ਪ੍ਰਗਟ ਦਾ ਲਾਲ ਸੂਆ ਰੰਗ ਵੇਖਦਿਆਂ, ਉੱਧਰ ਡੀਪੀ ਮਾਸਟਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਤਾਂ ਤੂੰ ਬਿਲਕੁਲ ਟਮਾਟਰ ਲੱਗ ਰਿਹਾ ਐਂ। ਡੀਪੀ ਮਾਸਟਰ ਦੀ ਗੱਲ ਸੁਣਦਿਆਂ ਸਭ ਦੇ ਮੂੰਹੋਂ ਹਾਸੀ ਨਿਕਲ ਗਈ, ਕੁਲਵਿੰਦਰ ਤੋਂ ਵੀ ਬਿਨ੍ਹਾਂ ਹੱਸੇ ਨਾ ਰਹਿ ਗਿਆ, ਉਸਦੀ ਹਾਸੀ ਨੂੰ ਵੇਖਦਿਆਂ ਪੰਜਾਬੀ ਵਾਲੇ ਟੀਚਰ ਨੇ ਕਿਹਾ ਕਿਉਂ ਕੁਲਵਿੰਦਰਾ ਹੋਰ ਖਾਣ ਨੂੰ ਜੀਅ ਕਰਦਾ ਐ।
ਟੀਚਰ ਦੇ ਐਨਾ ਕਹਿਣ ਦੀ ਦੇਰ ਸੀ ਕਿ ਕੁਲਵਿੰਦਰ ਦੇ ਬੁੱਲੀਂ ਜਿੰਦਰਾ ਵੱਜ ਗਿਆ। ਅਸਲ ਵਿੱਚ ਖੁਸ਼ਦੀਪ ਦੀ ਕਲਾਸ ਅੰਦਰ ਕੁਲਵਿੰਦਰਾਂ ਦੀ ਘਾਟ ਨਹੀਂ ਸੀ, ਮਤਲਬ ਘੱਟ ਪੜ੍ਹਨ ਵਾਲਿਆਂ ਦੀ, ਕਿਉਂਕਿ ਸਾਰੇ ਹੀ ਜੱਟਾਂ ਦੇ ਮੁੰਡੇ ਸਨ। ਜਿਨ੍ਹਾਂ ਦੇ ਦਿਮਾਗ ਵਿੱਚ ਇੱਕ ਗੱਲ ਨੇ ਘਰ ਕੀਤਾ ਹੋਇਆ ਸੀ ਕਿ ਜੱਟਾਂ ਦੇ ਮੁੰਡਿਆਂ ਨੇ ਕਿਹੜਾ ਡੀਸੀ ਲੱਗਣਾ ਐ ਪੜ੍ਹਕੇ। ਉਹਨਾਂ ਦੀ ਅਜਿਹੀ ਸੋਚ ਨਹੀਂ ਸੀ, ਪ੍ਰੰਤੂ ਟੀਵੀ ਉੱਤੇ ਵੱਜਦੇ ਗੀਤਾਂ ਨੇ ਉਹਨਾਂ ਦੇ ਦਿਮਾਗ ਵਿੱਚ ਇਸ ਗੱਲ ਨੂੰ ਬਿਠਾ ਦਿੱਤਾ ਸੀ, ਜਦਕਿ ਉਹਨਾਂ ਦੇ ਮਾਂ ਬਾਪ ਵੀ ਚਾਹੁੰਦੇ ਸਨ ਕਿ ਉਹ ਪੜ੍ਹ ਲਿਖਕੇ ਸ਼ਹਿਰ ਵਿੱਚ ਜਾਕੇ ਨੌਕਰੀ ਕਰਨ, ਜਿਵੇਂ ਕਿ ਪਿੰਡ ਦੇ ਸੱਤ ਅੱਠ ਮੁੰਡੇ ਸ਼ਹਿਰ ਨੌਕਰੀ ਕਰਦੇ ਸਨ, ਅਤੇ ਚੰਗੀ ਜਿੰਦਗੀ ਬਸਰ ਕਰਦੇ ਸਨ।
ਪੰਜਾਬੀ ਵਾਲੇ ਟੀਚਰ ਤੋਂ ਰਿਹਾ ਨਾ ਗਿਆ, ਉਸਨੇ ਡੀਪੀ ਮਾਸਟਰ ਦੇ ਤੁਰੰਤ ਕੋਲ ਆਉਂਦਿਆਂ ਕਿਹਾ, ਲੈ ਜਾਓ ਆਪਣੇ ਚੇਲਿਆਂ ਨੂੰ ਪੌਦੇ ਸੁੱਕਦੇ ਜਾਂਦੇ ਨੇ। ਡੀਪੀ ਮਾਸਟਰ ਨੇ ਮਜ਼ਾਕ ਵਿੱਚ ਉਤਰ ਦਿੰਦਿਆਂ ਕਿਹਾ ਕਿ ਤੈਨੂੰ ਵੀ ਪਤਾ ਐ ਯਾਰ, ਇਹ ਸਾਲੇ ਕੁੱਟ ਤੋਂ ਡਰਦੇ ਨਕਲਾ ਗੇੜ੍ਹਨ ਦੇ ਲਈ ਤਿਆਰ ਹੋ ਜਾਂਦੇ ਨੇ, ਤੇਰਾ ਰੋਜ਼ ਦਾ ਇਹਨਾਂ ਨੂੰ ਕੁੱਟਣਾ ਮੈਥੋਂ ਵੇਖਿਆ ਨਹੀਂ ਜਾਂਦਾ।
ਚੱਲ ਫੇਰ ਤੂੰ ਹੀ ਦੱਸ ਇਹਨਾਂ ਚਮਗਿੱਦੜਾਂ ਦਾ ਕੀ ਕਰੀਏ, ਪੰਜਾਬੀ ਵਾਲੇ ਟੀਚਰ ਨੇ ਆਪਣੀ ਕੁਰਸੀ ਤੋਂ ਉਠਦਿਆਂ ਡੀਪੀ ਮਾਸਟਰ ਨੂੰ ਪੁੱਛਿਆ। ਸੁਆਲ ਸੁਣਦਿਆਂ ਡੀਪੀ ਮਾਸਟਰ ਨੂੰ ਸੱਪ ਸੁੰਘ ਗਿਆ, ਉਹਨਾਂ ਦੇ ਮੂੰਹੋਂ ਇੱਕ ਗੱਲ ਨਾ ਨਿਕਲੀ। ਉਹਨਾਂ ਦੀ ਚੁੱਪ ਵੇਖਕੇ ਪੰਜਾਬੀ ਵਾਲੇ ਟੀਚਰ ਨੇ ਕਿਹਾ ਕਿ ਇਹਨਾਂ ਗਧਿਆਂ ਨੂੰ ਹੁਣ ਤੱਕ ਤਾਂ ਪਾਸ ਕਰਦੇ ਆਏ ਹਾਂ, ਅੱਗੇ ਬੋਰਡ ਦੇ ਪੇਪਰ ਕਿਵੇਂ ਕੱਢਣਗੇ, ਕਦੇ ਸੋਚਿਆ ਹੈ ਇਹਨਾਂ ਨੇ। ਪ੍ਰਗਟ ਬਣੀ ਉਂਗਲੀ ਕਰਦਿਆਂ ਪੰਜਾਬੀ ਮਾਸਟਰ ਨੇ ਕਿਹਾ ਕਿ ਇਸ ਲਾਲ ਟਮਾਟਰ ਨੂੰ ਹੀ ਵੇਖ ਲੋ...ਆਪਣਾ ਨਾਂਅ ਤੱਕ ਸਹੀ ਲਿਖਣਾ ਨਹੀਂ ਆਇਆ, ਪਤਾ ਨਈ ਕਿਹੜੇ ਕੰਜਰ ਨੇ ਇਸ ਨੂੰ ਪਾਸ ਕੀਤਾ ਏਨੀਆਂ ਜਮਾਤਾਂ। ਪ੍ਰਗਟ ਇਸ ਸਕੂਲ ਦੇ ਵਿੱਚ ਨਵਾਂ ਸੀ, ਕਿਉਂਕਿ ਇਸ ਤੋਂ ਪਹਿਲਾਂ ਉਹ ਆਪਣੇ ਨਾਨਕੇ ਘਰ ਰਹਿੰਦਾ ਸੀ। ਉੱਥੇ ਹੀ ਉਹ ਪੜ੍ਹਦਾ ਸੀ। ਪੰਜਾਬੀ ਵਾਲੇ ਟੀਚਰ ਦਾ ਗੁੱਸਾ ਵੇਖਦਿਆਂ, ਚੱਲ ਛੱਡ ਕਾਹਨੂੰ ਆਪਣਾ ਬੱਲਡ ਪ੍ਰੈਸ਼ਰ ਵਧਾ ਰਿਹਾ ਹੈਂ, ਆ ਚਾਹ ਪੀਣੈ ਆਂ, ਡੀਪੀ ਮਾਸਟਰ ਨੇ ਪੰਜਾਬੀ ਮਾਸਟਰ ਦੇ ਮੋਢੇ ਉੱਤੇ ਹੱਥ ਰੱਖਦਿਆਂ ਕਿਹਾ।
0 comments:
Post a Comment