Tuesday, May 29, 2012

ਫੇਸਬੁੱਕ ਨੂੰ ਲੈਕੇ ਕੀ ਕਹਿੰਦੇ ਨੇ ਸਾਡੇ ਗਾਇਕ

ਮਾਰਕ ਜੈਕਬਰਗ, ਜੋ ਫੇਸਬੁੱਕ ਦਾ ਮਾਲਕ ਹੈ, ਜਿਸਦਾ ਨਾਂਅ ਇਤਿਹਾਸ ਦੇ ਪੰਨਿਆਂ ਦੇ ਵਿੱਚ ਮਹਾਨ ਬਿਜ਼ਨਸਮੈਨ ਦੇ ਰੂਪ ਵਿੱਚ ਦਰਜ ਹੋ ਗਿਆ। ਉਮਰ ਕਿੰਨੀ ਕੁ ਐ, ਮੇਰੇ ਤੋਂ ਕਰੀਬਨ ਉਹ ਪੰਜ ਮਹੀਨੇ ਵੱਡਾ ਐ, ਉਸਦਾ ਜਨਮ 14 ਮਈ 1984 ਨੂੰ ਹੋਇਆ। ਬਿਜ਼ਨਸ ਸ਼ੁਰੂ ਕੀਤਿਆਂ ਵੀ ਕੋਈ ਜਿਆਦਾ ਵੇਲਾ ਨਈ ਹੋਇਆ ਐ। ਇਸ ਦੀ ਸਫ਼ਲਤਾ ਉਨ੍ਹਾਂ ਲੋਕਾਂ ਦੇ ਲਈ ਮੂੰਹ ਤੋੜ ਜੁਆਬ ਐ, ਜੋ ਕਹਿੰਦੇ ਨੇ ਕਿ ਬਿਜਨਸ ਖੜ੍ਹਾ ਕਰਨ 'ਚ ਇੱਕ ਪੀੜ੍ਹੀ ਨਿਕਲ ਜਾਂਦੀ ਐ। ਫੇਸਬੁੱਕ ਦੀ ਸ਼ੁਰੂਆਤ ਗੂਗਲ ਦੀ ਵੇਬਸਾਈਟ ਓਰਕੁਟ ਦੇ ਨਾਲ ਹੋਈ, ਕਰੀਬਨ 4 ਫਰਵਰੀ 2004, ਫੇਸਬੁੱਕ ਓਰਕੁਟ ਤੋਂ ਛੇ ਸੱਤ ਦਿਨ ਛੋਟੀ ਐ ਉਮਰ 'ਚ, ਪ੍ਰੰਤੂ ਲੋਕਪ੍ਰਿਅਤਾ 'ਚ ਬਹੁਤ ਵੱਡੀ।

ਜਦੋਂ ਉਸ ਰੱਬ ਦੀ ਕ੍ਰਿਪਾ ਵਰ੍ਹਦੀ ਐ, ਤਾਂ ਦੁਨੀਆ ਆਪ ਮੁਹਾਰੇ ਕਸੀਦੇ ਕੱਢਣੇ ਸ਼ੁਰੂ ਕਰ ਦਿੰਦੀ ਐ। ਮਾਰਕ ਜੈਕਬਰਗ ਨੂੰ ਪੰਜਾਬੀ ਨਈ ਆਉਂਦੀ, ਜੇਕਰ ਕਿੱਧਰੇ ਉਸਨੂੰ ਥੋੜ੍ਹੀ ਮੋਟੀ ਵੀ ਪੰਜਾਬੀ ਦੀ ਸਮਝ ਹੁੰਦੀ ਤਾਂ ਉਹ ਆਪਣੇ ਪ੍ਰਮੋਸ਼ਨ ਦੇ ਲਈ ਪੰਜਾਬੀ ਗੀਤਕਾਰਾਂ 'ਤੇ ਗਾਇਕਾਂ ਦਾ ਸਨਮਾਨ ਵੀ ਕਰਦਾ, ਕਿਉਂਕਿ ਫੇਸਬੁੱਕ ਨੂੰ ਲੋਅਪ੍ਰਿਆ ਬਣਾਉਣ ਦੇ ਲਈ ਪੰਜਾਬੀ ਸੰਗੀਤ ਦਾ ਵਧੇਰਾ ਵੱਡਾ ਹੱਥ ਆਏ।

ਕਮਲ ਹੀਰ ਆਖਦਾ ਐ, ਭੋਰਾ ਨਈ ਉਦਾਸੀ ਵੇਖੀ ਸੋਹਣੇ ਮੁੱਖ 'ਤੇ ਮੈਂ, ਰਾਤੀਂ ਉਹਦੀ ਫੋਟੋ ਵੇਖੀ ਫੇਸਬੁੱਕ 'ਤੇ ਮੈਂ। ਉੱਥੇ ਕੁੜ੍ਹੀ ਨੂੰ ਚਿਤਾਵਨੀ ਦਿੰਦਿਆਂ ਮਾਲਵੇ ਦਾ ਨੌਜਵਾਨ ਗਾਇਕ ਗੁਰਵਿੰਦਰ ਬਰਾੜ ਕਹਿੰਦਾ ਐ, ਫੇਸਬੁੱਕ 'ਤੇ ਫੇਕ ਫੋਟੋਆਂ ਪਾਉਣ ਵਾਲੀਏ ਨੀ, ਜਾ ਅਸੀਂ ਨੀ ਤੈਨੂੰ ਚਾਹੁੰਣਾ ਐ, ਸਭ ਨੂੰ ਚਾਹੁਣ ਵਾਲੀ ਨੀ। ਗੁਰਵਿੰਦਰ ਬਰਾੜ ਜਿੱਥੇ ਠੁਕਰਾ ਰਿਹਾ ਐ, ਉੱਥੇ ਹੀ ਤੇਰੀਆਂ ਯਾਦਾਂ ਦੇ ਨਾਲ ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਕਦਮ ਰੱਖਣ ਵਾਲਾ ਬਿੱਲ ਸਿੰਘ ਬੋਲੀਆਂ ਟੱਪਿਆਂ ਦੇ ਰਾਹੀਂ ਫੇਸਬੁੱਕ 'ਤੇ ਕੁੜ੍ਹੀ ਤੋਂ ਪੂਰੀ ਡਿਟੇਲ ਮੰਗ ਰਿਹਾ ਐ। ਜਦੋਂਕਿ ਯੰਗ ਸੂਰਮਾ ਤੇ ਕੁਲਦੀਪ ਧਾਲੀਵਾਲ ਗਾ ਰਹੇ ਨੇ ਕਿ ਤੇਰੇ ਤੋਂ ਦੂਰ ਹੋ ਜਾਣਾ, ਜਦੋਂ ਉੱਤੇ ਫੇਸਬੁੱਕ 'ਤੇ ਮਸ਼ਹੂਰ ਹੋ ਜਾਣਾ। ਚੁਸਕੀਆਂ ਲੈਣ ਦਾ ਸ਼ੌਕੀਨ ਭਗਵੰਤ ਮਾਨ ਚੁਸਕੀ ਲੈਂਦਿਆਂ ਕੁੱਝ ਇੰਝ ਗਾ ਰਿਹਾ ਐ, ਫਿਰਦੇ ਨੇ ਲੈਪਟੋਪ ਚੱਕੀ ਮਿੱਤਰੋ, 21ਵੀਂ ਸਦੀ ਤਰੱਕੀ ਮਿੱਤਰੋ, ਵਾਲ ਰੰਗਵਾਕੇ, ਟੈਟੂ ਘੁਣ ਵਾਕੇ, ਮੁੰਡੇ ਦਾ ਧਿਆਨ ਫੈਂਕੀ ਲੁੱਕ 'ਤੇ, ਚੜ੍ਹਦੀ ਜੁਆਨੀ ਫਿਰੇ ਹਾਣ ਭਾਲ ਦੀ ਫੇਸਬੁੱਕ 'ਤੇ।

ਭਗਵੰਤ ਮਾਨ ਦੀ ਗੱਲ 'ਤੇ ਫੁੱਲ ਚੜ੍ਹਾਉਂਦਿਆਂ ਨੌਜਵਾਨ ਗਾਇਕ ਦਿਓਲ ਦਿਲਜਾਨ ਆਪਣੇ ਅਹਿਸਾਸਾਂ ਨੂੰ ਇੰਝ ਫੋਲਦਾ ਐ, ਫੇਸਬੁੱਕ 'ਤੇ ਤੱਕਿਆ ਸੀ ਤੇਰਾ ਫੇਸ ਰਿਕਾਣੇ ਨੀ, ਉਸੇ ਦਿਨ ਤੋਂ ਹੋ ਗਏ ਆਂ ਤੇਰੇ ਦੀਵਾਨੇ ਨੀ, ਬਣ ਬੈਠਾ ਮੈਂ ਪੁਜਾਰੀ ਤੇਰੇ ਦਿਲ ਦੇ ਮੰਦਰ ਦਾ, ਤੂੰ ਵਿੱਚ ਕਨੇਡਾ ਰਹਿਣੀ ਐ, ਮੈਂ ਜੱਟ ਜਲੰਧਰ ਦਾ।

ਸ਼ਾਇਕ ਪੂਰੇ ਮਾਮਲੇ ਦਾ ਜਾਇਜਾ ਲੈਣ ਮਗਰੋਂ ਬਲਵੀਰ ਉੱਪਲ ਨੇ ਇਹ ਗਾਉਣਾ ਵਧੇਰੇ ਮੁਨਾਸਿਬ ਸਮਝਿਆ, ਇੰਟਰਨੈੱਟ 'ਤੇ ਨਵੇਂ ਫਰੈਂਡ ਬਨਾਉਂਦੇ ਰਹਿੰਦੇ ਨੇ, 24 ਘੰਟੇ ਵੇਹਲੇ ਇਸ਼ਕ ਲੜਾਉਂਦੇ ਰਹਿੰਦੇ ਨੇ, ਫੇਸਬੁੱਕ ਨੇ ਕਮਲੇ ਕਰਤਾ ਮੁੰਡੇ ਕੁੜ੍ਹੀਆਂ ਨੂੰ, ਵੈਬਕੈਮ ਨੇ ਸੈਂਟੀ ਕਰਤਾ ਮੁੰਡੇ ਕੁੜ੍ਹੀਆਂ ਨੂੰ।

ਇਹਨਾਂ ਗੀਤਾਂ ਦੇ ਨਾਲ ਪੰਜਾਬੀ ਗਾਇਕਾਂ ਦੀਆਂ ਕੈਸਿਟਾਂ ਚੱਲੀਆਂ ਕਿ ਨਈ ਇਹ ਤਾਂ ਪਤਾ ਨਈ, ਪ੍ਰੰਤੂ ਇਹਨਾਂ ਗੀਤਾਂ ਦੀ ਬਦੌਲਤ ਮੇਰਾ ਹਮਉਮਰ ਮਾਰਕ ਜੈਕਬਰਗ ਅੱਜ ਸਭ ਤੋਂ ਜਿਆਦਾ ਪੈਸੇ ਵਾਲਿਆਂ ਦੀ ਸ਼੍ਰੈਣੀ ਵਿੱਚ ਸ਼ਾਮਿਲ ਐ, ਤੇ ਗੀਤਾਂ ਦੇ ਰਾਹੀਂ ਹੋਏ ਪ੍ਰਚਾਰ ਕਰਕੇ ਨੌਜਵਾਨ ਮੁੰਡੇ ਕੁੜ੍ਹੀਆਂ ਈ ਨਈ, ਸਗੋਂ ਸਕੂਲੀ ਪੜ੍ਹਦੇ ਬੱਚੇ ਵੀ ਆਉਣ ਲੱਗੇ ਨੇ।

ਦੁਨੀਆਂ ਵਿੱਚ ਮਾੜੇ ਚੰਗੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਥੇ ਵੀ ਕੁੱਝ ਇਸ ਤਰ੍ਹਾਂ ਈ ਐ। ਇਹ ਵੀ ਇੱਕ ਦੁਨੀਆ ਐ। ਜਰਾ ਬਚ ਕੇ ਫੇਸਬੁੱਕ ਤੋਂ।

Monday, May 28, 2012

ਲਾਭ ਹੀਰੇ ਦੇ ਗੀਤ 'ਤੇ ਮੈਂ

ਟੋਬੇ ਦੇ ਕਿਨਾਰੇ ਬੈਠਾ, ਮੱਝਾਂ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਸਾਹਮਣਿਉਂ ਗੁਰੂਦੁਆਰੇ ਵਾਲੀ ਗਲੀ 'ਚੋਂ ਇੱਕ ਟਰੈਕਟਰ ਨਿਕਲਿਆ, ਜਿਸ ਉੱਤੇ ਇੱਕ ਗੀਤ ਵੱਜ ਰਿਹਾ ਸੀ, ਜਿਸਦੇ ਬੋਲ ਸਨ, ਦੰਦ ਜੁੜ੍ਹ ਗਏ ਲੋਕਾਂ ਦੇ, ਕੁੜ੍ਹੀ ਹਿੱਕ ਥਾਪੜ ਕੇ ਕਹਿ ਗਈ। ਟਰੈਕਟਰ ਹਵਾ ਦੇ ਫ਼ਰਾਟੇ ਵਾਂਗੂ ਛੂ ਕਰਦਾ ਕੋਲੋਂ ਨਿਕਲ ਗਿਆ, ਪ੍ਰੰਤੂ ਉਸ ਗੀਤ ਦੇ ਬੋਲ ਮੇਰੇ ਕੰਨਾਂ ਦੀ ਲੀਹੇ ਸਿੱਧੇ ਜੇਹਨ 'ਚ ਉਤਰ ਗਏ।

ਮੱਝਾਂ ਬਾਹਰ ਨਿਕਲ ਆਈਆਂ, 'ਤੇ ਆਪਾਂ ਘਰ ਨੂੰ ਟੁਰ ਪਏ। ਮੈਂ ਕਦੇ ਵੀ ਚੁੱਪ ਚਾਪ ਨਈ ਤੁਰਦਾ, ਉਹ ਲੋਕ ਗੁਆਹ ਨੇ, ਜੋ ਮੇਰੇ ਆਲੇ ਦੁਆਲੇ ਰਹਿ ਨੇ। ਮੈਂ ਉਪਰਲੀ ਇੱਕ ਲਾਈਨ ਨੂੰ ਗੁਣ ਗੁਣਾਉਂਦਾ ਘਰ ਪੁੱਜਿਆ। ਸ਼ਾਮ ਢਲੇ ਜਦੋਂ ਮੇਰੇ ਗੁਆਂਢੇ ਰਹਿੰਦਾ ਚਾਚਾ ਘਰ ਆਇਆ, 'ਤੇ ਮੈਂ ਉਸਨੂੰ ਪੁੱਛਿਆ ਇਹ ਗੀਤ ਕਿਸਦਾ ਐ, ਦੰਦ ਜੁੜ੍ਹ ਗਏ ਲੋਕਾਂ ਦੇ। ਉਸਨੇ ਹੱਸਦਿਆਂ ਜੁਆਬ ਦਿੱਤਾ, ਇਹ ਗੀਤ ਪੁੱਤਰਾ ਲਾਭ ਹੀਰੇ ਦਾ, ਕੰਨਾਂ ਦੇ ਕੀੜੇ ਕੱਢ ਦਿੰਦਾ ਐ। ਹਿੱਕ ਦੇ ਜ਼ੋਰ ਨਾਲ ਗਾਉਂਦਾ ਐ।

ਮੈਨੂੰ ਹੁਣ ਪਤਾ ਲੱਗਿਆ ਕਿ ਚਾਚਾ ਜੋ ਗੀਤ ਰੋਜ਼ ਗਾਉਂਦਾ ਐ ਨਾ ਵੇ ਸੱਜਣਾ ਨਾ ਉਹ ਵੀ ਲਾਭ ਹੀਰੇ ਦਾ ਐ। ਇਹ ਸਮਾਂ ਲਾਭ ਹੀਰੇ ਦਾ ਸੀ। ਇਸ ਵੇਲੇ ਲਾਭ ਹੀਰੇ ਨੇ ਜੋ ਵੀ ਗਾਇਆ, ਲੋਕਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ, ਲਾਭ ਹੀਰੇ ਦੀਆਂ ਕੈਸਿਟਾਂ ਨੂੰ ਪ੍ਰਮੋਸ਼ਨ ਦੀ ਲੋੜ੍ਹ ਨਈ ਸੀ। ਉਹਨਾਂ ਦਿਨਾਂ 'ਚ ਦੂਰਦਰਸ਼ਨ ਹੁੰਦਾ ਸੀ, ਉਸ ਉੱਤੇ ਕੁੱਝ ਪ੍ਰੋਗ੍ਰਾਮ ਆਉਂਦੇ, ਜਿਨ੍ਹਾਂ 'ਚ ਪੰਜਾਬੀ ਗੀਤ ਵੱਜਦੇ, ਕਲਾਕਾਰਾਂ ਨੂੰ ਟੀਵੀ 'ਤੇ ਆਉਣ ਦੇ ਲਈ ਲਾਈਨ 'ਚ ਲੱਗਣਾ ਪੈਂਦਾ ਸੀ।

ਉਨ੍ਹਾਂ ਦਿਨਾਂ 'ਚ ਪ੍ਰਮੋਸ਼ਨ ਦੇ ਲਈ ਗਾਇਕ ਆਪਣੀ ਅਗਲੀ ਕੈਸਿਟ ਦਾ ਕੋਈ ਵਧੀਆ ਜਿਹਾ ਗੀਤ ਅਖ਼ਾੜਿਆਂ 'ਚ ਗਾ ਛੱਡੇ, ਜੇਕਰ ਲੋਕਾਂ ਨੂੰ ਚੰਗਾ ਲੱਗਦਾ ਤਾਂ ਕੈਸਿਟ ਆਉਂਦਿਆਂ ਵਿੱਕ ਜਾਂਦੀ। ਕੈਸਿਟ ਆਉਣ ਦੇ ਬਾਅਦ 'ਚ ਰਹਿੰਦਾ ਖੂੰਦਾ ਪ੍ਰਮੋਸ਼ਨ ਟਰੈਕਟਰਾਂ ਦੇ ਵੱਜਦੇ ਗੀਤ ਕਰ ਦਿੰਦੇ।

ਲਾਭ ਹੀਰੇ ਦੇ ਗੀਤ ਜੰਗਾਂ ਦੇ ਟਰੈਕਟਰ 'ਤੇ ਵਧੇਰੇ ਵੱਜਦੇ। ਲੱਗ ਗਈ ਪੜ੍ਹਨ ਪਟਿਆਲੇ, ਖੜ੍ਹੀ ਟੇਸ਼ਨ 'ਤੇ ਰਹਿ ਗਈ, ਝਾਂਕਣੀ 'ਚ ਪੈ ਗਿਆ ਫ਼ਰਕ ਜਿਹੇ ਗੀਤ ਜੰਗਾਂ ਦੀ ਮੋਟਰਾਂ ਠੀਕ ਕਰਨ ਵਾਲੀ ਦੁਕਾਨ 'ਚ ਆਮ ਸੁਣਨ ਨੂੰ ਮਿਲ ਜਾਂਦੇ।  ਜੰਗਾਂ ਦੇ ਮੁੰਡੇ ਹੀਰੇ ਦੇ ਜ਼ਬਰਦਸਤ ਫੈਨ ਸਨ। ਲਾਭ ਹੀਰੇ ਦੀ ਕੋਈ ਨਾ ਕੋਈ ਕੈਸਿਟ ਚੱਲਦੇ ਫਿਰਦੇ ਕਿਸੇ ਨਾ ਕਿਸੇ ਟਰੈਕਟਰ ਦੇ ਟੂਲ ਬਕਸੇ 'ਚ ਆਮ ਮਿਲ ਜਾਂਦੀ।

'ਸ਼ਹਿਰ ਦੇ ਮੁੰਡਿਆਂ ਨੇ ਤੇਰਾ ਨਾਂਅ ਰੱਖਿਆ ਮਨਮੋਹਣੀ' ਇਹ ਲਾਭ ਹੀਰੇ ਦੀ ਸ਼ਿਖਰ ਸੀ। ਹੁਣ ਲਾਭ ਹੀਰਾ ਪਿੰਡਾਂ 'ਚੋਂ ਨਿਕਲ ਸ਼ਹਿਰ ਦੇ ਸਰੋਤਿਆਂ ਨੂੰ ਕੀਲਣ ਲੱਗ ਪਿਆ ਸੀ, ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੋਈ ਕਿ ਇਸਦੇ ਬਾਅਦ ਲਾਭ ਹੀਰੇ ਦੀ ਲੋਕਪ੍ਰਿਅਤਾ ਘੱਟਣ ਲੱਗੀ। ਹੁਣ ਉਸਦੀਆਂ ਕੈਸਿਟਾਂ ਨੂੰ ਸੁਣਨ ਵਾਲੇ ਸੀਮਿਤ ਹੋਣ ਲੱਗੇ, ਹੁਣ ਉਹ ਗੱਲ ਨਈ ਰਹਿ ਗਈ ਸੀ, ਜੋ ਪਹਿਲਾਂ ਹੋਇਆ ਕਰਦੀ ਸੀ।

ਮੈਨੂੰ ਯਾਦ ਐ, ਲਾਭ ਹੀਰੇ ਦਾ ਨਾਂਅ ਸੁਣਦਿਆਂ ਲੋਕ ਮੀਲਾਂ ਦੂਰ ਉਸਦਾ ਅਖਾੜਾ ਸੁਣਨ ਤੁਰ ਜਾਂਦੇ, ਉਹ ਹਿੱਕ ਦੇ ਜੋਰ 'ਤੇ ਗਾਉਣ ਵਾਲਾ ਗਾਇਕ ਸੀ। ਉਸ ਦੀ ਲੋਕਪ੍ਰਿਅਤਾ ਚਮਕੀਲੇ ਜਿਹੀ ਸੀ। ਮੈਂ ਲਾਭ ਹੀਰੇ ਦਾ ਇੱਕ ਅਖ਼ਾੜਾ ਵੇਖਿਆ ਪਿੰਡ ਆਲੀਕੇ, ਜੋ ਮੇਰੇ ਪਿੰਡ ਤੋਂ ਥੋੜ੍ਹੀ ਦੂਰ ਸੀ। ਲਾਭ ਹੀਰੇ ਨੂੰ ਸੁਣਨ ਦਾ ਕੁਰੇਜ ਬਹੁਤ ਸੀ। ਫਿਰ ਪੈਸੇ 'ਤੇ ਪਬਲਸਿਟੀ ਦਾ ਵੇਲਾ ਆਇਆ, ਟੀਵੀ ਉੱਤੇ ਆਉਣ ਵਾਲੇ ਕਲਾਕਾਰਾਂ ਦੀ ਆਪਣੀ ਪਹਿਚਾਣ ਬਣਨ ਲੱਗੀ! ਮਾਲਵੇ ਦੇ ਕਲਾਕਾਰ ਥੋੜ੍ਹਾ ਜਿਹਾ ਇਸ ਦਾ ਸਹਾਰਾ ਘੱਟ ਲੈਂਦੇ ਸਨ, ਜਿਸ ਕਾਰਣ ਉਨ੍ਹਾਂ ਨੂੰ ਹਰਜਾਨਾ ਵੀ ਭੁਗਤਣਾ ਪਿਆ। ਲਾਭ ਹੀਰੇ ਨੇ ਇਸ ਤੋਂ ਬਾਅਦ ਉੱਠਣ ਦੀ ਕੋਸ਼ਿਸ਼ ਕੀਤੀ, ਮਗਰ ਸਮਾਂ ਬੜੀ ਤੇਜੀ ਦੇ ਨਾਲ ਬਦਲਿਆ। ਦੂਰਦਰਸ਼ਨ ਤੋਂ ਇਲਾਵਾ ਕਈ ਹੋਰ ਚੈਨਲ ਆ ਗਏ। ਕੱਲ੍ਹ ਉੱਠੇ ਮੁੰਡੇ ਪੈਸੇ ਦੇਕੇ ਚੈਨਲ ਵਾਲਿਆਂ ਨੂੰ, ਪੂਰਾ ਪੂਰਾ ਦਿਨ ਆਪਣੇ  ਗੀਤ ਵਜਾਉਣ ਲੱਗੇ, ਦੇਬੀ ਮਖਸੂਸਪੁਰੀ ਕਹਿੰਦਾ ਐ, ਕਲਾਕਾਰ ਤਾਂ ਉਹੀ ਐ ਜੋ ਟੀਵੀ ਆਉਂਦਾ ਐ।

ਜੋ ਜੋ ਹਨੀ ਸਿੰਘ ਹੋਰੇ ਇਹਨਾਂ ਚੈਨਲਾਂ ਦੀ ਪੈਦਾਇਸ਼ ਨੇ। ਪੰਜਾਬੀ ਗਾਇਕੀ ਦੇ ਵਿੱਚ ਨਿਘਾਰ ਆਉਣ ਲੱਗ ਪਿਆ, ਭਾਵੇਂ ਸਾਨੂੰ ਇਸ ਦੌਰਾਨ ਕਈ ਚੰਗੇ ਗਾਇਕ ਵੀ ਮਿਲੇ। ਮਗਰ ਅਫ਼ਸੋਸ ਲਾਭ ਹੀਰੇ, ਦਵਿੰਦਰ ਕੋਹਿਨੂਰ ਜਿਹੇ ਹੀਰੇ ਕਿਤੇ ਪਿੱਛੇ ਖੋਹ ਆਏ, ਜੋ ਬੇਹੱਦ ਅਨਮੋਲ ਸਨ। ਲਾਭ ਹੀਰਾ ਬਹੁਤ ਜਦਲ ਆਪਣੀ ਨਵੀਂ ਐਲਬਮ ਕਰਨ ਜਾ ਰਿਹਾ ਹੈ, ਉਮੀਦ ਐ ਉਹ ਕੁੱਝ ਨਵਾਂ ਪੇਸ਼ ਕਰੇ, ਅਤੇ ਆਪਣੀ ਖੋਹੀ ਹੋਈ ਚਮਕ ਨੂੰ ਫਿਰ ਤੋਂ ਮੁੜ੍ਹ ਹਾਸਿਲ ਕਰੇ।

ਲਾਭ ਹੀਰੇ ਦੇ ਗੀਤਾਂ 'ਚ ਸੱਚਾਈ ਸੀ। ਉਹ ਹਿੱਕ ਠੋਕ ਕੇ ਗਾਉਂਦਾ ਸੀ। ਉਸਦੇ ਗੀਤਾਂ 'ਚ ਨਵਾਂਪਨ ਸੀ, ਪਰ ਪੇਂਡੂ ਕਲਚਰ ਦੇ ਲੋਕਾਂ ਲਈ, ਪੁਰਾਣੇ ਲੋਕਾਂ ਦੇ ਲਈ। ਉਸਨੂੰ ਸ਼ਹਿਰੀ ਅਤੇ ਪਿੰਡਾਂ ਦੇ ਨਵੇਂ ਸਰੋਤਿਆਂ ਨੂੰ ਮੋਹਣ ਦੇ ਲਈ ਸ਼ਹਿਰ ਦੇ ਮੁੰਡਿਆਂ ਦੇ ਨਾਂਅ ਰੱਖਿਆ ਮਨਮੋਹਨੀ, ਜਿਹੀ ਇੱਕ ਹੋਰ ਕੋਸ਼ਿਸ਼ ਕਰਨੀ ਪਵੇਗੀ।

ਬਠਿੰਡਾ ਗਾਇਕਾਂ ਦੀ ਮੰਡੀ ਹੋਇਆ ਕਰਦਾ ਸੀ। ਲਾਭ ਹੀਰੇ ਦੇ ਹਰ ਉਮਰ ਗਾਇਕ ਜਿਆਦਾਤਰ ਬਠਿੰਡੇ ਦੇ ਸਨ, ਪਰ ਲਾਭ ਹੀਰਾ ਹੀ ਕੇਵਲ ਮਾਨਸਾ ਜਿਲ੍ਹੇ ਦੀ ਅਗੁਵਾਈ ਕਰਨ ਵਾਲਾ ਸੀ, ਲਾਭ ਹੀਰੇ ਦਾ ਜਨਮ ਬੁਢਲਾਡਾ ਮੰਡਲ 'ਚ ਆਉਂਦੇ ਪਿੰਡ ਅਚਾਨਕ 'ਚ ਹੋਇਆ। ਉਸ ਨੂੰ ਚਾਹੁੰਣ ਵਾਲਿਆਂ ਦੀ ਅੱਜ ਵੀ ਕਮੀ ਨਈ, ਪ੍ਰੰਤੂ ਕਮੀਆਂ ਉੱਤੇ ਮਾਤ ਪਾਉਂਦੇ ਹੋਏ ਲਾਭ ਹੀਰੇ ਨੂੰ ਮੁੜ੍ਹ ਪਰਤਣ ਦੀ ਜ਼ਰੂਰਤ ਐ।

ਭਾਵੇਂ ਲਾਭ ਹੀਰਾ ਮੇਰਾ ਬਹੁਤਾ ਪਸੰਦੀਦਾ ਨਈ ਰਹਿਆ, ਪ੍ਰੰਤੂ ਉਸਦਾ ਗੀਤ ਇੱਕ ਮਿਆਨ 'ਚ ਕਿੱਦਾਂ ਦੋ ਤਲਵਾਰਾਂ ਰੱਖੇਗਾ, ਨੇ ਹਮੇਸ਼ਾ ਮਾਰਗ ਦਰਸ਼ਨ ਕੀਤਾ, ਇਸ ਗੀਤ ਦਾ ਅਰਥ ਕੁੱਝ ਹੋਵੇ, ਪ੍ਰੰਤੂ ਮੈਨੂੰ ਇੱਕ ਸਮਝ ਆਉਂਦਾ ਸੀ, ਕਿ ਝੂਠ 'ਤੇ ਸੱਚ ਇੱਕ ਮਿਆਨ 'ਚ ਕਦੇ ਨਈ ਆ ਸਕਦੇ। ਜਿਸ ਗੱਲ ਨੇ ਮੈਨੂੰ ਥੋੜ੍ਹਾ ਜਿਹਾ ਲੋਕਾਂ ਦੀ ਨਿਗਾਹ 'ਚ ਅਕੜ੍ਹੂ ਬਣਾ ਦਿੱਤਾ, ਇਸ ਗੱਲ ਦਾ ਮੈਨੂੰ ਕੋਈ ਗਿਲਾ ਨਈ।

ਲਾਭ ਹੀਰੇ ਨੇ ਜੋ ਗੀਤ ਕੱਬਡੀ 'ਤੇ ਗਾਇਆ 'ਸਿੰਗ ਫੱਸ ਗਏ ਕੁੰਡੀਆਂ ਦੇ ਬਹਿ ਜਾ ਗੋਡੀ ਲਾਕੇ' ਉਹ ਸੁਪਰਬ ਸੀ। ਬਾਅਦ 'ਚ ਭਾਵੇਂ ਕੱਬਡੀ 'ਤੇ ਕਈ ਗੀਤ ਆਏ, ਪ੍ਰੰਤੂ ਲਾਭ ਹੀਰੇ ਵਾਲੀ ਗੱਲ ਕਿਸੇ ਤੋਂ ਨਈ ਬਣੀ। ਇਸ ਗੀਤ ਨੂੰ ਮੱਖਣ ਬਰਾੜ ਨੇ ਲਿਖਿਆ ਸੀ।

Sunday, May 27, 2012

ਗੋਰੇ ਚੱਕਵਾਲੇ ਦੇ ਗੀਤ 'ਤੇ ਮੈਂ

ਗੋਰੇ ਚੱਕਵਾਲੇ ਦੇ ਅਖਾੜੇ ਪਿੱਛੋਂ ਪਿੰਡ ਦੇ ਵਿੱਚ ਗੋਰੇ ਦੇ ਗੀਤਾਂ ਦਾ ਵੱਜਣਾ ਆਮ ਹੋ ਗਿਆ। ਮੇਰੇ ਘਰ ਉਨ੍ਹੀਂ ਦਿਨੀਂ ਡੈਕ ਨਈ ਸੀ, ਮੇਰੇ ਡੈਡੀ ਨੇ ਲਿਆਂਦੀਆਂ ਤਾਂ ਕਈ ਵਾਰ, ਪ੍ਰੰਤੂ ਆਪਣਾ ਬੰਦੇ ਕਮਾਲ ਦੇ ਖਰਾਬ ਕਰਨ 'ਚ ਮਾਹਿਰ, ਬੇਲਟੈਕ ਦਾ ਟੀਵੀ ਸੀ, ਜਿਸ ਨੇ ਵੀ ਮਰੀਜਾਂ ਵਰਗੀ ਜਿੰਦਗੀ ਗੁਜਾਰੀ ਮੇਰੀ ਕਲਾਕਾਰੀ ਕਰਕੇ।

ਤੇਰੇ ਪਿੱਛੇ ਬਦਨਾਮ ਹੋ ਕੇ ਵੇਖਣਾ, ਇਹ ਗੀਤ ਤਾਂ ਐਨਾ ਵੱਜਿਆ ਕਿ ਜਿਹਦਾ ਕੋਈ ਅੰਤ ਨਈ ਸੀ। ਗੋਰੇ ਦਾ ਤੇਜ਼ ਲੈਅ 'ਚ ਗਾਉਣਾ ਬਕਮਾਲ ਹੈ, ਅਤੇ ਸਲੋ ਮੋਸ਼ਨ ਉਸ ਤੋਂ ਵੀ ਅੱਗੇ ਲੈ ਜਾਂਦਾ ਐ ਗੋਰੇ ਨੂੰ। ਉਨ੍ਹਾਂ ਦਿਨਾਂ 'ਚ ਗੋਰੇ ਦੀ ਕੈਸਿਟ ਆਈ, ਦੋ ਦਿਨ ਰੁੱਸਕੇ ਨਈ ਬੋਲੀ, ਜੋ ਸੁਪਰ ਡੁਪਰ ਹਿੱਟ ਹੋਈ, ਪ੍ਰੰਤੂ ਗੁਰਨਾਮ, ਜੋ ਮੇਰਾ ਦੋਸਤ ਸੀ, ਕੈਸਿਟ ਘਰ ਲਿਆਕੇ ਮੋੜ੍ਹ ਆਇਆ, ਕਹਿੰਦਾ ਏਹ ਦਾ ਕਵਰ ਚੰਗਾ ਨਈ। ਜਦੋਂ ਇਹ ਕੈਸਿਟ ਪੂਰੇ ਪੰਜਾਬ ਭਰ 'ਚ ਵੱਜੀ ਤਾਂ ਮੈਂ ਉਸਨੂੰ ਆਖਿਆ, ਕਾਕਾ ਕਵਰ 'ਤੇ ਨਈ ਜਾਈ ਦਾ।

ਇਸ ਤੋਂ ਬਾਅਦ ਆਇਆ ਗੋਰੇ ਦਾ ਅਖਾੜਾ ਦਾ ਹੋਰ ਵੀ ਵਧੀਆ ਸੀ, ਜੋ ਉਸਨੇ ਆਪਣੀ ਸਹਿ ਗਾਇਕਾ ਸੋਨੂੰ ਦੇ ਨਾਲ ਸੂਟ ਕੀਤਾ। ਇਸਦੇ ਵਿਚਲੇ ਕਈ ਗੀਤ ਸੁਪਰ ਕੁਆਲਿਟੀ ਦੇ ਸਨ। ਇਹ ਵੀ ਸਮਾਂ ਹੀ ਹੁੰਦਾ ਐ, ਜਦੋਂ ਸਭ ਕੁੱਝ ਬਕਮਾਲ ਬਣਦਾ ਐ। ਹੁਣ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਮੇਰੀ ਪਸੰਦ ਹਰਦਿਲ ਦੀ ਪਸੰਦ ਬਣ ਰਹੀ ਐ। ਆਪਾਂ ਗੋਰੇ ਦੇ ਪੱਕੇ ਫੈਨ ਸੀ, ਜਿਸ ਕਰਕੇ ਯਾਰ ਵੀ ਮੈਨੂੰ ਗੋਰਾ ਚੱਕਵਾਲਾ ਹੀ ਕਹਿੰਦੇ, ਜਦੋਂ ਕਿ ਗੋਰੇ ਦੇ ਨਾਲ ਦੂਜੀ ਮੁਲਾਕਾਤ ਸਾਲਾਂ ਮਗਰੋਂ ਹੋਈ, ਜਦੋਂ ਮੈਂ ਪੱਤਰਕਾਰੀ ਦੀ ਦੁਨੀਆ 'ਚ ਆਇਆ।

ਦੁਪਹਿਰ ਦਾ ਵੇਲਾ। ਬੱਸ ਸਟੈਂਡ ਦੇ ਪਿੱਛੇ ਗੋਰੇ ਦਾ ਦਫ਼ਤਰ। ਉਸਦੇ ਉੱਤੇ ਇੱਕ ਬੋਰਡ ਲੱਗਿਆ ਹੋਇਆ ਸੀ, ਜੋ ਅੱਜ ਵੀ ਮੌਜੂਦ ਐ, ਜਿਸ 'ਤੇ ਉਸਦੇ ਘਰ ਦੇ ਟੈਲੀਫੋਨ ਦਾ ਨੰਬਰ ਲਿਖਿਆ ਹੋਇਆ ਸੀ। ਮੈਂ ਉਸ ਦੁਪਹਿਰ ਆਪਣੇ ਦਫ਼ਤਰ 'ਚੋਂ ਗੋਰੇ ਦੇ ਘਰ ਫੋਨ ਲਾਇਆ, 'ਤੇ ਕਿਹਾ ਮੈਂ ਗੋਰੇ ਬਈ ਦਾ ਫੈਨ ਬੋਲਦਾ ਹਾਂ, ਕੀ ਉਹਨਾਂ ਨਾਲ ਗੱਲ ਹੋ ਸਕਦੀ ਐ।

ਅੱਗੋਂ ਆਵਾਜ਼ ਆਈ ਮੈਂ ਗੋਰਾ ਹੀ ਬੋਲਦਾ ਹਾਂ, ਮੈਨੂੰ ਲੱਗਿਆ ਸ਼ਾਇਦ ਕੋਈ ਝੂਠ ਬੋਲ ਰਿਹਾ ਹੈ। ਮੈਂ ਕੁੱਝ ਦਿਨ ਪਹਿਲਾਂ ਗੋਰੇ ਦੀ ਇੰਟਰਵਿਊ ਪੜ੍ਹੀ ਸੀ, ਇੱਕ ਮੈਗਜ਼ੀਨ 'ਚ, 'ਤੇ ਮੈਂ ਪਰ੍ਖ਼ਣ ਦੇ ਲਈ ਪੁੱਛ ਲਿਆ, ਪੰਛੀ 'ਤੇ ਪਰਦੇਸੀ ਗੀਤ ਕਿਹੜੀ ਕੈਸਿਟ ਹੈ ਭਾਅ ਜੀ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਸ਼ੁਰੂਆਤੀ ਗੀਤ ਹੈ, ਇਹ ਰਿਕਾਰਡ ਨਈ ਹੋਇਆ, ਇਹ ਸੱਤਵੀਂ ਜਮਾਤ 'ਚ ਲਿਖਿਆ ਸੀ, ਹੁਣ ਮਨ ਨੂੰ ਤਸੱਲੀ ਹੋਈ, ਸੱਚਮੁੱਚ ਗੋਰਾ ਜੀ ਬੋਲ ਰਹੇ ਨੇ।

ਗੋਰੇ ਦੇ ਦਰਸ਼ਨ ਕਰਨੇ ਸ਼ਾਇਦ ਮੇਰੇ ਲਈ ਔਖੇ ਨਈ ਸਨ, ਕਿਉਂਕਿ ਭੂਆ ਦੀ ਕੁੜੀ ਦੇ ਸਹੁਰੇ ਹੋਣ ਕਾਰਣ ਅਤੇ ਮੇਰੀ ਮਾਸੀ ਦੇ ਮੁੰਡੇ ਬਲਵੀਰ ਚੰਦ ਸ਼ਰਮਾ ਦੇ ਅਜੀਤ ਅਖਬਾਰ 'ਚ ਹੋਣ ਕਰਕੇ, ਉਹ ਕਲਾਕਾਰਾਂ ਦੇ ਬਾਰੇ 'ਚ ਵਧੇਰਾ ਲਿਖਦਾ, ਉਸਦੀ ਬਲਕਾਰ ਸਿੱਧੂ ਦੇ ਨਾਲ ਚੰਗੀ ਯਾਰੀ ਸੀ, 'ਤੇ ਗੋਰੇ ਚੱਕਵਾਲੇ ਦਾ ਚੰਗਾ ਵਾਕਫ਼ ਸੀ, ਕਿਉਂਕਿ ਗੋਰਾ ਚੱਕਵਾਲਾ ਵੀ ਪੰਡਤ ਭਰਾ ਸੀ, ਪ੍ਰੰਤੂ ਮੈਂ ਉਸਨੂੰ ਆਪਣੇ ਆਪ ਮਿਲਣਾ ਚਾਹੁੰਦਾ ਸੀ।

ਗੋਰੇ ਦੇ ਗੀਤ ਜਿੰਦਗੀ ਦਾ ਉਹ ਹਿੱਸਾ ਨੇ, ਜਿਸਦੇ ਬਿਨ੍ਹਾਂ ਜਿੰਦਗੀ ਅਧੂਰੀ ਜਿਹੀ ਐ। ਮੈਨੂੰ ਅੱਜ ਵੀ ਯਾਦ ਐ, ਜਦੋਂ ਮੇਰੀ ਘਰ ਦੀ ਬੈਠਕ 'ਚ ਉਸਦਾ ਗੀਤ ਵੱਜਦਾ ਰੱਬ ਲੰਮੀਆਂ ਉਮਰਾਂ ਬ੍ਖ਼ਸੇ ਤੇਰੇ ਜਿਹੀਆਂ ਮਾਸ਼ੂਕਾਂ ਨੂੰ, 'ਤੇ ਮੈਂ ਕਲਪਨਾਵਾਂ ਦੇ ਸਮੁੰਦਰਾਂ 'ਚ ਕਿਧਰੇ ਖੋਹ ਜਾਂਦਾ। ਇਹ ਗੋਰੇ ਦੇ ਹੀ ਗੀਤ ਸਨ, ਜਿਹਨਾਂ ਨੇ ਰੂਹਾਨੀ ਇਸ਼ਕ ਤੋਂ ਜਾਣੂ ਕਰਵਾਇਆ।

ਮੈਨੂੰ ਮਹਿਬੂਬ ਨੂੰ ਦੁਆ ਦੇਣ ਵਾਲੇ ਗੀਤ ਹਮੇਸ਼ਾ ਚੰਗੇ ਲੱਗੇ, ਚਾਹੇ ਉਹ ਰਾਜ ਬਰਾੜ "ਮੇਰੇ ਗੀਤਾਂ ਦੀ ਰਾਣੀ" ਨੇ ਗਾਏ, ਗੋਰੇ ਨੇ "ਰੱਬ ਲੰਮੀਆਂ ਉਮਰਾਂ ਬ੍ਖ਼ਸੇ ਤੇਰੇ ਜਿਹੀਆਂ ਮਾਸ਼ੂਕਾਂ ਨੂੰ"ਗਾਏ, ਗੁਰਵਿੰਦਰ ਬਰਾੜ ਨੇ "ਜਿਹੜੇ ਘਰ ਜਾਵੇਗੀ ਨੀ ਭਾਗ ਖੁੱਲ੍ਹ ਜਾਣਗੇ" ਗਾਏ ਜਾਂ ਫੇਰ ਕਿਸੇ ਹੋਰ ਪੰਜਾਬੀ ਗਾਇਕ ਨੇ। ਜਦੋਂ ਕੋਈ ਗੀਤਕਾਰ ਇਸ ਤਰ੍ਹਾਂ ਦਾ ਗੀਤ ਰੱਚਦਾ ਐ, ਤਾਂ ਲੱਗਦਾ ਐ, ਉਹ ਸਿਰਫ਼ ਮੇਰੇ ਲਈ, ਜਾਂ ਮੇਰੇ ਵਰਗਿਆਂ ਦੇ ਲਈ ਲਿਖ ਰਿਹਾ ਐ।

ਗਲੀਆਂ ਉਦਾਸ ਹੋ ਗਈਆਂ ਤੋਂ ਗਾਇਕੀ ਦਾ ਸਫ਼ਰ ਤੈਅ ਕਰਨ ਵਾਲੇ ਗੋਰੇ ਚੱਕ ਵਾਲੇ ਦਾ ਪਹਿਲਾ ਗੀਤ ਮੈਂ ਮੇਰੀ ਭੂਆ ਦੇ ਘਰ ਸੁਣਿਆ, ਜਦੋਂ ਉਸਦੀ ਤੇਰਾ ਦਿਲ ਮਰਜੀ ਦਾ ਮਾਲਿਕ ਰਿਲੀਜ਼ ਹੋਈ, ਇਹ ਕੈਸਿਟ ਲੈਕੇ ਮੇਰੀ ਭੂਆ ਦਾ ਮੁੰਡਾ ਅਪਣੇ ਘਰ ਆਇਆ, ਅਸੀਂ ਟੀਵੀ 'ਤੇ ਕੁੱਝ ਵੇਖ ਰਹੇ ਸੀ, ਉਹ ਕਹਿ ਰਿਹਾ ਸੀ, ਰਾਜਿੰਦਰਾ ਕਾਲਜ 'ਚ ਪੜ੍ਹਦੇ ਮੁੰਡੇ ਦੀ ਇੱਕ ਵਧੀਆ ਐਲਬਮ ਆਈ ਐ। ਉਦੋਂ ਮੈਨੂੰ ਗੋਰੇ ਦਾ ਨਾਂਅ ਨਈ ਪਤਾ ਸੀ, ਉਸ ਵੇਲੇ ਮੈਂ ਅਕਸ਼ੈ ਕੁਮਾਰ ਦੇ ਗੀਤਾਂ ਦਾ ਦੀਵਾਨਾ ਸੀ, ਗੋਰੇ ਗੋਰੇ ਮੁਖੜੇ ਪੇ ਕਾਲਾ ਚਸ਼ਮਾ, ਤੂੰ ਚੀਜ਼ ਬੜੀ ਐ ਮਸਤ ਮਸਤ।

ਗੋਰੇ ਦੇ ਅਖਾੜੇ ਤੋਂ ਬਾਅਦ ਗੋਰੇ ਦੇ ਗੀਤਾਂ ਨੇ ਪੰਜਾਬੀ ਸੰਗੀਤ ਵੱਲ ਅਜਿਹਾ ਮੋੜ੍ਹਿਆ, ਹਿੰਦੀ ਸੁਣਨ ਦੀ ਆਦਤ ਹੀ ਮਰ ਗਈ। ਗੋਰੇ ਦੇ ਬਾਰੇ ਸਾਡੇ ਪਿੰਡ ਬੜੀਆਂ ਅਫ਼ਵਾਹਾਂ ਸਨ, ਉਹ ਕੋਠੇ 'ਤੇ ਰਿਵਾਲਵਰ ਲੈਕੇ ਬਹਿੰਦਾ, ਉਹ ਪਿੰਡ ਦਾ ਬਦਮਾਸ਼ ਐ, ਉਸਦੇ ਕੋਲ ਸਾਡੇ ਪਿੰਡੋਂ ਇੱਕ ਮੁੰਡਾ ਗਾਇਕੀ ਸਿਖਣ ਗਿਆ, ਪ੍ਰੰਤੂ ਜਲਦ ਭੱਜ ਆਇਆ, ਉਹ ਅਨਪੜ੍ਹ ਸੀ, ਅਤੇ ਸਾਡੇ ਪਿੰਡ ਮਜ਼ਦੂਰੀ ਕਰਦਾ ਸੀ, ਘਰਦਿਆਂ ਨੇ ਭੇਜ ਦਿੱਤਾ ਸ਼ਾਇਦ ਗਾਇਕ ਬਣ ਜਾਵੇ। ਪਰ ਜਦੋਂ ਮੇਰੀ ਮੁਲਾਕਾਤ ਗੋਰੇ ਦੇ ਨਾਲ ਹੋਈ, ਤਾਂ ਉਸਦੇ ਅੰਦਰ ਦਾ ਇਨਸਾਨ ਵੇਖਕੇ ਦਿਲ ਖੁਸ਼ ਹੋਇਆ। ਉਸ ਮੁਲਾਕਾਤ ਨੇ ਦਿਲ 'ਚ ਗੋਰੇ ਦੀ ਹੋਰ ਜਗ੍ਹਾ ਬਣਾ ਦਿੱਤੀ। ਇਸ 'ਤੇ ਹਾਦਸੇ ਵਾਲੀ ਰਾਤ ਮੈਂ ਇੱਕ ਲੇਖ ਵੀ ਲਿਖਿਆ ਹੋਇਆ ਐ।

ਮੈਂ ਪਹਿਲਾਂ ਵੀ ਲਿਖਿਆ ਐ, ਗੋਰੇ ਦੀ ਗੱਲ ਚੱਲਦੀ ਰਹਿਣੀ ਐ। 

ਰਾਜ ਮਲਕਿਆਂ ਵਾਲੇ ਦੇ ਗੀਤ 'ਤੇ ਮੈਂ



Saturday, May 26, 2012

ਰਾਜ ਮਲਕਿਆਂ ਵਾਲੇ ਦੇ ਗੀਤ 'ਤੇ ਮੈਂ

ਹਰ ਸਿੱਕੇ ਦੇ ਦੋ ਪਾਸੇ ਹੁੰਦੇ ਨੇ। ਨਦੀ ਦੇ ਦੋ ਕਿਨਾਰੇ। ਦੁਨੀਆ ਵਿੱਚ ਬੰਦੇ ਚੰਗੇ ਵੀ 'ਤੇ ਮਾੜ੍ਹੇ ਵੀ। ਚੋਣ ਆਪਾਂ ਕਰਨੀ ਹੁੰਦੀ ਐ, ਮੈਨੂੰ ਹਮੇਸ਼ਾ ਇਸ ਗੱਲ ਦੀ ਖੁਸ਼ੀ ਰਹੀ ਕਿ ਮੇਰੀ ਚੋਣ ਕਦੇ ਗਲਤ ਸਿੱਧ ਨਈ ਹੋਈ। ਮੈਨੂੰ ਪੰਜਾਬੀ ਸੰਗੀਤ ਦੇ ਨਾਲ ਪਿਆਰ ਕਰੀਬਨ ਸੋਲ੍ਹਾਂ ਸਤਾਰ੍ਹਾਂ ਸਾਲ ਪਹਿਲਾਂ ਹੋਇਆ, ਜਦੋਂ ਸ਼ਹਿਰ ਛੱਡ ਪਿੰਡ ਗਿਆ। ਉੱਥੇ ਪੰਜਾਬੀ ਗੀਤ ਵੱਜਦੇ ਟਰੈਕਟਰਾਂ 'ਤੇ, ਦੁਕਾਨਾਂ 'ਚ, ਰੇਡੀਓ 'ਤੇ ਅਤੇ ਵਿਆਹਾਂ 'ਚ ਲਾਊਡ ਸਪੀਕਰਾਂ 'ਤੇ। ਚੰਗੇ ਗੀਤ ਆਪ ਮੁਹਾਰੇ ਮੇਰੇ ਮਨ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦੇ।

ਪੰਜਾਬੀ ਸੰਗੀਤ ਦੇ ਨਾਲ ਮੇਰੀ ਪੱਕੀ ਯਾਰੀ ਉਸ ਵੇਲੇ ਹੋਈ, ਜਦੋਂ ਸਾਡੇ ਪਿੰਡ ਪੰਜਾਬੀ ਗਾਇਕ ਗੋਰੇ ਚੱਕਵਾਲੇ ਦਾ ਅਖਾੜਾ ਲੱਗਿਆ ਸੀ, ਮੇਰੀ ਭੂਆ ਦੀ ਕੁੜੀ ਦੇ ਵਿਆਹ 'ਚ, ਜੋ ਗੋਰੇ ਚੱਕਵਾਲੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਵਿਆਹੀ ਐ। ਇਸ ਮੁਲਾਕਾਤ ਨੇ ਮੈਨੂੰ ਗੋਰੇ ਚੱਕਵਾਲੇ ਦਾ ਫੈਨ ਬਣਾ ਦਿੱਤਾ।


ਗੋਰੇ ਦੇ ਇਲਾਵਾ ਮੈਨੂੰ ਰਾਜ ਮਲਕਿਆਂ ਵਾਲਾ, ਦੇਬੀ ਮਖਸੂਸਪੁਰੀ ਅਤੇ ਅਮਰਿੰਦਰ ਗਿੱਲ ਚੰਗੇ ਲੱਗਦੇ ਨੇ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਬੋਤੀ ਮੁੜ੍ਹ ਘੁੜ੍ਹ ਬੋਹੜ ਥੱਲੇ, ਮੇਰਾ ਕੁੱਝ ਇੰਝ ਹੀ ਹੈ। ਮੈਂ ਦੁਨੀਆ ਭਰ ਦੇ ਗਾਇਕਾਂ ਨੂੰ ਸੁਣ ਲੈਂਦਾ, ਪ੍ਰੰਤੂ ਅੰਤ ਇਹਨਾਂ ਦੇ ਆਕੇ ਫੇਰ ਰੁੱਕ ਜਾਂਦਾ ਹਾਂ।


ਗੋਰੇ ਚੱਕਵਾਲੇ ਦੀ ਗੱਲ ਤਾਂ ਨਾਲ ਨਾਲ ਚੱਲਦੀ ਰਹਿਣੀ ਐ, ਆਪਾਂ ਗੱਲ ਕਰਦੈ ਰਾਜ ਬਰਾੜ ਦੀ। ਪੰਜਾਬੀ ਗਾਇਕੀ ਦਾ ਉਹ ਕਦਵਾਰ ਗਾਇਕ, ਜਿਸਨੇ ਗੀਤਕਾਰੀ ਤੋਂ ਗਾਇਕੀ, ਅਤੇ ਫੇਰ ਅਦਾਕਾਰੀ ਤੱਕ ਦਾ ਸਫ਼ਰ ਤੈਅ ਕੀਤਾ। ਇਸ ਦਾ ਮੈਨੂੰ ਨੱਚਣ ਦਾ ਸਾਈਟਲ ਵਧੇਰੇ ਚੰਗਾ ਲੱਗਦਾ 'ਤੇ ਗਾਉਣ ਦਾ ਤਰੀਕਾ ਵੀ। ਇਸਦੇ ਨੱਚਣ ਦੇ ਸਾਈਟਲ ਨੇ ਕਈ ਵਿਆਹ 'ਚ ਮੇਰੀ ਇੱਜ਼ਤ ਬਚਾਈ।

ਰਾਜ ਮਲਕਿਆਂ ਵਾਲਿਆਂ ਨੂੰ ਸੁਣਦਾ ਸਫ਼ਰ ਭਾਵੇਂ ਸਾਡੇ ਵਾਰੀ ਰੰਗਿਆ ਮੁੱਕਿਆ ਤੋਂ ਹੋਇਆ, ਪ੍ਰੰਤੂ ਉਸਦਾ ਨਾਂਅ ਮੇਰੇ ਕੰਨਾਂ ਵਿੱਚ ਭਿੱਜ ਗਈ ਕੁੜਤੀ ਲਾਲ ਪਸੀਨੇ ਦੇ ਨਾਲ ਪਿਆ, ਜੋ ਹਰਭਜਨ ਮਾਨ ਨੇ ਗਾਇਆ। ਇਹ ਗੀਤ ਵਿਆਹਾਂ ਦੀ ਜਾਨ ਸੀ, ਖਾਸ ਕੁੜ੍ਹੀਆਂ ਦੀ ਤਾਂ। ਸਿਫ਼ਤ ਕਿਸਨੂੰ ਪਸੰਦ ਨਈ ਹੁੰਦੀ। ਹਰਭਜਨ ਦਾ ਇਹ ਗੀਤ ਅਤੇ ਹੰਸ ਰਾਜ ਹੰਸ ਦਾ ਹੋਕਾ, ਤਾਂ ਲੋਕਾਂ ਨੇ ਐਨਾ ਵਜਾਇਆ ਕਿ ਅੱਜ ਦਾ ਕੋਲਾਬਰੀ ਡੀ 'ਤਾਂ ਦੇ ਮੁਕਾਬਲੇ 'ਚ ਕਿਤੇ ਪਿੱਛੇ ਰਹਿ ਜਾਂਦਾ ਐ।

ਰਾਜ ਮਲਕਿਆਂ ਵਾਲੇ ਨੂੰ ਸੁਣਦੀ ਆਦਤ ਬਣਦੀ ਜਾ ਰਹੀ ਸੀ ਕਿ ਉਸਦੀ ਰੀਲ ਮੇਰੇ ਗੀਤਾਂ ਦੀ ਰਾਣੀ ਤਾਂ ਕਮਾਲ ਕਰ ਗਈ, ਇਸ ਰੀਲ ਨੂੰ ਨ ਜਾਣੇ ਮੈਂ ਆਪਣੇ ਘਰ ਦੀ ਝਲਾਣੀ ਵਿੱਚ ਕਿੰਨੇ ਵਾਰ ਸੁਣਿਆ। ਇਹ ਵੀ ਰਾਜ ਬਰਾੜ ਦਾ ਬਹੁਤ ਵੱਡਾ ਐਕਸਪੇਰੀਮੈਂਟ ਸੀ, ਜੋ ਪੂਰੀ ਤਰ੍ਹਾਂ ਸਫ਼ਲ ਹੋਇਆ। ਉਸਦੇ ਤਜਰਬਿਆਂ ਨੇ ਕਦੇ ਮੈਨੂੰ ਉਸ ਤੋਂ ਦੂਰ ਨਈ ਹੋਣ ਦਿੱਤਾ।

ਜੋ ਸਾਨੂੰ ਚੰਗਾ ਲੱਗਦਾ ਐ, ਅਸੀਂ ਦੀ ਖੋਜਬੀਣ ਕਰਨ ਲੱਗ ਪੈਣੇ ਆਂ। ਖੋਜਣ 'ਤੇ ਪਤਾ ਚੱਲਿਆ। ਮਲਕੇ ਪਿੰਡ ਦੇ ਰਾਜਵਿੰਦਰ ਸਿੰਘ ਬਰਾੜ ਨੂੰ ਗੀਤ ਲਿਖਣ ਦਾ ਸ਼ੌਂਕ ਉਸਦੇ ਸੀਰੀ ਜੱਗੀ ਤੋਂ ਲੱਗਿਆ, ਜੋ ਅਨਪੜ੍ਹ ਸੀ, ਜੋ ਬੋਲਦਾ 'ਤੇ ਰਾਜ ਲਿਖਦਾ। ਦਸਵੀਂ ਤੱਕ ਆਉਂਦੇ ਆਉਂਦੇ ਰਾਜ ਨੂੰ ਮਹਿਸੂਸ ਹੋਇਆ ਕਿ ਉਹ ਵੀ ਲਿਖਦਾ ਸਕਦਾ ਐ। ਉਸ ਨੇ ਆਪਣੇ ਪਿੰਡ ਦੇ ਗਾਇਕ ਗੁਰਮੇਲ ਨੂੰ ਆਪਣੇ ਗੀਤ ਵਿਖਾਏ, ਉਸਨੇ ਉਸਨੂੰ ਕਿਹਾ ਕਿ ਇਹ ਚੰਗੇ ਨੇ, ਤੈਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਐ, ਜੋ ਦਿਲਸ਼ਾਦ ਅਖਤਰ ਦਾ ਸਾਗਿਰਦ ਸੀ।


ਇਸ ਦੇ ਬਾਅਦ ਰਾਜ ਬਰਾੜ ਦੀ ਮੁਲਾਕਾਤ ਜਰਨੈਲ ਘੁਮਾਣ ਦੇ ਨਾਲ ਹੋਈ, ਜਿਸਦੇ ਬਾਅਦ ਗੱਡੀ ਲੀਹ 'ਤੇ ਅਜਿਹੀ ਚੜ੍ਹੀ ਕਿ ਰਾਜ ਬਰਾੜ ਗੀਤਕਾਰ ਬਣਕੇ ਉੱਭਰਿਆ। ਗੀਤਕਾਰੀ 'ਚ ਪੈਰ ਜੰਮਣ ਲੱਗੇ ਸਨ ਕਿ ਉਸਨੇ ਗਾਉਣਾ ਸ਼ੁਰੂ ਕਰ ਦਿੱਤਾ, ਪਹਿਲੀ ਐਲਬਮ ਬੰਤੋ ਨਈ ਚੱਲੀ, 'ਤੇ ਦੂਜੀ ਕੋਸ਼ਿਸ਼ ਨੇ ਕਮਾਲ ਕਰ ਦਿੱਤਾ, ਜੋ ਸਾਡੇ ਵਾਰੀ ਰੰਗ ਮੁੱਕਿਆ ਦੇ ਰੂਪ ਵਿੱਚ ਸੀ।

ਮੈਂ ਰਾਜ ਦੇ ਉਹ ਗੀਤ ਵੀ ਸੁਣੇ, ਜੋ ਸ਼ਾਇਦ ਬਹੁਤ ਘੱਟ ਲੋਕਾਂ ਨੇ ਸੁਣੇ ਹੋਣੇ ਨੇ, ਜਿਵੇਂ ਆਪਣੀ ਜਾਣ ਕੇ, ਜੋ ਅਰਮਿੰਦਰ ਗਿੱਲ ਦੀ ਆਵਾਜ਼ 'ਚ ਰਿਕਾਰਡ ਹੋਇਆ। ਜਦੋਂ ਇਸ ਗੀਤ ਦੀ ਸਿਫ਼ਾਰਿਸ ਇੱਕ ਵਾਰ ਬਠਿੰਡੇ ਦੇ ਸਟੇਡੀਅਮ 'ਚ ਪ੍ਰੋਗ੍ਰਾਮ ਕਰਨ ਦੇ ਲਈ ਆਏ ਅਰਮਿੰਦਰ ਗਿੱਲ ਨੂੰ ਕੀਤੀ, ਉਹ ਝਟਕਾ ਖਾ ਗਿਆ। ਬਈ ਇਹ ਤੂੰ ਕਿਧਰੋਂ ਸੱਪ ਕੱਢ ਲਿਆ, ਕਿਉਂਕਿ ਅਰਮਿੰਦਰ ਦੀ ਪਹਿਚਾਣ ਸਾਨੂੰ ਇਸ਼ਕ ਹੋ ਗਿਆ ਤੋਂ ਬਣੀ ਸੀ। ਅਰਮਿੰਦਰ ਨੇ ਮੇਰੀ ਫਰਮਾਇਸ਼ ਪੂਰੀ ਕੀਤੀ, ਪ੍ਰੰਤੂ ਸੁਣ ਦੇ ਲਈ ਮੈਂ ਸਟੇਡੀਅਮ 'ਚ ਰੁੱਕ ਨਾ ਸਕਿਆ। ਖ਼ਬਰਾਂ ਭੇਜਣ ਦਾ ਜੋ ਟਾਇਮ ਹੋ ਚੱਲਿਆ ਸੀ। ਰਾਜ ਬਰਾੜ ਦੇ ਰੂਪ 'ਚ ਵੀ ਅਤੇ ਰਾਜ ਮਲਕਿਆਂ ਵਾਲੇ ਦੇ ਰੂਪ ਵਿੱਚ ਵੀ ਮੈਨੂੰ ਰਾਜ ਬਹੁਤ ਚੰਗਾ ਲੱਗਦਾ ਐ।


ਜਦੋਂ ਮੈਂ ਪਿੰਡ ਛੱਡ ਸ਼ਹਿਰ ਆਇਆ। ਉਦੋਂ ਤੱਕ ਰਾਜ ਬਰਾੜ ਬੇਹੱਦ ਹਿੱਟ ਗਾਇਕ ਬਣ ਚੁੱਕਿਆ ਸੀ। ਉਹ ਟੀਮ ਮਿਊਜ਼ਿਕ ਦੀ ਸਥਾਪਨਾ ਕਰ ਕਈ ਕੈਸਿਟਾਂ ਵੀ ਰਿਲੀਜ਼ ਕਰ ਚੁੱਕਿਆ ਸੀ। ਰਾਜ ਬਰਾੜ ਨੂੰ ਮਿਲਣ ਦੀ ਚਾਹਤ ਲੈਕੇ ਮੈਂ ਉਸਦੇ ਬਠਿੰਡੇ ਵਾਲੇ ਦਫ਼ਤਰ ਗਿਆ, ਪ੍ਰੰਤੂ ਉਹ ਬੰਦ ਮਿਲਿਆ। ਉਸਦੇ ਮੈਨੇਜਰ ਦਾ ਨੰਬਰ ਮਿਲਿਆ, ਪ੍ਰੰਤੂ ਰਾਜ ਦੇ ਨਾਲ ਕਦੇ ਗੱਲ ਨਾਲ ਹੋਈ, ਪ੍ਰੰਤੂ ਉਸਦੇ ਗੀਤ ਹਮੇਸ਼ਾ ਮੇਰੇ ਕੰਨਾਂ 'ਚ ਵੱਜਦੇ ਰਹਿ। ਅੱਜ ਵੀ ਜਦੋਂ ਨਾਈਟ ਵਾਕ 'ਤੇ ਜਾਂਦਾ ਹਾਂ, ਤੇ ਰਾਜ ਬਰਾੜ ਦੇ ਗੀਤ ਪੁੱਤ ਵਰਗਾ ਫੋਰਡ ਟਰੈਕਟਰ, ਕੀ ਚੰਗਾ ਹੁੰਦਾ ਕੰਨਾਂ 'ਚ ਵੱਜਦੇ ਨੇ, ਭਲੇ ਹੀ ਚੰਗੀਗੜ੍ਹ ਦੇ ਨਜਾਰੇ ਨਈ ਸੁਣਿਆ, ਉਹ ਉਸਦੇ ਉਹਨਾਂ ਗੀਤਾਂ 'ਚ ਸ਼ਾਮਿਲ ਹੈ, ਜੋ ਮੁਕਾਬਲੇ ਦੇ ਮੈਦਾਨ ਨੂੰ ਖੁਦ ਨੂੰ ਸੁਰੱਖਿਅਤ ਰੱਖਣ ਦੇ ਲਈ ਜਰੂਰੀ ਹੈ।

ਦਿਨ ਭਰ ਦੀਆਂ ਖ਼ਬਰਾਂ ਲਿਖਣ ਤੋਂ ਬਾਅਦ ਜਦ ਸ਼ਾਮ ਨੂੰ ਘਰ ਪੁੱਜਦਾ 'ਤੇ ਚਾਚੇ ਦੇ ਘਰ ਟੀਵੀ ਚੱਲਦਾ ਹੁੰਦਾ, ਚਾਚੇ ਦੀ ਆਵਾਜ ਆਉਂਦੀ, ਸੁਣ ਲੈ ਤੇਰਾ ਗੀਤ ਵੱਜ ਰਿਹਾ ਐ, ਰੋਜ਼ ਸ਼ਾਮ ਨੂੰ ਰਾਜ ਬਰਾੜ ਦਾ ਗੀਤ ਪਹਿਲਾਂ ਵਾਲੀ ਗੱਲ ਨਾ ਰਹਿ ਬਦਲ ਗਈਆਂ ਸਰਕਾਰਾਂ ਨੂੰ ਸੁਣ ਮਿਲਦਾ, ਥਕਾਵਟ ਲਹਿ ਜਾਂਦੀ।

ਅੱਜ ਰਾਜ ਦੇ ਗੀਤਾਂ ਨਾਲ ਸਾਂਝ ਪਿਆ ਕੀ ਵਰ੍ਹੇ ਬੀਤ ਚੱਲੇ ਨੇ, ਰਾਜ ਮਲਕਿਆਂ ਵਾਲਾ ਗੀਤਕਾਰ ਤੋਂ ਗਾਇਕ ਅਤੇ ਫੇਰ ਅਦਾਕਾਰ ਤੱਕ ਦਾ ਸਫ਼ਰ ਤੈਅ ਕਰ ਚੁੱਕਿਆ ਹੈ, ਅਤੇ ਆਪਣੇ ਪਿੰਡ ਤੋਂ ਦੂਰ ਆਪਣੇ ਸੁਫ਼ਨਿਆਂ ਦੇ ਸ਼ਹਿਰ ਚੰਡੀਗੜ੍ਹ ਰਹਿਣ ਲੱਗ ਪਿਆ। ਰਾਜ ਬਰਾੜ ਭਾਵੇਂ ਅੱਜ ਕਈ ਦਿਲਾਂ ਦੀ ਧੜਕਣ ਅਤੇ ਕਈਆਂ ਦਾ ਆਈਕਨ ਬਣ ਗਿਆ, ਪ੍ਰੰਤੂ ਉਸਦੀ ਮਾਂ ਨੂੰ ਇਹ ਦੱਸਦਿਆਂ ਸੰਗ ਆਉਂਦੀ ਐ ਕਿ ਉਸਦਾ ਮੁੰਡਾ ਕੀ ਕਰਦਾ ਐ।

ਪੰਜਾਬੀ ਸੰਗੀਤ ਨੂੰ ਬੱਬੂ ਮਾਨਾਂ ਦੀ ਲੋੜ ਐ, ਨਚਾਰਾਂ ਦੀ ਨਈ

ਜਦੋਂ ਪੰਜਾਬੀ ਗੀਤਾਂ ਦੇ ਨਾਲ ਮੇਰੇ ਪਿਆਰ ਦੀ ਸ਼ੁਰੂਆਤ ਹੋਈ, ਤਾਂ ਉਸ ਸਮੇਂ ਦੇ ਨੇੜੇ ਤੇੜੇ ਹੀ। ਇੱਕ ਗਾਇਕ ਦਾ ਜਨਮ ਹੋਇਆ 'ਪਿੰਡ ਪਹਿਰਾ ਲੱਗਦਾ' ਦੇ ਨਾਲ। ਜੀ ਹਾਂ, ਬੱਬੂ ਮਾਨ ਦਾ। ਸ਼ਾਇਦ ਉਦੋਂ ਬੱਬੂ ਮਾਨ ਦੀ ਉਮਰ ਕੋਈ ਜਿਆਦਾ ਨਹੀਂ ਸੀ, ਅੱਜ ਦੇ ਜੋ ਜੋ ਹਨੀ ਸਿੰਘ ਜਿੰਨੀ ਹੋਵੇਗੀ।
ਦੋਵਾਂ 'ਚ ਸਮਾਨਤਾ ਬੱਸ ਏਨੀ ਕੁ ਹੈ ਕਿ ਦੋਵੇਂ ਨੂੰ ਸਫ਼ਲਤਾ ਇੱਕਦਮ ਮਿਲੀ, ਪ੍ਰੰਤੂ ਫ਼ਰਕ ਬੜੇ ਨੇ। ਇੱਕ ਨੇ ਸਫ਼ਲਤਾ ਮਿਲਦਿਆਂ ਹੀ ਆਪਣੀ ਗਾਇਕੀ ਦੇ ਰਾਹੀਂ ਦੁਨੀਆਵੀਂ ਬੁਰਾਈਆਂ 'ਤੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਤੇ ਦੂਜੇ ਨੇ ਪੰਜਾਬੀ ਸੰਗੀਤ ਦੇ ਅੰਦਰ ਨੰਗੇਜ਼ ਭਰਨਾ ਸ਼ੁਰੂ ਕਰ ਦਿੱਤਾ।
ਸਫ਼ਲਤਾ ਦੋਵਾਂ ਦੇ ਹਿੱਸੇ ਆਈ ਹੈ, ਪ੍ਰੰਤੂ ਇੱਕ ਦੀ ਸਫ਼ਲਤਾ ਤੱਤੇ ਤਵੇ ਤੇ ਪਾਣੀ ਦੀ ਸ਼ਿਟ ਵਰਗੀ ਹੈ, 'ਤੇ ਦੂਜੇ ਦੀ ਸਫ਼ਲਤਾ ਤੂਤ ਦੇ ਮੋਸ਼ੇ ਵਰਗੀ ਮਜਬੂਤ। ਜਦੋਂ ਬੱਬੂ ਮਾਨ ਪਿੰਡ ਪਹਿਰ ਲੱਗਦਾ ਅਤੇ ਨੀਂਦਰਾਂ ਨਈ ਆਉਂਦੀਆਂ ਦੇ ਨਾਲ ਪੰਜਾਬੀ ਗਾਇਕੀ ਦੇ ਪਿੜ ਵਿੱਚ ਉਤਰਿਆ ਸੀ, ਸਾਇਦ ਉਦੋਂ ਕਿਸੇ ਨੂੰ ਅੰਦਾਜਾ ਵੀ ਨਈ ਸੀ ਕਿ ਇਹ ਨੌਜਵਾਨ ਪੰਜਾਬੀ ਗਾਇਕੀ ਦੇ ਰਾਹਾਂ 'ਚ ਆਪਣੇ ਪੈਂੜਾਂ ਦੇ ਅਮਿੱਟ ਨਿਸ਼ਾਨ ਛੱਡੇਗਾ।

ਬੱਬੂ ਦੀ ਸਫ਼ਲਤਾ ਦੇ ਨਾਲ ਤਮਾਮ ਅਫ਼ਵਾਹਾਂ ਫੈਲੀਆਂ, ਜਿਵੇਂ ਬੱਬੂ ਮਾਨ, ਬਾਬੂ ਸਿੰਘ ਮਾਨ ਦਾ ਪੁੱਤਰ ਹੈ। ਜਿਸਦੇ ਲਿਖੇ ਗੀਤ ਹਰਭਜਨ ਮਾਨ ਦੀ ਜੁਬਾਨੋਂ ਹਰ ਕਿਸੇ ਨੇ ਸੁਣੇ, ਪ੍ਰੰਤੂ ਇਹ ਸੱਚ ਨਈ ਕਿ ਬੱਬੂ,  ਬਾਬੂ ਸਿੰਘ ਮਾਨ ਦਾ ਪੁੱਤਰ ਹੈ, ਉਸਦਾ ਪੁੱਤਰ ਅਮਤੋਜ ਮਾਨ ਹੈ, ਜੋ ਫਿਲਮ ਹਵਾਏਂ ਅਤੇ ਕਾਫਿਲਾ ਦੇ ਵਿੱਚ ਨਜ਼ਰ ਆਇਆ। 
ਬਾਬੂ ਸਿੰਘ ਮਾਨ ਨੂੰ ਮਾਨ ਮਰਾੜ੍ਹਾਂ ਵਾਲਾ ਵੀ ਕਹਿੰਦੇ ਨੇ, ਕਿਉਂਕਿ ਬਾਬੂ ਸਿੰਘ ਮਾਨ ਦਾ ਜਨਮ ਫਰੀਦਕੋਟ ਦੇ ਮਰਾੜ੍ਹ ਪਿੰਡ 'ਚ ਹੋਇਆ ਸੀ। ਜਾਣਕਾਰੀ ਮੁਤਾਬਿਕ ਉਹਨਾਂ ਦਾ ਪਹਿਲਾ ਗੀਤ ਦੁੱਧ ਕਾੜ੍ਹਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆ, ਇੱਕ ਪ੍ਰੱਤਿਕਾ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਦੋਂਕਿ ਉਹਨਾਂ ਦਾ ਪਹਿਲਾ ਗੀਤ ਗੁਰਪਾਲ ਸਿੰਘ ਪਾਲ ਨੇ ਗਾਇਆ। ਇਸ ਤੋਂ ਬਾਅਦ ਤੋਂ ਬਾਬੂ ਸਿੰਘ ਮਾਨ ਨੂੰ ਗਾਉਣ ਵਾਲਿਆਂ ਦੀ ਕੋਈ ਗਿਣਤੀ ਨਈ। ਬਾਬੂ ਸਿੰਘ ਮਾਨ ਨੂੰ ਜੇਕਰ ਇੰਗਲਿਸ਼ ਦੇ ਵਿੱਚ ਲਿਖੀਏ ਤਾਂ ਬੱਬੂ ਮਾਨ ਵੀ ਪੜ੍ਹ ਸਕਦੇ ਹਾਂ, ਪ੍ਰੰਤੂ ਦੋਵਾਂ ਦੀ ਲੇਖਣੀ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ।

ਬੱਬੂ ਸਿੰਘ ਮਾਨ ਪੁਰਾਣੇ ਲਿਹਾਜੇ 'ਚ ਕੁੱਝ ਪਿਆਰ ਕੜੱਤਣ ਦੀਆਂ ਗੱਲਾਂ ਲਿਖਦੇ ਨੇ, ਜਦਕਿ ਬੱਬੂ ਮਾਨ ਪੰਜਾਬੀ ਹਿੰਦੀ ਇੰਗਲਿਸ਼ ਸ਼ਬਦਾਂ ਦੇ ਵਿੱਚ ਵਰਤਮਾਨ ਦੀਆਂ ਘਟਨਾਵਾਂ ਨੂੰ ਜੋੜ੍ਹਦਿਆਂ ਨਿਰੀ ਅੱਗ ਲਿਖਦਾ ਹੈ, ਜਿਵੇਂ ਅਸੀਂ ਕੱਚੇ ਰੰਗ ਜਿਹੇ, ਉੱਚੀਆਂ ਇਮਾਰਤਾਂ।

ਬੱਬੂ ਮਾਨ ਨੇ ਪਿਛਲੇ ਬਾਰ੍ਹਾਂ ਤੇਰ੍ਹਾਂ ਵਰਿਆਂ ਦੇ ਵਿੱਚ ਆਪਣੇ ਸਤਰ ਨੂੰ ਹਮੇਸ਼ਾ ਉੱਪਰ ਵੱਲਿਆ ਚੁੱਕਿਆ। ਅਜਿਹਾ ਕਰਨ ਵਿੱਚ ਬਹੁਤ ਘੱਟ ਗਾਇਕ ਸਫ਼ਲ ਹੋਏ। ਅੱਜ ਬੱਬੂ ਮਾਨ ਦੀ ਜੁਬਾਨੋਂ ਨਿਕਲੀ ਛੋਟੀ ਜਿਹੀ ਤੁੱਕ ਵੀ ਲੋਕਾਂ ਨੂੰ ਲੁਭਾ ਜਾਂਦੀ ਐ, ਜਿਵੇਂ ਵੇਚ ਕਿ ਕਿੱਲਾ ਬਾਪੂ ਰੈਲੀ ਕਰਨੀ ਐ। ਬੱਬੂ ਮਾਨ ਇੰਝ ਗਾਉਂਦਾ ਐ, ਜਿਵੇਂ ਕੋਈ ਨਸ਼ੇ 'ਚ ਧੁੱਤ ਬੰਦਾ, ਨਸ਼ਾ ਗਾਇਕੀ ਦਾ ਵੀ ਕੋਈ ਘੱਟ ਨਈ। ਬੱਬੂ ਮਾਨ ਗਾਉਂਦਿਆਂ ਆਪਣੀ ਪੂਰੀ ਜਾਨ ਝੋਂਕ ਦਿੰਦਾ ਹੈ। ਕਿਸੇ ਨੇ ਕਿਹਾ ਹੈ ਕਿ ਜਦੋਂ ਤੁਸੀਂ ਹੰਡਰਡ ਪੈਂਰਸੇਂਟ ਲਗਾਉਂਦੇ ਹੋ, ਤਾਂ ਨਤੀਜਿਆਂ ਤੋਂ ਨਾ ਡਰੋ। ਨਤੀਜੇ ਤਾਂ ਸਹੀ ਆਉਣਗੇ।

ਬੱਬੂ ਮਾਨ ਦੇ ਨਾਲ ਜੋ ਜੋ ਦੀ ਤੁਲਨਾ ਮੈਂ ਕਿਉਂ ਕੀਤੀ। ਇਹ ਦੱਸਣਾ ਵੀ ਤਾਂ ਬਣਦਾ ਐ। ਅੱਜ ਯੂ ਟਿਊਬ 'ਤੇ ਬੱਬੂ ਮਾਨ ਦੇ ਗੀਤ ਸੁਣਦਿਆਂ, ਜੋ ਜੋ ਵਿਰੋਧੀ ਪ੍ਰਤਿਕ੍ਰਿਆਵਾਂ ਨੂੰ ਸੁਣ ਪਹੁੰਚ ਗਿਆ। ਜਿੱਥੇ ਕਰਨ ਜਸਬੀਰ, ਜੋ ਹੁਣ ਜੱਸੀ ਜਸਰਾਜ ਬਣ ਚੁੱਕਿਆ ਹੈ, ਜੋ ਜੋ ਉੱਤੇ ਪੂਰੀ ਤਰ੍ਹਾਂ ਵਰ੍ਹ ਰਿਹਾ ਸੀ। ਉਸਦੀ ਪੂਰੀ ਇੰਵਰਵਿਊ ਸੁਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੁਲਾਕਾਤ ਜੋ ਜੋ ਨਾਲ ਕਈ ਸਾਲ ਪਹਿਲਾਂ ਹੋਈ ਸੀ ਦਿੱਲੀ ਦੇ ਵਿੱਚ।

ਫਿਰ ਅਚਾਨਕ ਜੋ ਜੋ ਹਨੀ ਸਿੰਘ ਦਾ ਨਾਂਅ ਚਮਕ ਗਿਆ। ਉਸਨੇ ਜੋ ਵੀ ਊਲ ਜੂਲ ਗਿਆ, ਮਿੰਡਰ ਨੇ ਖਿੜ੍ਹੇ ਮੱਥ ਪ੍ਰਵਾਨ ਕੀਤਾ। ਉਸਦੀ ਆਲੋਚਨਾ ਵੀ ਹੋਈ। ਕੁੱਝ ਵਰ੍ਹੇ ਪਹਿਲਾਂ ਪੰਜਾਬੀ ਸੰਗੀਤਕ ਦਰਿਆ ਨਿਤਰਿਆ ਸੀ, ਇਸਦੇ ਆਉਣ 'ਤੇ ਫਿਰ ਪਾਣੀ ਗੰਧਲਾ ਹੋ ਗਿਆ। ਦਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ, ਨੂੰ ਪਤਾ ਨਈ ਕਿਹੜੇ ਤਵੀਤ ਪਿਲਾਏ ਨੇ, ਹਨੀ ਬਿਨ੍ਹਾਂ ਗਾਉਂਦੇ ਨਈ, ਜਦੋਂਕਿ ਇਹਨਾਂ ਨੂੰ ਸਫ਼ਲਤਾ ਬਹੁਤ ਪਹਿਲਾਂ ਮਿਲ ਗਈ ਸੀ। ਇੱਕ ਨੂੰ ਅਲੱੜ੍ਹ ਕੁਆਰੀਆਂ ਅਤੇ ਦੂਜੇ ਨੂੰ ਫੁਲਕਾਰੀ ਦੇ ਨਾਲ।

ਜਾਂਦੇ ਜਾਂਦੇ ਐਨਾ ਹੀ ਕਹਿਣਾ ਐ ਮਿੱਤਰੋ, ਪੰਜਾਬੀ ਗਾਇਕੀ ਨੂੰ ਬੱਬੂ ਮਾਨ ਜਿਹੇ ਉੱਚੀ ਸੋਚ ਦੇ ਬੰਦਿਆਂ ਦੀ ਲੋੜ ਹੈ, ਹਨੀ ਜਿਹੇ ਨਚਾਰਾਂ ਦੀ ਨਈ।

Friday, May 25, 2012

ਪੰਜਾਬੀ ਸਿਨੇ ਜਗਤ ਦਾ ਉਭਰਦਾ ਸਿਤਾਰਾ ਜਸਪ੍ਰੇਮ ਢਿੱਲੋਂ

  • ਆਪਾਂ ਫੇਰ ਮਿਲਾਂਗੇ ਰਿਲੀਜ਼, 'ਤੇ ਦੇਸੀ ਰੋਮੀਜ਼ ਦੀ ਤਿਆਰੀ
  • ਅੱਜਕੱਲ੍ਹ ਫੈਸ਼ਨ ਸ਼ੋਆਂ ਦੇ ਵਿੱਚ ਰੁੱਝੇ ਹੋਏ ਨੇ
  • ਜਲਦ ਹੋਣਗੇ ਹਿੰਦੀ ਫਿਲਮਾਂ 'ਚ ਦਰਸ਼ਨ

ਪੰਜਾਬੀ ਫਿਲਮ ਜਗਤ ਦਾ ਦਾਇਰਾ ਸਮੇਂ ਦੇ ਨਾਲ ਜਿਵੇਂ ਜਿਵੇਂ ਫੈਲਿਆ, ਉਵੇਂ ਉਵੇਂ ਇੱਥੇ ਨਵੇਂ ਚਿਹਰਿਆਂ ਅਤੇ ਹੁਨਰਾਂ ਨੇ ਦਸਤਕ ਦਿੱਤੀ, ਜੋ ਪੰਜਾਬੀ ਸਿਨੇ ਜਗਤ ਦੇ ਲਈ ਖੁਸ਼ੀ ਦੀ ਗੱਲ ਹੈ। ਨਵੇਂ ਚਿਹਰਿਆਂ 'ਚ ਇੱਕ ਚਿਹਰਾ ਹੈ ਜਸਪ੍ਰੇਮ ਢਿੱਲੋਂ ਦਾ। ਜਿਸ ਤੋਂ ਪੰਜਾਬੀ ਸਿਨੇ ਜਗਤ ਨੂੰ ਬਹੁਤ ਉਮੀਦਾਂ ਨੇ। ਮਿਸਟਰ ਪੰਜਾਬ 'ਤੇ ਮਿਸਟਰ ਨਾਰਥ ਦਾ ਖਿਤਾਬ ਪ੍ਰਾਪਤ ਕਰ ਚੁੱਕੇ ਜਸਪ੍ਰੇਮ ਢਿੱਲੋਂ ਨੇ ਐੱਮਬੀਏ ਦੀ ਪੜ੍ਹਾਈ ਕੀਤੀ, ਪ੍ਰੰਤੂ ਅੰਦਰ ਦੇ ਕਲਾਕਾਰ ਨੇ ਉਸਨੂੰ ਉੱਧਰ ਨਾ ਜਾਣ ਦਿੱਤਾ।

ਪਾਰਖੂ ਨਿਗਾਹ ਦੇ ਮਾਲਕ ਇਕਬਾਲ ਢਿੱਲੋਂ ਨੇ ਜਸਪ੍ਰੇਮ ਢਿੱਲੋਂ ਨੂੰ ਆਪਣੀ ਫਿਲਮ ਚੰਨਾ ਸੱਚ ਮੁੱਚੀ ਦੇ ਲਈ ਚੁਣਿਆ, ਜਿਸਦਾ ਨਿਰਦੇਸ਼ਨ ਹਰਿੰਦਰ ਗਿੱਲ ਨੇ ਕੀਤਾ ਸੀ। ਇਸ ਫਿਲਮ ਵਿੱਚ ਉਹਨਾਂ ਦੇ ਨਾਲ ਪੰਜਾਬੀ ਗਾਇਕਾ ਤੋਂ ਅਦਾਕਾਰਾ ਬਣੀ ਮਿਸ ਪੂਜਾ ਅਤੇ ਗੋਲਡੀ ਸੁਮਲ ਸਨ। ਇਹ ਫਿਲਮ ਭਾਵੇਂ ਸਿਨੇਮਾ ਹਾਲ ਦੀ ਖਿੜਕੀ 'ਤੇ ਜਿਆਦਾ ਟਾਈਮ ਨਈ ਟਿਕੀ, ਪ੍ਰੰਤੂ ਜਸਪ੍ਰੇਮ ਦੇ ਕੰਮ ਉੱਤੇ ਕਈ ਨਿਰਮਾਤਾ ਨਿਰਦੇਸ਼ਕਾਂ ਦੀ ਅੱਖ ਟਿਕ ਗਈ। ਇਹ ਕਾਰਣ ਹੈ ਕਿ 24 ਮਈ ਨੂੰ ਰਿਲੀਜ਼ ਹੋਈ ਫਿਲਮ ਆਪਾਂ ਫੇਰ ਮਿਲਾਂਗੇ ਦੇ ਵਿੱਚ ਜਸਪ੍ਰੇਮ ਢਿੱਲੋਂ ਨੂੰ ਇੱਕ ਜੋਰਦਾਰ ਕਿਰਦਾਰ ਮਿਲਿਆ। ਫਿਲਮ ਦੇ ਪ੍ਰੋਮੋ ਅਤੇ ਗੀਤ ਬਹੁਤ ਵਧੀਆ ਹਨ। ਉਮੀਦ ਹੈ ਕਿ ਇਸ ਫਿਲਮ ਨੂੰ ਵਧੀਆ ਰਿਸਪਾਂਸ ਮਿਲੇਗਾ।

ਐਨਾ ਹੀ ਨਈ, ਜਸਪ੍ਰੇਮ ਦੀ ਜੋਰਦਾਰ ਅਦਾਕਾਰੀ ਨੇ ਉਸਨੂੰ 'ਦੇਸੀ ਰੋਮੀਓ' ਦੇ ਵਿੱਚ ਅਹਿਮ ਰੋਲ ਅਦਾ ਕਰਨ ਦਾ ਮੌਕਾ ਪ੍ਰਦਾਨ ਕੀਤਾ, ਜੋ 15 ਜੂਨ ਦੇ ਆਸ ਪਾਸ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿੱਚ ਬੱਬੂ ਮਾਨ, ਹਰਜੀਤ ਹਰਮਨ ਅਤੇ ਜਸਪ੍ਰੇਮ ਕਾਲੇਜੀਅਨ ਦਾ ਰੋਲ ਅਦਾ ਕਰ ਰਹੇ ਹਨ। ਇਹ ਫਿਲਮ ਨੌਜਵਾਨਾਂ ਨੂੰ ਬੇਹੱਦ ਪ੍ਰਭਾਵਿਤ ਕਰੇਗੀ। ਇਸ ਫਿਲਮ ਦੇ ਰੋਲ ਬਾਰੇ ਦੱਸਿਆ ਜਸਪ੍ਰੇਮ ਢਿੱਲੋਂ ਕਹਿੰਦੇ ਹਨ ਕਿ ਫਿਲਮ ਦੇ ਵਿੱਚ ਉਹਨਾਂ ਦਾ ਰੋਲ ਬੇਹੱਦ ਅਹਿਮ ਹੈ, ਪ੍ਰੰਤੂ ਉਹ ਆਪਣੇ ਰੋਲ ਦਾ ਭੇਦ ਨਹੀਂ ਖੋਲ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਦੇਸੀ ਰੋਮੀਓ ਫਿਲਮ ਪੰਜਾਬੀ ਸਿਨੇ ਜਗਤ ਦੇ ਵਿੱਚ ਆਪਣੀ ਅਮਿੱਟ ਛਾਪ ਛੱਡੇਗੀ।

ਆਪਾਂ ਫੇਰ ਮਿਲਾਂਗੇ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਢਿੱਲੋਂ ਕਹਿੰਦੇ ਹਨ ਕਿ ਅੱਜ ਫਿਲਮ ਰਿਲੀਜ਼ ਹੋਈ ਹੈ ਅਤੇ ਸਾਨੂੰ ਪ੍ਰਤੀਕਿਰਿਆਵਾਂ ਦਾ ਇੰਤਜ਼ਾਰ ਹੈ। ਫਿਲਮ ਦੇ ਪ੍ਰੋਮੋ ਅਤੇ ਗੀਤਾਂ ਨੇ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਮੋਹ ਲਿਆ ਹੈ। ਉਹਨਾਂ ਨੂੰ ਹਿੰਦੀ ਫਿਲਮਾਂ ਦੀ ਅਭਿਨੇਤਰੀ ਗ੍ਰੇਸੀ ਸਿੰਘ ਨਾਲ ਕੰਮ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋਈ। ਅੱਜਕੱਲ੍ਹ ਜਸਪ੍ਰੇਮ ਫੈਸ਼ਨ ਸ਼ੋਆਂ ਦੇ ਵਿੱਚ ਰੁੱਝੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਉਹ ਰਾਜਸਥਾਨ ਅਤੇ ਫੇਰ ਗੋਆ ਦੇ ਵਿੱਚ ਫੈਸ਼ਨ ਸ਼ੋਆਂ ਦੇ ਲਈ ਜਾ ਰਹੇ ਹਨ। ਇੱਕ ਸੁਆਲ ਦੇ ਜੁਆਬ 'ਚ ਜਸਪ੍ਰੇਮ ਨੇ ਦੱਸਿਆ ਕਿ ਉਹ ਬਹੁਤ ਜਲਦ ਹਿੰਦੀ ਫਿਲਮ ਵਿੱਚ ਨਜ਼ਰ ਆਉਣਗੇ।

ਅਸੀਂ ਉਮੀਦ ਕਰਦੇ ਹਾਂ, ਚੰਡੀਗੜ੍ਹ ਸ਼ਹਿਰ ਵਿੱਚ ਪਲਿਆ ਮੋਗੇ ਸ਼ਹਿਰ ਨਾਲ ਰਿਸ਼ਤਾ ਰੱਖਣ ਵਾਲਾ ਪੰਜਾਬੀ ਸਿਨੇ ਜਗਤ ਦਾ ਨਵਾਂ ਚਿਹਰਾ ਜਸਪ੍ਰੇਮ ਢਿੱਲੋਂ ਆਪਣੇ ਅਭਿਨੈ ਦੇ ਨਾਲ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹੇ।

Sunday, May 6, 2012

ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?

ਨੋਟ  : ਪੰਜਾਬੀ ਦੇ ਬੇਹੱਦ ਲੋਕਪ੍ਰਿਆ ਗੀਤਕਾਰ ਜਨਾਬ ਅਮਰਦੀਪ ਗਿੱਲ ਜੀ ਵੱਲੋਂ ਪੰਜਾਬੀ ਬੋਲੀ ਦੇ ਸ਼੍ਰੋਮਣੀ ਕਵੀ ਤੇ ਗੀਤਕਾਰ ਸ਼ਿਵ ਬਟਾਲਵੀ ਨੂੰ ਇੱਕ ਭਾਵਨਾਤਮਕ ਸ਼ਰਧਾਂਜਲੀ ਹੈ। ਇਹ ਰਚਨਾ ਉਹਨਾਂ ਦੇ ਫੇਸਬੁੱਕ ਸਟੇਟਸ ਅੱਪਡੇਟ ਤੋਂ ਲਈ ਗਈ ਹੈ।
Punjabi lyricist Sh. Amardeep Singh Gill 
ਸਾਗਰ ਕੰਢੇ ਤਿਰਹਾਇਆ ਮਰਿਆ ,
ਨੈਣਾਂ ਵਿੱਚ ਝਨਾ ਵੀ ਭਰਿਆ ,
ਮਾਰੂਥਲ ਕਿਉਂ ਚੁੱਕੀ ਫਿਰਦੈਂ ਹੋ ਖੂਹਾਂ ਦਾ ਲਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਰੁੱਖਾਂ ਦੇ ਨਾਲ ਲਾਈਆਂ ਸ਼ਰਤਾਂ ਰੁੱਖ ਵੀ ਹਾਰ ਗਏ ,
ਦੁੱਖਾਂ ਦੇ ਨਾਲ ਲਾਈਆਂ ਸ਼ਰਤਾਂ ਦੁੱਖ ਵੀ ਹਾਰ ਗਏ ,
ਵੰਝਲੀ ਵਾਂਗੂ ਛੇਕ ਸੀਨੇ ਵਿੱਚ ਹੂਕ ਏ ਦੱਸਦੀ ਹਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਤੂੰ ਤਾਂ ਸੱਪ ਦੀ ਖੁੱਲੀ ਅੱਖ ਵਿੱਚ ਖੜ ਕੇ ਉਮਰ ਗੁਜ਼ਾਰੀ ,
ਕੂੰਜਾਂ ਦੇ ਨਾਲ ਯਾਰੀ ਤੇਰੀ ਮੋਰ ਦੇ ਜਿੱਡੀ ਉਡਾਰੀ ,
ਜੇਠ - ਹਾੜ ਵਿੰਚ ਟਿੱਬਿਆਂ ਉੱਤੇ ਬੈਠਾ ਧੂਣੀ ਬਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਤੇਰੇ ਸਫਰ ਦੀ ਪੂਣੀ ਕੱਤੇ ਚੰਨ ਤੇ ਬੁੱਢੀ ਮਾਈ ,
ਬਾਵਰੀਆਂ ਪੌਣਾਂ ਦੀ ਭਟਕਣ ਤੇਰੇ ਹਿੱਸੇ ਆਈ ,
ਪੈਰਾਂ ਹੇਠਾਂ' ਰਾਤ ਹਨੇਰੀ ਸਿਰ ਤਾਰਿਆਂ ਦਾ ਥਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
ਤੂੰ ਤਾਂ ਹਰ ਜਨਮ ਦੇ ਵਿੱਚ ਹੀ ਬਣ ਮੱਕੀ ਦਾ ਦਾਣਾ ,
ਇਸ ਦੁਨੀਆ ਦੀ ਭੱਠੀ ਦੇ ਵਿੱਚ ਰੋਮ ਰੋਮ ਭੁੱਜ ਜਾਣਾ ,
ਹਰ ਜਨਮ ਹੀ ਜੀਣਾ ਏ ਤੂੰ ਅੱਗ ਸੀਨੇ ਵਿੱਚ ਪਾਲ !
ਵੇ ਫੱਕਰਾ ਕਿੰਝ ਬੀਤੀ...ਕਿੰਝ ਬੀਤੀ ਤੇਰੇ ਨਾਲ ?
@ADSG