ। ਕੀ ਤੁਸੀਂ ਏਨੇ ਨਿਰਦਈ ਹੋ ਗਏ ਕਿ ਓਸ ਬੱਚੀ ਦੇ ਲਈ ਹਾਅ ਦਾ ਨਾਅਰਾ ਤਾਂ ਕੀ ਮਾਰਨਾ ਸੀ, ਸਗੋਂ ਹਰ ਹੀਲੇ ਉਹਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਵਿਉਂਤਾਂ ਬਣਾਉਂਦੇ ਰਹੇ। ਫਰੀਦਕੋਟ ਦੀ ਨਾਬਾਲਗ ਲੜਕੀ ਨੂੰ ਤੁਹਾਡੀ ਪਾਰਟੀ ਦੇ ਨੇੜੂ ਸ਼ਰੁਆਮ ਗੋਲ਼ੀਆਂ ਚਲਾ ਕੇ ਅਗਵਾ ਕਰਕੇ ਲੈ ਗਏ ਤੇ ਤੁਹਾਡੀ ਰਖੈਲ ਪੰਜਾਬ ਪੁਲਿਸ ਇਹ ਸਫਾਈਆਂ ਦਿੰਦੀ ਰਹੀ ਕਿ ਕੁੜੀ ਅਪਣੀ ਮਰਜ਼ੀ ਨਾਲ ਗਈ ਹੈ। ਕੀ ਤੁਹਾਡੇ ਡੇਲੇ ਫੁੱਟੇ ਹੋਏ ਸੀ ਜੋ ਤੁਹਾਨੂੰ ਉਹ ਸਭ ਨਜ਼ਰ ਨਹੀਂ ਆਇਆ ਜੋ ਸਾਰੀ ਦੁਨੀਆਂ ਨੂੰ ਨਜ਼ਰ ਆ ਰਿਹਾ ਸੀ। ਪਿੰਡ ਉਸਮਾਨ ਪੁਰ ਦੀ ਇੱਕ ਬੀਬੀ ਨੂੰ ਸ਼ਰੇਆਮ ਪੁਲਿਸ ਨੇ ਸੜਕ ਤੇ ਜਾਨਵਰਾਂ ਵਾਂਗ ਕੁੱਟਿਆ ਪਰ ਤੁਹਾਡੀ ਜ਼ੁਬਾਨੋਂ ਇੱਕ ਵੀ ਸ਼ਬਦ ਨਹੀਂ ਫੁੱਟਿਆ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਪੁਲਿਸ ਵਾਲਿਆਂ ਤੇ ਕਾਗਜ਼ੀ ਕਾਰਵਾਈ ਕਰਨੀ ਪਈ ਨਹੀਂ ਤਾਂ ਤੁਸੀਂ ਉਸ ਪੁਲਿਸ ਵਾਲੇ ਨੂੰ ਵੀ ਕਿਸੇ ਡੇਰੇ ਤੇ ਸੱਦ ਕੇ ਸਿਰੌਪਾ ਪਾ ਦੇਣਾ ਸੀ। ਤੁਹਾਡੇ ਹੀ ਇੱਕ ਰਾਣਾ ਨਾਮ ਦੇ ਯੂਥ ਲੀਡਰ ਨੇ ਪੁਲਿਸ ਦਾ ਇੱਕ ਥਾਣੇਦਾਰ ਸ਼ਰੇਆਮ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਕੀ ਕੋਈ ਹੁਣ ਅਪਣੀਆਂ ਵੀ ਧੀਆਂ ਦੀ ਹਿਫਾਜਤ ਕਰਨ ਜੋਗਾ ਨਹੀਂ ਰਿਹਾ ਤੁਹਾਡੇ ਰਾਜ ਵਿੱਚ। ਨਿੱਤ ਦਿਨ ਸੜਕ ਹਾਦਸਿਆਂ ਵਿੱਚ ਮਨੁੱਖੀ ਜਾਨਾਂ ਜਾ ਰਹੀਆਂ ਹਨ, ਪਰ ਤੁਹਾਨੂੰ ਕੀ, ਤੁਹਾਡੀ ਸਰਕਾਰ ਪੰਜ ਸਾਲ ਚੱਲ ਹੀ ਜਾਣੀ ਹੈ। ਤੁਹਾਨੂੰ ਟੋਲ ਪਲਾਜਿਆਂ ਤੋਂ ਕਮੀਸ਼ਨ ਚਾਹੀਦੀ ਹੈ। ਟਰੈਫਿਕ ਵਾਲਿਆਂ ਤੋਂ ਮਹੀਨਾ ਚਾਹੀਦਾ ਹੈ, ਤੁਸੀਂ ਕਾਹਨੂੰ ਲੋਕਾਂ ਦੀ ਗੱਲ ਕਰੋਂਗੇ? ਨਿੱਤ ਦਿਨ ਲੋਕ ਅਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਆਣ ਬਹਿੰਦੇ ਹਨ, ਕਿਸਾਨ ਕਰਜ਼ੇ ਦਾ ਸਤਾਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ ਤੇ ਤੁਸੀਂ ਸਿਰਫ ਕਿਸੇ ਦੀ ਮੌਤ ਤੇ ਸਿਆਸਤ ਕਰਨਾ ਹੀ ਗਿੱਝ ਗਏ ਹੋ। ਜਦੋਂ ਕੋਈ ਮਰ ਗਿਆ ਤਾਂ ਉਸ ਦੇ ਟੱਬਰ ਨੂੰ ਦੋ ਕੁ ਲੱਖ ਦੇ ਕੇ ਨੌਕਰੀ ਦਾ ਲਾਲੀਪਾਪ ਮੂੰਹ ਵਿੱਚ ਪਾ ਦੇਣਾ ਹੈ ਤੇ ਤੁਸੀਂ ਫੇਰ ਬਾਂਦਰ ਟਪੂਸੀ ਮਾਰ ਕੇ ਸਪਰਿੰਗਾਂ ਵਾਲੇ ਗੱਦਿਆਂ ਤੇ ਟਿਕ ਜਾਣਾ ਹੈ। ਬਾਦਲ ਸਾਹਬ, ਜਦੋਂ ਅਪਣੇ ਮਰਦੇ ਹਨ, ਦੁੱਖ ਉਦੋਂ ਲੱਗਦਾ ਹੈ। ਦੂਜਿਆਂ ਦੇ ਮਰਨ ਉੱਤੇ ਸਿਆਸਤ ਤੁਹਾਡੇ ਜਿਹੇ ਘਟੀਆ ਲੋਕ ਹੀ ਕਰਦੇ ਹਨ। ਤੁਹਾਡੇ ਮੰਤਰੀ, ਤੁਹਾਡੀ ਪੁਲਿਸ ਨਾਲ ਮਿਲ ਕੇ ਲੋਕਾਂ ਦੀਆਂ ਗੁੱਤਾਂ ਪੁੱਟਣ ਤੱਕ ਚਲੇ ਜਾਂਦੇ ਹਨ ਬੇਰੁਜ਼ਗਾਰਾਂ ਦੇ ਥੱਪੜ ਜੜ੍ਹਨ ਤੱਕ ਚਲੇ ਜਾਂਦੇ ਹਨ, ਜੇ ਏਸੇ ਨੂੰ ਸੇਵਾ ਆਖਦੇ ਹੋ ਤਾਂ ਏਦਾਂ ਦੀ ਸੇਵਾ ਅਪਣੇ ਘਰੇ ਕਰ ਲਿਆ ਕਰੋ। ਮਲੂਕੇ ਵਰਗੇ ਨੂੰ ਘਰੇ ਸੰਗਲ਼ ਨਾਲ ਬੰਨ੍ਹ ਕੇ ਰੱਖੋ, ਬੜੇ ਕੰਮ ਦਾ ਬੰਦਾ ਹੈ, ਗੁੱਤਾਂ ਪੁੱਟਣ ਦਾ ਮਾਹਰ ਹੈ ਉਹ। ਅੰਦਰ ਦੀਆਂ ਸੋ ਗੱਲਾਂ ਹੁੰਦੀਆਂ ਨੇ, ਮਲੂਕਾ ਤੁਹਾਡੇ ਬੜੇ ਕੰਮ ਆ ਸਕਦਾ ਹੈ।

ਸਾਡਾ ਕੀ ਐ, ਅਸੀਂ ਤਾਂ ਲੂਣ ਨਾਲ ਵੀ ਗੁਜ਼ਾਰਾ ਕਰ ਲਵਾਂਗੇ, ਕਰਨਾ ਹੀ ਪੈਣਾ ਹੈ। ਰੇਤਾ ਬਜ਼ਰੀ ਤੇ ਤੁਹਾਡੇ ਕੌੜਮੇ ਦਾ ਕਬਜ਼ਾ ਹੈ, ਪ੍ਰਾਪਰਟੀ ਟੈਕਸ ਨਾਲ ਤੁਸੀਂ ਲੋਕਾਂ ਦਾ ਕਚੂੰਮਰ ਕੱਢਣਾ ਲਾਇਆ ਹੈ। ਇੱਕ ਪਾਸੇ ਤੁਸੀਂ ਆਖਦੇ ਹੋ ਕਿ ਮਹਿੰਗਾਈ ਨੇ ਗਰੀਬਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ ਤੇ ਇਸ ਵਾਸਤੇ ਕੇਂਦਰ ਸਰਕਾਰ ਨੂੰ ਦੋਸ਼ੀ ਮੰਨਦੇ ਹੋ ਤੇ ਦੂਸਰੇ ਪਾਸੇ ਮਹਿੰਗਾਈ ਦੇ ਸਤਾਇਆਂ ਤੋਂ ਜ਼ਬਰੀ ਪ੍ਰਾਪਰਟੀ ਟੈਕਸ ਵਸੂਲਣ ਲਈ ਗੁੰਡਾ ਬ੍ਰਿਗੇਡ ਦੀ ਭਰਤੀ ਕਰਨ ਜਾ ਰਹੇ ਹੋ।

ਬਾਦਲ ਸਾਹਬ, ਸਾਡੇ ਪਿੰਡ ਇੱਕ ਕੁੱਤੀ ਨੇ ਅੱਠ ਕਤੂਰਿਆਂ ਨੂੰ ਜਨਮ ਦਿੱਤਾ ਹੈ। ਜਿਹੜਾ ਵੀ ਕੋਈ ਉਹਨਾਂ ਕਤੂਰਿਆਂ ਦੇ ਨੇੜੇ ਜਾਂਦਾ ਹੈ, ਉਹ ਉਸ ਨੂੰ ਵੱਢਣ ਨੂੰ ਪੈਂਦੇ ਹਨ, ਭਾਵੇਂ ਅਗਲਾ ਉਹਨਾਂ ਨੂੰ ਦੁੱਧ ਨਾਲ ਬਰੈੱਡ ਪਾਉਣ ਹੀ ਜਾ ਰਿਹਾ ਹੋਵੇ। ਲੋਕਾਂ ਨੇ ਉਹਨਾਂ ਕਤੂਰਿਆਂ ਦੇ ਨਾਮ ਪਤਾ ਕੀ ਰੱਖੇ ਹਨ? ਛੱਡੋ ਪਰਾਂ, ਤੁਹਾਨੂੰ ਕਿਹੜਾ ਕੋਈ ਸ਼ਰਮ ਆਉਣੀ ਹੈ।

ਇਹ ਨਾ ਸੋਚਿਓ ਕਿ ਸਾਡੀ ਤੁਹਾਡੇ ਨਾਲ ਕੋਈ ਸਿੱਧੀ ਦੁਸ਼ਮਣੀ ਹੈ ਜਾਂ ਕਿਸੇ ਨਿਜੀ ਕਾਰਣਾਂ ਕਰਕੇ ਤੁਹਾਡਾ ਵਿਰੋਧ ਕਰ ਰਹੇ ਹਾਂ। ਸੱਪ ਸਾਰੇ ਹੀ ਖਤਰਨਾਕ ਹੁੰਦੇ ਹਨ। ਕੈਪਟਨ ਵੀ ਸਾਡੀ ਭੂਆ ਦਾ ਪੁੱਤ ਨਹੀਂ ਲੱਗਦਾ। ਪਰ ਏਸ ਵੇਲੇ ਜਿੰਮੇਵਾਰੀ ਤੁਹਾਡੇ ਹੱਥ ਹੈ ਤੇ ਤੁਹਾਨੂੰ ਹੀ ਪੁੱਛਣਾ ਬਣਦਾ ਹੈ ਕਿ ਤੁਸੀਂ ੨੫ ਸਾਲ ਰਾਜ ਕੀਤਾ ਹੈ ਤੇ ਪੰਜਾਬ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ, ਅਜਿਹਾ ਕੀ ਕਾਰਣ ਹੈ? ਬੇਸ਼ੱਕ ਤੁਸੀਂ ਤੇ ਕੈਪਟਨ ਸੌਂਕਣਾਂ ਵਾਂਗ ਮਿਹਣੋ-ਮਿਹਣੀ ਹੋਈ ਜਾਵੋ, ਪਰ ਤੁਹਾਡੇ ਖਸਮਾਂ ਨੂੰ ਜਵਾਬ ਚਾਹੀਦਾ ਹੈ। ਤੁਸੀਂ ਕੈਮਟਨ ਨੂੰ ਬਹਿਸ ਵਾਸਤੇ ਖੁੱਲਾ ਸੱਦਾ ਦੇ ਰਹੇ ਹੋ ਤੇ ਕੈਪਟਨ ਤੁਹਾਨੂੰ ਵੰਗਾਰ ਰਿਹਾ ਹੈ, ਇਹ ਨਿਤਾਰਾ ਕਰਨ ਵਾਸਤੇ ਕਿ ਪੰਜਾਬ ਦੇ ਨਿਘਾਰ ਲਈ ਕੋਣ ਜ਼ਿੰਮੇਵਾਰ ਹੈ। ਕਿਉਂ ਦੋਵੇਂ ਮਿਲ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹੋ? ਮੈਂ ਤੁਹਾਨੂੰ ਦੋਵਾਂ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦਾ ਹਾਂ, ਮੇਰੇ ਨਾਲ ਦੋਵੇਂ ਬਹਿਸ ਕਰ ਲਵੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜੇ ਮੇਰੇ ਨਾਲ ਨਹੀਂ ਤਾਂ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਜਾ ਕੇ ਪਿੰਡ ਵਾਲਿਆਂ ਨਾਲ ਸਿੱਧਾ ਰਾਬਤਾ ਕਰਕੇ ਵੇਖੋ, ਤੁਹਾਨੂੰ ਮੂੰਹ ਲੁਕਾਉਣ ਲਈ ਥਾਂ ਨਹੀਂ ਮਿਲਣਾ। ਬਾਡੀਗਾਰਡਾਂ ਦੀ ਧਾੜ ਵਿੱਚ ਹਰ ਕੋਈ ਸ਼ੇਰ ਬਣ ਜਾਂਦਾ ਹੈ।

ਬਾਦਲ ਸਾਹਬ, ਜਿਹੜੀ ਉਮਰ ਵਿੱਚ ਤੁਸੀਂ ਪਹੁੰਚ ਗਏ ਹੋ, ਸਰੀਰ ਬੀਮਾਰੀਆਂ ਦਾ ਘਰ ਬਣ ਜਾਂਦਾ ਹੈ। ਜੇ ਕਿਸੇ ਦਿਨ ਟੱਟੀਆਂ/ਮਰੋੜੇ ਲੱਗ ਜਾਣ ਤਾਂ ਜਹਾਜ ਫੜ ਕੇ ਸਵਿਟਜ਼ਰਲੈਂਡ ਜਾਣ ਦੀ ਬਜਾਏ ਤੁਹਾਡੇ ਹੀ ਕੈਲੀਫੋਰਨੀਆ ਵਿੱਚ ਅਨੰਦਪੁਰ ਸਾਹਿਬ ਦਾ ਸਰਕਾਰੀ ਹਸਪਤਾਲ ਹੈਗਾ ਏ, ਏਧਰ ਗੇੜਾ ਮਾਰ ਜਾਇਓ। ਇੱਕੋ ਡਾਕਟਰ ਹੈ ਜੋ ਮਰੀਜ਼ਾਂ ਨੂੰ ਵੇਖਦਾ ਹੈ ਤੇ ਜਦੋਂ ਵੀ ਤੁਹਾਨੂੰ ਟੱਟੀਆਂ ਲੱਗ ਜਾਣ ਤਾਂ ਹੋਰ ਕਿਤੇ ਜਾਣ ਦੀ ਬਜਾਏ ਏਥੇ ਆ ਜਾਇਓ। ਤੁਹਾਡੇ ਨਾਲ ਅਟੈਂਡੈਂਟ ਵਜੋਂ ਮੈਂ ਚੱਲਾਂਗਾ। ੧੦ ਕੁ ਮਿੰਟ ਵਿੱਚ ਪਰਚੀ ਬਣ ਜਾਂਦੀ ਹੈ ਤੇ ਡਾਕਟਰ ਮੂਹਰੇ ਲੱਗੀ ਲਾਈਨ ਵਿੱਚ ਖੜ੍ਹਿਆਂ ੩-੩ ਘੰਟੇ ਖੱਜਲ-ਖੁਆਰੀ ਹੁੰਦੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਏਥੇ ਲਾਈਨ ਵਿੱਚ ਖਲੋ ਕੇ ਦਵਾਈ ਲੈਣ ਤੋਂ ਬਾਅਦ ਤੁਹਾਨੂੰ ਤਾਂ ਕੀ ਤੁਹਾਡੇ ਸਾਰੇ ਖਾਨਦਾਨ ਨੂੰ ਕਦੇ ਟੱਟੀਆਂ ਨਹੀਂ ਲੱਗਣਗੀਆਂ। ਇਹ ਸਿਰਫ ਇੱਕ ਹਸਪਤਾਲ ਦਾ ਹਾਲ ਬਿਆਨ ਕੀਤਾ ਹੈ, ਜਦੋਂ ਕਿ ਹਾਲ ਪੰਜਾਬ ਦੇ ਲੱਗਭਗ ਸਾਰੇ ਹਸਪਤਾਲਾਂ ਦੇ ਏਦਾਂ ਦਾ ਹੀ ਹੈ। ਗਰਭਵਤੀ ਔਰਤਾਂ ਨੂੰ ਹਸਪਤਾਲ ਦੇ ਬਰਾਮਦੇ ਵਿੱਚ ਹੀ ਬੱਚਾ ਜੰਮਣਾ ਪੈ ਜਾਂਦਾ ਹੈ। ਜਦੋਂ ਕਿ ਗਰਭਵਤੀ ਔਰਤਾਂ ਦੀ ਦੇਖ ਰੇਖ ਲਈ ਵਿਦੇਸ਼ਾਂ ਵਿੱਚ ਸਭ ਕੁੱਝ ਦਾਅ ਤੇ ਲਾ ਦਿੱਤਾ ਜਾਂਦਾ ਹੈ। ਇੱਕ ਹਵਾਈ ਜਹਾਜ ਨੂੰ ਐਮਰਜੈਂਸੀ ਵਿੱਚ ਲਾਹੁਣ ਇਸ ਲਈ ਪੈ ਗਿਆ ਸੀ ਕਿ ਉਸ ਵਿੱਚ ਸਵਾਰ ਗਰਭਵਤੀ ਔਰਤ ਦੀ ਹਾਲਤ ਖਰਾਬ ਹੋ ਗਈ ਸੀ ਤੇ ਉਸ ਵਾਸਤੇ ਤੁਰੰਤ ਜਹਾਜ ਨੂੰ ਲਾਹ ਕੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ। ਤੇ ਤੁਹਾਡੇ ਵਲੋਂ ਦੱਸੇ ਜਾਂਦੇ ਕੈਲੀਫੋਰਨੀਆ ਵਿੱਚ ਐਮਰਜੈਂਸੀ ਡਿਊਟੀ ਵਾਲੇ ਬਹੁਤੇ ਡਾਕਟਰ ਉਦੋਂ ਤੱਕ ਪੌੜੀਆਂ ਨਹੀਂ ਉੱਤਰਦੇ ਜਦੋਂ ਤੱਕ ਸਾਸ ਕਭੀ ਬਹੂ ਥੀ ਨਾਟਕ ਵਿੱਚ ਮਸ਼ਹੂਰੀਆਂ ਨਹੀਂ ਆ ਜਾਂਦੀਆਂ। ਡਾਕਟਰਾਂ ਦੀ ਇਹ ਆਦਤ ਵਿਗਾੜਨ ਵਾਸਤੇ ਸਮਾਜ ਨਹੀਂ ਤੁਹਾਡੀ ਸਰਪ੍ਰਸਤੀ ਜਿੰਮੇਵਾਰ ਹੈ। ਕੀ ਕਦੇ ਕਿਸੇ ਆਮ ਨਾਗਰਿਕ ਦੀ ਡਾਕਟਰ ਵਿਰੁੱਧ ਸ਼ਿਕਾਇਤ ਤੇ ਕਦੇ ਅਮਲ ਹੋਇਆ ਹੈ?

ਇੱਕ ਤੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ ਤੇ ਜਿਹੜੇ ਹੈਗੇ ਵੀ ਨੇ ਉਹਨਾਂ ਨੂੰ ਤੁਸੀਂ ਬਾਹਰੀ ਕੰਮਾਂ ਵਿੱਚ ਲਾਕੇ ਸਾਡੇ ਬੱਚਿਆਂ ਦਾ ਭਵਿੱਖ ਹੀ ਬਰਬਾਦ ਨਹੀਂ ਕਰ ਰਹੇ, ਸਗੋਂ ਗੁਲਾਮਾਂ ਦੀ ਇੱਕ ਹੋਰ ਪੀੜ੍ਹੀ ਤਿਆਰ ਕਰ ਰਹੇ ਹੋ। ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜੇ ਬੱਚੇ ਸਕੂਲ ਵਿੱਚ ਪੁੱਜ ਜਾਣੇ ਹਨ, ਉਹ ਅੱਠਵੀਂ ਬਗੈਰ ਪੜ੍ਹੇ ਵੀ ਪਾਸ ਹੋ ਜਾਣੇ ਹਨ। ਕਿਉਂਕਿ ਇਹ ਤੁਹਾਡੀ ਹੀ ਨੀਤੀ ਹੈ ਕਿ ਬੱਚੇ ਅੱਠਵੀਂ ਤੱਕ ਫੇਲ੍ਹ ਨਹੀਂ ਕਰਨੇ। ਜਦੋਂ ਨੌਵੀਂ ਵਿੱਚ ਆ ਕੇ ਬਰੇਕਾਂ ਲੱਗਣਗੀਆਂ ਤਾਂ ਉਹ ਕਿਹੜੇ "ਝੋਟਾ ਸਿੰਘ, ਮੱਝਾ ਸਿੰਘ" ਦੇ ਖੇਤਾਂ ਵਿੱਚ ਸੀਰੀ ਰਲਣਗੇ? ਉਹ ਕਦੋਂ ਕਾਲਜ ਜਾਣਗੇ, ਤੇ ਕਦੋਂ ਉੱਚ ਵਿੱਦਿਆ ਹਾਸਲ ਕਰਨਗੇ? ਇੱਕ ਪਾਸੇ ਧੜਾਧੜ ਪ੍ਰਾਈਵੇਟ ਸਕੂਲ ਖੁੱਲ੍ਹ ਰਹੇ ਹਨ, ਪ੍ਰਾਈਵੇਟ ਹਸਪਤਾਲ ਖੁੱਲ੍ਹ ਰਹੇ ਹਨ ਤੇ ਲੋਕ ਮਜ਼ਬੂਰ ਹੋਕੇ ਅਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਮਜ਼ਬੂਰ ਹੋ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿੱਚ ਇੱਕ ਬੱਚੇ ਦੀ ਸਾਲ ਦੀ ਪੜ੍ਹਾਈ ਦਾ ਖਰਚਾ ਤੀਹ ਹਜ਼ਾਰ ਤੋਂ ਲੈ ਕੇ ੭੦-੮੦ ਹਜ਼ਾਰ ਤੱਕ ਦਾ ਹੈ। ਮਤਲਬ ਕਿ ਘੱਟੋ ਘੱਟ ਮਹੀਨਾ ਖਰਚਾ ੨੫੦੦ ਰੁਪਏ ਇੱਕ ਬੱਚੇ ਦਾ ਹੈ ਤੇ ਜੇ ਬੱਚੇ ੨ ਹਨ ਤਾਂ ਹਰ ਮਹੀਨੇ ਉਹ ੫੦੦੦ ਰੁਪਏ ਪ੍ਰਾਈਵੇਟ ਸਕੂਲ ਨੂੰ ਦੇਣ ਵਾਸਤੇ ਏਸ ਲਈ ਮਜ਼ਬੂਰ ਹੈ ਕਿ ਸਰਕਾਰੀ ਸਕੂਲਾਂ ਵਿੱਚ ਤੁਸੀਂ ਇਹੋ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਜਾਣ-ਬੁੱਝ ਕੇ ਕੰਨੀ ਕਤਰਾ ਰਹੇ ਹੋ। ਕਿਉਂਕਿ ਇਹ ਪ੍ਰਾਈਵੇਟ ਸਕੂਲ ਕਿਸੇ ਹਾਰੀ ਸਾਰੀ ਦੇ ਨਹੀਂ, ਤੁਹਾਡੇ ਜਿਹੇ ਆਦਮਖੋਰ ਜਾਨਵਰਾਂ ਦੇ ਹਨ। ਸਾਡੇ ਵਰਗਾ ਢਾਈ ਸੋ ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਕਦੇ ਸੋਚ ਹੀ ਨਹੀਂ ਸਕਦਾ ਕਿ ਉਸ ਦੇ ਬੱਚੇ ਵੱਡੇ ਹੋ ਕੇ ਕਿਤੇ ਕਲਰਕ-ਕਲੁਰਕ ਲੱਗਣ ਜੋਗੇ ਵੀ ਹੋਣਗੇ।

ਬਾਦਲ ਸਾਹਬ, ਜੇ ਤੁਹਾਡੇ ਕਿਸੇ ਟੌਮੀ ਨੂੰ ਫੁੰਨਸੀ ਵੀ ਹੋ ਜਾਵੇ ਤਾਂ ਡਾਕਟਰ ਤੁਹਾਡੇ ਘਰੇ ਆਉਂਦੇ ਹਨ ਜਾਂ ਤੁਸੀਂ ਟੌਮੀ ਨੂੰ ਲੈ ਕੇ ਅਮਰੀਕਾ ਤੱਕ ਜਾਂਦੇ ਹੋ। ਤੇ ਸਾਡੇ ਬਜ਼ੁਰਗਾਂ ਬਾਰੇ ਤਾਂ ਅਸੀਂ ਸੋਚ ਹੀ ਲਿਆ ਹੈ ਕਿ ਇਹਨਾਂ ਨੇ ਬਗੈਰ ਇਲਾਜ ਤੋਂ ਹੀ ਮਰਨਾ ਹੈ, ਤੇ ਸਾਡੇ ਬੱਚੇ ਵੀ ਜਿਹਨਾਂ ਨੂੰ ਅਸੀਂ ਕਾਲਜੇ ਦਾ ਟੁਕੜਾ ਸਮਝਦੇ ਹਾਂ, ਸਾਡੀਆਂ ਅੱਖਾਂ ਸਾਹਮਣੇ ਇਸ ਲਈ ਤੜਪ ਤੜਪ ਕੇ ਮਰਨ ਲਈ ਮਜ਼ਬੂਰ ਨੇ ਕਿ ਸਾਡੇ ਕੋਲ ਡਾਕਟਰ ਵੀ ਹੈਗੇ ਨੇ, ਇਲਾਜ ਵੀ ਹੈਗਾ ਏ, ਪਰ ਇਹ ਸਹੂਲਤਾਂ ਲੈਣ ਲਈ ਸਾਡੇ ਕੋਲ ਪੈਸੇ ਨਹੀਂ।

ਬਾਦਲ ਸਾਹਬ, ਗੱਲਾਂ ਤਾਂ ਹੋਰ ਵੀ ਬਥ੍ਹੇਰੀਆਂ ਹਨ, ਉਹ ਵੀ ਸਮੇਂ ਸਮੇਂ ਤੇ ਕਰਦੇ ਰਹਾਂਗੇ। ਕਿਉਂਕਿ ਨਾ ਤਾਂ ਤੁਹਾਨੂੰ ਪਲੇਗ ਪੈਣ ਲੱਗੀ ਹੈ ਤੇ ਨਾ ਹੀ ਅਜੇ ਅਸੀਂ ਮਰਨ ਲੱਗੇ ਹਾਂ। ਪੰਜਾਬੀ ਦਾ ਇੱਕ ਅਖਾਣ ਹੈ ਕਿ ਭਿਓਂ-ਭਿਓਂ ਕੇ ਜੁੱਤੀਆਂ ਮਾਰਨਾ। ਇਹ ਸਿਰਫ ਅਖਾਣ ਹੀ ਹੈ। ਕੋਈ ਜੁੱਤੀਆਂ ਲਾਹ ਕੇ ਨਹੀਂ ਮਾਰਦਾ ਹੁੰਦਾ, ਪਰ ਜੀਹਨੂੰ ਕਿਹਾ ਜਾਂਦਾ ਹੈ, ਉਸ ਦੇ ਵੱਜੀਆਂ ਹੀ ਸਮਝੀਆਂ ਜਾਂਦੀਆਂ ਹਨ। ਸੋ ਬੀਬੇ ਬਣਕੇ ਏਸ ਨੂੰ ਵੱਜੀਆਂ ਹੀ ਸਮਝੋ ਤੇ ਅੱਗੇ ਤੋਂ ਖੁਦ ਵਿੱਚ ਵੀ ਤੇ ਪ੍ਰਸ਼ਾਸਨ ਵਿੱਚ ਵੀ ਸੁਧਾਰ ਕਰੋ ਤਾਂ ਜੋ ਮੁੜ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਤੁਹਾਡੇ ਦੋਖੀ ਨਹੀਂ ਹਾਂ, ਸ਼ੁੱਭਚਿੰਤਕ ਹਾਂ, ਪਰ ਤੁਸੀਂ ਸਾਡੇ ਦੋਖੀ ਹੋ।
ਸਾਨੂੰ ਉਮੀਦ ਤਾਂ ਹੈ ਨਹੀਂ ਕਿ ਤੁਸੀਂ ਅਪਣੇ ਜਿਉਂਦੇ ਜੀਅ ਕੋਈ ਸੁਧਾਰ ਵਗੈਰਾ ਕਰ ਸਕੋਗੇ, ਪਰ ਸਾਡਾ ਕਹਿਣਾ ਫਰਜ਼ ਹੈ, ਸੁਣਨ ਵਾਲਾ ਭਾਵੇਂ ਬੋਲ਼ਾ ਹੀ ਕਿਉਂ ਨਾ ਹੋਵੇ। ਸਾਡੀ ਤ੍ਰਾਸਦੀ ਹੀ ਇਹੋ ਹੈ ਕਿ ਅਸੀਂ ਅੰਨ੍ਹਿਆਂ-ਬੋਲ਼ਿਆਂ ਨੂੰ ਵੋਟਾਂ ਪਾ ਬੈਠਦੇ ਹਾਂ ਪਰ ਅੱਖਾਂ ਅਪਣੀਆਂ ਵੀ ਨਹੀਂ ਖੋਲ੍ਹਦੇ।


ਤੁਹਾਡੀ ਇਸਨੂੰ ਮਜ਼ਬੂਰੀ ਹੀ ਮੰਨ ਲੈਂਦੇ ਹਾਂ ਕਿ ਏਨੇ ਚਿਰ ਦਾ ਤਾਣਾ ਬਾਣਾ ਤੁਸੀਂ ਅਪਣੇ ਜਿਉਂਦੇ ਜੀਅ ਸੁਲਝਾ ਨਹੀਂ ਸਕਦੇ। (ਜਦੋਂ ਕਿ ਸਾਨੂੰ ਪਤਾ ਹੈ ਕਿ ਇਹ ਤਾਣਾ ਬਾਣਾ ਉਲਝਾ ਕੇ ਰੱਖਣਾ ਤੁਹਾਡੀ ਲੋੜ ਹੈ, ਸਾਡੇ ਸਿਵਿਆਂ ਤੇ ਰੋਟੀਆਂ ਰਾੜ੍ਹਨਾ ਤੁਹਾਡੀ ਖਾਨਦਾਨੀ ਰੀਤ ਹੈ।) ਪਰ ਫਿਰ ਵੀ ਜੇ ਜ਼ਮੀਰ ਨਾਂ ਦਾ ਕੀੜਾ ਜਾਂ ਇੱਕ ਬੇ-ਅਣਖੇ ਜਿਹੇ ਬੰਦੇ ਵਲੋਂ ਵੰਗਾਰਨ ਤੇ ਅਣਖ ਨਾਮ ਦਾ ਕੀੜਾ ਹੀ ਕਿਤੇ ਅੰਦਰ ਬਚਿਆ ਹੋਵੇ ਤਾਂ ਏਨਾ ਕੁ ਹੰਭਲਾ ਜ਼ਰੂਰ ਮਾਰਿਓ ਕਿ ਪੰਜਾਬ ਵਿੱਚੋਂ ਸਮੈਕ, ਹੈਰੋਇਨ, ਭੁੱਕੀ, ਅਫੀਮ, ਤੇ ਮੈਡੀਕਲ ਨਸ਼ਿਆਂ ਅਤੇ ਹੋਰ ਮਾਰੂ ਨਸ਼ਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਅਸੀਂ ਨਹੀਂ ਕਹਿੰਦੇ ਕਿ ਪਵਿੱਤਰ ਨਗਰੀ ਅਮ੍ਰਿਤਸਰ ਦੀ ਪਵਿੱਤਰਤਾ ਦਾ ਮਜ਼ਾਕ ਉਡਾਉਂਦਾ ਸ਼ਰਾਬ ਦਾ ਠੇਕਾ ਬੱਸ ਉੱਤਰਦਿਆਂ ਹੀ ਨਜ਼ਰੀਂ ਪੈਂਦਾ ਹੈ, ਉਸ ਨੂੰ ਓਥੋਂ ਹਟਾਇਆ ਜਾਵੇ। ਇਸ ਬਾਰੇ ਕਦੇ ਫੇਰ ਗੱਲ ਕਰਲਾਂਗੇ। ਫਿਲਹਾਲ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ। ਜੇ ਏਨਾ ਕੁ ਕੰਮ ਕਰ ਸਕੇ ਤਾਂ ਅਸੀਂ ਸਮਝਾਂਗੇ ਕਿ ਤੁਸੀਂ ਅਪਣੀ ਜ਼ਿੰਦਗੀ ਵਿੱਚ ਇੱਕ ਮਹਾਨ ਕੰਮ ਕੀਤਾ ਹੈ।

ਤੁਹਾਡਾ ਸ਼ੁੱਭ ਚਿੰਤਕ ਅਤੇ ਇਨਸਾਨੀਅਤ ਦੀ ਦੁਹਾਈ ਪਾਉਂਦਾ ਆਮ ਜਿਹਾ ਨਾਗਰਿਕ।
ਸੁਰਜੀਤ ਗੱਗ
ਮਿਤੀ 24 ਅਪ੍ਰੈਲ 2014

Thursday, January 16, 2014

ਖਿੜ੍ਹਦੇ ਗੁਲਾਬਾਂ ਕੱਖਾਂ ਕਾਨਿਆਂ ਚ ਓਹੋ

ਆਪਣਾ ਨਾ ਹੁਣ ਕੋਈ ਗੈਰ ਏਥੇ
ਨਾ ਮੋਹ ਨਾਹੀਂ ਪਾਉਣਾ ਵੈਰ ਏਥੇ
ਭੱਜ ਨੱਠ ਜਿੰਨਾ ਮਰਜੀ ਹੈਪੀ
ਪੱਲੇ ਪੈਣਾ ਨਈ ਕੱਖ ਖੈਰ ਏਥੇ
ਰਾਵਣ ਵੀ ਗਿਆ, ਗਿਆ ਸਿਕੰਦਰ ਵੀ
ਕਦ ਜਮਾਏ ਅੰਗਦ ਪੈਰ ਏਥੇ
 
ਖਿੜ੍ਹਦੇ ਗੁਲਾਬਾਂ ਕੱਖਾਂ ਕਾਨਿਆਂ ਚ ਓਹੋ
ਆਪਣੇ ਪਿਆਰੇ ਤੇ ਬੇਗਾਨਿਆਂ ਚ ਓਹੋ
ਪੈਂਦੇ ਵੈਣਾਂ ਵਿੱਚ ਤੇ ਤਰਾਨਿਆਂ ਚ ਓਹੋ
ਭਾਲ ਹੈਪੀ ਜਿਹਦੀ ਜੱਗ ਨੂੰ
ਬੈਠਾ ਬੰਦ ਤਨ ਤਹਖਾਨਿਆਂ ਚ ਓਹੋ

ਕੱਚੀ ਨੀਂਦੇ ਟੁੱਟੇ ਸਪਨੇ ਮਹਿੰਗੇ, ਕਦ ਕੋਈ ਉੱਠਕੇ ਰੋਇਆ
ਪੱਤਾ ਹਿਲੇ ਨਾ ਉਹਦੀ ਰਜਾ ਬਿਨ੍ਹਾ, ਤੇਰੇ ਕੀਤੇ ਕੀ ਹੋਇਆ
ਹੋਰ ਹੀ ਕੋਈ ਫੇਰੇ ਮਾਲਾ ਸਾਹਵਾਂ ਦੀ, ਹੈਪੀ ਤਾਂ ਕਦ ਮੋਇਆ

Monday, December 31, 2012

ਹਨੀ ਸਿੰਘ, ਜੈਜੀ ਬੀ ‘ਤੇ ਹੋਵੇਂ ਬਲਾਤਕਾਰ ਦਾ ਪਰਚਾ

by ਤੇਜਾ ਸਿੰਘ ਚਰਨਜੀਤ on Sunday, December 30, 2012 at 2:13pm ·

ਮੇਰੀ ਸਮਝ ਮੂਜਬ ਬਲਾਤਕਾਰ, ਬਦਚਲਨੀ, ਜਨਾਨਾ ਸੁਰੱਖਿਆ, ਅਣਖ ਤੇ ਆਸ਼ਕੀ ਆਪਸ ‘ਚ ਇਕ ਸੂਤਰ ‘ਚ ਬੱਝੇ ਮੁੱਦੇ ਹਨ । ਕਿਸੇ ਇਕ ਦੀ ਗੱਲ ਕਰਦਿਆਂ ਬਾਕੀਆਂ ਦਾ ਆ ਜੁੜਨਾ ਲਾਜਮੀ ਹੈ ।
ਆਪਣਾ ਇਕ ਮਿੱਤਰ, ਅਣਖ ਲਈ ਕੀਤੇ ਕਤਲਾਂ ਦੇ ਸਬੰਧ ‘ਚ ਕਹਿੰਦਾ ਹੁੰਦਾ , “ਧੀ ਧਿਆਣੀ ਤਾਂ ਵਿਚਾਰੀ ਅੱਲੜ ਹੁੰਦੀ ਆ ..ਉਹਨੁੰ ਕਾਹਦੀ ਸਜਾ , ਬੱਸ ਇਹ ਪਤਾ ਕਰੋ ਕਿ ਉਹ ਗਾਣੇ ਕਿਹੜੇ ਕੰਜਰ ਦੇ ਸੁਣਦੀ ਸੀ । ਗੋਲੀ ਮਾਰਨੀ ਤਾਂ ਉਸ ਕੰਜਰ ਦੇ ਮਾਰੋ ।
ਇਕ ਗੱਲ ਪੱਲੇ ਬੰਨ ਲਉਂ ਜੋ ਪੰਜਾਬ ਨੁੰ, ਪੰਜਾਬ ਵਜੋਂ ਵੱਸਦਾ ਵੇਖਣਾ ਚਾਹੁੰਦੇ ਨੇ, “ਆਪਣੀ ਜਵਾਨੀ (youth) ਨਾ ਤਾਂ ਸਰਕਾਰਾਂ ਦੀ ਮੰਨਦੀ, ਨਾ ਜਥੇਦਰਾਂ ਦੀ, ਨਾ ਇਸ਼ਤਿਹਾਰਾਂ ਦੀ ਤੇ ਨਾ ਅਖਬਾਰਾਂ ਦੀ। ਜੇ ਇਹ ਮੰਨਦੀ ਹੈ ਤਾਂ ਸਿਰਫ ਕੰਜਰ ਕਲਾਕਾਰਾਂ ਦੀ।
ਜਿਥੇ ਉਹ ਚਾਹੁਣਗੇ । ਜਵਾਨੀ ਨੁੰ ਲੈ ਜਾਣਗੇ ।

ਬਹੁਚਰਚਿਤ ਫਰੀਦਕੋਟ ਵਾਲਾ ਨਿਸ਼ਾਨ ਜਦੋਂ ਸਰੂਤੀ ਨੁੰ ਘਰੋਂ ਚੁੱਕ ਕੇ ਲੈ ਜਾਂਦਾ ਤਾਂ ਅਸੀਂ ਚਿੰਤਾ ਕਰਦੇ ਹਾ । ਪਰ ਜਦੋਂ ਪ੍ਰੀਤ ਹਰਪਾਲ ਗਾਉਂਦਾ , ਮਾਪੇ ਨਹੀਂ ਮੰਨਦੇ ਲੈ ਜਾ ਮੱਲੋ ਜੋਰੀ .....। ਤਾਂ ਕੀ ਉਹ ਸਰੂਤੀ ਵਰਗੀਆਂ ਹਜ਼ਾਰਾਂ ਨਬਾਲਗਾਂ ਮੁੰਹੋ ਇਹ ਨਹੀਂ ਅਖਵਾ ਰਿਹਾ ਕਿ ਆ ਤੇ ਸਾਡੇ ਟੱਬਰ ਦੀ ਇਜਤ ਸਣੇ ਲੱਤਾਂ ਬਾਹਾਂ ਤੋੜ। ਤੇ ਅੱਗੋਂ ਜਦੋਂ ਦਲਜੀਤ ਗਾਉਂਦਾ ਹੈ ...ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ... ਕੀ ਇਹ ਨਿਸ਼ਾਨ ਜਿਹਿਆਂ ਦੀ ਪੈਰਵਾਈ ਕਰਦਿਆਂ, ਆਪਣੇ ਮੁੰਡਿਆਂ ਨੁੰ ਗੁੰਡਾਗਰਦੀ ਲਈ ਉਤਸ਼ਾਹਤ ਨਹੀਂ ਕਰਦਾ ?

ਆਪਣਾ ਬਠਿੰਡੇ ਵਾਲਾ ਭਰਤ ਖੰਨਾ ਕਹਿੰਦਾ , ਪਟਿਆਲੇ , ਦਿੱਲੀ, ਜਾਂ ਪੰਜਾਬ ਦੇ ਹੋਰ ਸ਼ਹਿਰਾਂ ‘ਚ ਹੋਣ ਵਾਲੇ ਸਾਰੇ ਬਲਾਤਕਾਰਾਂ ਦੇ ਪਰਚੇ ਤਾਂ ਹਨੀ ਸਿੰਘ ‘ਤੇ ਜੈਜ਼ੀ ਬੀ ਤੇ ਹੋਣੇ ਚਾਹੀਦੇ ਹਨ । ਜਿਹੜੇ ਨੰਗੀਆਂ ਕੁੜੀਆਂ ਫਿਲਮਾਂ ਕੇ ਨਾਲ ਗਾ ਰਹੇ ਹਨ -
ਬੱਤੀਆਂ ਬੁਝਾ ਲਉ ਜੀ
ਜਿੰਦੇ ਕੁੰਢੇ ਲਾ ਲਉਂ ਜੀ
ਮੁਨੀ ਨੁੰ ਮਨਾ ਲਉਂ ਜੀ
ਅੱਧੇ ਪੈਸੇ ਪਾ ਲਉਂ ਜੀ
this party getting hot

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਬੰਦਾ ਐਨਾ ਬੈਗੈਰਤ ਵੀ ਹੋ ਸਕਦਾ? ਜੈਜੀ ਬੀ ਨੇ ਇਕ ਵਾਰਾ ਟੀਵੀ ਇੰਟਰਵੀਊ 'ਚ ਦੱਸਿਆ ਸੀ ਕਿ ਉਹ ਆਪਣੀ ਵੱਡੀ ਧੀ ਨੁੰ ਘਰੇ ਮੁਨੀ ਕਹਿੰਦਾ ਹੁੰਦਾ । ਹੁਣ ਹਨੀ ਸਿੰਘ ਨਾਲ ਰਲ ਕੇ ਜੈਜੀ ਬੈਂਸ (B) ਗਾ ਰਿਹਾ ...... ਮੁਨੀ ਲੈ ਆਉ, ਅੱਧੇ-ਅੱਧੇ ਪੈਸੇ ਪਾ ਕੇ ।

ਪੈਸੇ ਪਾ ਕੇ ਮੁਨੀ ਲਿਆਉਂਣ ਵਾਲੇ, ਰਾਹ ਜਾਂਦੀ ਕੱਲੀ ਕਾਰੀ ਕੁੜੀ ਨਾਲ ਕੀ ਕਰਨਗੇ । ਇਹ ਦੱਸਣ ਦੀ ਲੋੜ ਨਹੀਂ ।
ਹਨੀ ਸਿੰਘ ਜੇ ਕਿਸੇ ਵੇਸ਼ਵਾ ਦਾ ਬੱਚਾ ਵੀ ਹੋਵੇਂ ਤਾਂ ਅਸੀਂ ਉਸ ਦੀ ਮਾਂ ਦੀ ਇੱਜਤ ਲਈ ਖੜੇ ਹਾ । ਜੈਜੀ ਬੀ ਦੀ ਧੀ ਸਾਡੀਆਂ ਧੀਆਂ ਭੈਣਾਂ ਵਰਗੀ ਹੈ । ਇਹ ਬਦਇਕਲਾਖੀ ਦੇ ਵਿਰੁਧ ਮੋਰਚਾ ਪੰਜਾਬ ਦੀਆਂ ਸਾਰੀਆਂ ਧੀਆਂ ਲਈ ਹੈ।

ਮੁਕਦੀ ਗੱਲ, ਤੁਹਾਡੇ ਖਿੱਤੇ ਦੀ ਸਿਆਸਤ ਤਹਿ ਕਰਦੀ ਹੈ ਕਿ ਤਹਾਨੁੰ ਕਿਸ ਤਰ੍ਹਾਂ ਰੱਖਣਾ ਹੈ । ਇਸ ‘ਚ ਕੋਈ ਸ਼ੰਕਾ ਨਹੀਂ ਕਿ ਕੰਜਰਕਲਚਰ ਭਾਰਤੀ ਸੱਤਾਧਾਰੀਆਂ ਦਾ ਪੰਜਾਬ ‘ਚ ਮਿੱਥ ਕੇ ਛਡਿਆ ਹਥਿਆਰ ਹੈ । ਤੁਹਾਡੀ ਵੱਖਰੀ ਪਛਾਣ ਤੇ ਹੋਂਦ “ਹਿੰਦ” ਲਈ ਹਮੇਸ਼ਾਂ ਖਤਾਰਾ ਰਹੀ ਏ । ਤੁਹਾਨੁੰ ਗੁਲਾਮ ‘ਤੇ ਘਸਿਆਰੇ ਬਣਾ ਕੇ ਰੱਖਣ ਲਈ ਇਸ ਤੋਂ ਵਧੀਆਂ ਕੀ ਹੋ ਸਕਦਾ ਕਿ ਤੁਹਾਨੁੰ ਬੇ ਅਣਖੇ, ਬੇ-ਗੈਰਤ ਕਰ ਦਿਤਾ ਜਵੇਂ ਤੇ ਤੁਸੀ ਵੱਜਦੇ ਵਾਜਿਆਂ ‘ਤੇ ਦਿਨ ਰਾਤ ਨੱਚਦੇ ਰਹੋ ।
ਹੁਣ ਇਹ ਪੰਜਾਬ ਦੇ ਲੋਕਾਂ ‘ਤੇ ਹੈ ਕਿ ਉਹ ਇਸ ਸ਼ਾਜਿਸ ਦਾ ਟਾਕਰਾ ਕਿਵੇਂ ਕਰਦੇ ਹਨ । ਦੁੱਖ ਤੇ ਇਸ ਗੱਲ ਦਾ ਹੈ ਕਿ ਜਿਹੜਾ ਪੰਜਾਬੀ ਟੀਵੀ ਚੈਨਲ ਤੇ ਸਵੇਰੇ ਰਾਗੀ ਤਬਲੇ ਕੁੱਟ ਕੁੱਟ ਕੇ
ਜਾਗਿ ਲੇਹੁ ਰੇ ਮਨਾ ਜਾਗੁ ਲੇਹੁ ਕਹਾ ਗਾਫਲ ਸੋਇਆ।।
ਜਾਗ ਰੇ ਮਨੁ ਜਾਗਨਹਾਰੇ ॥
ਦੇ ਨਾਹਰੇ ਲਾ ਰਹੇ ਹੁੰਦੇ ਨੇ । ਉਸੇ ਤੋਂ ਅੱਧੇ ਮਿੰਟ ਦੀ ਬਰੇਕ ਬਾਅਦ ਗਾਇਕ ਗਾ ਰਿਹਾ ਹੁੰਦਾ ਹੈ :
ਬੱਤੀਆਂ ਬੁਝਾ ਲਉਂ ਜੀ
ਮੂਡ ਜਿਹਾ ਬਣਾ ਲਉਂ ਜੀ
ਮੋਟੇ ਮੋਟੇ ਲਾ ਲਉਂ ਜੀ
this party getting hot


ਤੇ ਬੁਜਦਲੀ ਹੈ ਸੂਬੇ ਦੀ ਸਿੱਖ ਵੱਸੋਂ ਦੀ, ਜਿਥੋਂ 5 ਬੰਦੇ ਜਾ ਕੇ ਅਕਾਲ ਤਖਤ ਦੇ ਜਥੇਦਾਰਾਂ ਨੁੰ ਨਹੀਂ ਪਿੱਟਦੇ ਕਿ ਜਾਂ ਤਾਂ ਉਸ ਚੈਨਲ ਤੇ ਗੁਰਬਾਣੀ ਸੁਣਾਉਂ ਜਾਂ ਕੰਜਰਖਾਨਾ ।


ਤੇ ਉਹੋ ਜਿਹੇ ਕਥਾ ਕਰਨ ਵਾਲੇ ਰਾਗੀ ਢਾਡੀ , ਉਹੀ ਨਾਹ ਕਰ ਦੇਣ ਕਿ ਜੇ ਕੰਜਰ ਈ ਸੁਣਾਉਂਣੇ ਨਚਾਉਂਣੇ ਆ ਤਾਂ ਫਿਰ ਸਾਡੀ ਅਸਰ-ਰਹਿਤ ਕਥਾ ਵਾਰਤਾਂ ਨੁੰ ਛੱਡੋ।

....ਕਿੰਦ ਨਾਹਲ'''''

Wednesday, August 8, 2012

ਕਾਹਨੂੰ ਕਰੇਂ ਤੂੰ ਰੋਸ ਗਿਲ੍ਹਾ ਸ਼ਿਕਵਾ ਸੱਜਣਾ

ਕਾਹਨੂੰ ਕਰੇਂ ਤੂੰ ਰੋਸ ਗਿਲ੍ਹਾ ਸ਼ਿਕਵਾ ਸੱਜਣਾ
ਹੋਣੀ ਦੇ ਝੱਖੜ੍ਹ ਕਈ ਵਾਰੀ ਝੁੱਲ ਜਾਂਦੇ ਨੇ

ਅੰਬਰੀਂ ਜਦੋਂ ਗੁਬਾਰ ਜਿਹਾ ਚੜ੍ਹ ਜਾਂਦਾ ਐ
ਵੱਡੇ ਵੱਡੇ ਤਾਰੇ ਇਸ ਵਿੱਚ ਰੁੱਲ ਜਾਂਦੇ ਨੇ

ਮਿੱਟੀ ਹੈ ਇਹ ਜਿਸਮ 'ਤੇ ਸਭ ਮਿੱਟੀ ਹੈ
ਪਤਾ ਨਈ ਕਾਹਤੋਂ ਇਹ ਲੋਕੀ ਭੁੱਲ ਜਾਂਦੇ ਨੇ

ਐਵੇਂ ਕਿਉਂ ਨਿਰਾਸ਼ ਜਿਹਾ ਤੂੰ ਫਿਰਦਾ ਐਂ
ਇੱਕ ਬੰਦ ਹੋਇਆ ਬੂਹਾ, ਪਰ ਸੋ ਖੁੱਲ੍ਹ ਜਾਂਦੇ ਨੇ

ਮੇਰੀਆਂ ਭਰੀਆਂ ਅੱਖਾਂ ਵੇਖਕੇ ਨਾ ਡਰ ਤੂੰ
ਬਹੁਤਾ ਭਰਕੇ ਸਾਗਰ ਵੀ ਉੱਛਲ ਜਾਂਦੇ ਨੇ

ਐਵੇਂ ਨਾ ਹਰ ਇੱਕ ਨੂੰ ਆਪਣਾ ਸਮਝ ਜਿੰਦੇ
ਭੁੱਲ ਭੁਲੇਖੇ ਪੱਥਰ ਮੋਤੀਆਂ ਸੰਗ ਤੁਲ ਜਾਂਦੇ ਨੇ

ਮਨਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ

Monday, July 30, 2012

'ਕੁੜੇ ਨੀਰੂ' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ'

'ਕੁੜੇ ਨੀਰੂ' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ' ਛੋਟੇ ਗੇਟ ਦੇ ਸਾਹਮਣੇ ਬਣੀ ਲੌਬੀ ਵਿੱਚ ਬੈਠੀ ਦਾਦੀ ਮੈਨੂੰ ਵਾਜਾਂ ਮਾਰਦੀ, ਮੈਂ ਅੰਦਰੋਂ ਪਾਣੀ ਲਿਆ ਕੇ ਦੇਣਾ ਤੇ ਕਹਿੰਦੀ 'ਕੁੜੇ ਤੱਤਾ ਐ' ਨਈਂ ਬੇਬੇ ਮੈਂ ਤਾਂ ਫਰਿੱਜ 'ਚੋਂ ਗਲਾਸ ਭਰ ਕੇ ਲਿਆਈਂ ਆਂ'' ਉਹ ਔਕ ਲਾ ਕੇ ਪਾਣੀ ਪੀ ਜਾਂਦੀ ਤੇ ਥੋੜਾ ਪਾਣੀ ਬਚਾ ਕੇ ਬੁੱਕ ਭਰ ਕੇ ਮੂੰਹ ਧੋ ਲੈਂਦੀ। ਗਰਮੀ ਵਿੱਚ ਸਾਰਾ ਦੁਪਹਿਰੇ ਉਹ ਬਾਹਰ ਲੌਬੀ ਵਿੱਚ ਬੈਠੀ ਰਹਿੰਦੀ। ਦਾਦੀ 100 ਵਰ੍ਹਿਆਂ ਤੋਂ ਉਪਰ ਹੋ ਗਈ ਸੀ ਪਰ ਉਸਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ। ਉਹ ਹਮੇਸ਼ਾ ਸਾਰੇ ਪਰਿਵਾਰ ਨੂੰ ਅਸੀਸਾਂ ਦਿੰਦੀ ਰਹਿੰਦੀ। ਉਸਨੂੰ ਮੇਰੇ ਵਿਆਹ ਹੋਣ ਦਾ ਬੜਾ ਚਾਅ ਸੀ। ਮੇਰੀ ਉਮਰ 25 ਵਰ੍ਹਿਆਂ ਦੀ ਹੋ ਗਈ। ਜਦੋਂ ਐਮ.ਸੀ.ਏ ਪੂਰੀ ਕੀਤੀ ਤਾਂ ਘਰ ਦਿਆਂ ਨੇ ਮੁੰਡਾ ਦੇਖਣਾ ਸ਼ੁਰੂ ਕੀਤਾ। ਦਾਦੀ ਕਹਿੰਦੀ 'ਮੇਰੀ ਪੋਤੀ ਤਾਂ ਬਾਹਲੀ ਨਰਮ ਐ। ਜਮ੍ਹਾਂ ਗਊ, ਐਵੇਂ ਨਾ ਕਿਸੇ ਅੜਬਾਂ ਦੇ ਫਸਾ ਦਿਉ। ਨਾਲੇ ਮੁੰਡਾ ਵੀ ਹਾਣ ਦਾ ਹੋਵੇ, ਜਿਹੜਾ ਮੇਰੀ ਪੋਤੀ ਨਾਲ ਆਉਂਦਾ ਜਾਂਦਾ ਸੋਹਣਾ ਲੱਗੇ। ਜਦੋਂ ਮੇਰਾ ਰਿਸ਼ਤਾ ਹੋਇਆ ਤਾਂ ਉਸਤੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ, ਉਹ ਉਸੇ ਦਿਨ ਤੋਂ ਹੀ ਗੀਤ ਗਾਉਣ ਲੱਗ ਪਈ। ਉਸਦਾ ਕਮਰਾ ਲੌਬੀ ਦੇ ਐਨ ਸਾਹਮਣੇ ਸੀ, ਜਦੋਂ ਕਈ ਵਾਰੀ ਬਾਰਸ਼ ਪੈ ਜਾਂਦੀ ਤੇ ਉਹ ਅੰਦਰ ਪੈ ਜਾਂਦੀ ਸੀ। 

ਮੇਰੀ ਮੰਗਣੀ ਜੁਲਾਈ 'ਚ ਹੋਈ ਸੀ। ਉਸਤੋਂ ਬਾਅਦ ਬਰਸਾਤ ਸ਼ੁਰੂ ਹੋ ਗਈ। ਉਹ ਅੰਦਰ ਪਈ ਹੁੰਦੀ, ਹੇਕਾਂ ਵਾਲੇ ਗੀਤ ਗਾਉਂਦੀ ਰਹਿੰਦੀ। ਮੈਨੂੰ ਸੱਸਾਂ ਵਾਲੇ ਗੀਤ ਸੁਨਾਉਣ ਲੱਗ ਪੈਂਦੀ । ਜੇ ਕਈ ਵਾਰ ਮੈਂ ਇਹਨਾਂ ਦਾ (ਮੇਰੇ ਪਤੀ) ਦਾ ਨਾਮ ਲੈਂਦੀ ਤਾਂ ਲੜਦੀ ਕਹਿੰਦੀ ਤੂੰ ਆਪਣੇ ਪਾਹੁਣੇ ਦਾ ਨਾਮ ਨਾ ਲਿਆ ਕਰ, ਮਾੜਾ ਹੁੰਦਾ। ਨਾ ਤੂੰ ਉਸੇ ਨਾਲ ਬਾਹਲੀ ਫੋਨ 'ਤੇ ਗੱਲ ਕਰਿਆ ਕਰ। ਮੈਂ ਹੱਸ ਕੇ ਟਾਲ ਦਿੰਦੀ,ਬੇਬੇ ਠੀਕ ਐ ਕਹਿ ਛੱਡਦੀ। ਨਹੀਂ ਕਰਦੀ। ਉਹ ਹਮੇਸ਼ਾ ਮੈਨੂੰ ਨਸੀਹਤਾਂ ਦਿੰਦੀ, ਇਹ ਨਾ ਕਰਿਆ ਕਰ, ਉਹ ਨਾ ਕਰਿਆ। ਅਖਿਰ 23 ਨਵੰਬਰ 2009 ਨੂੰ ਮੇਰਾ ਵਿਆਹ ਹੋ ਗਿਆ ਤੇ ਉਹ ਸਮੇਂ ਬੇਬੇ ਨੇ ਰੱਜ ਕੇ ਗੀਤ ਗਾਏ। ਜਾਗੋ ਕੱਢਣ ਵੇਲੇ ਆਪ ਜਾਗੋ ਫੜ੍ਹ ਕੇ ਮੇਰੀ ਮਾਮੀ ਨੂੰ ਫੜਾਈ। 24 ਨਵੰਬਰ ਨੂੰ ਜਦੋਂ ਮੈਂ ਫੇਰੇ ਦੀ ਰਸਮ ਲਈ ਆਈ ਤਾਂ ਉਸਤੋਂ ਚਾਅ ਨਾ ਚੁੱਕਿਆ ਜਾਵੇ। ਮੇਰੇ ਪਤੀ ਨੂੰ ਆਪਣੇ ਕੋਲ ਬੁਲਾ ਕੇ ਮੰਜੀ 'ਤੇ ਬਿਠਾ ਲਿਆ ਤੇ ਮੇਰੀ ਚਾਚੀ ਨੂੰ ਕਹਿੰਦੀ ਕੁੜੇ ਨੀਰੂ ਦਾ ਪ੍ਰਾਹੁਣਾ ਕਿਹੋ ਜਿਹਾ ਲੱਗਦਾ, ਚਾਚੀ ਕਹਿੰਦੀ, ਬੇਬੇ ਇਹ ਤਾਂ ਆਪਣਾ ਸੋਨੇ ਦਾ ਰੁਪਈਆ, ਬਥੇਰਾ ਸੋਹਣਾ। ਬੇਬੇ ਦਾ ਮੂੰਹ ਖੁਸ਼ੀ ਨਾਲ ਲਾਲ ਹੋ ਗਿਆ। ਤੇ ਸ਼ਾਇਦ ਉਹ ਆਖਰੀ ਸਮਾਂ ਸੀ ਜਦੋਂ ਉਹ ਖੁਲ੍ਹ ਕੇ ਹੱਸੀ, 'ਤੇ ਦੋ ਦਿਨਾਂ ਨੂੰ ਉਸਨੂੰ ਦਸਤ ਲੱਗ ਗਏ ਤੇ ਉਹ ਮੰਜੇ ਨਾਲ ਜੁੜ ਗਈ। ਪੂਰੇ ਦੋ ਮਹੀਨੇ ਉਹ ਮੰਜੇ 'ਤੇ ਪਈ ਰਹੀ। ਮੇਰੀ ਮੰਮੀ ਤੇ ਪਾਪਾ ਉਸਦੀ ਦਿਨ ਰਾਤ ਦੇਖਭਾਲ ਕਰਦੇ। ਮੇਰੀ ਦਾਦੀ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਬੱਸ ਉਪਰ ਦੇਖਦੀ ਰਹਿੰਦੀ ਤੇ ਕਹਿੰਦੀ ਮੇਰੇ ਮੂੰਹ

ਵਿੱਚ ਕੁੱਛ ਪਾ ਦੇ,,,,,, ਮੈਂ ਤੇ ਮੇਰਾ ਪਤੀ ਉਸਦਾ ਪਤਾ ਲੈਣ ਗਏ ਤਾਂ ਕਹਿੰਦੀ ਤੁਸੀਂ ਰੋਜ਼ ਰੋਜ਼ ਨਾ ਆਇਆ ਕਰੋ। ਮੈਂ ਤੁਹਾਨੂੰ ਫੋਨ ਕਰੂ, ਫਿਰ ਆਇਉ,,,, ਬੱਸ ਫਿਰ 14 ਜਨਵਰੀ ਦੀ ਰਾਤ ਨੂੰ ਫੋਨ ਆਇਆ ਕਿ ਬੇਬੇ ਪੂਰੀ ਹੋ ਗਈ & ਜਦੋਂ ਮੈਂ ਬੇਬੇ ਦੇ ਅੰਤਿਮ ਸੰਸਕਾਰ 'ਤੇ ਗਈ ਤਾਂ ਬੇਬੇ ਚੁੱਪਚਾਪ,,, ਅੱਖਾਂ ਬੰਦ, ਵਿਹੜੇ ਵਿੱਚ ਪਾਈ ਪਈ ਸੀ। ਬੁੜੀਆਂ ਰੋਣ, ਵੈਣ ਪਾਉਣ ਲੱਗੀਆਂ ਹੋਈਆਂ ਸਨ ਪਰ ਮੇਰੇ ਕੰਨਾਂ ਵਿੱਚ ਬੇਬੇ ਦੇ ਗੀਤਾਂ ਦੀਆਂ ਅਵਾਜਾਂ ਪੈ ਰਹੀਆਂ ਸਨ,,,, ਹਰੀਏ ਨੀ ਰਸ ਭਰੀਏ,ਖਜੂਰੇ ,,,,,ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਜਾ ਰਹੇ ਸਨ ਅਤੇ ਅੱਜ ਵੀ ਜਦੋਂ ਮੈਂ ਮਾਨਸਾ ਜਾਂਦੀ ਹਾਂ ਤੇ ਕਮਰੇ ਵਿੱਚ ਦਾਖਲ ਹੁੰਦੀ ਆਂ ਤਾਂ ਉਸ ਦੀ ਅਵਾਜ਼ 'ਕੁੜੇ ਨੀਰੂ,'' ਪਾਣੀ ਦਾ ਗਿਲਾਸ ਲੈ ਕੇ ਆਈ ''ਹੋਕਾ ਜਾ ਮੇਰੇ ਕਾਲਜੇ 'ਚੋਂ ਜਿਵੇਂ ਕੋਈ ਹੂਕ ਨਿਕਲਦੀ ਐ'' ਦਾਦੀ ਨੂੰ ਪੂਰ੍ਹੀ ਹੋਇਆਂ ਭਲਾਂ ਦੋ ਸਾਲ ਹੋ ਚੱਲੇ ਨੇ ਪਰ ਅੱਜ ਵੀ ਕਦੇ ਸੁਪਨੇ ਤੇ ਕਦੇ ਕਿਵੇਂ ਦਾਦੀ ਦੀ ਅਵਾਜ਼ 'ਕੁੜੇ ਨੀਰੂ' ਪਾਣੀ ਦਾ ਗਿਲਸ ਲਿਆਈਂ ਠੰਡਾ ਜਾ'' ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਐ। ਨਾਲੇ ਪਤਾ ਐ ਪਿਆਰੀ ਦਾਦੀ ਹੁਣ ਪੂਰੀ ਹੋ ਚੁੱਕੀ ਹੈ।

ਨਰਿੰਦਰ ਸ਼ਰਮਾ (ਨੀਰੂ)
9988045744

Tuesday, July 17, 2012

ਸੰਜੀਤ ਸੁਲਤਾਨ ਦੀ ਫਰੇਬ ਐਲਬਮ ਰਿਲੀਜ਼

ਪੰਜਾਬੀ ਗਾਇਕ ਲਾਭ ਹੀਰਾ ਅਤੇ ਹੁਰਾਂ ਸੱਜਣਾ ਨੇ ਭੀਖੀ ਨੇੜਲੇ ਪਿੰਡ ਸਮੋਆ ਵਿਖੇ ਪੰਜਾਬੀ ਗਾਇਕ ਸੰਜੀਤ ਸੁਲਤਾਨ ਦੀ ਫਰੇਬ ਐਲਬਮ ਰਿਲੀਜ਼ ਕੀਤੀ, ਜੋ ਸਵੀਟ ਸੌਂਗ ਮਿਊਜ਼ਿਕ ਕੰਪਨੀ ਵੱਲੋਂ ਸ਼ੈਂਬਰਪ੍ਰੀਤ ਦੀ ਰਹਿਨੁਮਾਈ ਹੇਠ ਮੁਕੰਮਲ ਕੀਤੀ ਗਈ। ਇਸ ਐਲਬਮ ਵਿੱਚ ਕਰੀਬਨ ਅੱਠ ਗੀਤ ਹਨ, ਜੋ ਸ਼ੈਂਬਰਪ੍ਰੀਤ ਹੁਰਾਂ ਦੇ ਲਿਖੇ ਹੋਏ ਹਨ, ਜਿਨ੍ਹਾਂ ਨੂੰ ਸੰਗੀਤਬੱਧ ਪੰਜਾਬੀ ਸੰਗੀਤ ਵਿੱਕਾ ਮਨਹਰ ਨੇ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਵਲ ਹੀਰਾ ਨੇ ਦੱਸਿਆ, ਜੋ ਕੰਪਨੀ ਵਿੱਚ ਮੈਨੇਜਰ ਹਨ, ਕਿ ਇਸ ਮੌਕੇ ਉੱਤੇ ਪੰਜਾਬੀ ਗਾਇਕ ਲਾਭ ਹੀਰਾ ਤੋਂ ਇਲਾਵਾ ਸੰਤ ਪਾਲ ਸਿੰਘ, ਕੁਲਵਿੰਦਰ ਬਿੱਲਾ, ਬੀਬੋ ਭੁਆ, ਢਾਡੀ ਸ਼ਮਸੇਰ ਸਿੰਘ ਅਨਮੋਲ, ਹਰਜੀਤ ਪੰਚਰ ਅਤੇ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।

Wednesday, June 20, 2012

ਮੁਸ਼ਕਲਾਂ ਨੂੰ ਪੌੜ੍ਹੀਆਂ ਮੰਨਣ ਵਾਲਾ ਸਖ਼ਸ ਹੈ ਕੇਵਲ ਹੀਰਾ

ਕੋਈ ਕਿਸੇ ਦਾ ਪ੍ਰੇਰਨਾਸਰੋਤ ਨਈ ਹੁੰਦਾ, ਜਦੋਂ ਕਿਸੇ ਦੇ ਮੂੰਹੋਂ ਇਹ ਸ਼ਬਦ ਸੁਣਦਾ ਹਾਂ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਐ, ਇੰਝ ਲੱਗਦਾ ਐ, ਕਿ ਬੰਦਾ ਸ਼ਰੇਆਮ ਝੂਠ ਬੋਲ ਰਿਹਾ ਐ, ਕਿਉਂਕਿ ਸਾਡੇ ਆਲੇ ਦੁਆਲੇ ਘੁੰਮ ਰਿਹਾ ਹਰ ਵਿਅਕਤੀ ਕਿਸੇ ਨਾਲ ਕਿਸੇ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੁੰਦਾ ਐ, ਇਹ ਪ੍ਰਭਾਵ ਹੀ ਤਾਂ ਹੁੰਦਾ ਐ ਕਿ ਵਿਅਕਤੀ ਲੱਖ ਮੁਸ਼ਕਲਾਂ ਦੇ ਬਾਅਦ ਵਿੱਚ ਆਪਣੀ ਮੰਜ਼ਿਲ ਤੱਕ ਪੁੱਜ ਜਾਂਦਾ ਐ। ਅਜਿਹੀ ਹੀ ਇੱਕ ਮਿਸਾਲ ਹੈ ਸਵੀਟ ਸੌਂਗ ਮਿਊਜ਼ਿਕ ਕੰਪਨੀ ਦੇ ਵਿੱਚ ਕੰਮ ਕਰਦਾ ਕੇਵਲ ਹੀਰਾ, ਜਿਸਦਾ ਅਸਲੀ ਨਾਂਅ 'ਤੇ ਕੇਵਲ ਸਿੰਘ ਹੈ, ਪ੍ਰੰਤੂ ਪੰਜਾਬੀ ਗਾਇਕ ਲਾਭ ਹੀਰਾ ਜੀ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਜਿੰਦਗੀ ਦੀਆਂ ਹਰ ਮੁਸ਼ਕਲਾਂ ਵਿੱਚ ਉਸਦਾ ਨਾਂਅ ਧਿਆਉਂਦਿਆਂ ਅੱਗੇ ਵੱਧ ਗਿਆ। ਲੋਕਾਂ ਨੇ ਕੇਵਲ ਸਿੰਘ ਨੂੰ ਕੇਵਲ ਹੀਰਾ ਬੁਲਾਉਣਾ ਸ਼ੁਰੂ ਕਰ ਦਿੱਤਾ।

ਕੇਵਲ ਹੀਰੇ ਦਾ ਜਨਮ 4 ਅਪ੍ਰੈਲ 1984 ਨੂੰ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਮਿੱਠੂ ਸਿੰਘ ਦੇ ਘਰ ਮਾਨਸਾ ਲਾਗਲੇ ਪਿੰਡ ਭੱਖਡਿਆਲ ਵਿਖੇ ਹੋਇਆ। ਕੇਵਲ ਹੀਰੇ ਨੇ ਪੜ੍ਹਨਾ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਇੱਕ ਬਿਮਾਰੀ ਨੇ ਉਸਨੂੰ ਆਣ ਘੇਰ ਲਿਆ। ਬੀਮਾਰੀ ਦੇ ਚੱਲਦੇ ਕੇਵਲ ਨੂੰ ਪੜ੍ਹਾਈ ਛੱਡਣੀ ਪਈ। ਕੁੱਝ ਸਾਲਾਂ ਬਾਅਦ ਕੇਵਲ ਦੇ ਪਿਤਾ ਨੇ ਉਸਦੇ ਭਵਿੱਖ ਨੂੰ ਵੇਖਦਿਆਂ ਉਸਨੂੰ ਮੈਡੀਕਲ ਦੀ ਦੁਕਾਨ ਉੱਤੇ ਕੰਮ ਕਰਨ ਲਗਾ ਦਿੱਤਾ। ਇੱਥੇ ਮਨ ਨਾ ਲੱਗਿਆ 'ਤੇ ਕੇਵਲ ਬੋਰ ਲਾਉਣ ਵਾਲਿਆਂ ਦੇ ਨਾਲ ਤੁਰ ਪਿਆ, ਜਿੱਥੇ ਉਸਨੇ ਪੂਰੀ ਸ਼ਿੱਦਤ ਨਾਲ ਕੰਮ ਕੀਤਾ। ਇਸ ਦੌਰਾਨ ਉਸਦੀ ਮੁਲਾਕਾਤ ਗੁਲਸ਼ਨ ਸਰਦਾਨਾ ਜੀ ਨਾਲ ਹੋਈ, ਜੋ ਪੇਸ਼ੇ ਤੋਂ ਸੀਏ ਸਨ, ਉਹਨਾਂ ਨੇ ਕੇਵਲ ਦੇ ਅੰਦਰਲੇ ਹੀਰੇ ਦੀ ਚਮਕ ਨੂੰ ਬਾਖੂਬੀ ਪਹਿਚਾਣਿਆ, 'ਤੇ ਆਪਣੇ ਨਾਲ ਜੋੜ੍ਹ ਲਿਆ। ਇੱਥੇ ਕੇਵਲ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਨਵੇਂ ਨਵੇਂ ਲੋਕਾਂ ਨਾਲ ਮੇਲ ਮਿਲਾਪ ਸ਼ੁਰੂ ਹੋ ਗਿਆ। ਇਸ ਦੌਰਾਨ ਕੇਵਲ ਦੀ ਜਾਣ ਪਹਿਚਾਣ ਸਵੀਟ ਸੌਂਗ ਮਿਊਜ਼ਿਕ ਕੰਪਨੀ ਦੇ ਮਾਲਕ ਭਾਈ ਸੈਂਬਰ ਪ੍ਰੀਤ ਨਾਲ ਹੋਈ, ਜਿਨ੍ਹਾਂ ਨੇ ਕੇਵਲ ਹੀਰੇ ਨੂੰ ਆਪਣੀ ਕੰਪਨੀ ਦੇ ਲਈ ਕੰਮ ਕਰਨ ਦਾ ਆਫ਼ਰ ਦਿੱਤਾ। ਸੰਗੀਤਕ ਦੁਨੀਆ ਦੇ ਨਾਲ ਪਿਆਰ ਹੋਣ ਕਾਰਣ ਕੇਵਲ ਹੀਰੇ ਨੇ ਇਸ ਨੌਕਰੀ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ।

ਹੁਣ ਉਹ ਆਪਣੀ ਜਿੰਦਗੀ ਦੇ ਵਿੱਚ ਵਧੇਰੇ ਖੁਸ਼ ਹੈ, ਭਾਵੇਂ ਉਸਦਾ ਜਨਮ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ, ਭਾਵੇਂ ਉਹ ਸਕੂਲੀ ਕਿਤਾਬਾਂ ਜਿਆਦਾ ਸਮੇਂ ਤੱਕ ਨਈ ਪੜ੍ਹ ਪਿਆ। ਉਹ ਸ਼ੁਕਰਗੁਜਾਰ ਐ, ਉਸ ਮਹਾਨ ਗਾਇਕ ਲਾਭ ਹੀਰਾ ਹੁਰਾਂ ਦਾ ਜਿਨ੍ਹਾਂ ਦੇ ਗੀਤਾਂ ਨੇ ਉਸਨੂੰ ਬੁਰੇ ਵਕਤ 'ਚ ਇੱਕ ਨਵੀਂ ਰਾਹ ਵਿਖਾਈ। ਕੇਵਲ ਹੀਰਾ ਲਾਭ ਹੀਰੇ ਨੂੰ ਕਿੰਝ ਪੂਜਦਾ ਐ, ਇਹ ਗੱਲ ਤਾਂ ਉਸਦੇ ਇੱਕ ਸ਼ੇਅਰ ਤੋਂ ਬਿਆਨ ਹੁੰਦੀ ਐ।

ਕੋਈ ਪਥਰਾਂ ਤੇ ਨਾਂਅ ਲਿਖਦਾ ਹੈ, ਤੇ ਕੋਈ ਲਿਖਦਾ ਬਾਹਾਂ ਤੇ
ਅਸੀਂ "ਕਲਮ ਇਸ਼ਕ਼ ਦੀ" ਨਾਲ ਸੱਜਣਾ, ਤੇਰਾ ਨਾਂਅ ਲਿਖ ਬੈਠੇ ਸਾਹਾਂ ਤੇ

ਜਿੰਦਗੀ ਦੇ ਵਿੱਚ ਹਰ ਵਿਅਕਤੀ ਕਿਸੇ ਨਾਲ ਕਿਸੇ ਸ਼ਖ਼ਸੀਅਤ ਤੋਂ ਜਰੂਰ ਪ੍ਰਭਾਵਿਤ ਹੁੰਦਾ ਐ, ਉਹ ਗੱਲ ਵੱਖਰੀ ਐ ਕਿ ਕੁੱਝ ਵਿਅਕਤੀ ਹਿਰਨ ਵਾਂਗੂੰ ਕਸਤੂਰੀ ਤੋਂ ਅਣਜਾਣ ਹੁੰਦੇ ਨੇ।

Wednesday, June 6, 2012

ਹਰਜੀਤ ਹਰਮਨ ਦੇ ਨਾਲ ਸਬੱਬੀ ਹੋਈ ਮੁਲਾਕਾਤ ਦਾ ਜ਼ਿਕਰ

ਓਹ ਪਲ ਕਦੇ ਭੁਲਾਇਆ ਨਈ ਭੁੱਲਦਾ, ਜਦੋਂ ਮੈਂ ਪਿੰਡ ਜਾਣ ਦੇ ਲਈ ਬਠਿੰਡੇ ਵਾਲੇ ਬੱਸ ਅੱਡੇ ਵੱਲ ਵੱਧ ਰਿਹਾ ਸੀ, ਅਤੇ ਬੱਸ ਸਟੈਂਡ ਨੂੰ ਅੰਦਰ ਜਾਂਦੇ ਰਾਹ ਵਾਲੀ ਕੰਧ 'ਤੇ ਹਰਜੀਤ ਹਰਮਨ ਦੀ ਨਵੀਂ ਆਉਣ ਵਾਲੀ ਕੈਸਿਟ ਦਾ ਪੋਸਟਰ ਲੱਗਿਆ ਹੋਇਆ ਸੀ, ਜਿਸਦੇ ਅਚਾਨਕ ਮੇਰੀ ਨਜ਼ਰ ਪਈ। ਵੇਖਦਿਆਂ ਦਿਲ ਨੇ ਕਿਹਾ ਕਿ ਬੰਦਾ ਵਧੀਆ ਗਾਉਂਦਾ ਐ, ਪਰ ਸਰੋਤੇ ਅਜਿਹੇ ਬੰਦੇ ਨੂੰ ਸੁਣਦੇ ਈ ਨਈ। ਜਦੋਂ ਵੀ ਕਿਸੇ ਮਿਹਨਤੀ ਬੰਦੇ ਨੂੰ ਕੋਸ਼ਿਸ਼ ਕਰਦਿਆਂ ਵੇਖਦਾ ਹਾਂ, ਤਾਂ ਦਿਲ ਕਹਿੰਦਾ ਐ, ਜੇਕਰ ਇਹਦਾ ਮੇਰੇ ਨਾਲ ਮੇਲ ਹੋ ਜਾਵੇ ਤਾਂ ਮੈਂ ਇਸ ਨੂੰ ਤਰੀਕੇ ਦੱਸ ਸਕਦਾ ਹਾਂ ਕਿਵੇਂ ਹਿੱਟ ਹੋ ਸਕਦਾ ਐ, ਪ੍ਰੰਤੂ ਅਜਿਹਾ ਨਈ ਹੁੰਦਾ। ਇਸ ਵੇਲੇ ਮੇਰੀ ਸਥਿਤੀ ਉਂਝ ਹੀ ਹੁੰਦੀ ਐ, ਜਿਵੇਂ ਕੱਬਡੀ ਖੇਡਦਿਆਂ ਮੈਨੂੰ ਵੇਖਣ ਆਏ ਲੋਕਾਂ ਦੀ, ਮੈਂ ਅੰਦਰ ਜਾਫ਼ੀ ਨਾਲ ਜਦੋਜਹਿਦ ਕਰਦਾ 'ਤੇ ਉਹ ਬਾਹਰ ਬੈਠੇ ਜ਼ੋਰ ਮਾਰਦੇ।

ਕੁੱਝ ਦਿਨਾਂ ਬਾਅਦ ਹਰਮਨ ਦੀ ਕੈਸਿਟ ਦੀ ਐਡ ਚੈਨਲਾਂ 'ਤੇ ਵੱਜਣ ਲੱਗੀ ਅਤੇ ਵੇਖਦਿਆਂ ਵੇਖਦਿਆਂ ਗੀਤਾਂ ਨੇ ਘਰ ਘਰ ਜਗ੍ਹਾ ਬਣਾ ਲਈ। ਹਰਜੀਤ ਹਰਮਨ ਹਿੱਟ ਹੋ ਗਿਆ। ਇੱਕ ਨਾਰਮਲ ਜਿਹੇ ਗੀਤ ਪੰਜੇਬਾਂ ਨਾਲ। ਇਸ ਤਰ੍ਹਾਂ ਦੇ ਵਿਸ਼ੇ 'ਤੇ ਵਧੇਰੇ ਗੀਤ ਬਣੇ, ਪਰ ਚੰਗਾ ਹੋਇਆ ਕਿ ਹਰਮਨ ਦੀ ਮੇਹਨਤ ਦਾ ਮੁੱਲ ਪਿਆ। ਮੈਨੂੰ ਖੁਸ਼ੀ ਹੋਈ, ਚੱਲ ਇੱਕ ਚੰਗਾ ਗਾਇਕ ਹਿੱਟ ਹੋਇਆ, ਪੰਜੇਬਾਂ ਦੇ ਵਿਚਲਾ ਗੀਤ ਪੰਜਾਬ ਵੀ ਬੇਹੱਦ ਮਕਬੂਲ ਹੋਇਆ, ਜੋ ਬੇਹੱਦ ਪਿਆਰਾ ਲਿਖਿਆ ਸੀ ਪ੍ਰਗਟ ਸਿੰਘ ਨੇ। ਉਸਦੇ ਬਾਅਦ ਤੋਂ ਹੋਈ ਹਰਜੀਤ ਹਰਮਨ ਦੀ ਬੱਲੇ ਬੱਲੇ ਨੂੰ ਕੌਣ ਨਈ ਜਾਣਦਾ। ਹੁਣ ਤਾਂ ਕੁੱਝ ਦਿਨਾਂ ਬਾਅਦ ਦੇਸੀ ਰੋਮੀਜ਼ ਦੇ ਵਿੱਚ ਉਹ ਅਦਾਕਾਰੀ ਵੀ ਕਰਦਾ ਹੋਇਆ ਨਜ਼ਰ ਆਵੇਗਾ।

ਹਰਮਨ ਦੀ ਪੰਜੇਬਾਂ ਹਿੱਟ ਹੋਈ, ਤਾਂ ਹਰਮਨ ਦੇ ਸ਼ੋਅ ਹੋਣੇ ਲਾਜ਼ਮੀ ਸੀ। ਸ਼ੋਅ ਦੇ ਸਿਲਸਿਲੇ ਵਿੱਚ ਉਹ ਬਠਿੰਡੇ ਵਿੱਚ ਦੀ ਲੰਘਿਆ, ਤਾਂ ਮੇਰੇ ਦੋਸਤ ਜਤਿੰਦਰ ਗੋਭੀਵਾਲਾ ਨੇ ਮੈਨੂੰ ਕਾਲ ਕੀਤੀ ਕਿ ਹਰਮਨ ਬਠਿੰਡੇ ਆਇਆ ਹੋਇਆ ਐ, ਜੇਕਰ ਤੂੰ ਉਸ ਨਾਲ ਗੱਲਬਾਤ ਕਰਨੀ ਐ, ਤਾਂ ਇੱਥੇ ਆ ਜਾ। ਮੈਂ ਫੋਟੋਗ੍ਰਾਫ਼ਰ ਨੂੰ ਲੈਕੇ ਹਰਮਨ ਦੇ ਕੋਲ ਪੁੱਜਿਆ, ਕੁੱਝ ਸੁਆਲ ਜੁਆਬ ਕੀਤੇ, ਨਵੀਂ ਮਿਲੀ ਸਫ਼ਲਤਾ ਦੀ ਵਧਾਈ ਦਿੱਤੀ। ਠੰਡ ਦਾ ਮੌਸਮ ਸੀ, ਮੇਰੇ ਨਾਂਹ ਕਹਿਣ ਪਿੱਛੋਂ ਹਰਮਨ ਨੇ ਠੰਡੇ ਜੂਸ ਦਾ ਆਰਡਰ ਦਿੱਤਾ ਖੁਦ ਵਾਸਤੇ, ਮੈਂ ਸੋਚਣ ਲੱਗਾ ਸਫ਼ਲਤਾ ਤੋਂ ਬਾਅਦ ਬੰਦੇ ਦੇ ਰਹਿਣ ਸਹਿਣ ਫ਼ਰਕ ਆ ਜਾਂਦਾ ਐ, ਜਾਂ ਪਹਿਲਾਂ ਤੋਂ ਹੀ ਬੰਦਾ ਅਜਿਹਾ ਹੁੰਦਾ ਐ। ਹਰਮਨ ਦੇ ਨਾਲ ਗੱਲਬਾਤ ਕਰਦਿਆਂ ਗੱਲ ਨਿਕਲੀ ਕਿ ਜੇਕਰ ਉਹ ਗਾਇਕੀ ਦੇ ਖੇਤਰ 'ਚ ਸਫ਼ਲ ਨਾ ਹੁੰਦਾ ਤਾਂ ਕਿਤੇ ਮੈਡੀਕਲ ਦੀ ਦੁਕਾਨ ਖੋਲ੍ਹ ਲੈਂਦਾ, ਪ੍ਰੰਤੂ ਰੱਬ ਨੇ ਪ੍ਰਗਟ ਅਤੇ ਹਰਮਨ ਦੀ ਮਿਹਨਤ ਦਾ ਫਲ ਪਾਇਆ।

ਹਰਜੀਤ ਹਰਮਨ ਦੀ ਇੰਟਰਵਿਊ ਦੈਨਿਕ ਜਾਗਰਣ ਦੇ ਵਿੱਚ ਪ੍ਰਕਾਸ਼ਿਤ ਹੋਈ, ਅਤੇ ਹਰਮਨ ਦੇ ਅਖ਼ਬਾਰ ਭੇਜਣ ਦੇ ਲਈ ਆਪਣਾ ਨਾਭੇ ਵਾਲਾ ਪਤਾ ਦਿੱਤਾ, ਪ੍ਰੰਤੂ ਮੈਂ ਠਹਿਰਿਆ ਆਲਸੀ ਬੰਦਾ, ਆਪਣਾ ਕਿੱਥੇ ਅਖ਼ਬਾਰ ਭੇਜਣਾ ਸੀ, ਕਿਉਂਕਿ ਜਦੋਂ ਸਫ਼ਲਤਾ ਆਉਂਦੀ ਐ, ਤਾਂ ਨਾਲ ਬਹੁਤ ਸਾਰੇ ਸੱਜਣ ਮਿੱਤਰਾਂ ਦੀ ਭੀੜ੍ਹ ਵੀ ਲਿਆਉਂਦੀ ਐ, ਅਤੇ ਭੀੜ੍ਹ 'ਚ ਬੰਦੇ ਕਦੋਂ ਯਾਦ ਰਹਿੰਦੇ ਨੇ। ਇਸ ਇੰਟਰਵਿਊ ਦਾ ਇੱਕ ਫਾਇਦਾ ਹੋਇਆ, ਇਸ ਇੰਟਰਵਿਊ ਦੇ ਪ੍ਰਕਾਸ਼ਿਤ ਹੋਣ ਮਗਰੋਂ ਨੈਪਟਿਊਨ ਮੈਗਜ਼ੀਨ ਦੇ ਸੰਪਾਦਕ ਰਵਿੰਦਰ ਜੀ ਦੈਨਿਕ ਜਾਗਰਣ ਆਫ਼ਿਸ ਆਏ, 'ਤੇ ਮੈਨੂੰ ਮਿਲੇ। ਕਹਿੰਦੇ ਕਾਕਾ ਤੂੰ ਕਿੱਥੋਂ ਦਾ ਐ, ਮੈਂ ਦੱਸਿਆ ਕਿ ਮੈਂ ਤਾਂ ਫਲਾਣੇ ਪਿੰਡ ਦਾ ਆਂ, ਉਹ ਕਹਿੰਦੇ ਤਾਇਉਂ ਸਾਡੀ ਮੈਡਮ ਕਹਿੰਦੀ ਸੀ, ਇਹ ਮੁੰਡਾ ਵੇਖਿਆ ਲੱਗਦਾ ਐ, ਦਰਅਸਲ ਉਨ੍ਹਾਂ ਦਿਨਾਂ 'ਚ ਜਾਗਰਣ ਵੱਲੋਂ ਪਾਠਕ ਨੂੰ ਪੁਰਸਕਾਰ ਦਿੰਦਿਆਂ ਦੀ ਫੋਟੋ ਵੀ ਅਖ਼ਬਾਰ ਪ੍ਰਕਾਸ਼ਿਤ ਹੋਈ ਸੀ, ਜੋ ਉਹਨਾਂ ਦੀ ਮੈਡਮ ਨੇ ਵੇਖੀ, ਜੋ ਮੇਰੇ ਪੰਜਾਬੀ ਦੇ ਸਕੂਲ ਟੀਚਰ ਸਨ। ਇਸ ਮੁਲਾਕਾਤ ਤੋਂ ਬਾਅਦ ਰਵਿੰਦਰ ਜੀ ਨੇ ਆਪਣੀ ਮੈਗਜੀਨ ਦਾ ਪਹਿਲਾ ਅੰਕ ਮੇਰੇ ਹਰਜੀਤ ਹਰਮਨ ਵਾਲੇ ਲੇਖ ਨਾਲ ਪ੍ਰਕਾਸ਼ਿਤ ਕੀਤਾ, ਉਸਦੇ ਬਾਅਦ ਕਦੇ ਵੀ ਨੈਪਟਿਊਨ ਦੇ ਲਈ ਨਈ ਲਿਖਿਆ, ਪਰ ਦੋਸਤੀ ਮਿੱਤਰਤਾ ਐ, ਕਹਿੰਦੇ ਨੇ ਜੋ ਚੀਜ਼ਾਂ ਸਾਡੇ ਕੋਲ ਹੁੰਦੀਆਂ, ਅਸੀਂ ਉਹਨਾਂ ਨੂੰ ਵੇਖ ਹੀ ਨਈ ਪਾਉਂਦੇ। ਐਵੇਂ ਹਿਰਨ ਵਾਂਗੂੰ ਕਸਤੂਰੀ ਲੱਭਦਿਆਂ ਮਰ ਜਾਣੈ ਆਂ। 

Tuesday, June 5, 2012

ਧੋਬੀ ਬਾਜਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਮੇਰੇ ਸ਼ਹਿਰ ਬਠਿੰਡੇ ਦੀ ਇੱਕ ਛੋਟੀ ਜਿਹੀ ਸ਼ਿਨਾਖ਼ਤ

ਕਿਲ੍ਹਾ ਮੁਬਾਰਕ ਵਰ੍ਹਿਆਂ ਤੋਂ ਸ਼ਾਨ ਬਠਿੰਡੇ ਦੀ
ਮਾਲ ਰੋਡ ਬਣ ਗਿਆ ਹੁਣ ਜਾਨ ਬਠਿੰਡੇ ਦੀ
 ਸ਼ਾਮ ਢਲੇ ਹੁਣ ਘੁੰਮਦੇ ਗੱਭਰੂ, ਵੇਖੇ ਵਿੱਚ ਬਾਜਾਰਾਂ ਦੇ
ਧੋਬੀ ਬਾਜਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਹੋਰ ਫੈਲ ਗਿਆ ਸ਼ਹਿਰ ਬਠਿੰਡਾ ਵਿੱਚ ਮੀਲਾਂ ਦੇ
ਹੁਣ ਥਰਮਲ ਨੇੜੇ ਹੁੰਦੀ ਬੋਟਿੰਗ ਵਿੱਚ ਝੀਲਾਂ ਦੇ
ਲੈਣ ਨਜ਼ਾਰੇ ਲੋਕੀ ਆਉਂਦੇ ਚੜ੍ਹਕੇ ਵਿੱਚ ਬੱਸਾਂ ਕਾਰਾਂ ਦੇ
ਧੋਬੀ ਬਾਜ਼ਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਉੱਥੇ ਗਿੱਲ ਤਿਵਾੜ੍ਹੀ ਯਾਰ ਟਿਵਾਣਾ ਵੱਸਦਾ ਐ
ਲਿਖਿਆ ਹਰ ਦਿਲ ਇਨ੍ਹਾਂ ਦਾ ਗਾਣਾ ਵੱਸਦਾ ਐ
ਕੀਤਾ ਕਦ ਉੱਚਾ ਸ਼ਹਿਰ ਮੇਰੇ ਦਾ ਸਦਕੇ ਕਲਾਕਾਰਾਂ ਦੇ
ਧੋਬੀ ਬਾਜ਼ਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਰੌਸ਼ਨ ਕੀਤਾ ਨਾਂਅ *ਅਵਨੀਤ ਜਿਹੀਆਂ ਧੀਆਂ ਨੇ
ਹੋਰ ਖੇਤਰਾਂ ਵਿੱਚ ਵੀ ਮਾਰੀਆਂ ਮੱਲਾਂ ਕਈਆਂ ਨੇ
ਫੁੱਲਿਆ ਸ਼ਹਿਰ ਸਮਾਉਂਦਾ ਨਈ ਵਿੱਚ ਜਸ਼ਨ ਬਹਾਰਾਂ ਦੇ
ਧੋਬੀ ਬਾਜ਼ਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

*ਅਵਨੀਤ ਕੌਰ ਬਰਾੜ ਨਿਸ਼ਾਨੇਬਾਜ਼ ਕੁੜ੍ਹੀ..... 

ਫੇਸਬੁੱਕ ਦੇ ਚੱਕਰ ‘ਚ

ਬਾਪੂ ਕਹਿੰਦਾ ਖੇਤ ਨਈ ਆਉਂਦਾ
ਮੈਂ ਆਖਿਆ, ਤੂੰ ਨਈ ਨੈੱਟ ਲਵਾਉਂਦਾ
ਕਹਿਣ ਪਿੱਛੋਂ ਕੇਰਾਂ ਸਾਹ ਠਹਿਰ ਗਿਆ
ਪਰ ਸੁਣਦਿਆਂ ਬਾਪੂ ਸ਼ਹਿਰ ਗਿਆ
ਇੱਕ ਕੀਲੀ ਉੱਥੋਂ ਲੈ ਆਇਆ
ਡੇਕਸਟਾਪ ਫੇਰ ਘਰੋਂ ਚੁਕਾਇਆ 
ਆਪਾਂ ਜਾ ਡੇਰਾ ਖੇਤ ‘ਚ ਲਾਇਆ
ਫੇਸਬੁੱਕ ਵਿੱਚ ਏਨਾ ਖੁੱਭ ਗਏ,
ਨਾ ਘਰ ਦਾ ਚੇਤਾ ਆਇਆ
ਗੁੱਸੇ ਦੇ ਵਿੱਚ ਮਾਂ ਖੇਤ ਨੂੰ ਆਈ 
ਕਹਿੰਦੀ ਘਰ ਦਿਲੋਂ  ਭੁੱਲਾਇਆ
ਚੱਕ ਥੱਕ ਨਈ ਹੁੰਦੀ ਮੈਥੋਂ
ਮੈਂ ਬਹਿ ਮਾਂ ਨੂੰ ਸਮਝਾਇਆ
ਕਹਿੰਦੀ ਤੂੰ ਵੀ ਲੈ ਲੈ,
 ਜੋ ਨਾਜ਼ਰ ਦਾ ਮੁੰਡਾ ਲਿਆਇਆ
ਮੈਨੂੰ ਸਮਝ ਸੀ ਆਈ,
ਬੇਬੇ ਗੱਲ ਲੈਪਟਾਪ ਦੀ ਕਰਦੀ ਐ
ਮੈਂ ਆਖਿਆ ਬੇਬੇ ਮਹਿੰਗਾ ਐ
ਬਾਪੂ ਵਿਖਾਉਣਾ ਸਾਨੂੰ ਠੇਂਗਾ ਐ 
ਕਹਿੰਦੀ ਪੁੱਤਰ ਤੋਂ ਸਭ ਕੁਰਬਾਨ
ਬਾਪੂ ਦੀ ਜੇਬ ਨੂੰ ਹੋਇਆ ਨੁਕਸਾਨ
ਡੇਸਕਟਾਪ ਨੂੰ ਭੁੱਲੇ, ਨਸੀਬ ਖੁੱਲ੍ਹੇ 
ਮੋੜ੍ਹਾਂ ਨੱਕਾ, ਨਾਲੇ ਸਟੇਟਸ ਅਪਡੇਟ ਕਰਾਂ
ਕਦ ਹੋਣਾ ਆਨ ਲਾਈਨ ਤੇਰੀ ਵੇਟ ਕਰਾਂ
ਹੁਣ ਛੱਡਕੇ ਹੋਰ ਕਿਸੇ ਨਾਲ ਟਾਂਕਾ ਜੋੜ੍ਹੀ ਨਾ
ਹੀਰਕਿਆਂ ਵਾਲੇ ਹੈਪੀ ਦਾ ਮਨ ਦਾ ਤੋੜ੍ਹੀ ਨਾ

Monday, June 4, 2012

ਇੱਕ ਕੁੜ੍ਹੀ ਪੰਜਾਬੀ ਦੀ ਬਹਾਨੇ ਕੁੱਝ ਹੋਰ ਵੀ ਗੱਲਾਂ

ਬੀਤੇ ਐਤਵਾਰ ਘਰ ਸਾਂ, ਕਿਤੇ ਨਈ ਗਿਆ। ਮੇਰੇ ਘਰ ਵਿੱਚ ਕੋਈ ਨਹੀਂ ਸੀ ਮੇਰੇ ਬਿਨ੍ਹਾਂ। ਇਸ ਵੇਲੇ ਦਿਮਾਗ ‘ਤੇ ਬਰੇਕ ਲਗਾਉਣ ਦੇ ਲਈ ਟੀ ਵੀ ਆਨ ਕੀਤਾ, 'ਤੇ ਪੰਜਾਬੀ ਚੈਨਲਾਂ ਵੱਲ ਤੁਰਿਆ। ਇਸ ‘ਤੇ ਇੱਕ ਪੰਜਾਬੀ ਫਿਲਮ ਚੱਲ ਰਹੀ ਸੀ ਇੱਕ ਕੁੜ੍ਹੀ ਪੰਜਾਬ ਦੀ, ਜੋ ਅਸਲ ਵਿੱਚ ਬਹੁਤ ਵਧੀਆ ਫ਼ਿਲਮ ਸੀ, ਯਾਰਾਂ ਨਾਲ ਬਹਾਰਾਂ ਵਰਗੀ। ਬੱਸ ਇੱਥੇ ਨਾਮੀਂ ਸਿਤਾਰੇ ਨਹੀਂ ਸਨ, ਬਲਕਿ ਅਦਾਕਾਰੀ ਦੇ ਨਵੇਂ ਚਿਹਰੇ ਸਨ, ਪ੍ਰੰਤੂ ਨਿਰਾਸ਼ ਨਈ ਕੀਤਾ ਇਨ੍ਹਾਂ ਚਿਹਰਿਆਂ ਨੇ, ਕਿਉਂਕਿ ਮਨਮੋਹਨ ਸਿੰਘ ਵਰਗਾ ਡਾਇਰੈਕਟਰ ਕਿਸੇ ਤੋਂ ਵੀ ਕੰਮ ਕੱਢਵਾ ਸਕਦਾ ਐ, ਅਤੇ ਇਹ ਉਸਨੇ ਕਰਕੇ ਵਿਖਾਇਆ ਐ ਹਰ ਵਾਰ।

ਹਰਭਜਨ ਮਾਨ ਨੂੰ ਵੀ ਅਦਾਕਾਰੀ ਦੇ ਦਰ ਉੱਤੇ ਲਿਆਉਣ ਵਾਲਾ ਮਨਮੋਹਨ ਸਿੰਘ ਹੀ ਸੀ। ਮਨਮੋਹਨ ਸਿੰਘ ਦੇ ਸਿਰ ਪੰਜਾਬੀ ਸਿਨੇਮੇ ਨੂੰ ਮੁੜ੍ਹ ਤੋਂ ਜੀਵਤ ਕਰਨ ਦਾ ਸਿਹਰਾ ਜਾਂਦਾ ਐ। ਮੈਨੂੰ ਯਾਦ ਐ, ਜਦੋਂ ਮਨਮੋਹਨ ਸਿੰਘ ਦੀ ਪਹਿਲੀ ਪੰਜਾਬੀ ਨਿਰਦੇਸ਼ਿਤ ਫਿਲਮ ਜੀ ਆਇਆ ਨੂੰ ਵੇਖਣ ਦੇ ਲਈ ਮੈਂ ਆਪਣੇ ਤਾਏ ਦੇ ਮੁੰਡੇ ਨਾਲ ਬੱਸ ਸਟੈਂਡ ਤੋਂ ਸਿੱਧਾ ਸਿਨੇਮਾ ਹਾਲ ਪੁੱਜਿਆ ਸੀ। ਫਿਲਮ ਨੂੰ ਵੇਖਣ ਤੋਂ ਬਾਅਦ ਲੱਗਿਆ ਕਿ ਪੰਜਾਬੀ ਸਿਨੇਮਾ ਮੁੜ੍ਹ ਰਾਹ ‘ਤੇ ਆਉਣ ਵਾਲਾ ਐ। ਹੋਇਆ ਵੀ ਕੁੱਝ ਇੰਝ ਮਨਮੋਹਨ ਸਿੰਘ ਦੀ ਦੂਜੀ ਨਿਰਦੇਸ਼ਿਤ ਫਿਲਮ ਅਸਾਂ ਨੂੰ ਮਾਨ ਵਤਨਾਂ ਦਾ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ, ਅਤੇ ਯਾਰਾਂ ਨਾਲ ਬਹਾਰਾਂ ਕਰਕੇ ਤਾਂ ਮਨਮੋਹਨ ਸਿੰਘ ਨੇ ਪੰਜਾਬੀ ਸਿਨੇਮੇ ਦੀ ਨੁਹਾਰ ਹੀ ਬਦਲ ਦਿੱਤੀ। ਇੱਕ ਕੁੜ੍ਹੀ ਪੰਜਾਬੀ ਦੀ ਤੱਕ, ਤਾਂ ਪੰਜਾਬੀ ਸਿਨੇਮਾ ਆਪਣੇ ਪੱਬਾਂ ਭਾਰ ਹੋ ਚੁੱਕਿਆ ਸੀ। ਹੁਣ ਕਲਾਕਾਰ ਅਦਾਕਾਰੀ ਦੇ ਵੱਲ ਅਤੇ ਕਲਾਕਾਰ ਨਿਰਮਾਤਾ ਬਣਨ ਨਿਕਲ ਪਏ। ਇਸ ਦੌਰਾਨ ਕਈ ਚਿਹਰੇ ਪੰਜਾਬੀ ਸਿਨੇਮੇ ਨੂੰ ਮਿਲੇ, ਜਿਹਨਾਂ ਦੇ ਵਿੱਚ ਇੱਕ ਨਾਂਅ ਅਰਮਿੰਦਰ ਗਿੱਲ ਦਾ ਵੀ ਐ।

ਇੱਕ ਕੁੜ੍ਹੀ ਪੰਜਾਬ ਦੀ ਦਾ ਵਿਸ਼ਾ ਭਲੇ ਹੀ ਨਾਇਕਾ ਮੁੱਖੀ ਸੀ, ਪ੍ਰੰਤੂ ਮਨਮੋਹਨ ਸਿੰਘ ਨੇ ਅਮਰਿੰਦਰ ਗਿੱਲ ਦੇ ਕਿਰਦਾਰ ਨਾਲ ਰਤਾ ਭਰ ਵੀ ਬੇਈਮਾਨੀ ਨਈ ਕੀਤੀ, ਉਸਨੂੰ ਪੂਰਾ ਪੂਰਾ ਮੌਕਾ ਦਿੱਤਾ ਅਤੇ ਅਮਰਿੰਦਰ ਗਿੱਲ ਨੇ ਵੀ ਮਨਮੋਹਨ ਸਿੰਘ ਦਾ ਵਿਸ਼ਵਾਸ ਨਈ ਤੋੜ੍ਹਿਆ। ਇਹ ਕਾਰਣ ਰਿਹਾ ਹੋਣਾ ਐ ਕਿ ਜੋ ਅਮਰਿੰਦਰ ਗਿੱਲ ਨੂੰ ਜਿੰਮੀ ਸ਼ੇਰਗਿੱਲ ਦੇ ਨਾਲ ਮੁੰਡੇ ਯੂਕੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ‘ਤੇ ਇਸ ਮੌਕੇ ਨੇ ਅਮਰਿੰਦਰ ਗਿੱਲ ਨੂੰ ਟੌਹਰ ਮਿੱਤਰਾਂ ਦੀ ਤੱਕ ਪਹੁੰਚਾ ਦਿੱਤਾ।

ਪੰਜਾਬੀ ਸਿਨੇਮੇ ਦਾ ਅੰਤ ਤਾਂ ਵਰਿੰਦਰ ਦੇ ਜਾਣ ਨਾਲ ਹੋ ਗਿਆ ਸੀ, ਪ੍ਰੰਤੂ ਫੇਰ ਵੀ ਗੁਰਦਾਸ ਮਾਨ, ਗੱਗੂ ਗਿੱਲ ਅਤੇ ਯੋਗਰਾਜ ਨੇ ਇਸ ਨੂੰ ਬਚਾਉਣ ਦਾ ਪੂਰਾ ਪੂਰਾ ਯਤਨ ਕੀਤਾ। ਇੱਕ ਕੁੜ੍ਹੀ ਪੰਜਾਬ ਦੀ ਦੇ ਵਿੱਚ ਗੱਗੂ ਗਿੱਲ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲਦਾ ਐ। ਗੱਗੂ ਗਿੱਲ ਨੂੰ ਵੇਖਦਿਆਂ ਪੁਰਾਣੇ ਦਿਨ ਯਾਦ ਆ ਗਏ, ਜਦੋਂ ਗੱਗੂ ਗਿੱਲ ਨੂੰ ਆਖ਼ਰੀ ਵਾਰ ਵੇਖਿਆ ਸੀ, ਫਿਲਮ ਟੱਰਕ ਡਰਾਈਵਰ ਦੇ ਵਿੱਚ। ਇਸ ਫਿਲਮ ਦੇ ਵਿੱਚ ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੂੰ ਵੀ ਲਿਆ ਗਿਆ ਸੀ। ਦੂਜੀ ਪਾਰੀ ਦੀ ਸ਼ੁਰੂਆਤ ‘ਚ ਮਨਮੋਹਨ ਸਿੰਘ ਵਰਗੇ ਨਿਰਮਾਤਾ ਨਿਰਦੇਸ਼ਕਾਂ  ਨੇ ਪੰਜਾਬੀ ਫਿਲਮ ਜਗਤ ਦੇ ਅਨਮੋਲ ਹੀਰਿਆਂ ਦੀ ਪ੍ਰਤਿਭਾ ਨੂੰ ਸਨਮਾਨ ਦਿੱਤਾ, ਇਹ ਵੀ ਸਲਾਹੁਣ ਵਾਲੀ ਗੱਲ ਐ।

ਇੱਕ ਵਰਿੰਦਰ ਦੇ ਜਾਣ ਨਾਲ ਸੁੰਨਾ ਜਿਹਾ ਹੋ ਗਿਆ ਸੀ, ਪੰਜਾਬੀ ਸਿਨੇਮਾ, ਉਹ ਬੰਦਾ ਈ ਬਕਮਾਲ ਸੀ। ਪ੍ਰੀਤੀ ਸਪਰੂ ਦੇ ਨਾਲ ਤਾਂ ਐਵੇਂ ਜੱਚਦਾ, ਜਿਵੇਂ ਗੁੱਤ ਨਾਲ ਪਰਾਂਦਾ। ਮੇਹਰ ਮਿੱਤਰ ਦੇ ਨਾਲ ਵੀ ਵਰਿੰਦਰ ਖੂਬ ਜੰਮਦਾ ਸੀ, ਕਦੇ ਕਦੇ ਤਾਂ ਇੰਝ ਲੱਗਦਾ ਐ ਜਿਵੇਂ ਪ੍ਰੀਤੀ, ਵਰਿੰਦਰ ਅਤੇ ਮੇਹਰ ਮਿੱਤਰ ਇੱਕ ਦੂਜੇ ਦੇ ਪੂਰਕ ਹੋਣ। ਪ੍ਰੀਤੀ ਸਪਰੂ ਜਿਹੀ ਅਦਾਕਾਰਾ ਤਾਂ ਪੰਜਾਬੀ ਸਿਨੇਮਾ ਨੂੰ ਹਾਲੇ ਵੀ ਨਈ ਮਿਲੀ, ਪ੍ਰੰਤੂ ਇੱਕ ਕੁੜ੍ਹੀ ਪੰਜਾਬ ਦੀ ਨਾਇਕਾ ਜਸਵਿੰਦਰ ਚੀਮਾ ਵਰਗੀਆਂ ਨਵੀਆਂ ਪੈੜ੍ਹਾਂ ਪੰਜਾਬੀ ਸਿਨੇ ਜਗਤ ਨੂੰ ਬਹੁਤ ਅੱਗੇ ਤੱਕ ਲੈਕੇ ਜਾਣ ਦੀਆਂ ਉਮੀਦਾਂ ਜਗਾਉਂਦੀਆਂ ਨੇ।
 

ਇਕ ਖ਼ਤ ਇਮਰੋਜ਼ ਦੇ ਨਾਂ ......

ਇਹ ਰਚਨਾ ਪ੍ਰਸਿੱਧ ਕਵਿਤਰੀ ਹਰਕਿਰਤ ਹਕੀਰ ਦੀ ਹੈ। 

ਹੁਣੇ-ਹੁਣੇ ਕੋਈ ਪੱਤਾ ਫੁਟਿਆ ਹੈ
ਤੇਰੇ ਖ਼ਤ ਦੀਆਂ ਸਤਰਾਂ ਨਾਲ
ਕੁਝ ਕਬਰਾਂ ਦੇ ਸ਼ੀਸ਼ੇ ਅਪਣੇ ਆਪ ਟੁਟ ਗਏ ਨੇ
ਅਤੇ ਓਹ ਗੁਲਾਬ ਜਿਹੜਾ
ਮੇਰੀ ਕਿਤਾਬ ਵਿਚ ਸਿਲਿਆ ਜਿਹਾ ਪਿਆ ਸੀ
ਕਬਰ ਦੇ ਮੂਡ ਖਿੜ ਪਿਆ ਹੈ
ਖਿੜਿਆ ਤੇ ਓਦਣ ਵੀ ਸੀ
ਜਿਦਣ ਤੇਰੇ ਹੱਥਾਂ ਨੇ ਓਸ ਕਿਤਾਬ ਨੂੰ
ਪਹਿਲੀ ਵਰਾਂ ਛੁਇਆ ਸੀ ...

ਕੀ ਹੋਇਆ ...
ਜੇ ਤੇਰੇ ਹੱਥ ਸੁਨਹਰੀ ਧੁਪ ਹੈ
ਮੈਂ ਵੀ ਮਿੱਟੀ ਦੇ ਭਾਂਡੇ ਵਿਚ
ਕੁਝ ਕਿਰਨਾ ਸਾਂਭ ਲਈਆਂ ਨੇ
ਹਨੇਰੇ ਤੋਂ ਬਹਾਦ ਇਕ ਸੂਰਜ ਉਗਦਾ ਹੈ ਜਿਸ਼ਮ ਵਿਚ
ਫਿਰ ਮੁਕਦੀ ਨਹੀਂ ਸਵੇਰ ਕਦੇ ਵੀ
ਜ਼ਿੰਦਗੀ ਦੇ ਕਿਰ ਗਏ ਰੰਗ
ਮੂੜ-ਮੂੜ ਪਿਘਲ ਉਠਦੇ ਨੇ
ਮੇਰੇ ਆਲੇ-ਦੁਆਲੇ
ਤੇ ਮੈਂ ....
ਹਕੀਰ ਤੋਂ ਹੀਰ ਹੋ ਜਾਨੀ ਹਾਂ ...

ਤੇਰੇ ਏਹਸਾਸ ਹੁਣ...
ਮੇਰੇ ਸਾਹ ਜੋਗੇ ਹੋ ਗਏ ਨੇ
ਘੁਲਦੀ ਰਹੰਦੀ ਹੈ ਖੁਸ਼ਬੂ ਹਵਾਵਾਂ ਵਿਚ
ਜੋ ਚੁਣ ਲੈਂਦੀ ਹੈ ਸਾਰੀ ਪੀੜ ਜਿਸ਼ਮ ਦੀ
ਤੇ ਮੈਂ ਰੂਹ ਤੋਂ ਵੀ ਹਲਕੀ ਹੋ ਜਾਂਦੀ ਹਾਂ
ਜੇਕਰ ਤੂੰ ਸ਼ਬਦਾਂ ਦੀ ਦੇਹ ਧਾਰੀ ਨਾ ਆਉਂਦਾ
ਮੇਰੇ ਸਾਹਮਣੇ
ਮੈਂ ਜ਼ਿੰਦਗੀ ਭਰ ਪਾਣੀ ਵਿਚ
ਕਿੱਲਾਂ ਠੋਕਦੀ ਰਹਿਣਾ ਸੀ
ਤੇ ਓਹ ਸਾਰੇ ਏਹਸਾਸ ਮੁਰਦਾ ਹੋ ਜਾਣੇ ਸੀ
ਜੋ ਹੁਣ...
ਮੇਰੀ ਨਜ਼ਮਾਂ ਦਾ ਘੁੰਡ ਚੂਕ
ਹੌਲੀ -ਹੌਲੀ ਮੁਸਕਾਣ ਲਗ ਪਏ ਨੇ ....